Saturday, May 14, 2011

01. ਪਾਸਪੋਰਟ ਦਾ ਰੰਗ

01. ਪਾਸਪੋਰਟ ਦਾ ਰੰਗ

'ਮੈਂ ਭਗਵਾਨ ਨੂੰ ਹਾਜ਼ਰ-ਨਾਜ਼ਰ ਮੰਨ ਕੇ ਸੌਂਹ ਖਾਂਦਾ ਹਾਂ ਕਿ ਬ੍ਰਿਟੇਨ ਦੀ ਮਹਾਰਾਣੀ ਦੇ ਪ੍ਰਤੀ ਨਿਹਚਾ ਰੱਖਾਂਗਾ...'
ਅੰਗਰੇਜ਼ੀ ਵਿਚ ਬੋਲੇ ਗਏ ਇਹ ਸ਼ਬਦ ਤੇ ਇਸ ਤੋਂ ਪਿੱਛੋਂ ਵਾਲੇ ਸਾਰੇ ਵਾਕ ਪੰਡਿਤ ਗੋਪਾਲ ਦਾਸ ਤ੍ਰਿਖਾ ਨੂੰ ਕਿਸੇ ਡੂੰਘੇ ਖੂਹ ਵਿਚੋਂ ਆ ਰਹੇ ਮਹਿਸੂਸ ਹੋ ਰਹੇ ਸਨ। ਉਹ, ਹੈਰੋ ਦੇ ਸਿਵਿਕ ਸੈਂਟਰ ਵਿਚ, ਵੀਹ-ਪੱਚੀ ਗੋਰੇ, ਕਾਲੇ, ਭੂਰੇ ਤੇ ਚੀਨੀ ਲੋਕਾਂ ਨਾਲ, ਬ੍ਰਿਟੇਨ ਦੀ ਮਹਾਰਾਣੀ ਦੇ ਪ੍ਰਤੀ ਵਫ਼ਾਦਾਰੀ ਦੀ ਸਹੁੰ ਖਾ ਕੇ ਬ੍ਰਿਟੇਨ ਦੀ ਨਾਗਰਿਕਤਾ ਪ੍ਰਾਪਤ ਕਰ ਰਹੇ ਸਨ ਤੇ ਆਪਣੇ ਆਪ ਨੂੰ ਫਿਟਕਾਰ ਵੀ ਰਹੇ ਸਨ।
“ਪਾਪਾ, ਤੁਸੀਂ ਵੀ ਬਸ ਕਮਾਲ ਕਰਦੇ ਓ। ਹੁਣ ਭਲਾ ਏਸ ਸਮੇਂ ਤੁਸੀਂ ਪਾਰਟੀਸ਼ਨ ਦੀਆਂ ਗੱਲਾਂ ਲੈ ਕੇ ਬੈਠ ਜਾਓਗੇ ਤਾਂ ਲਾਈਫ਼ ਅੱਗੇ ਕਿੰਜ ਵਧੇਗੀ?...ਕੀਤਾ ਹੋਏਗਾ ਕਦੀ ਅੰਗਰੇਜ਼ਾਂ ਨੇ ਜ਼ੁਲਮ ਸਾਡੇ ਦੇਸ਼ ਵਾਸੀਆਂ ਉੱਪਰ।...ਪਰ ਇਸਦਾ ਇਹ ਮਤਲਬ ਤਾਂ ਨਹੀਂ ਕਿ ਅਸੀਂ ਆਪਣੇ ਜੀਵਨ ਨੂੰ ਰੋਕ ਕੇ ਬਸ ਉਸੇ ਪਲ ਨੂੰ ਵਾਰ-ਵਾਰ ਜੀਵੀ ਜਾਵੀਏ।” ਘਰ ਵਿਚ ਇੰਦਰੇਸ਼ ਨੂੰ ਆਪਣੇ ਪਾਪਾ ਦੀ ਦਿੱਕਤ ਸਮਝਣ 'ਚ ਔਖ ਹੋ ਰਹੀ ਸੀ।
“ਬੇਟਾ ਤੂੰ ਨਹੀਂ ਸਮਝ ਸਕਦਾ। ਮੇਰੇ ਲਈ ਬ੍ਰਿਟੇਨ ਦੀ ਨਾਗਰਿਕਤਾ ਲੈਣ ਨਾਲੋਂ ਮਰ ਜਾਣਾ ਕਿਤੇ ਬਿਹਤਰ ਏ। ਮੈਂ ਸਾਰੀ ਜਵਾਨੀ ਇਹਨਾਂ ਗੋਰੇ ਸਾਹਬਾਂ ਨਾਲ ਲੜਨ ਵਿਚ ਬਿਤਾਅ ਦਿੱਤੀ।...ਜੇਲ੍ਹਾਂ ਵਿਚ ਰਿਹਾ। ਮੈਨੂੰ ਤਾਂ ਫਾਂਸੀ ਦੀ ਸਜ਼ਾ ਤੀਕ ਹੋ ਗਈ ਸੀ।...ਪਰ...”
“ਹੁਣ ਤੁਸੀਂ ਦੁਬਾਰਾ ਆਪਣੀ ਰਾਮਾਇਣ ਖੋਲ੍ਹ ਕੇ ਨਾ ਬਹਿ ਜਾਣਾ।”
“ਪੁੱਤਰ, ਤੂੰ ਮੈਨੂੰ ਵਾਪਸ ਭਾਰਤ ਭੇਜ ਦੇਅ। ਮੈਂ ਕਿਸੇ ਤਰ੍ਹਾਂ ਆਪਣੀ ਜ਼ਿੰਦਗੀ ਬਿਤਾਅ ਲਵਾਂਗਾ ਉੱਥੇ। ਤੈਨੂੰ ਕਦੀ ਕਿਸੇ ਕਿਸਮ ਦਾ ਉਲਾਂਭਾ ਨਹੀਂ ਦਿਆਂਗਾ। ਮੈਨੂੰ ਐਸੀ ਮੌਤ ਨਾ ਮਾਰ। ਮੈਂ ਹਿੰਦੁਸਤਾਨੀ ਪੈਦਾ ਹੋਇਆ ਸਾਂ ਤੇ ਹਿੰਦੁਸਤਾਨੀ ਹੀ ਮਰਨਾ ਚਾਹੁੰਦਾ ਆਂ। ਮੈਂ ਉੱਪਰ ਜਾ ਕੇ ਤੇਰੇ ਦਾਦਾ-ਜੀ ਨੂੰ ਤੇ ਤੇਰੀ ਮਾਂ ਨੂੰ ਕੀ ਮੂੰਹ ਵਿਖਾਵਾਂਗਾ ਬੇਟਾ?”
“ਬਾਊ-ਜੀ ਤੁਸੀਂ ਕਿਸ ਦੁਨੀਆਂ ਦੀਆਂ ਗੱਲਾਂ ਕਰ ਰਹੇ ਓ?...ਤੁਸੀਂ ਤਾਂ ਇੱਥੇ, ਇਸ ਦੇਸ਼ ਵਿਚ ਸਾਡੇ ਨਾਲ ਰਹਿਣਾ ਏਂ। ਦੇਖੋ ਬਾਊ-ਜੀ, ਲੋਕ ਤਾਂ ਬ੍ਰਿਟਿਸ਼ ਪਾਸਪੋਰਟ ਲਈ ਦੋ-ਦੋ ਲੱਖ ਰੁਪਈਏ ਦੇਂਦੇ ਨੇ ਰਿਸ਼ਵਤ ਦੇ...ਤਾਂ ਕਿਤੇ ਜਾ ਕੇ ਲੈ ਸਕਦੇ ਨੇ। ਤੁਹਾਨੂੰ ਮੁਫ਼ਤ ਵਿਚ ਮਿਲ ਰਿਹੈ ਤੇ ਤੁਸੀਂ ਇਸਦੀ ਕਦਰ ਈ ਨਹੀਂ ਕਰਦੇ ਪਏ। ਬ੍ਰਿਟਿਸ਼ ਪਾਸਪੋਰਟ ਹੋਵੇ ਤਾਂ ਤੁਹਾਨੂੰ ਕਿਸੇ ਵੀ ਦੇਸ਼ ਵਿਚ ਜਾਣ ਲਈ ਵੀਜਾ ਲੈਣ ਦੀ ਲੋੜ ਨਹੀਂ ਪੈਂਦੀ। ਜਦੋਂ ਦਿਲ ਕਰੇ, ਜਿੱਥੇ ਜਾਣਾ ਚਾਹੋ ਬਸ ਹਵਾਈ ਜਹਾਜ਼ ਦੀ ਟਿਕਟ ਖ਼ਰੀਦੋ ਤੇ ਘੁੰਮ ਆਓ ਓਥੇ।”
“ਪਰ ਬੇਟਾ ਜੀ ਮੈਨੂੰ ਹਿੰਦੁਸਤਾਨ ਜਾਣ ਲਈ...ਆਪਣੀ ਮਾਤ-ਭੂਮੀ 'ਤੇ ਜਾਣ ਲਈ...ਤਾਂ ਵੀਜਾ ਲੈਣਾ ਪਵੇਗਾ ਨਾ। ਕੀ ਇਸ ਨਾਲੋਂ ਵੱਡੀ ਕੋਈ ਹੋਰ ਲਾਹਨਤ ਹੋ ਸਕਦੀ ਏ ਮੇਰੇ ਲਈ?...ਬੇਟਾ ਇਕ ਗੱਲ ਦੱਸੋ, ਕੀ ਕੋਈ ਅਜਿਹਾ ਤਰੀਕਾ ਨਹੀਂ ਹੋ ਸਕਦਾ ਕਿ ਮੈਂ ਹਿੰਦੁਸਤਾਨ ਦਾ ਨਾਗਰਿਕ ਵੀ ਬਣਿਆ ਰਹਾਂ ਤੇ ਤੂੰ ਆਪਣੀ ਖੁਸ਼ੀ ਖਾਤਰ ਮੈਨੂੰ ਬ੍ਰਿਟੇਨ ਦੀ ਨਾਗਰਿਕਤਾ ਵੀ ਲੈ ਦਵੇਂ...?”
ਸਰੋਜ ਨੇ ਵੀ ਇੰਦਰੇਸ਼ ਨੂੰ ਸਮਝਾਉਣ ਦਾ ਬੜਾ ਯਤਨ ਕੀਤਾ ਸੀ ਕਿ ਜਦੋਂ ਬਾਊ ਜੀ ਨੂੰ ਚੰਗਾ ਨਹੀਂ ਲੱਗਦਾ ਪਿਆ ਤਾਂ ਕਿਉਂ ਉਹਨਾਂ ਦੀ ਨਾਗਰਿਕਤਾ ਬਦਲਵਾਈ ਜਾਵੇ। ਪਰ ਇੰਦਰੇਸ਼ ਨੇ ਕਿਸੇ ਦੀ ਨਹੀਂ ਸੀ ਸੁਣੀ। ਬ੍ਰਿਟੇਨ ਦੀ ਰਾਣੀ ਦੇ ਪ੍ਰਤੀ ਵਫ਼ਾਦਾਰੀ ਦੀ ਸਹੁੰ ਖਾ ਲੈਣ ਪਿੱਛੋਂ ਗੋਪਾਲ ਦਾਸ ਜੀ ਨੇ ਤਿੰਨ ਦਿਨ ਤੀਕ ਹੋਰ ਕੁਝ ਨਹੀਂ ਸੀ ਖਾਧਾ...ਢਿੱਡ ਨੂੰ ਜਿਵੇਂ ਸਹੁੰ ਦਾ ਅਫ਼ਾਰਾ ਹੋ ਗਿਆ ਸੀ।
ਗੋਪਾਲ ਦਾਸ ਜੀ ਕਦੀ ਆਪਣੇ ਨਵੇਂ ਪਾਸਪੋਰਟ ਨੂੰ ਦੇਖਦੇ, ਤੇ ਕਦੀ ਆਪਣੀ ਖੱਬੀ ਬਾਂਹ ਨੂੰ। ਉਹਨਾਂ ਦੀ ਬਾਂਹ ਵਿਚ ਇਕ ਗੋਲੀ ਲੱਗੀ ਸੀ, ਬਾਂਹ ਦੀ ਹੱਡੀ ਨਾਲ ਸਟੀਲ ਦੀ ਰਾਡ ਪਾ ਦਿੱਤੀ ਗਈ ਸੀ। ਇਸ ਲਈ ਉਹਨਾਂ ਦੀ ਖੱਬੀ ਬਾਂਹ ਸੱਜੀ ਨਾਲੋਂ ਕੁਝ ਇੰਚ ਛੋਟੀ ਸੀ...ਤੇ ਇਹ ਗੋਲੀ ਉਹਨਾਂ ਦੇ ਇਕ ਅੰਗਰੇਜ਼ ਸਿਪਾਹੀ ਨੇ ਮਾਰੀ ਸੀ...ਲਾਹੌਰ ਵਿਚ।
ਲਾਹੌਰ ਤੋਂ ਦਿੱਲੀ ਆਉਣਾ ਉਹਨਾਂ ਦੀ ਮਜ਼ਬੂਰੀ ਸੀ। ਆਪਣੀ ਮਾਤ-ਭੂਮੀ ਨੂੰ ਉਸ ਸਮੇਂ ਛੱਡਣਾ ਉਹਨਾਂ ਨੂੰ ਬੜਾ ਦੁਖੀ ਕਰ ਰਿਹਾ ਸੀ। ਪਰ ਕੋਈ ਚਾਰਾ ਨਹੀਂ ਸੀ। ਉੱਥੇ ਕਿਸੇ ਉੱਤੇ ਭਰੋਸਾ ਨਹੀਂ ਸੀ ਰਿਹਾ। ਯਾਰ, ਯਾਰ-ਮਾਰ ਕਰ ਰਹੇ ਸਨ। ਹਰ ਆਦਮੀ ਜਾਂ ਤਾਂ ਹਿੰਦੂ ਬਣ ਗਿਆ ਸੀ ਜਾਂ ਫੇਰ ਮੁਸਲਮਾਨ। ਰਿਸ਼ਤੇ ਖ਼ਤਮ ਹੋ ਗਏ ਸਨ। ਸਾਰੇ ਇਨਸਾਨ 'ਧਾਰਮਕ' ਹੋ ਗਏ ਜਾਪਦੇ ਸਨ ਤੇ ਜਾਨਵਰਾਂ ਵਾਲਾ ਸਲੂਕ ਕਰ ਰਹੇ ਸਨ।
ਮਜ਼ਬੂਰੀ ਤਾਂ ਇੰਗਲੈਂਡ ਆਉਣਾ ਵੀ ਸੀ। ਪਰ ਇਹ ਮਜ਼ਬੂਰੀ ਵਿਛੜਨ ਦੀ ਨਹੀਂ, ਮਿਲਨ ਦੀ ਸੀ...ਇਕੱਠੇ ਰਹਿਣ ਦੀ ਸੀ। ਪਤਨੀ ਦੀ ਮੌਤ ਪਿੱਛੋਂ ਇਕੱਲਾਪਾ, ਕਿਸੇ ਆਪਣੇ ਦੇ ਨਾਲ ਰਹਿਣ ਦੀ ਚਾਹ ਤੇ ਇਕੋ-ਇਕ ਪੁੱਤਰ! ਇਹੀ ਸਭ ਗੋਪਾਲ ਦਾਸ ਜੀ ਨੂੰ ਲੰਦਨ ਲੈ ਆਇਆ ਸੀ। ਧੀ, ਵਿਆਹ ਪਿੱਛੋਂ ਅਮਰੀਕਾ ਵਿਚ ਸੈੱਟ ਹੈ ਤੇ ਪੁੱਤਰ, ਇੰਗਲੈਂਡ ਵਿਚ...ਵਿਚਾਰੇ ਗੋਪਾਲ ਦਾਸ ਜੀ ਇਕੱਲੇ ਫਰੀਦਾਬਾਦ ਵਿਚ ਆਪਣੀ ਵੱਡੀ ਸਾਰੀ ਕੋਠੀ ਦੇ ਕਮਰੇ ਗਿਣਦੇ ਰਹਿੰਦੇ। ਵਧੇਰੇ ਰਿਸ਼ਤੇਦਾਰ ਦਿੱਲੀ ਵਿਚ ਸਨ। ਹੁਣ ਤਾਂ ਫਰੀਦਾਬਾਦ ਤੋਂ ਦਿੱਲੀ ਜਾਣ ਵਿਚ ਵੀ ਸ਼ਰੀਰ ਨਾਰਾਜ਼ਗੀ ਜ਼ਾਹਰ ਕਰਨ ਲੱਗ ਪਿਆ ਸੀ। ਅਜਿਹੀਆਂ ਹਾਲਤਾਂ ਵਿਚ ਸਪਸ਼ਟ ਜਿਹੀ ਗੱਲ ਹੈ, ਇੰਦਰੇਸ਼ ਨੇ ਆਪਣੇ ਪਿਤਾ ਦੀ ਇਕ ਨਹੀਂ ਸੀ ਸੁਣੀ ਤੇ ਉਹਨਾਂ ਨੂੰ ਲੰਦਨ ਲੈ ਆਇਆ ਸੀ।
ਅੱਜ ਇਹੀ ਲੰਦਨ ਗੋਪਾਲ ਦਾਸ ਜੀ ਨੂੰ ਹੋਰ ਵਧ ਓਪਰਾ-ਪਰਾਇਆ ਲੱਗਣ ਲੱਗ ਪਿਆ ਸੀ। ਅੱਜ ਕਲ੍ਹ ਉਹ ਵਿਧੀ ਤੇ ਅਗਸਤਯ ਨਾਲ ਵੀ ਘੱਟ ਹੀ ਗੱਲਬਾਤ ਕਰਦੇ ਸਨ। ਅਗਸਤਯ ਛੋਟਾ ਹੈ, ਵਾਰੀ-ਵਾਰੀ ਆਪਣੇ ਦਾਦਾ ਜੀ ਨਾਲ ਜਾ ਝੂਟਦਾ ਹੈ। ਵਿਧੀ ਮਹਿਸੂਸ ਕਰਦੀ ਹੈ ਕਿ ਦਾਦਾ ਜੀ ਪ੍ਰੇਸ਼ਾਨ ਨੇ। ਆਪਣੀ ਮਿੱਠੀ ਜਿਹੀ ਅੰਗਰੇਜ਼ੀ ਵਿਚ ਪੁੱਛ ਲੈਂਦੀ ਹੈ, “ਦਾਦਾ-ਜੀ ਤੁਸੀਂ ਹਰ ਵੇਲੇ ਕੀ ਸੋਚਦੇ ਰਹਿੰਦੇ ਓ?” ਦਾਦਾ ਜੀ ਕੀ ਜਵਾਬ ਦੇਣ। ਆਪਣੀ ਨਿੱਕੜੀ-ਜਿਹੀ ਨਿੱਕੀ-ਪਰੀ ਨੂੰ ਕਿੰਜ ਦੱਸਣ, ਆਪਣੇ ਦਿਲ ਦਾ ਦੁੱਖੜਾ! ਬਸ ਸਟਾਰ ਨਿਊਜ਼ ਤੇ ਜ਼ੀ. ਟੀ.ਵੀ. ਉਹਨਾਂ ਦੇ ਸਾਥੀ ਬਣ ਗਏ...ਵਾਰੀ-ਵਾਰੀ ਉਹੀ ਖ਼ਬਰਾਂ ਸੁਣਦੇ ਰਹਿੰਦੇ। ਭਾਰਤ ਬਾਰੇ, ਭਾਰਤੀਆਂ ਨਾਲੋਂ ਵੱਧ ਗੋਪਾਲ ਦਾਸ ਜੀ ਨੂੰ ਖ਼ਬਰ ਹੁੰਦੀ ਸੀ।
'ਮੈਨੂੰ ਸੱਚੀਂ ਬਾਊ-ਜੀ 'ਤੇ ਬੜਾ ਤਰਸ ਆਉਂਦਾ ਏ। ਸੇਮ ਖ਼ਬਰਾਂ ਸੁਣ-ਸੁਣ ਕੇ ਵੀ ਬੋਰ ਨਹੀਂ ਹੁੰਦੇ।' ਸਰੋਜ ਇੰਦਰੇਸ਼ ਨੂੰ ਅਕਸਰ ਕਹਿੰਦੀ ਸੀ।...ਤੇ ਬਸ, ਇਹਨਾਂ ਵਾਰੀ-ਵਾਰੀ ਸੁਣਾਈਆਂ ਜਾਣ ਵਾਲੀਆਂ ਅਕਾਊ-ਖ਼ਬਰਾਂ ਵਿਚ ਹੀ ਇਕ ਦਿਨ ਗੋਪਾਲ ਦਾਸ ਜੀ ਨੇ ਇਕ ਖਾਸ ਖ਼ਬਰ ਸੁਣੀ ਜਿਸਨੇ ਉਹਨਾਂ ਦੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਸਟਾਰ ਨਿਊਜ਼ ਨੇ ਖ਼ਬਰ ਦਿੱਤੀ ਸੀ ਕਿ ਪ੍ਰਵਾਸੀ-ਦਿਹਾੜੇ ਦੌਰਾਨ ਪ੍ਰਧਾਨ ਮੰਤਰੀ ਨੇ ਐਲਾਨ ਕਰ ਦਿੱਤਾ ਹੈ ਕਿ 'ਪੰਜ ਦੇਸ਼ਾਂ ਦੇ, ਭਾਰਤੀ ਮੂਲ ਦੇ, ਲੋਕਾਂ ਨੂੰ ਦੂਹਰੀ-ਨਾਗਰਿਕਤਾ ਦਿੱਤੀ ਜਾਵੇਗੀ'।
“ਸਰੋਜ ਬੇਟਾ ਤੂੰ ਸੁਣਿਆ। ਅੱਜ ਤਾਂ ਪ੍ਰਧਾਨ ਮੰਤਰੀ ਨੇ ਵੀ ਐਲਾਨ ਕਰ ਦਿੱਤਾ ਏ ਕਿ ਅਸੀਂ ਦੂਹਰੀ-ਨਾਗਰਿਕਤਾ ਰੱਖ ਸਕਦੇ ਆਂ। ਉਹਨਾਂ ਨੇ ਸਾਫ-ਸਾਫ ਕਿਹਾ ਏ ਕਿ ਪੰਜ ਦੇਸ਼ਾਂ ਦੇ ਇੰਡੀਅਨ ਐਨ.ਆਰ.ਆਈ. ਬਾਕਾਇਦਾ ਡਿਯੂਏਲ ਨੈਸ਼ਨੇਲਿਟੀ ਰੱਖ ਸਕਦੇ ਨੇ। ਤੇ ਓਹਨਾਂ ਪੰਜ ਦੇਸ਼ਾਂ ਵਿਚ ਇੰਗਲੈਂਡ ਵੀ ਸ਼ਾਮਿਲ ਏ। ਬੇਟਾ ਤੂੰ ਜਲਦੀ ਨਾਲ ਇੰਦਰੇਸ਼ ਨੂੰ ਫ਼ੋਨ ਮਿਲਾਅ। ਉਸਨੂੰ ਕਹਿ ਬਈ ਆਫ਼ਿਸੋਂ ਆਉਂਦਾ ਹੋਇਆ ਹਾਈ ਕਮਿਸ਼ਨ ਤੋਂ ਇਕ ਐਪਲੀਕੇਸ਼ਨ ਫਾਰਮ ਲੈਂਦਾ ਆਵੇ। ਅਸੀਂ ਕਲ੍ਹ ਈ ਅਪਲਾਈ ਕਰ ਦਿਆਂਗੇ। ਹੁਣ ਮੈਂ ਫੇਰ ਇੰਡੀਅਨ ਬਣ ਸਕਦਾ ਆਂ।...” ਬਾਊ ਜੀ ਬਸ ਬੋਲੀ ਜਾ ਰਹੇ ਸਨ। ਸਰੋਜ ਇਕ-ਟੱਕ ਉਹਨਾਂ ਵੱਲ ਦੇਖਦੀ ਰਹੀ। ਵਿਧੀ ਤੇ ਅਗਸਤਯ ਵੀ ਆਪਣੀਆਂ ਮੋਟੀਆਂ-ਮੋਟੀਆਂ ਅੱਖਾਂ ਨਾਲ ਆਪਣੇ ਦਾਦੇ ਵੱਲ ਤੱਕ ਰਹੇ ਸਨ।
ਸਰੋਜ ਬਾਊ ਜੀ ਨਾਲ ਲਿਵਿੰਗ ਰੂਮ ਤਕ ਤੁਰ ਆਈ। ਬਾਊ ਜੀ ਦਾ ਲਹੂ-ਗੇੜ ਵਧਦਾ ਜਾ ਰਿਹਾ ਸੀ, “ਤੂੰ ਖ਼ੁਦ ਹੀ ਸੁਣ ਲੈ ਪੁੱਤਰ; ਅਜੇ ਮੇਨ ਨਿਊਜ਼ ਦੁਬਾਰਾ ਆਉਣਗੀਆਂ।” ਜਦੋਂ ਤਕ ਖਾਸ ਖ਼ਬਰਾਂ ਵਿਚ ਸਰੋਜ ਨੇ ਸੁਣ ਨਹੀਂ ਲਿਆ ਕਿ ਬਾਊ ਜੀ ਨੇ ਠੀਕ ਸੁਣਿਆ ਹੈ, ਉਦੋਂ ਤਕ ਉਹ ਬਾਊ ਜੀ ਦੇ ਚਿਹਰੇ ਉੱਤੇ ਬਦਲਦੇ ਭਾਵ ਪੜ੍ਹਦੀ ਰਹੀ। ਉਸਨੂੰ ਇੰਦਰੇਸ਼ ਉੱਪਰ ਗੁੱਸਾ ਵੀ ਆ ਰਿਹਾ ਸੀ ਕਿ ਉਸਨੇ ਬਾਊ ਜੀ ਨੂੰ ਵਾਧੂ ਦੀ ਮੁਸੀਬਤ ਵਿਚ ਪਾ ਦਿੱਤਾ ਹੈ। ਜੇ ਬਾਊ ਜੀ ਨੇ ਵੀਜਾ ਲੈਣ ਜਾਣਾ ਹੁੰਦਾ ਸੀ ਤਾਂ ਆਪਣੇ ਆਪ ਹੀ ਜਾ ਕੇ ਲੈ ਆਉਂਦੇ ਸਨ। ਇਸੇ ਬਹਾਨੇ ਆਪਣੇ ਆਪ ਨੂੰ ਬਿਜ਼ੀ ਵੀ ਰੱਖਦੇ ਸਨ।
ਇੰਦਰੇਸ਼ ਸ਼ਾਮ ਨੂੰ ਘਰ ਆਇਆ।
“ਪੁੱਤਰ ਤੂੰ ਫ਼ਾਰਮ ਲੈ ਆਂਦੇ?” ਬਾਊ ਜੀ ਦੀਆਂ ਅੱਖਾਂ ਵਿਚ ਉਮੀਦ ਦੀ ਨਦੀ ਵਗ ਰਹੀ ਸੀ।
“ਬਾਊ-ਜੀ, ਜਦੋਂ ਮੇਰਾ ਆਫ਼ਿਸ ਬੰਦ ਹੁੰਦਾ ਏ ਉਦੋਂ ਤੀਕ ਹਾਈ ਕਮੀਸ਼ਨ ਦੇ ਕਾਊਂਟਰ ਵੀ ਬੰਦ ਹੋ ਜਾਂਦੇ ਨੇ। ਮੈਂ ਅੱਜ ਈ ਤ੍ਰਿਲੋਕ ਸ਼ਰਮੇ ਨੂੰ ਫ਼ੋਨ ਕਰਦਾ ਆਂ। ਉਹ ਉਥੋਂ ਦੇ ਵੀਜਾ ਸ਼ੈਕਸ਼ਨ ਵਿਚ ਈ ਏ। ਉਸਨੂੰ ਸਹੀ ਸਿੱਚੂਏਸ਼ਨ ਦਾ ਪਤਾ ਹੋਵੇਗਾ।”
ਗੱਲਾਂ-ਬਾਤਾਂ, ਟੀ.ਵੀ., ਟੈਲੀਫ਼ੋਨ ਜਾਂ ਖਾਣਾ...ਗੋਪਾਲ ਦਾਸ ਜੀ ਦਾ ਮਨ ਕਿਸੇ ਵੀ ਚੀਜ਼ ਵਿਚ ਨਹੀਂ ਸੀ ਲੱਗ ਰਿਹਾ। ਬਸ ਇਕੋਂ ਇੱਛਾ ਸੀ ਕਿ ਇੰਦਰੇਸ਼ ਕਿਸੇ ਵੀ ਤਰ੍ਹਾਂ ਤ੍ਰਿਲੋਕ ਸ਼ਰਮਾ ਨਾਲ ਛੇਤੀ ਤੋਂ ਛੇਤੀ ਗੱਲ ਕਰ ਲਵੇ। ਉਹਨਾਂ ਦੀਆਂ ਅੱਖਾਂ ਵਿਚ ਬਸ ਇਕੋ ਚਾਹਤ ਸੀ...ਦੂਹਰੀ ਨਾਗਰਿਕਤਾ। ਬੈਠੇ-ਬੈਠੇ ਸੁਪਨਾ ਦੇਖ ਰਹੇ ਸਨ।
ਇੰਦਰੇਸ਼ ਟੈਲੀਫ਼ੋਨ 'ਤੇ ਗੱਲ ਕਰ ਰਿਹਾ ਸੀ ਤੇ ਭਾਵਾਂ ਦਾ ਸੂਚਕ-ਅੰਕ ਬਾਊ ਜੀ ਦੇ ਚਿਹਰੇ ਉੱਤੇ ਦਿਖਾਈ ਦੇ ਰਿਹਾ ਸੀ।
“ਬਾਊ-ਜੀ, ਤ੍ਰਿਲੋਕੀ ਕਹਿ ਰਿਹਾ ਏ ਕਿ ਅਜੇ ਤਾਂ ਸਿਰਫ ਪ੍ਰਧਾਨ ਮੰਤਰੀ ਨੇ ਐਲਾਨ ਈ ਕੀਤਾ ਏ ਬਸ। ਅੱਗੇ ਇਹ ਬਿੱਲ ਬਣ ਕੇ ਪਾਰਲੀਮੈਂਟ ਵਿਚ ਪੇਸ਼ ਹੋਵੇਗਾ, ਫੇਰ ਉਸ ਉੱਤੇ ਰਾਸ਼ਟਰਪਤੀ ਦੇ ਦਸਤਖ਼ਤ ਹੋਣਗੇ, ਫੇਰ ਐਕਟ ਬਣੇਗਾ...ਫੇਰ ਕਿਤੇ ਜਾ ਕੇ ਲਾਗੂ ਹੋਏਗਾ।...ਤੇ ਤਦ ਜਾ ਕੇ ਉਸਦੇ ਫਾਰਮ ਵਗ਼ੈਰਾ ਛਪਣਗੇ ਤੇ ਆਮ ਆਦਮੀ ਤੀਕ ਪਹੁੰਚੇਗੀ ਦੂਹਰੀ ਨਾਗਰਿਕਤਾ। ਹਾਲੇ ਤਾਂ ਇਹ ਬਸ ਪ੍ਰਵਾਸੀਆਂ ਨੂੰ ਖੁਸ਼ ਕਰਨ ਦਾ ਡਰਾਮਾਂ ਈ ਏ ਸਿਰਫ।”
“ਯਾਰ ਇਹ ਕੋਈ ਕਾਂਗਰਸੀ ਪ੍ਰਧਾਨ ਮੰਤਰੀ ਨਹੀਂ...ਇਹ ਕਰੈਕਟਰ ਵਾਲਾ ਬੰਦਾ ਏ। ਆਰ.ਐਸ.ਐਸ. ਦਾ ਆਦਮੀ ਏਂ। ਝੂਠ ਨਹੀਂ ਬੋਲ ਸਕਦਾ। ਤ੍ਰਿਲੋਕੀ ਨੂੰ ਕਹਿ, ਕਿਸੇ ਤਰ੍ਹਾਂ ਦਿੱਲੀ ਤੋਂ ਪਤਾ ਕਰੇ।”
“ਬਾਊ-ਜੀ, ਪਾਲੀਟੀਸ਼ੀਅਨ ਸਾਰੇ ਇਕੋ ਜਿਹੇ ਹੁੰਦੇ ਨੇ। ਆਜ਼ਾਦੀ ਪਿੱਛੋਂ ਸਾਰਿਆਂ ਦਾ ਇਕੋ ਉਦੇਸ਼ ਬਚਿਆ ਏ...ਬਸ, ਲੁੱਟ ਲਓ, ਜਿੰਨਾ ਲੁੱਟਿਆ ਜਾਂਦਾ ਏ। ਕਿਸੇ ਨੂੰ ਵੀ ਜਨਤਾ ਦੀ ਕੋਈ ਪ੍ਰਵਾਹ ਨਹੀਂ।”
ਗੋਪਾਲ ਦਾਸ ਜੀ ਨੂੰ ਇਸ ਸਮੇਂ ਰਾਜਨੇਤਾਵਾਂ ਦੇ ਚਰਿੱਤਰ ਉੱਤੇ ਬਹਿਸ ਕਰਨ ਵਿਚ ਕੋਈ ਦਿਲਚਸਪੀ ਨਹੀਂ ਸੀ।...ਸਾਰੀ ਰਾਤ ਪ੍ਰੇਸ਼ਾਨ ਰਹੇ। ਬਸ ਬਿਸਤਰੇ 'ਤੇ ਪਏ ਪਾਸੇ ਪਰਤਦੇ ਰਹੇ। ਸਵੇਰੇ ਉਠੇ, ਨਿੱਤ-ਕ੍ਰਿਆ ਤੋਂ ਮੁਕਤ ਹੋਏ, ਨਹਾਅ-ਧੋਅ ਕੇ ਨਾਸ਼ਤਾ ਕੀਤਾ ਤੇ ਤਿਆਰ ਹੋ ਕੇ ਨਿਕਲ ਪਏ। ਬੇਕਰਲੂ ਲਾਈਨ ਲੈ ਕੇ ਸਿੱਧੇ ਆਕਸਫ਼ਰਡ ਸਰਕਸ, ਉੱਥੋਂ ਸੈਂਟਰਲ ਲਾਈਨ ਫੜ੍ਹ ਕੇ ਹੋਬਰਨ ਅੰਡਰ-ਗਰਾਊਂਡ ਸਟੇਸ਼ਨ ਜਾ ਪਹੁੰਚੇ। ਹੋਬਰਨ ਨੂੰ ਉਹ ਹਮੇਸ਼ਾ ਹੀ ਹੋਲਬੋਰਨ ਕਹਿੰਦੇ ਨੇ। ਉਸਦੇ ਸਪੈਲਿੰਗ ਹੀ ਅਜਿਹੇ ਨੇ। ਅੰਗਰੇਜ਼ੀ ਦੇ ਸਾਈਲੈਂਟ ਲੇਟਰ ਹਮੇਸ਼ਾ ਹੀ ਉਹਨਾਂ ਨੂੰ ਪ੍ਰੇਸ਼ਾਨ ਕਰਦੇ ਨੇ। ਹੋਬਰਨ ਤੋਂ ਬਾਹਰ ਨਿਕਲ ਕੇ ਖੱਬੇ ਮੁੜੇ ਤੇ ਹੌਲੀ-ਹੌਲੀ ਤੁਰ ਪਏ ਭਾਰਤੀ ਉੱਚਾਯੋਗ ਦੇ ਭਵਨ ਵੱਲ। ਉਹਨਾਂ ਲਈ ਘਰ ਬੈਠੇ ਰਹਿਣਾ ਸੰਭਵ ਨਹੀਂ ਸੀ। ਉਹ ਖ਼ੁਦ ਪਤਾ ਕਰਨਾ ਚਾਹੁੰਦੇ ਸਨ ਕਿ ਪ੍ਰਧਾਨ ਮੰਤਰੀ ਨੇ ਕੀ ਕਿਹਾ ਹੈ...
ਸਾਹਮਣੇ ਬੀ.ਬੀ.ਸੀ. ਦਾ ਬੁਸ਼-ਹਾਊਸ ਦਿਖਾਈ ਦਿੱਤਾ। ਆਲਡਵਿਚ ਇਲਾਕੇ ਵਿਚ ਬਸ ਇਹੋ ਦੋ ਇਮਾਰਤਾਂ ਨੇ ਜਿਹਨਾਂ ਨਾਲ ਗੋਪਾਲ ਦਾਸ ਜੀ ਨੂੰ ਦਿਲੋਂ ਮੋਹ ਹੈ...ਇਕ ਤਾਂ ਬੀ.ਬੀ.ਸੀ. ਦਾ ਬੁਸ਼-ਹਾਊਸ ਤੇ ਦੂਜੀ ਭਾਰਤ-ਭਵਨ। ਬੀ.ਬੀ.ਸੀ. ਭਵਨ ਦੇਖ ਕੇ ਗੋਪਾਲ ਦਾਸ ਜੀ ਨੂੰ ਉਹ ਸਾਰੇ ਮਹਾਨ ਸਮਾਚਾਰ-ਵਾਚਕ ਚੇਤੇ ਆ ਜਾਂਦੇ ਸੀ ਜਿਹਨਾਂ ਦੀ ਆਵਾਜ਼ ਸੁਣਨ ਲਈ ਉਹ ਆਪਣੇ ਰੇਡੀਓ ਉੱਤੇ ਸ਼ਾਰਟ ਵੇਵ 'ਤੇ ਬੀ.ਬੀ.ਸੀ. ਸੈੱਟ ਕਰਦੇ ਤੇ ਪ੍ਰੇਸ਼ਾਨ ਹੁੰਦੇ ਰਹਿੰਦੇ ਸਨ। ਕਦੀ ਵੀ ਬਹੁਤਾ ਸਾਫ ਨਹੀਂ ਸੀ ਆਉਂਦਾ ਹੁੰਦਾ, ਪਰ ਗੱਲਾਂ ਬੜੀਆਂ ਸਾਫ-ਸਾਫ ਕਰਦਾ ਸੀ। ਠੀਕ ਉਸੇ ਤਰ੍ਹਾਂ ਹੀ ਗੋਪਾਲ ਦਾਸ ਜੀ ਵੀ ਸਾਫ ਤੇ ਖਰੀਆਂ ਗੱਲਾਂ ਕਰਦੇ ਨੇ ਭਾਵੇਂ ਸਾਹਮਣੇ ਵਾਲੇ ਨੂੰ ਪਸੰਦ ਆਉਣ ਜਾਂ ਨਾ ਆਉਣ।
ਭਾਰਤ-ਭਵਨ ਦੇ ਬਾਹਰ ਹਮੇਸ਼ਾ ਵਾਂਗ ਭੀੜ ਲੱਗੀ ਹੋਈ ਸੀ। ਬਾਹਰਲੀ ਖਿੜਕੀ ਵਾਲੇ ਨੂੰ ਨਮਸਕਾਰ ਕਰਦੇ ਹੋਏ ਇਕ ਟੋਕਨ ਲੈ ਕੇ ਅੰਦਰ ਜਾ ਪਹੁੰਚੇ। ਪਹਿਲਾਂ ਦਿਲ ਕੀਤਾ ਤ੍ਰਿਲੋਕ ਸ਼ਰਮੇ ਨੂੰ ਫ਼ੋਨ ਕਰ ਲੈਣ। ਫੇਰ ਸੋਚਿਆ, ਇੰਦਰੇਸ਼ ਨਾਰਾਜ਼ ਹੋ ਜਾਵੇਗਾ। ਬਸ ਸਿੱਧੇ ਪੁੱਛਗਿੱਛ ਵਾਲੇ ਕਾਊਂਟਰ 'ਤੇ ਜਾ ਪਹੁੰਚੇ...ਤੇ ਉਥੋਂ ਸਿੱਧਾ ਦੂਹਰੀ ਨਾਗਰਿਕਤਾ ਵਾਲਾ ਫ਼ਾਰਮ ਮੰਗ ਲਿਆ। ਸਾਹਮਣੇ ਇਕ ਮੁਟਿਆਰ ਕੁੜੀ ਬੈਠੀ ਹੋਈ ਸੀ। ਗੱਲਾਂ ਅੰਗਰੇਜ਼ੀ ਵਿਚ ਕਰਦੀ ਸੀ ਜਾਂ ਫੇਰ ਅੰਗਰੇਜ਼ੀ ਵਰਗੀ ਹਿੰਦੀ ਵਿਚ। “ਸਾਰੀ, ਸਾਡੇ ਕੋਲ ਅਜਿਹਾ ਕੋਈ ਫ਼ਾਰਮ ਨਹੀਂ ਹੈ।...ਕਿਤੇ ਤੁਸੀਂ ਪੀ.ਆਈ.ਓ. ਫ਼ਾਰਮ ਦੀ ਗੱਲ ਤਾਂ ਨਹੀਂ ਕਰ ਰਹੇ ਓ?”
“ਨਹੀਂ ਜੀ, ਕਲ੍ਹ ਈ ਪ੍ਰਧਾਨ ਮੰਤਰੀ ਜੀ ਨੇ ਪ੍ਰਵਾਸੀ-ਦਿਹਾੜਾ ਦੇ ਸਮਾਗਮ ਵਿਚ ਐਲਾਨ ਕੀਤਾ ਏ ਕਿ ਹੁਣ ਇੰਗਲੈਂਡ ਦੇ ਹਿੰਦੁਸਤਾਨੀ ਦੋਵੇਂ ਦੇਸ਼ਾਂ ਦੀ ਨਾਗਰਿਕਤਾ ਰੱਖ ਸਕਦੇ ਨੇ। ਮੈਂ ਉਹਦੀ ਗੱਲ ਕਰ ਰਿਹਾ ਆਂ।”
ਉਹ ਕੁੜੀ ਬੌਂਦਲ ਗਈ। ਐਕਸਕਿਊਜ਼ ਮੀ ਕਹਿ ਕੇ ਆਪਣੇ ਅਫ਼ਸਰ ਨੂੰ ਬੁਲਾਉਣ ਚਲੀ ਗਈ। ਉਸਦਾ ਅਫ਼ਸਰ ਭਾਰਤੀ ਸੀ। ਸਰਦਾਰ ਦਲੀਪ ਸਿੰਘ, “ਦੇਖੋ ਤ੍ਰਿਖਾ ਸਾਹਬ, ਪਾਲੀਟੀਕਲ ਸਟੇਟਮੈਂਟ ਤੇ ਸਰਕਾਰੀ ਕਾਰਵਾਈ ਵਿਚ ਬੜਾ ਫ਼ਰਕ ਹੁੰਦਾ ਏ। ਦਿੱਲੀ ਵਿਚ ਪ੍ਰਧਾਨ ਮੰਤਰੀ ਨੇ ਇਕ ਪਾਲਿਸੀ ਸਟੇਟਮੈਂਟ ਦਿੱਤੀ ਏ, ਬਸ। ਹੁਣ ਉਸ ਉੱਤੇ ਕੰਮ ਸ਼ੁਰੂ ਹੁੰਦੇ-ਹੁੰਦੇ ਕੋਈ ਛੇ ਸੱਤ ਮਹੀਨੇ ਤਾਂ ਲੱਗ ਹੀ ਜਾਣਗੇ। ਸਾਡੇ ਸਟਾਫ਼ ਤਕ ਤਾਂ ਅਜੇ ਇਹ ਖ਼ਬਰ ਵੀ ਨਹੀਂ ਪਹੁੰਚੀ ਕਿ ਪ੍ਰਧਾਨ ਮੰਤਰੀ ਨੇ ਅਜਿਹੀ ਕੋਈ ਸਟੇਟਮੈਂਟ ਵੀ ਦਿੱਤੀ ਏ।” ਦਲੀਪ ਸਿੰਘ ਨੇ ਵੀ ਉਹੀ ਗੱਲ ਦਹੁਰਾਈ ਜਿਹੜੀ ਤ੍ਰਿਲੋਕ ਸ਼ਰਮਾ ਨੇ ਆਖੀ ਸੀ।
ਨਿਰਾਸ਼ਾ ਵਿਚ ਗੋਤੇ ਖਾਂਦੇ ਗੋਪਾਲ ਦਾਸ ਜੀ ਭਾਰੀ ਲੱਤਾਂ ਨਾਲ ਬਾਹਰ ਆ ਗਏ। ਭਾਰਤ-ਭਵਨ ਤੋਂ ਹੋਬਰਨ ਤਕ ਦਾ ਜਿਹੜਾ ਰਸਤਾ ਪੰਜ-ਸੱਤ ਮਿੰਟਾਂ ਵਿਚ ਤੈਅ ਕਰ ਆਏ ਸਨ, ਉਹੀ ਹੁਣ ਵੀਹ ਮਿੰਟ ਤੋਂ ਵੱਧ ਲੈ ਚੁੱਕਿਆ ਸੀ। ਹੋਬਰਨ ਸਟੇਸ਼ਨ, ਅਚਾਨਕ, ਏਨੀ ਦੂਰ ਕਿੰਜ ਚਲਾ ਗਿਆ?
ਗੋਪਾਲ ਦਾਸ ਜੀ ਵਾਪਸ ਹੈਰੋ ਐਂਡ ਵੀਲਡਸਟੋਨ ਸਟੇਸ਼ਨ ਤੋਂ ਸਿੱਧੇ ਘਰ ਨਾ ਜਾ ਕੇ ਲਾਇਬਰੇਰੀ ਵੱਲ ਤੁਰ ਪਏ। ਉੱਥੇ ਮਧੋਕ ਸਾਹਬ ਤੇ ਬਧਵਰ ਜੀ ਮਿਲ ਗਏ। “ਭਾਈ ਲੋਕੋ ਤੁਸਾਂ ਆਪਣੀ ਡਿਊਏਲ ਨੈਸ਼ਨੇਲਿਟੀ ਵਾਲੀ ਖ਼ਬਰ ਪੜ੍ਹੀ ਏ ਕਿ?”
ਖ਼ਬਰ ਦੋਵਾਂ ਨੇ ਪੜ੍ਹੀ ਸੀ। ਮਧੋਕ ਸਾਹਬ ਦਾ ਆਪਣਾ ਵੱਖਰਾ ਅੰਦਾਜ਼ ਸੀ, “ਓ ਤ੍ਰਿਖਾ ਜੀ, ਅਸਾਂ-ਤਾਂ ਹਾਲੇ ਤਿੰਨ ਮਹੀਨੇ ਪਹਿਲਾਂ ਈ ਪੰਜ ਸਾਲ ਦੇ ਵੀਜੇ ਉੱਪਰ ਸੌ ਪਾਊਂਡ ਖ਼ਰਚ ਕੀਤਾ ਜੇ। ਅਸਾਂ-ਨੂੰ ਤਾਂ ਕੋਈ ਕਾਹਲ ਨਹੀਂ ਜੇ ਜੀ, ਦੋਹਰੀ ਨਾਗਰਿਕਤਾ ਦੀ। ਜਦੋਂ ਲਾਗੂ ਹੋਵੇਗੀ ਓਦੋਂ ਵੇਖ ਲਵਾਂਗੇ। ਅੱਜੋ ਤੋਂ ਕਿਉਂ ਦਿਮਾਗ਼ ਪਏ ਖਪਾਈਏ। ਫੇਰ, ਅਸਾਂ-ਦਾ ਹਾਲਾਂ ਉੱਥੇ ਪ੍ਰਾਪਰਟੀ ਵਗ਼ੈਰਾ ਖ਼ਰੀਦਣ ਦਾ ਵੀ ਕੋਈ ਪ੍ਰੋਗਰਾਮ ਨਹੀਂ ਜੇ...।”
ਬਧਵਾਰ ਸਾਹਬ ਤ੍ਰਿਖਾ ਜੀ ਦੀ ਮਾਨਸਿਕਤਾ ਨੂੰ ਸਮਝਦੇ ਸਨ, “ਮੈਂ ਸਮਝਦਾ ਵਾਂ ਤ੍ਰਿਖਾ-ਜੀ ਕਿ ਤੁਹਾਡੇ ਲਈ ਦੋਹਰੀ ਨਾਗਰਿਕਤਾ ਦੇ ਕੀ ਅਰਥ ਨੇ। ਪਰ ਤੁਸੀਂ ਤਾਂ ਜਾਣਦੇ ਈ ਓ ਕਿ ਆਪਣੀ ਭਾਰਤੀ ਸਰਕਾਰ ਹਰ ਕੰਮ ਵਿਚ ਕਿੰਨਾ ਟਾਈਮ ਲਾਂਦੀ ਏ। ਪੰਜਾਹ ਸਾਲਾਂ ਵਿਚ ਹਿੰਦੀ ਨੂੰ ਤਾਂ ਭਾਰਤ ਦੀ ਰਾਜਭਾਸ਼ਾ ਬਣਾ ਨਹੀਂ ਸਕੀ। ਕਿਤੇ ਅਹਿ ਦੋਹਰੀ ਨਾਗਰਿਕਤਾ ਵਾਲਾ ਮਾਮਲਾ ਵੀ ਪੰਜਾਹ-ਸਾੱਲੀ ਯੋਜਨਾ ਈ ਨਾ ਹੋਵੇ।”
“ਮੇਰੇ ਹਿਸਾਬ ਨਾਲ ਤਾਂ ਬਸ ਇਹ ਪ੍ਰਵਾਸੀਆਂ ਨੂੰ ਖੁਸ਼ ਕਰਨ ਦੀ ਇਕ ਹੋਛੀ ਚਾਲ ਨਾਲੋਂ ਵੱਧ ਕੁਛ ਵੀ ਨਹੀਂ।' ਇਹ ਦੂਬੇ ਸਾਹਬ ਸਨ। ਜਿਹੜੇ ਕੋਲ ਬੈਠੇ ਤਿੰਨਾਂ ਦੀਆਂ ਗੱਲਾਂ ਸੁਣ ਰਹੇ ਸਨ।
ਦੁਖੀ ਮਨ ਨਾਲ ਗੁਪਾਲ ਦਾਸ ਜੀ ਘਰ ਵਾਪਸ ਆ ਗਏ।
...ਸੋਚ ਸੀ ਕਿ ਪਿੱਛਾ ਹੀ ਨਹੀਂ ਸੀ ਛੱਡਦੀ ਪਈ। ਇਕ, ਦੋ ਤਿੰਨ, ਚਾਰ...ਅੱਠ ਮਹੀਨੇ ਬੀਤ ਚੁੱਕੇ ਸਨ ਪਰ ਦੂਹਰੀ ਨਾਗਰਿਕਤਾ ਅਜੇ ਤਕ ਦੇਹਲੀ ਲੰਘ ਕੇ ਤ੍ਰਿਖਾ ਜੀ ਦੇ ਘਰ ਨਹੀਂ ਸੀ ਪਹੁੰਚ ਸਕੀ। ਬੀਤਦੇ-ਬੀਤਦੇ ਲਗਭਗ ਇਕ ਵਰ੍ਹਾ ਬੀਤ ਗਿਆ। ਦੂਜਾ ਪ੍ਰਵਾਸੀ ਦਿਹਾੜਾ ਵੀ ਆਣ ਪਹੁੰਚਿਆ। ਉਹਨਾਂ ਪੁੱਤਰ ਨਾਲ ਗੱਲ ਕਰਕੇ ਭਾਰਤ ਜਾਣ ਦਾ ਪ੍ਰੋਗਰਾਮ ਜਨਵਰੀ ਮਹੀਨੇ ਦਾ ਹੀ ਬਣਾ ਲਿਆ। ਸੋਚਿਆ ਸੀ ਕਿ 'ਹੋ ਸਕਦਾ ਏ ਜਦੋਂ ਪ੍ਰਵਾਸੀ-ਦਿਹਾੜਾ ਮਨਾਇਆ ਜਾ ਰਿਹਾ ਹੋਵੇਗਾ, ਸ਼ਾਇਦ ਉਸ ਸਮੇਂ ਕੋਈ ਨਵੀਂ ਗੱਲ ਨਿਕਲ ਆਵੇ ਤੇ ਉਹਨਾਂ ਦੀ ਗੱਲ ਬਣ ਜਾਵੇ।'
ਗੋਪਾਲ ਦਾਸ ਜੀ ਪਹਿਲੀ ਵਾਰ ਭਾਰਤ ਲਈ ਵੀਜ਼ਾ ਲੈਣ ਜਾ ਰਹੇ ਸਨ। ਬੜੀ ਸ਼ਰਮ ਆ ਰਹੀ ਸੀ। ਸਵੇਰੇ ਨਾਸ਼ਤੇ ਸਮੇਂ ਇੰਦਰੇਸ਼ ਵੱਲ ਦੇਖਿਆ, “ਬੇਟਾ ਜੀ, ਕੀ ਤੁਸੀਂ ਤ੍ਰਿਲੋਕੀ ਨੂੰ ਕਹਿ ਕੇ ਮੇਰੇ ਲਈ ਵੀਜ਼ਾ ਨਹੀਂ ਲਗਵਾ ਸਕਦੇ...ਭਾਰਤ ਲਈ ਵੀਜ਼ਾ ਅਪਲਾਈ ਕਰਨ ਵਿਚ ਬੜਾ ਅਜੀਬ ਜਿਹਾ ਲੱਗ ਰਿਹਾ ਏ।”
ਇੰਦਰੇਸ਼ ਨੇ ਸਰੋਜ ਨੂੰ ਕਹਿ ਦਿੱਤਾ ਕਿ ਉਹ ਇੰਟਰਨੈੱਟ ਤੋਂ ਫ਼ਾਰਮ ਡਾਊਨਲੋਡ ਕਰਕੇ ਬਾਊ ਜੀ ਤੋਂ ਭਰਵਾ ਲਵੇ।
“ਪੁੱਤਰ ਵੀਜ਼ਾ ਸਿਰਫ਼ ਸਿੰਗਲ ਏਂਟਰੀ ਈ ਅਪਲਾਈ ਕਰਨਾ ਏਂ। ਦੂਸਰੇ ਟ੍ਰਿਪ ਤਕ ਤਾਂ ਦੂਹਰੀ ਨਾਗਰਿਕਤਾ ਲਾਗੂ ਹੋ ਹੀ ਜਾਵੇਗੀ।”
ਇੰਦਰੇਸ਼ ਨਿੰਮ੍ਹਾਂ ਜਿਹਾ ਮੁਸਕਰਾਇਆ, “ਬਾਊ-ਜੀ ਤੁਸੀਂ ਵੀ ਬਸ...।”
ਭਾਰਤ ਵਿਚ ਬਾਊ ਜੀ ਨੇ ਸੋਚਿਆ ਕਿ ਪ੍ਰਵਾਸੀ-ਦਿਹਾੜੇ ਦੇ ਸਮਾਗਮ ਵਿਚ ਸ਼ਾਮਿਲ ਹੋ ਆਵਾਂ। ਪਰ ਉਹਨਾਂ ਦਾ ਮਨ ਨਹੀਂ ਮੰਨਿਆਂ ਸੀ ਕਿ ਦੋ ਸੌ ਡਾਲਰ ਫੀਸ ਦੇ ਕੇ ਆਪਣੇ ਹੀ ਦੇਸ਼ ਵਿਚ ਪ੍ਰਵਾਸੀ-ਦਿਹਾੜੇ ਵਿਚ ਸ਼ਾਮਿਲ ਹੋਇਆ ਜਾਵੇ। ਫੇਰ ਉਹ ਰਿਪੋਰਟਾਂ ਪੜ੍ਹਦੇ ਰਹੇ ਕਿ ਸਾਰੇ ਦਾ ਸਾਰਾ ਦਿਹਾੜਾ ਅੰਗਰੇਜ਼ੀ ਵਿਚ ਮਨਾਇਆ ਜਾ ਰਿਹਾ ਹੈ। ਹਿੰਦੀ ਵਿਚਾਰੀ ਉੱਥੇ ਹੀ ਬੈਠੀ ਹੈ, ਜਿੱਥੇ ਬਧਵਾਰ ਜੀ ਦੱਸ ਰਹੇ ਸੀ।
ਪ੍ਰਧਾਨ ਮੰਤਰੀ ਨੇ ਦੂਰਦਰਸ਼ਨ 'ਤੇ ਐਲਾਨ ਕੀਤਾ ਕਿ ਦੂਹਰੀ ਨਾਗਰਿਕਤਾ ਹੁਣ ਪੰਜ ਤੋਂ ਵਧਾਅ ਕੇ ਸੋਲਾਂ ਦੇਸ਼ਾਂ ਦੇ ਭਾਰਤੀਆਂ ਨੂੰ ਦਿੱਤੀ ਜਾ ਸਕੇਗੀ। ਬਾਊ ਜੀ ਸੋਚ ਰਹੇ ਸਨ ਕਿ ਜਦੋਂ ਸੋਲਾਂ ਦੇਸ਼ਾਂ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਜਿਹਨਾਂ ਲਈ ਪਹਿਲੇ ਵਰ੍ਹੇ ਐਲਾਨ ਕੀਤਾ ਗਿਆ ਸੀ ਉਹਨਾਂ ਨੂੰ ਤਾਂ ਜ਼ਰੂਰ ਇਸੇ ਵਰ੍ਹੇ ਮਿਲ ਜਾਵੇਗੀ। ਉਹਨਾਂ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਬੜੇ ਯਤਨ ਕੀਤੇ। ਪਰ ਜਨਤਾ ਦੇ ਪ੍ਰਤੀਨਿਧੀਆਂ ਨੂੰ ਏਨੀ ਆਸਾਨੀ ਨਾਲ ਮਿਲ ਸਕਣਾ ਕੋਈ ਏਡਾ ਆਸਾਨ ਕੰਮ ਹੁੰਦਾ ਏ ਭਲਾ!
ਗੋਪਾਲ ਦਾਸ ਜੀ ਵਿਦੇਸ਼ ਮੰਤਰਾਲੇ ਦੇ ਦਫ਼ਤਰ ਵਿਚ ਵੀ ਚੱਕਰ ਲਾਉਂਦੇ ਰਹੇ। ਸ਼੍ਰੀਵਾਸਤਵ ਜੀ ਤੇ ਸਰੂਪ ਸਿੰਘ ਨਾਲ ਮੁਲਾਕਾਤ ਕੀਤੀ। ਮੁਸਕੁਰਾਹਟਾਂ ਤਾਂ ਮਿਲੀਆਂ ਦੂਹਰੀ ਨਾਗਰਿਕਤਾ, ਦੂਰ ਖੜ੍ਹੀ ਸੀ, ਬਸ ਦੂਰ ਹੀ ਖੜ੍ਹੀ ਰਹੀ।...ਤੇ ਗੋਪਾਲ ਦਾਸ ਜੀ ਵਾਪਸ 'ਆਪਣੇ ਦੇਸ਼' ਆ ਗਏ...'ਆਪਣੇ ਦੇਸ਼' ਯਾਨੀਕਿ ਲੰਦਨ। ਹੁਣ ਉਹ ਇਸੇ ਦੇਸ਼ ਦੇ ਨਾਗਰਿਕ ਸਨ ਨਾ...
ਉਹ ਵਾਪਸ ਆਏ ਤੇ ਭਾਰਤ ਵਿਚ ਸਰਕਾਰ ਬਦਲ ਗਈ। ਉਹੀ ਕਾਂਗਰਸ ਵਾਪਸੀ, ਜਿਸ ਨਾਲ ਗੋਪਾਲ ਦਾਸ ਜੀ ਨੂੰ ਹਮੇਸ਼ਾ ਸ਼ਿਕਾਇਤ ਰਹੀ ਸੀ। ਪਰ ਏਸ ਵਾਰੀ ਪ੍ਰਧਾਨ ਮੰਤਰੀ ਪੰਜਾਬੀ ਨੇ। ਖਾਲਸੇ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਖ ਕੇ ਗੋਪਾਲ ਦਾਸ ਜੀ ਦੇ ਮਨ ਵਿਚ ਉਮੀਦ ਦੀ ਕਿਰਨ ਫੁੱਟੀ। ਗੁਰੂ ਸਾਹਬ ਨੇ ਖਾਲਸਾ ਸਾਜਿਆ ਹੀ ਇਸ ਲਈ ਸੀ ਕਿ ਸਾਡੀ ਰੱਖਿਆ ਕਰ ਸਕੇ।
ਇਕ ਇਹ ਮੀਡੀਆ ਵੀ ਗੋਪਾਲ ਦਾਸ ਜੀ ਨੂੰ ਆਰਾਮ ਨਾਲ ਨਹੀਂ ਜਿਊਣ ਦੇਂਦਾ...ਕਦੀ ਵੀ, ਕੁਝ ਵੀ, ਛਾਪ ਦੇਂਦਾ ਹੈ। ਇੰਟਰਨੈੱਟ ਤੋਂ ਸਰੋਜ ਹੀ ਇਕ ਖ਼ਬਰ ਕੱਢ ਕੇ ਲਿਆਈ ਸੀ ਕਿ ਕਾਂਗਰਸ ਸਰਕਾਰ ਨੇ ਇਕ ਪ੍ਰਵਾਸੀ ਮੰਤਰਾਲਾ ਬਣਾ ਦਿੱਤਾ ਹੈ। ਗੋਪਾਲ ਦਾਸ ਜੀ ਨੂੰ ਵਿਸ਼ਵਾਸ ਹੋ ਚੱਲਿਆ ਸੀ ਕਿ ਜਦੋਂ ਸਰਕਾਰ ਨੇ ਮੰਤਰਾਲਾ ਬਣਾ ਦਿੱਤਾ ਤਾਂ ਦੂਹਰੀ ਨਾਗਰਿਕਤਾ ਬਹੁਤੀ ਦੂਰ ਨਹੀਂ ਹੋ ਸਕਦੀ। ਉਹਨਾਂ ਦਾ ਹੌਸਲਾ ਦੁੱਗਣਾ ਹੋ ਗਿਆ। ਪਰ ਉਹਨਾਂ ਦੇ ਮਿੱਤਰ ਹੁਣ ਉਹਨਾਂ ਤੋਂ ਦੂਰ ਨੱਸਣ ਲੱਗ ਪਏ ਸਨ।
“ਲਓ ਉਹ ਬੋਰ ਫੇਰ ਆ ਗਿਆ ਜੇ। ਹੁਣ ਸਾਰਾ ਟਾਈਮ ਦੋਹਰੀ ਨਾਗਰਿਕਤਾ ਦੀ ਬਲੀ ਚੜ੍ਹ ਜਾਵੇਗਾ।”
“ਯਾਰ ਇਸ ਆਦਮੀ ਨੂੰ ਹੋਰ ਕੋਈ ਕੰਮ ਹੈ ਜਾਂ ਨਹੀਂ, ਬਸ ਸਾਰਾ ਦਿਨ ਇਹੋ ਸੋਚਦਾ ਰਹਿੰਦਾ ਏ। ਪਾਗ਼ਲ ਹੋ ਜਾਏਗਾ ਕੁਛ ਦਿਨਾਂ 'ਚ।”
“ਇਹ ਹੋ ਜਾਏਗਾ ਕੀ ਹੁੰਦਾ ਏ ਜੀ...ਹੋ ਚੁੱਕਿਆ ਜੇ। ਏਦਾਂ ਦੀਆਂ ਗੱਲਾਂ ਪਾਗ਼ਲ ਈ ਕਰਦੇ ਨੇ।”
ਬਸ ਇਕ ਬਧਵਾਰ ਜੀ ਸਨ ਜਿਹੜੇ ਗੋਪਾਲ ਦਾਸ ਜੀ ਦੀ ਮਨੋਦਸ਼ਾ ਨੂੰ ਸਮਝ ਸਕਦੇ ਸਨ। ਉਹੀ ਉਹਨਾਂ ਨਾਲ ਗੱਲਬਾਤ ਵੀ ਕਰਦੇ ਸਨ ਤੇ ਆਪਣੀ ਰਾਏ ਵੀ ਦੇਂਦੇ ਰਹਿੰਦੇ ਸਨ, “ਗੋਪਾਲਦਾਸ-ਜੀ, ਅੱਜ ਅਖ਼ਬਾਰ ਵਿਚ ਖ਼ਬਰ ਆਈ ਏ ਕਿ ਪ੍ਰਵਾਸੀ ਮੰਤਰੀ ਨੇ ਆਸਟ੍ਰੇਲੀਆ ਵਿਚ ਦੋਹਰੀ ਨਾਗਰਿਕਤਾ ਦੇਣ ਦਾ ਫ਼ਾਰਮ ਆਪਣੇ ਹੱਥੀਂ ਵੰਡ ਕੇ ਦੋਹਰੀ ਨਾਗਰਿਕਤਾ ਦੀ ਸ਼ੁਰੂਆਤ ਕਰ ਦਿੱਤੀ ਏ। ਅਹਿ ਦੇਖੋ, ਅਖ਼ਬਾਰ ਤੁਹਾਡੇ ਸਾਹਮਣੇ ਆ।”
ਗੋਪਾਲ ਦਾਸ ਜੀ ਨੇ ਅਖ਼ਬਾਰ ਦੇਖਿਆ, ਸਰਸਰੀ ਨਜ਼ਰੇ ਖ਼ਬਰ ਪੜ੍ਹੀ ਤੇ ਅਖ਼ਬਾਰ ਉੱਥੇ ਹੀ ਰੱਖ ਦਿੱਤਾ...ਤੇ ਘਰ ਵੱਲ ਤੁਰ ਪਏ। ਉਹਨਾਂ ਦੇ ਸਾਥੀ ਹੈਰਾਨ ਸਨ ਕਿ ਏਡੀ ਵੱਡੀ ਖ਼ਬਰ 'ਤੇ ਗੋਪਾਲਦਾਸ ਜੀ ਬਿਨਾਂ ਕੋਈ ਟਿੱਪਣੀ ਕੀਤਿਆਂ ਚਲੇ ਗਏ!
ਗੋਪਾਲ ਦਾਸ ਜੀ ਪਹਿਲਾਂ ਸਿੱਧੇ ਭਾਰਤੀ ਕਾਰਨਰ ਸ਼ਾਪ ਵੱਲ ਗਏ। ਉੱਥੇ ਜਾ ਕੇ ਅਖ਼ਬਾਰ ਖ਼ਰੀਦਿਆ ਤੇ ਉਛਲਦੇ ਮਨ ਨੂੰ ਉਸ ਅਖ਼ਬਾਰ ਦਾ ਸਹਾਰਾ ਦੇਂਦੇ ਹੋਏ ਘਰ ਵੱਲ ਤੁਰ ਪਏ। ਆਪਣੇ ਕਮਰੇ ਵਿਚ ਜਾ ਕੇ ਪੂਰੀ ਖ਼ਬਰ ਧਿਆਨ ਨਾਲ ਪੜ੍ਹੀ। ਉਮੀਦ ਜਾਗੀ ਕਿ ਹੁਣ ਮੇਰਾ ਅਸ਼ੋਕ ਦੇ ਸ਼ੇਰ ਵਾਲਾ ਨੀਲਾ ਪਾਸਪੋਰਟ ਇਕ ਵਾਰੀ ਫੇਰ ਜਿਊਂਦਾ ਹੋ ਪਵੇਗਾ। ਸਿਰਫ ਪਾਸਪੋਰਟ ਦਾ ਰੰਗ ਨੀਲੇ ਤੋਂ ਲਾਲ ਹੋਣ ਨਾਲ ਇਨਸਾਨ ਦੇ ਅੰਦਰ ਕਿੰਨੀ ਉਥਲ-ਪੁਥਲ ਹੋਣ ਲੱਗ ਪੈਂਦੀ ਹੈ! ਅੱਜ ਉਹਨਾਂ ਘਰ ਵਿਚ ਕਿਸੇ ਨਾਲ ਗੱਲ ਨਹੀਂ ਕੀਤੀ। ਸਾਰੀ ਰਾਤ ਪਾਸੇ ਪਰਤਦੇ ਰਹੇ। ਸਵੇਰ ਹੋਣ ਦੀ ਉਡੀਕ ਸੀ...ਬਸ ਉਹੀ ਕਰ ਰਹੇ ਸਨ; ਕਰਦੇ ਰਹੇ। ਸਵੇਰ ਦਾ ਨਾਸ਼ਤਾ ਕਰਨ ਪਿੱਛੋਂ ਇਕ ਵਾਰੀ ਫੇਰ ਭਾਰਤੀ ਉੱਚਾਯੋਗ ਦੇ ਦਰਵਾਜ਼ੇ ਅੱਗੇ ਖੜ੍ਹੇ ਸਨ। ਸਾਰੇ ਰਸਤੇ ਸੋਚਦੇ ਰਹੇ ਸਨ ਕਿ 'ਹੋਏ ਨਾ ਹੋਏ ਇਹ ਅਫ਼ਸਰ ਲੋਕ ਹੀ ਦੂਹਰੀ ਨਾਗਰਿਕਤਾ ਦੀ ਰਾਹ ਦੇ ਸਭ ਤੋਂ ਵੱਡੇ ਰੋੜੇ ਨੇ। ਜਦੋਂ ਮੰਤਰੀ ਤੇ ਪ੍ਰਧਾਨ ਮੰਤਰੀ ਵਾਰੀ-ਵਾਰੀ ਦੂਹਰੀ ਨਾਗਰਿਕਤਾ ਦੇਣ ਦੀ ਗੱਲ ਕਰ ਰਹੇ ਨੇ ਤਾਂ ਫੇਰ ਅੜਿੱਕਾ ਕਿਸ ਗੱਲ ਦਾ ਏ? ਅਫ਼ਸਰ-ਸ਼ਾਹੀ ਹਮੇਸ਼ਾ ਹੀ ਆਮ ਆਦਮੀ ਦੀ ਰਾਹ ਵਿਚ ਰੁਕਾਵਟਾਂ ਪੈਦਾ ਕਰਦੀ ਰਹਿੰਦੀ ਏ।'
ਅੰਦਰਲਾ ਦ੍ਰਿਸ਼ ਓਹੋ-ਜਿਹਾ ਹੀ ਸੀ ਜਿਹੋ-ਜਿਹਾ ਪਿਛਲੀ ਵਾਰੀ ਸੀ। ਏਸ ਵਾਰੀ ਉਹਨਾਂ ਫ਼ਾਰਮ ਮੰਗਣ ਦੀ ਬਜਾਏ ਆਪਣਾ ਅਖ਼ਬਾਰ ਕਾਊਂਟਰ ਕਲਰਕ ਦੇ ਸਾਹਮਣੇ ਰੱਖ ਦਿੱਤਾ। ਕਾਊਂਟਰ ਉੱਤੇ ਬੈਠੀ ਔਰਤ ਪ੍ਰੇਸ਼ਾਨ ਜਿਹੀ ਹੋ ਗਈ। ਪਿਛਲੀ ਮੁਲਾਕਾਤ ਉਸਨੂੰ ਯਾਦ ਆ ਗਈ ਜਾਪਦੀ ਸੀ। ਪਰ ਅੱਜ ਗੋਪਾਲ ਦਾਸ ਦਾ ਗੁੱਸਾ ਆਸਮਾਨੀ ਚੜ੍ਹਦਾ ਜਾ ਰਿਹਾ ਸੀ, “ਤੁਸੀਂ ਸਮਝਦੇ ਕੀ ਓ? ਇੱਥੇ ਤੁਹਾਡਾ ਹੀ ਮੰਤਰੀ ਆਸਟ੍ਰੇਲੀਆ ਜਾ ਕੇ ਫ਼ਾਰਮ ਵੰਡ ਰਿਹਾ ਏ, ਉਸਦੀ ਫ਼ੋਟੋ ਤਕ ਛਪੀ ਹੋਈ ਏ, ਤੇ ਤੁਸੀਂ ਕਹਿੰਦੇ ਓ, ਤੁਹਾਡੇ ਕੋਲ ਹੁਣ ਤਕ ਫ਼ਾਰਮ ਨਹੀਂ ਆਏ? ਬੁਲਾਓ ਆਪਣੇ ਅਫ਼ਸਰ ਨੂੰ, ਕਰਾਓ ਮੇਰੀ ਗੱਲ। ਇਹ ਵੀ ਭਲਾ ਕੋਈ ਤਰੀਕਾ ਹੋਇਆ ਕਿ ਦੋ ਸਾਲ ਤਕ ਪ੍ਰਧਾਨ ਮੰਤਰੀ ਕਹਿੰਦਾ ਰਹੇ ਕਿ ਦੂਹਰੀ ਨਾਗਰਿਕਤਾ ਦਿੱਤੀ ਜਾਵੇਗੀ। ਹੁਣ ਪ੍ਰਵਾਸੀ ਮੰਤਰੀ ਫ਼ਾਰਮ ਵੰਡਦਾ ਸਾਫ ਨਜ਼ਰ ਆ ਰਿਹਾ ਏ ਤੇ ਤੁਸੀਂ ਕਹਿੰਦੇ ਓ ਕਿ 'ਹਮਕੋ ਦਿੱਲੀ ਸੇ ਕਲੈਰੀਫਿਕੇਸ਼ਨ ਨਹੀਂ ਆਈ ਹੇ।' ਤੁਸੀਂ ਲੋਕ ਕੰਮ ਕਰਕੇ ਰਾਜ਼ੀ ਈ ਨਹੀਂ...ਜ਼ਰੂਰ ਨਵਾਂ ਅਲਾਊਂਸ ਭਾਲਦੇ ਹੋਵੋਗੇ ਤੁਸੀਂ ਲੋਕ। ਇਸ ਬਿਊਰੋਕਰੇਸੀ ਕਰਕੇ ਕਦੀ ਕੋਈ ਕੰਮ ਸਮੇਂ ਸਿਰ ਹੋ ਹੀ ਨਹੀਂ ਸਕਦਾ। ਸਾਡੀ ਦੂਹਰੀ ਨਾਗਰਿਕਤਾ ਦੇ ਰਸਤੇ ਵਿਚ ਸਭ ਤੋਂ ਵੱਡਾ ਰੋੜਾ ਤੁਸੀ ਲੋਕ ਈ ਓ।”
ਝਗੜੇ ਦੀ ਆਵਾਜ਼ ਸੁਣ ਕੇ ਤ੍ਰਿਲੋਕ ਸ਼ਰਮਾ ਵੀ ਬਾਹਰ ਆ ਗਏ। ਗੋਪਾਲ ਦਾਸ ਜੀ ਨੂੰ ਵੇਖ ਕੇ ਉਹ ਹੈਰਾਨ ਵੀ ਹੋਏ। ਕਾਊਂਟਰਾਂ ਵਿਚੋਂ ਲੰਘਦੇ ਹੋਏ ਬਾਹਰ ਨਿਕਲ ਆਏ ਤੇ ਗੋਪਾਲ ਦਾਸ ਜੀ ਨੂੰ ਸੁਰੱਖਿਆ ਕਰਮੀਆਂ ਦੇ ਧੱਕੇ-ਮੁੱਕੀ ਤੋਂ ਬਚਾਅ ਲਿਆ। ਸਮਝਾਉਂਦਿਆਂ ਹੋਇਆਂ ਘਰ ਜਾਣ ਲਈ ਕਿਹਾ, “ਤੁਸੀਂ ਚਿੰਤਾ ਨਾ ਕਰੋ ਬਾਊ-ਜੀ, ਮੈਂ ਖ਼ੁਦ ਹੀ ਇੰਦਰੇਸ਼ ਨਾਲ ਗੱਲ ਕਰ ਲਵਾਂਗਾ।”
ਗੋਪਾਲ ਦਾਸ ਜੀ ਹਾਈ ਕਮਿਸ਼ਨ ਦੀ ਇਮਾਰਤ ਵਿਚੋਂ ਬਾਹਰ ਆ ਗਏ। ਆਪਣੇ ਆਪ ਨੂੰ ਬੜਾ ਓਪਰਾ-ਬਿਗਾਨਾਂ ਜਿਹਾ ਮਹਿਸੂਸ ਕਰ ਰਹੇ ਸਨ ਉਹ। ਉਹਨਾਂ ਦੇ ਪੈਰ ਉਹਨਾਂ ਨੂੰ ਬਿਨਾਂ ਦੱਸਿਆਂ ਹੀ ਵਾਟਰਲੂ ਪੁਲ ਵੱਲ ਵਧ ਗਏ। ਹੇਠਾਂ ਟੇਮਸ ਦਾ ਪਾਣੀ ਆਪਣੀ ਰਿਫ਼ਤਾਰ ਨਾਲ ਵਹਿ ਰਿਹਾ ਸੀ। ਹਾਈ ਟਾਈਡ ਸੀ, ਇਸ ਲਈ ਪਾਣੀ ਵੀ ਕਾਫੀ ਸੀ। ਸੂਰਜ ਸਿਰ 'ਤੇ ਚਮਕ ਰਿਹਾ ਸੀ ਤੇ ਹਵਾ ਤੇਜ਼ ਚੱਲ ਰਹੀ ਸੀ। ਗੋਪਾਲ ਦਾਸ ਜੀ ਦੀਆਂ ਅੱਖਾਂ 'ਚੋਂ ਅੱਥਰੂ ਤ੍ਰਿਪਣ ਲੱਗੇ। ਉਹ ਫੈਸਲਾ ਨਹੀਂ ਸੀ ਕਰ ਸਕੇ ਕਿ ਉਹ ਪਾਣੀ ਨਮਕੀਨ ਹੈ ਜਾਂ...ਸਿਰਫ ਪਾਣੀ ਹੈ। ਇਕ ਛਿਣ ਲਈ ਮਨ ਵਿਚ ਆਇਆ ਕਿ ਇਸ ਪੁਲ ਤੋਂ ਛਾਲ ਮਾਰ ਕੇ ਇਸ ਟੰਟੇ ਨੂੰ ਹੀ ਮੁਕਾਅ ਦੇਣ।
ਵਾਟਰਲੂ ਸਟੇਸ਼ਨ ਤੋਂ ਹੀ ਬੇਕਰਲੂ ਟਿਊਬ ਫੜ੍ਹ ਲਈ। ਘਰ ਪਹੁੰਚੇ। ਸਰੋਜ ਨੂੰ ਦੇਖ ਕੇ ਥਿੜਕ ਜਿਹੇ ਗਏ। ਕਿਤੇ ਤ੍ਰਿਲੋਕ ਨੇ ਫ਼ੋਨ ਨਾ ਕਰ ਦਿੱਤਾ ਹੋਵੇ। ਸਰੋਜ ਨੇ ਬਿਨਾਂ ਕੁਝ ਪੁੱਛਿਆਂ ਚਾਹ ਬਣਾ ਕੇ ਅੱਗੇ ਰੱਖ ਦਿੱਤੀ। ਬਿਸਕੁਟਾਂ ਨਾਲ ਚਾਹ ਪੀਤੀ। ਆਪਣੇ ਕਮਰੇ ਵਿਚ ਚਲੇ ਗਏ। ਇੰਦਰੇਸ਼ ਸ਼ਾਮ ਨੂੰ ਘਰ ਆਇਆ, “ਸਰੋਜ ਬਾਊ-ਜੀ ਦੀ ਤਬੀਅਤ ਸ਼ਾਇਦ ਜ਼ਿਆਦਾ ਵਿਗੜਦੀ ਜਾ ਰਹੀ ਏ। ਅੱਜ ਹਾਈ ਕਮਿਸ਼ਨ ਵਿਚ ਜਾ ਕੇ ਨਾਟਕ ਕਰ ਆਏ ਨੇ। ਤ੍ਰਿਲੋਕੀ ਦਾ ਫ਼ੋਨ ਆਇਆ ਸੀ।”
“ਕਿਉਂ ਇਹੋ ਜਿਹਾ ਕੀ ਕਰ ਆਏ!” ਸਰੋਜ ਹੈਰਾਨ-ਪ੍ਰੇਸ਼ਾਨ ਹੋ ਗਈ ਸੀ। “ਦੇਖੋ ਅੱਜ ਕੁਛ ਨਾ ਕਹਿਣਾ। ਹਾਈ ਕਮਿਸ਼ਨ ਤੋਂ ਬੜੇ ਪ੍ਰੇਸ਼ਾਨ ਆਏ ਨੇ। ਮੈਨੂੰ ਨਹੀਂ ਸੀ ਪਤਾ ਕਿ ਉੱਥੇ ਗਏ ਨੇ। ਪਰ ਚਿਹਰਾ ਦੇਖ ਕੇ ਮੈਨੂੰ ਲੱਗਿਆ ਕਿ ਬੜੇ ਉਦਾਸ ਤੇ ਨਿਰਾਸ਼ ਜਿਹੇ ਨੇ। ਤੁਸੀਂ ਕਲ੍ਹ ਸਮਝਾ ਦੇਣਾ। ਡਿਨਰ ਟੇਬਲ 'ਤੇ ਕੁਛ ਨਾ ਕਹਿਣਾ।'
ਵਿਧੀ ਬਾਊ ਜੀ ਨੂੰ ਬੁਲਾਉਣ ਗਈ ਤਾਂ ਕਮਰੇ ਵਿਚ ਹਨੇਰਾ ਸੀ। ਟੈਲੀਵਿਜ਼ਨ 'ਤੇ ਸਟਾਰ ਨਿਊਜ਼ ਚੱਲ ਰਹੀਆਂ ਸਨ। ਉਸਨੇ ਆਵਾਜ਼ ਮਾਰੀ ਪਰ ਉਸਦੀ ਬਰੀਕ, ਮਲੂਕੜੀ ਜਿਹੀ ਆਵਾਜ਼ ਟੀ.ਵੀ. ਦੀ ਆਵਾਜ਼ ਵਿਚ ਦਬ ਕੇ ਰਹਿ ਗਈ। ਉਸਨੇ ਬੱਤੀ ਜਗਾਈ। ਦੇਖਿਆ ਕਿ ਬਾਊ ਜੀ ਇਕ-ਟੱਕ ਛੱਤ ਵੱਲ ਦੇਖੀ ਜਾ ਰਹੇ ਸਨ।
ਉਹ ਘਬਰਾ ਕੇ ਬਾਹਰ ਆ ਗਈ ਤੇ ਮੰਮੀ-ਪਾਪਾ ਨੂੰ ਦੱਸਿਆ। ਇੰਦਰੇਸ਼ ਤੇ ਸਰੋਜ ਦੋਵੇਂ ਇਕੱਠੇ ਕਮਰੇ ਵਿਚ ਆਏ। ਬਾਊ ਜੀ ਨੂੰ ਆਵਾਜ਼ ਦਿੱਤੀ। ਗੋਪਾਲ ਦਾਸ ਜੀ ਇਕ-ਟੱਕ ਛੱਤ ਵੱਲ ਦੇਖੀ ਜਾ ਰਹੇ ਸਨ। ਉਹਨਾਂ ਦੇ ਸੱਜੇ ਹੱਥ ਵਿਚ ਲਾਲ ਰੰਗ ਦਾ ਬ੍ਰਿਟਿਸ਼ ਪਾਸਪੋਰਟ ਸੀ ਤੇ ਖੱਬੇ ਵਿਚ ਨੀਲੇ ਰੰਗ ਦਾ ਭਾਰਤੀ ਪਾਸਪੋਰਟ। ਉਹਨਾਂ ਅਜਿਹੇ ਦੇਸ਼ ਦੀ ਨਾਗਰਿਕਤਾ ਲੈ ਲਈ ਸੀ ਜਿੱਥੇ ਇਹਨਾਂ ਦੋਵਾਂ ਪਾਸਪੋਰਟਾਂ ਦੀ ਲੋੜ ਨਹੀਂ ਸੀ।
--- --- ---

No comments:

Post a Comment