Saturday, May 14, 2011

03. ਤਰਕੀਬ

03. ਤਰਕੀਬ

“'ਤੁਸੀਂ ਮੈਨੂੰ ਤਲਾਕ ਕਿਉਂ ਨਹੀਂ ਦੇ ਦੇਂਦੇ? ਹੁਣ ਆਪਣੇ ਦੋਵਾਂ ਵਿਚਕਾਰ ਰਿਹਾ ਈ ਕੀ ਏ ਬਾਕੀ? ਮੈਂ ਤੁਹਾਡੀਆਂ-ਜ਼ਿਆਦਤੀਆਂ, ਹੋਰ ਨਹੀਂ ਬਰਦਾਸ਼ਤ ਕਰ ਸਕਦੀ।”
ਸਮੀਨਾ ਦੇ ਇਹ ਸ਼ਬਦ ਅਦਨਾਨ ਦੇ ਦਿਮਾਗ਼ ਵਿਚ ਲਗਾਤਾਰ ਗੂੰਜ ਰਹੇ ਸਨ। ਉਸਦੀ ਹਰ ਵਧੀਕੀ ਸਹਿ ਲੈਣ ਵਾਲੀ ਸਮੀਨਾ ਵਿਚ ਏਨੀ ਹਿੰਮਤ ਕਿੱਥੋਂ ਆ ਗਈ? ਉਂਜ ਇਹ ਸੱਚ ਵੀ ਸੀ ਕਿ ਹੁਣ ਸਮੀਨਾ ਤੇ ਉਸ ਦੇ ਸੰਬੰਧਾਂ ਵਿਚ ਕੋਈ ਗਰਮੀ ਨਹੀਂ ਸੀ ਰਹੀ। ਵੈਸੇ ਕਹਿਣ ਲਈ ਇਸੇ ਸਾਲ ਜਨਵਰੀ ਵਿਚ ਦੋਵਾਂ ਨੇ ਆਪਣੇ ਨਿਕਾਹ ਦੀ ਰਜਤ-ਜਯੰਤੀ ਮਨਾਈ ਸੀ। ਪੱਚੀ ਵਰ੍ਹੇ ਇਕੱਠਿਆਂ ਬਿਤਾਉਣ ਪਿੱਛੋਂ ਲੱਗਦਾ ਹੈ, ਸਭ ਕੁਝ ਅਚਾਨਕ ਖਿੰਡ-ਪੁੰਡ ਗਿਆ ਹੈ।
ਪਰ ਕੀ ਸੱਚਮੁੱਚ ਅਚਾਨਕ ਖਿੱਲਰਿਆ ਹੈ, ਇਹ ਸਭ? ਜ਼ਰੂਰ ਇਹ ਪ੍ਰਤੀਕ੍ਰਿਆ ਕਾਫੀ ਸਮਾਂ ਪਹਿਲਾਂ ਸ਼ੁਰੂ ਹੋਈ ਹੋਏਗੀ। ਦਰਅਸਲ ਸਮੀਨਾ ਪਹਿਲਾਂ ਕੋਈ ਵਿਰੋਧ ਨਹੀਂ ਸੀ ਕਰਦੀ ਹੁੰਦੀ...ਹੰਝੂ, ਹਉਂਕੇ ਤੇ ਸਿਸਕੀਆਂ ਹੀ ਉਸਦਾ ਜੀਵਨ ਸਨ। ਫੇਰ ਅਚਾਨਕ ਇਹ ਕੀ ਹੋ ਗਿਆ? ਸਭ ਕੁਝ ਕਿੱਦਾਂ ਬਦਲ ਗਿਆ?
ਅਦਨਾਨ ਜਾਣਦਾ ਹੈ ਕਿ ਲੰਦਨ ਵਿਚ ਤਲਾਕ ਦਾ ਅਰਥ ਹੋਏਗਾ, ਸਮੀਨਾ ਨੂੰ ਮੋਟਾ ਮੁਆਵਜ਼ਾ ਦੇਣਾ। ਇਹ ਘਰ, ਹੋਰ ਪ੍ਰਾਪਰਟੀ, ਕਾਰਾਂ, ਬੈਂਕ ਬੈਲੇਂਸ...ਇਹਨਾਂ ਸਭਨਾਂ ਵਿਚ ਸਮੀਨਾ ਨੂੰ ਉਸਦਾ ਹਿੱਸਾ ਦੇਣਾ ਪਏਗਾ। ਜਦੋਂ ਰਿਸ਼ਤੇ ਵਿਚ ਕੁਝ ਬਚਿਆ ਹੀ ਨਹੀਂ ਤਾਂ ਕਿਉਂ ਆਪਣੇ ਗਾੜ੍ਹੇ ਪਸੀਨੇ ਦੀ ਕਮਾਈ ਸਮੀਨਾ ਨੂੰ ਦਿੱਤੀ ਜਾਏ? ਨਿਕਾਹ ਸਮੇਂ ਤਾਂ ਕਾਜੀ ਸਾਹਬ ਨੇ ਸਿਰਫ ਪੱਚੀ ਹਜ਼ਾਰ ਦੀ ਗੱਲ ਆਖੀ ਸੀ...'ਅਦਨਾਨ ਰਿਜਵੀ, ਤੇਰਾ ਨਿਕਾਹ ਸਮੀਨਾ ਜ਼ੈਦੀ ਵਲਦ ਆਫ਼ਤਾਬ ਜ਼ੈਦੀ ਨਾਲ ਸਿੱਕਾ-ਏ-ਮੁਲਕ ਪੱਚੀ ਹਜ਼ਾਰ ਰੁਪਏ ਵਿਚ ਤੈਅ ਹੋਇਆ ਹੈ। ਕੀ ਤੈਨੂੰ ਇਹ ਨਿਕਾਹ ਮੰਜ਼ੂਰ ਹੈ?' 'ਹਾਂ' ਕਹਿੰਦਿਆਂ ਹੋਇਆਂ ਉਸਨੇ ਕਦੋਂ ਸੋਚਿਆ ਸੀ ਕਿ ਇਹ ਪੱਚੀ ਹਜ਼ਾਰ ਰੁਪਏ ਇਕ ਭਿਆਨਕ ਤੇ ਵਿਰਾਟ ਰੂਪ ਧਾਰਨ ਕਰ ਲੈਣ ਵਾਲੇ ਸਨ! ਪੱਚੀ ਹਜ਼ਾਰ ਰੁਪਏ ਵਿਚ ਤਾਂ ਉਸ ਮਰਸਡੀਜ਼ ਕਾਰ ਦੇ ਟਾਇਰ ਵੀ ਨਹੀਂ ਆਉਂਦੇ ਜਿਹੜੀ ਸਮੀਨਾ ਨੂੰ ਦੇਣੀ ਪਏਗੀ।
ਸਮੀਨਾ ਕੋਲ ਵੀ ਆਪਣੇ ਪਤੀ ਦੀਆਂ ਯਾਦਾਂ ਦਾ ਜਿਹੜਾ ਖਜਾਨਾ ਹੈ ਉਸ ਵਿਚ ਸਿਵਾਏ ਨਮੋਸ਼ੀ, ਬੇਪਤੀ, ਝਾੜ-ਫਿਟਕਾਰ ਤੇ ਗਾਲ੍ਹ-ਮੰਦੇ ਦੇ ਹੋਰ ਕੁਝ ਵੀ ਨਹੀਂ। ਹਾਂ, ਕੇਕ ਉੱਤੇ ਆਇਸਿੰਗ ਦੇ ਤੌਰ 'ਤੇ ਚਾਰ-ਪੰਜ ਵੇਰ ਜੜੇ ਗਏ ਥੱਪੜ ਜ਼ਰੂਰ ਸਨ।
ਸਮੀਨਾ ਸਮਝ ਚੁੱਕੀ ਹੈ ਕਿ ਅਦਨਾਨ ਇਕ 'ਕੰਟਰੋਲ ਫਰੀਕ' ਹੈ। ਵੈਸੇ ਅਦਨਾਨ ਦਾ ਆਪਣਾ ਬਿਜਨੇਸ ਹੈ...ਬਿਲਡਰ ਹੈ ਉਹ। ਲੋਕਾਂ ਦੇ ਘਰ ਬਣਾਉਂਦਾ ਹੈ, ਪਰ ਆਪਣਾ ਘਰ ਅੱਜ ਤੀਕ ਨਹੀਂ ਵਸਾਅ ਸਕਿਆ! ਸਮੀਨਾ ਨੂੰ ਭਾਰਤ ਜਾ ਕੇ ਵਿਆਹ ਲਿਆਇਆ ਸੀ। ਆਪ ਲਾਹੌਰ ਦਾ ਰਹਿਣ ਵਾਲਾ ਹੈ। ਉਸਨੇ ਸਮੀਨਾ ਦੀ ਫੋਟੋ ਦੇਖੀ ਤਾਂ ਪੰਜਾਬੀ ਮਨ 'ਚੋਂ ਇਕੋ ਆਵਾਜ਼ ਆਈ 'ਏਹੋ ਕੁੜੀ ਲੈਣੀ ਹੈ।' ਧੁਨ ਦਾ ਪੱਕਾ ਅਦਨਾਨ ਉਮਰ ਵਿਚ ਸਮੀਨਾ ਨਾਲੋਂ ਦਸ-ਬਾਰਾਂ ਸਾਲ ਵੱਡਾ...ਪਰ ਲੈਣੀ ਹੈ ਤਾਂ ਬਸ ਲੈਣੀ ਹੈ।
ਜਿਵੇਂ ਕਿਸੇ ਬੱਚੇ ਨੂੰ ਬੜੇ ਥੋੜ੍ਹੇ ਸਮੇਂ ਤੀਕ ਕਿਸੇ ਖਿਡੌਣੇ ਵਿਚ ਦਿਲਚਸਪੀ ਰਹਿੰਦੀ ਹੈ, ਫੇਰ ਉਸਨੂੰ ਕਿਸੇ ਨਵੇਂ ਖਿਡੌਣੇ ਦੀ ਤਾਂਘ ਤੇ ਭਾਲ ਹੋਣ ਲੱਗਦੀ ਹੈ...ਅਦਨਾਨ ਦਾ ਦਿਲ ਵੀ ਸਮੀਨਾ ਦੇ ਦੋ ਬੱÎਚਿਆਂ ਤੇ ਤਿੰਨ ਗਰਭਪਾਤਾਂ ਪਿੱਛੋਂ ਉਸ ਤੋਂ ਭਰ ਗਿਆ। ਪਰ ਪਤਨੀ ਤਾਂ ਰੋਜ਼-ਰੋਜ਼ ਨਹੀਂ ਬਦਲੀ ਜਾ ਸਕਦੀ ਨਾ।...ਹੁਣ ਉਸਦੀ ਸੈਕਟਰੀ ਦੋ ਤਿੰਨ ਸਾਲ ਬਾਅਦ ਬਦਲ ਜਾਂਦੀ ਹੈ। ਸ਼ਨਿਚਰਵਾਰ ਰਾਤ ਦਾ ਖਾਣਾ ਉਹ ਅਕਸਰ ਆਪਣੀ ਸੈਕਟਰੀ ਨਾਲ ਖਾਂਦਾ। ਕੁਝ ਰਾਤਾਂ ਅਜਿਹੀਆਂ ਵੀ ਹੁੰਦੀਆਂ, ਜਦੋਂ ਖਾਣੇ ਪਿੱਛੋਂ ਸੌਂ ਵੀ ਉੱਥੇ ਹੀ ਜਾਂਦਾ। ਸਮੀਨਾ ਦੀ ਜਵਾਨੀ ਆਪਣਾ ਨਿਰਾਦਰ ਸਹਿੰਦੀ ਰਹੀ ਤੇ ਅਦਨਾਨ ਦੇ ਦੋਵਾਂ ਬੱਚਿਆਂ ਨੂੰ ਪਾਲਦੀ ਰਹੀ।
ਆਪਣੇ ਬੱਚਿਆਂ ਦੇ ਪਾਲਨ-ਪੋਸ਼ਣ ਵਿਚ ਉਂਜ ਅਦਨਾਨ ਦਾ ਟੇਢਾ ਹੱਥ ਜ਼ਰੂਰ ਸੀ। ਹੱਥ ਕਿੱਥੇ ਸੀ, ਬਸ ਪੈਸਾ ਸੀ। ਸ਼ਾਇਦ ਬੇਟੀ ਹਿਨਾ ਨੂੰ ਤਾਂ ਉਸਨੇ ਦੋ-ਤਿੰਨ ਵਾਰ ਗੋਦੀ ਵੀ ਚੁੱਕਿਆ ਹੋਏ, ਪਰ ਬੇਟਾ ਫਰਹਾਨ ਤਾਂ ਆਪਣੇ ਅੱਬੂ ਵੱਲ ਜਦੋਂ ਵੀ ਦੇਖਦਾ ਹੈ, ਉਸਨੂੰ ਸਿਵਾਏ ਝਾੜ, ਫਿਟਕਾਰ ਤੇ ਮਾਰ ਤੋਂ ਕੁਝ ਵੀ ਯਾਦ ਨਹੀਂ ਆਉਂਦਾ। ਉਸਨੂੰ ਸਾਧਾਰਣ ਬਾਲ-ਹਠ ਕਰਨ ਦਾ ਮੌਕਾ ਵੀ ਕਦੀ ਨਹੀਂ ਦਿੱਤਾ ਗਿਆ, “ਮੈਂ ਬਿਰਯਾਨੀ ਨਹੀਂ ਖਾਣੀ। ਮੇਰਾ ਮਨ ਅੱਜ ਦਾਲ-ਚਾਵਲ ਖਾਣ ਲਈ ਕਰਦਾ ਪਿਆ ਏ। ਮੈਂ ਬਸ ਦਾਲ-ਚਾਵਲ ਖਾਵਾਂਗਾ, ਅੰਮੀ।”
“ਰਾਜੇ ਬੇਟੇ, ਅੱਜ ਅੱਬੂ ਨੇ ਖਾਸ ਤੌਰ 'ਤੇ ਮਟਨ-ਬਿਰਯਾਨੀ ਬਣਵਾਈ ਏ। ਅੱਜ ਖਾ ਲੈ। ਕਲ੍ਹ ਤੇਰੇ ਲਈ ਦਾਲ-ਚਾਵਲ ਬਣਾਅ ਦਿਆਂਗੀ।” ਸਮੀਨਾ ਦਾ ਪਿਆਰ ਆਪਣੇ ਪੁੱਤਰ ਲਈ ਛਲਕਿਆ।
“ਨਹੀਂ-ਨਹੀਂ, ਮੈਂ ਤਾਂ ਵਾਈਟ ਚਾਵਲ ਤੇ ਦਾਲ ਹੀ ਖਾਵਾਂਗਾ। ਤੁਸੀਂ ਅੱਬੂ ਨੂੰ ਕਹੋ ਬਿਰਯਾਨੀ ਕਲ੍ਹ ਖਾ ਲੈਣਗੇ।” ਫਰਹਾਨ ਜ਼ਿੱਦ 'ਤੇ ਅੜ ਗਿਆ। ਚਿੱਟੇ-ਚੌਲ ਅਚਾਨਕ ਬਾਲ ਫਰਹਾਨ ਲਈ ਚੰਦ ਰੂਪੀ ਖਿਡੌਣਾ ਬਣ ਗਏ ਸਨ। ਬਾਲ-ਹਠ ਸਾਹਵੇਂ ਮਾਂ ਯਸ਼ੋਧਾ ਕੀ ਕਰੇ! ਫਰਹਾਨ ਦੀ ਰੰਗੀਨ ਬਿਰਯਾਨੀ ਵਿਚ ਕੋਈ ਰੁਚੀ ਨਹੀਂ ਸੀ। ਅੱਬੂ ਚੁੱਪਚਾਪ ਆਪਣੀ ਪਲੇਟ ਵਿਚ ਬਿਰਯਾਨੀ ਤੇ ਸਬਜੀ ਪਾ ਰਹੇ ਸਨ, ਪਰ ਉਹਨਾਂ ਦਾ ਧਿਆਨ ਫਰਹਾਨ ਤੇ ਸਮੀਨਾ ਦੀ ਬਹਿਸ ਵਿਚ ਅਟਕਿਆ ਹੋਇਆ ਸੀ। ਸ਼ਾਇਦ ਕੋਸ਼ਿਸ਼ ਕਰ ਰਹੇ ਸਨ ਕਿ ਆਪਣੇ ਆਪ ਨੂੰ ਇਨਰਟ (ਮਨ-ਮਸਤ) ਵਿਖਾ ਸਕਣ।
ਅਚਾਨਕ ਫਰਹਾਨ ਨੇ ਡਾਇਨਿੰਗ ਟੇਬਲ ਉੱਤੇ ਜ਼ੋਰ ਨਾਲ ਹੱਥ ਮਾਰਿਆ ਤੇ ਕੂਕਿਆ, “ਮੈਂ ਇਹ ਖਾਣਾ ਨਹੀਂ ਖਾਣਾ! ਬਸ, ਮੈਨੂੰ ਦਾਲ-ਚਾਵਲ ਹੀ ਚਾਹੀਦੇ ਨੇ।”
'ਤੜਾਕ!' ਇਕ ਕਰਾਰਾ ਥੱਪੜ ਫਰਹਾਨ ਦੀ ਸੱਜੀ ਗੱਲ੍ਹ ਉੱਤੇ ਪਿਆ। ਸਮੀਨਾ ਹੈਰਾਨੀ ਵੱਸ ਸਿਲ-ਪੱਥਰ ਹੋ ਗਈ! ਫਰਹਾਨ ਸਹਿਮ ਤੇ ਦਰਦ ਸਦਕਾ ਰੋਣ ਲੱਗ ਪਿਆ। “ਹਰਾਮਜ਼ਾਦਿਆ! ਜ਼ਿੱਦ ਕਰਦਾ ਏਂ? ਤੂੰ ਕੀ ਕਿਸੇ ਹਿੰਦੂ ਦੀ ਔਲਾਦ ਏਂ, ਜਿਹੜਾ ਦਾਲ-ਚਾਵਲ ਖਾਏਂਗਾ? ਮੁਸਲਮਾਨ ਬੱਚਾ ਏਂ...ਗੋਸ਼ਤ ਖਾਹ, ਬਿਰਯਾਨੀ ਖਾਹ। ਪਤਾ ਨਹੀਂ ਕਿਸਦੀ ਔਲਾਦ ਏ...ਤੇਰੀ ਮਾਂ ਦੇ ਕਰੈਕਟਰ ਦਾ ਵੀ ਤਾਂ ਕੋਈ ਭਰੋਸਾ ਨਹੀਂ। ਪਤਾ ਨਹੀਂ ਕਿਸ ਕਿਸ ਨਾਲ ਯਾਰੀਆਂ ਲਾਈਆਂ ਹੋਈਆਂ ਨੇ ਮੇਮ ਸਾਹਿਬਾ ਨੇ!”
ਸਮੀਨਾ ਤੜਫ ਕੇ ਰਹਿ ਗਈ। ਕੌੜੀਆਂ ਨਜ਼ਰਾਂ ਨਾਲ ਪਤੀ ਵੱਲ ਦੇਖਿਆ। ਗੁੱਸਾ ਭਾਵੇਂ ਕਿਸੇ 'ਤੇ ਹੋਏ, ਉਂਗਲ ਸਮੀਨਾ ਦੇ ਚਰਿੱਤਰ ਵੱਲ ਉਠ ਜਾਂਦੀ ਹੈ। ਉਸਨੇ ਪਲੇਟਾਂ ਸਮੇਟੀਆਂ ਤੇ ਫਰਹਾਨ ਨੂੰ ਨਾਲ ਲੈ ਕੇ ਆਪਣੇ ਕਮਰੇ ਵਿਚ ਚਲੀ ਗਈ। ਅਦਨਾਨ ਇਕੱਲਾ ਬੈਠਾ ਮਜ਼ੇ ਨਾਲ ਬਿਰਯਾਨੀ ਖਾਂਦਾ ਰਿਹਾ। ਫੇਰ ਜੂਠੀਆਂ ਪਲੇਟਾਂ ਡਾਇਨਿੰਗ ਟੇਬਲ ਉੱਤੇ ਛੱਡ ਕੇ ਰਸੋਈ ਵਿਚ ਗਿਆ, ਮਰਤਬਾਨ ਵਿਚੋਂ ਗੁੜ ਕੱਢ ਕੇ ਆਪਣੇ ਮੂੰਹ ਵਿਚ ਪਾਇਆ ਤੇ ਆਪਣੇ ਸੌਣ-ਕਮਰੇ ਵਿਚ ਚਲਾ ਗਿਆ।
ਪਿੱਛਲੇ ਪੱਚੀ ਸਾਲ ਤੋਂ ਸਮੀਨਾ ਸਿਰਫ ਇਹੀ ਕਰ ਸਕੀ ਹੈ ਕਿ ਅਦਨਾਨ ਦੇ ਕਾਰਨਾਮਿਆਂ ਉੱਤੇ ਹੈਰਾਨ ਹੁੰਦੀ ਰਹੀ ਹੈ। ਇਹ ਹੈਰਾਨੀ ਵੱਖਰੀ ਕਿਸਮ ਦੀ ਹੈ। ਸੋਚ ਰਹੀ ਹੈ ਕਿ ਕੈਸਾ ਇਨਸਾਨ ਹੈ ਉਸਦਾ ਪਤੀ! ਇਨਸਾਨ ਹੈ ਵੀ ਜਾਂ ਨਹੀਂ! ਕੀ ਕੋਈ ਆਪਣੇ ਨਿੱਕੇ ਜਿਹੇ ਬਾਲ ਨੂੰ ਸਿਰਫ ਇਸ ਲਈ ਚੰਡ ਮਾਰ ਸਕਦਾ ਹੈ ਕਿ ਉਸਨੇ ਦਾਲ-ਚਾਵਲ ਖਾਣੇ ਸੀ? ਉਹ ਉੱਠ ਕੇ ਕਿਚਨ ਵਿਚ ਚਲੀ ਗਈ; ਦਾਲ-ਚਾਵਲ ਬਣਾਉਣ ਲੱਗ ਪਈ। ਉਬਲਦੀ ਹੋਈ ਦਾਲ ਵਿਚੋਂ ਪੀਲੇ ਰੰਗ ਦਾ ਪਾਣੀ ਨਿਕਲ ਕੇ ਗੈਸੀ-ਚੁੱਲ੍ਹੇ 'ਤੇ ਪੈ ਗਿਆ। ਸਮੀਨਾ ਨੇ ਪੇਪਰ ਟਾਵਲ ਨਾਲ ਉਸਨੂੰ ਪੂੰਝਣਾ ਸ਼ੁਰੂ ਕਰ ਦਿੱਤਾ। ਮਨ ਵਿਚ ਇਕ ਇੱਛਾ ਉੱਠੀ ਕਿ ਠੀਕ ਇਸੇ ਤਰ੍ਹਾਂ ਆਪਣੇ ਜੀਵਨ ਵਿਚੋਂ ਅਦਨਾਨ ਦੇ ਵਜੂਦ ਦੇ ਨਿਸ਼ਾਨ ਵੀ ਮੇਟ ਦਵੇ; ਆਪਣੀ ਜ਼ਿੰਦਗੀ ਇਕ ਵਾਰੀ ਫੇਰ ਸ਼ੁਰੂ ਕਰੇ...ਪਰ ਜੀਵਨ ਦੀ ਕਿਤਾਬ ਨੂੰ ਕਿਸੇ ਰਬੜ ਨਾਲ ਢਾਹ ਕੇ ਮੁੜ ਲਿਖ ਸਕਣਾ ਸੰਭਵ ਕਦੋਂ ਹੋਇਆ ਹੈ!
ਰਾਈਸ ਕੁਕਰ ਵਿਚ ਚਿੱਟੇ ਰੰਗ ਦੇ ਚਾਵਲ ਬਣ ਰਹੇ ਨੇ। ਦਾਲ, ਚਾਵਲ ਬਣਨ ਵਿਚ ਲਗਭਗ ਪੱਚੀ ਮਿੰਟ ਲੱਗ ਗਏ। ਅੱਜ ਪੱਚੀ ਸਾਲ ਹੋ ਗਏ ਨੇ। ਉਹ ਸੋਚਦੀ ਹੈ ਕਿ 'ਅਦਨਾਨ ਨੇ ਉਸਨੂੰ ਜੀਵਨ ਵਿਚ ਕੀ ਨਹੀਂ ਦਿੱਤਾ। ਇਕ ਘਰ ਦਿੱਤਾ, ਦੋ ਬੱਚੇ, ਪੈਸੇ, ਐਸ਼-ਆਰਾਮ, ਹਵਾਈ ਜਹਾਜ਼ ਦੀ ਸੈਰ, ਮਰਸਡੀਜ਼ ਗੱਡੀ ਦਿੱਤੀ ਹੋਈ ਏ, ਪਰ ਏਨੇ ਸਭ ਦੇ ਬਾਵਜ਼ੂਦ ਉਹ ਖੁਸ਼ ਕਿਉਂ ਨਹੀਂ?' ਦਰਅਸਲ ਗੱਲ ਇਹ ਹੈ...ਇਹ ਸਾਰੀਆਂ ਚੀਜਾਂ ਉਸਨੂੰ ਪਿਆਰ ਜਾਂ ਮੋਹ ਵੱਸ ਨਹੀਂ ਦਿੱਤੀਆਂ ਗਈਆਂ। ਅਦਨਾਨ ਜਦੋਂ ਕਦੀ ਕੋਈ ਚੀਜ ਸਮੀਨਾ ਨੂੰ ਲੈ ਕੇ ਦਿੰਦਾ ਹੈ ਤਾਂ ਚਾਹੁੰਦਾ ਹੈ ਕਿ ਨੌਕਰਾਂ ਵਾਂਗ ਹੀ ਸਮੀਨਾ ਵੀ ਉਸਦਾ ਅਹਿਸਾਨ ਮੰਨੇ, ਅਦਨਾਨ ਦੇ ਪੈਰਾਂ ਨੂੰ ਹੱਥ ਲਾ ਕੇ ਆਪਣੇ ਮੱਥੇ ਨੂੰ ਲਾਏ। ਸਮੀਨਾ ਉਸ ਲਈ ਸਿਰਫ ਇਕ ਔਰਤ ਸੀ। ਪਤਨੀ ਕੀ ਹੁੰਦੀ ਹੈ, ਸ਼ਾਇਦ ਅਦਨਾਨ ਨੇ ਇਸ ਬਾਰੇ ਕਦੀ ਸੋਚਿਆ ਹੀ ਨਹੀਂ ਸੀ। ਉਹ ਬਸ ਇਕੋ ਗੱਲ ਸਮਝਦਾ ਸੀ ਕਿ ਪਤਨੀ ਦਾ ਕੰਮ ਹੈ ਘਰ ਦੀ ਦੇਖ-ਭਾਲ ਕਰਨਾ, ਬੱਚਿਆਂ ਦੀ ਸਾਂਭ-ਸੰਭਾਲ ਕਰਨਾ, ਬਿਸਤਰੇ ਵਿਚ ਪਤੀ ਨੂੰ ਸੁਖ ਦੇਣਾ ਤੇ ਹਮੇਸ਼ਾ ਆਪਣੇ ਪਤੀ ਦਾ ਅਹਿਸਾਨ ਮੰਦ ਰਹਿਣਾ ਕਿ ਉਹ ਉਸਦਾ ਧਿਆਨ ਰੱਖਦਾ ਹੈ। ਉਹ ਸਥੂਲ ਗੱਲਾਂ ਨੂੰ ਮਹੱਤਵ ਦਿੰਦਾ ਸੀ, ਸੂਖਮ ਦੀ ਨਾ ਤਾਂ ਉਸਨੂੰ ਪਛਾਣ ਸੀ, ਨਾ ਸਮਝ, ਨਾ ਲੋੜ।
ਦਾਲ ਚਾਵਲ ਬਣ ਗਏ। ਉਹ ਪਲੇਟ ਵਿਚ ਪਾ ਕੇ ਕਮਰੇ ਵਿਚ ਪਹੁੰਚੀ। ਤਦ ਤੀਕ ਫਰਹਾਨ ਰੋਂਦਾ ਤੇ ਹਉਂਕੇ ਭਰਦਾ ਸੌਂ ਚੁੱਕਿਆ ਸੀ। ਅੱਜ ਫੇਰ ਉਸਨੂੰ ਛੋਟੇ ਬੈੱਡ-ਰੂਮ ਵਿਚ ਇਕੱਲਿਆਂ ਸੌਣਾ ਪਏਗਾ। ਜਦੋਂ ਤੀਕ ਘਰ ਦੇ ਮਾਲਕ ਅਦਨਾਨ ਸਾਹਬ ਸਮੀਨਾ ਨਾਲ ਨਾਰਾਜ਼ ਰਹਿਣਗੇ ਉਦੋਂ ਤੀਕ ਉਸਨੂੰ ਆਪਣੇ ਬੈੱਡ-ਰੂਮ ਵਿਚ ਨਹੀਂ ਵੜਨ ਦੇਣਗੇ। ਦੋ ਤਿੰਨ ਦਿਨ ਇੰਜ ਹੀ ਅਣਗੌਲਿਆਂ ਲੰਘਣਗੇ। ਫੇਰ ਸਮੀਨਾ ਮੁਆਫ਼ੀ ਮੰਗੇਗੀ। ਫੇਰ ਬੜੀ ਖੁੱਲ੍ਹ ਦਿਲੀ ਨਾਲ ਬਾਦਸ਼ਾਹ ਸਲਾਮਤ ਸਮੀਨਾ ਨੂੰ ਮੁਆਫ਼ ਕਰ ਦੇਣਗੇ। ਤਾਂ ਕਿਤੇ ਜਾ ਕੇ ਮੁੜ ਵੱਡੇ ਪਲੰਘ ਉੱਪਰ ਸੌਣਾ ਨਸੀਬ ਹੋਏਗਾ। ਅੱਜ ਸਮੀਨਾ ਸੋਚ ਰਹੀ ਹੈ ਕਿ ਆਖ਼ਰ ਕਿਉਂ ਉਹ ਬਾਦਸ਼ਾਹ ਸਲਾਮਤ ਦੇ ਕਮਰੇ ਵਿਚ ਜਾਣ ਦੀ ਲਲਕ ਪਾਲਦੀ ਰਹਿੰਦੀ ਹੈ...? ਦਸ ਸਾਲ ਹੋ ਗਏ ਦੋਵਾਂ ਨੂੰ ਇਕੋ ਬਿਸਤਰੇ ਉੱਪਰ ਸੌਣ ਦੇ ਬਾਵਜ਼ੂਦ, ਹਮ-ਬਿਸਤਰ ਹੋਇਆਂ। ਅਦਨਾਨ ਦੇ ਮਨ ਵਿਚ ਹੁਣ ਸਮੀਨਾ ਨੂੰ ਦੇਖ ਕੇ ਕੁਝ ਨਹੀਂ ਹੁੰਦਾ, ਬਲਕਿ ਜੇ ਸੈਕਸ ਦੀ ਇੱਛਾ ਵੀ ਹੋਵੇ ਤਾਂ ਵੀ ਸਮੀਨਾ ਨੂੰ ਦੇਖਦਿਆਂ ਹੀ ਠੰਡੀ ਪੈ ਜਾਂਦੀ ਹੈ।
ਸਮੀਨਾ ਨੂੰ ਆਪਣੀ ਸੁਹਾਗਰਾਤ ਦੀ ਦਰਿੰਦਗੀ ਤੇ ਉਹ ਵਹਿਸ਼ੀਪਣ ਅੱਜ ਤੀਕ ਯਾਦ ਹੈ। ਅਦਨਾਨ ਦੀ ਰੁਚੀ ਬੱਸ ਇਸ ਗੱਲ ਵਿਚ ਸੀ ਕਿ ਉਹ ਇਸ ਗੱਲ ਦੀ ਤੱਸਲੀ ਕਰ ਲਵੇ ਕਿ ਸਮੀਨਾ ਕੁਆਰੀ ਹੈ। ਉਹ ਬਸ ਸਫ਼ੈਦ ਚਾਦਰ ਉੱਤੇ ਲਹੂ ਦੇ ਨਿਸ਼ਾਨ ਦੇਖ ਕੇ ਆਪਣੇ ਅੰਦਰਲੇ ਮਰਦ ਨੂੰ ਸੰਤੁਸ਼ਟ ਕਰ ਲੈਣਾ ਚਾਹੁੰਦਾ ਸੀ। ਉਸਨੂੰ ਇਸ ਗੱਲ ਦਾ ਜ਼ਰਾ ਵੀ ਧਿਆਨ ਨਹੀਂ ਸੀ ਕਿ ਉਸ ਨਾਲੋਂ ਦਸ-ਬਾਰਾਂ ਸਾਲ ਛੋਟੀ ਕੁੜੀ ਸੰਭੋਗ ਲਈ ਤਿਆਰ ਹੈ ਜਾਂ ਨਹੀਂ। ਉਸਨੂੰ ਹਮੇਸ਼ਾ ਇਹੀ ਦੱਸਿਆ ਗਿਆ ਸੀ ਕਿ ਔਰਤ ਦਾ ਕੰਮ ਹੈ ਮਰਦ ਨੂੰ ਬਿਸਤਰੇ ਵਿਚ ਸੁਖ ਦੇਣਾ। ਇਹ ਕਿਤੇ ਵੀ ਤਾਂ ਨਹੀਂ ਲਿਖਿਆ ਗਿਆ ਤੇ ਨਾ ਹੀ ਉਹ ਜਾਣਦਾ ਹੀ ਸੀ ਕਿ ਮਰਦ ਦੇ ਲਈ ਵੀ ਔਰਤ ਨੂੰ ਸੁਖ ਦੇਣਾ ਕਿੰਨਾ ਜ਼ਰੂਰੀ ਹੈ। ਸਮੀਨਾ ਦਾ ਜਿਸਮ ਅਜੇ ਗਰਮ ਵੀ ਨਹੀਂ ਸੀ ਹੋ ਸਕਿਆ ਹੁੰਦਾ ਕਿ ਅਦਨਾਨ ਆਪਣੇ ਆਪ ਨੂੰ ਸੰਤੁਸ਼ਟ ਕਰਕੇ ਗੂੜ੍ਹੀ ਨੀਂਦ ਵਿਚ ਗੋਤੇ ਲਾਉਣ ਲੱਗ ਪੈਂਦਾ। ਜਿਸ ਸਮਾਜ ਵਿਚ ਉਸਦਾ ਪਾਲਨ-ਪੋਸ਼ਣ ਹੋਇਆ ਸੀ ਉੱਥੇ ਇਹ ਨਹੀਂ ਦੱਸਿਆ ਜਾਂਦਾ ਸੀ ਕਿ ਔਰਤ ਵੀ ਸੰਭੋਗ ਦੀ ਭਾਸ਼ਾ ਅਨੁਸਾਰ ਖ਼ਲਾਸ ਹੁੰਦੀ ਹੈ। ਜਿਸ ਮੌਲਵੀ ਸਾਹਬ ਦੀ ਹਰ ਗੱਲ ਅਦਨਾਨ ਲਈ ਪੱਥਰ 'ਤੇ ਲਕੀਰ ਹੁੰਦੀ ਸੀ, ਇਹ ਗੱਲ ਸ਼ਾਇਦ ਉਹਨਾਂ ਨੂੰ ਵੀ ਨਹੀਂ ਸੀ ਪਤਾ। ਨਹੀਂ ਤਾਂ ਉਹ ਜ਼ਰੂਰ ਇਹ ਗੱਲ ਅਦਨਾਨ ਨੂੰ ਸਮਝਾ ਦਿੰਦੇ। ਉਹਨਾਂ ਦੀ ਆਪਣੀ ਪਤਨੀ ਸੱਤ ਬੱਚੇ ਜੰਮਣ ਪਿੱਛੋਂ ਵੀ ਇਹ ਨਹੀਂ ਸੀ ਜਾਣਦੀ ਕਿ ਔਰਤ ਆਰਗੈਜ਼ਮ ਕੀ ਹੁੰਦਾ ਹੈ।
ਸਮੀਨਾ ਨੂੰ ਇਕ ਦੋ ਵਾਰੀ ਇਸ ਸੁਖ ਦੇ ਆਨੰਦ ਦਾ ਅਹਿਸਾਸ ਅਣਜਾਣੇ ਵਿਚ ਹੀ ਹੋ ਗਿਆ ਸੀ। ਉਹ ਵਿਚਾਰੀ ਅੱਜ ਤੀਕ ਇੰਤਜ਼ਾਰ ਕਰ ਰਹੀ ਹੈ ਕਿ ਕਾਸ਼ ਕਦੀ ਸੰਭੋਗ ਦੌਰਾਨ ਫੇਰ ਓਹ ਪਲ ਆਉਣ। ਪਰ ਨਾ ਇੰਜ ਹੋਣਾ ਸੀ, ਨਾ ਹੀ ਹੋਇਆ। ਜਦੋਂ ਅਦਨਾਨ ਦਾ ਮੰਤਵ ਸਿਰਫ ਖ਼ੁਦ ਨੂੰ ਸੁਖ ਪਹੁੰਚਾਉਣਾ ਸੀ, ਤਾਂ ਫੇਰ ਭਲਾ ਸਮੀਨਾ ਨੂੰ ਸੁਖ ਕਿੰਜ ਮਿਲਦਾ। ਸਮੀਨਾ ਦਾ ਜੀਵਨ ਹੁਣ ਇਕ ਅਜਿਹੇ ਮੋੜ ਉੱਤੇ ਪਹੁੰਚ ਗਿਆ ਸੀ ਜਿੱਥੇ ਉਸਨੂੰ ਆਪਣੇ ਸਾਥੀ ਤੋਂ ਆਸ ਰਹਿੰਦੀ ਸੀ ਕਿ ਉਹ ਉਸਦੇ ਨਖ਼ਰੇ ਝੱਲੇ, ਉਸ ਨਾਲ ਗੱਲਬਾਤ ਕਰੇ। ਅਦਨਾਨ ਤੇ ਉਸ ਵਿਚਕਾਰ ਗੱਲਬਾਤ ਉਦੋਂ ਹੀ ਸ਼ੁਰੂ ਹੁੰਦੀ, ਜਦੋਂ ਅਦਨਾਨ ਚਾਹੁੰਦਾ ਤੇ ਓਨੀ ਦੇਰ ਤੀਕ ਹੀ ਚੱਲਦੀ ਜਦੋਂ ਤੀਕ ਅਦਨਾਨ ਚਾਹੁੰਦਾ। ਉੱਚੀਆਂ ਸੁਰਾਂ ਵਿਚ ਝਾੜਾਂ-ਫਿਟਕਾਰਾਂ ਕਦੋਂ ਸ਼ੁਰੂ ਹੋ ਜਾਣਗੀਆਂ, ਇਸ ਗੱਲ ਦਾ ਅੰਦਾਜ਼ਾ ਲਾਉਣਾ ਆਸਾਨ ਨਹੀਂ ਸੀ।
ਅਦਨਾਨ ਨੂੰ ਆਪਣੇ ਬਚਪਨ ਤੋਂ ਹੀ ਪੜ੍ਹਨ-ਲਿਖਣ ਦਾ ਸ਼ੌਕ ਕਦੀ ਨਹੀਂ ਸੀ ਰਿਹਾ। ਫੇਰ ਭਲਾ ਬੱਚਿਆਂ ਦੀ ਪੜ੍ਹਾਈ ਵਿਚ ਉਸਨੂੰ ਕੀ ਰੁਚੀ ਹੁੰਦੀ। ਜੇ ਕਦੇ-ਕਦਾਈਂ ਫਰਹਾਨ ਆਪਣੀ ਪੜ੍ਹਾਈ ਬਾਰੇ ਕੋਈ ਗੱਲ ਪੁੱਛ ਵੀ ਲੈਂਦਾ ਤਾਂ ਅਦਨਾਨ ਉਬਾਸੀਆਂ ਲੈਣ ਲੱਗ ਪੈਂਦਾ, “ਸਾਹਬਜ਼ਾਦੇ, ਇਹ ਜੋ ਤੇਰੀ ਅੰਮੀ ਸਾਹਿਬਾ ਏ ਨਾ, ਇਹਨਾਂ ਕਾਲੇਜ ਤੇ ਯੂਨੀਵਰਸਟੀ ਦੀ ਡਿਗਰੀ ਲਈ ਹੋਈ ਏ। ਹੁਣ ਪਤਾ ਨਹੀਂ ਪੜ੍ਹ-ਲਿਖ ਕੇ ਲਈ ਏ ਕਿ ਖ਼ਰੀਦੀ ਹੋਈ ਏ! ਹਾ-ਹਾ-ਹਾ, ਭਰਾ ਮੇਰਿਆ, ਆਪਣੀ ਪੜ੍ਹਾਈ ਦੀਆਂ ਗੱਲਾਂ ਇਸ ਤੋਂ ਹੀ ਪੁੱਛਿਆ ਕਰ।...ਦੇਖੋ ਮੀਆਂ, ਆਪਾਂ ਹੋਏ ਇੱਟਾਂ ਗਾਰੇ ਵਾਲੇ ਬੰਦੇ, ਆਪਾਂ ਤਾਂ ਇਹਨਾਂ ਚੀਜ਼ਾਂ ਵਿਚ ਆਨਰਸ ਕੀਤੀ ਹੋਈ ਏ, ਹਾ-ਹਾ-ਹਾ !” ਤੇ ਬਸ, ਅਦਨਾਨ ਇਕ ਖੋਖਲਾ ਜਿਹਾ ਹਾਸਾ ਹੱਸ ਛੱਡਦਾ। ਗੱਲ ਭਾਵੇਂ ਕਿਸੇ ਵਿਸ਼ੇ 'ਤੇ ਹੀ ਕਿਉਂ ਨਾ ਹੋ ਰਹੀ ਹੋਏ, ਵਿਅੰਗ-ਬਾਣ ਵਿਚਾਰੀ ਸਮੀਨਾ 'ਤੇ ਛੱਡੇ ਜਾਂਦੇ।
ਉਂਜ ਅਦਨਾਨ ਦਿਨੋਂ-ਦਿਨ ਧਾਰਮਿਕ ਹੁੰਦਾ ਜਾ ਰਿਹਾ ਹੈ। ਇਲਾਕੇ ਦੇ ਇਮਾਮ ਸਾਹਬ ਨਾਲ ਵੀ ਦੋਸਤੀ ਗੰਢ ਲਈ ਹੈ। ਜੁਮੇਂ ਦੀ ਨਮਾਜ ਪਿੱਛੋਂ ਇਮਾਮ ਸਾਹਬ ਨਾਲ ਗੱਲਾਂ-ਗੱਪਾਂ ਵੀ ਚਲਦੀਆਂ ਰਹਿੰਦੀਆਂ ਨੇ। ਕੁਝ ਅਰਸੇ ਲਈ ਤਾਂ ਅਦਨਾਨ ਨੇ ਬਿਨਾਂ ਮੁੱਛਾਂ ਵਾਲੀ ਬੇਤਰਤੀਬ ਦਾੜ੍ਹੀ ਵੀ ਰੱਖ ਲਈ ਸੀ। ਕੁਝ ਯਾਰ ਦੋਸਤ ਮਜ਼ਾਕ ਵੀ ਉਡਾਉਣ ਲੱਗ ਪਏ ਸਨ। ਅਚਾਨਕ ਉਸਨੇ ਮਹਿਸੂਸ ਕੀਤਾ ਕਿ ਦਾੜ੍ਹੀ ਰੱਖਣ ਪਿੱਛੋਂ ਸਿਰਫ ਮੁਸਲਮਾਨ ਲੋਕ ਹੀ ਉਸ ਤੋਂ ਕੰਮ ਕਰਵਾਉਂਦੇ ਨੇ; ਅੰਗਰੇਜ਼ ਤੇ ਹੋਰਨਾਂ ਜਾਤਾਂ ਦੇ ਲੋਕ ਉਸ ਤੋਂ ਪਾਸਾ ਵੱਟਣ ਲੱਗ ਪਏ ਨੇ...ਤੇ ਫੇਰ ਆ ਗਿਆ 11 ਸਤੰਬਰ...ਹੁਣ ਤਾਂ ਪੁਲਸ ਵੀ ਰੋਜ਼ ਹੀ ਉਸਨੂੰ ਸੜਕ ਉੱਤੇ ਰੋਕ ਕੇ ਚੈਕਿੰਗ ਕਰਨ ਲੱਗ ਪਈ ਸੀ। ਇਮਾਮ ਸਾਹਬ ਨੇ ਹੌਸਲਾ ਵਧਾਇਆ, “ਦੇਖੋ ਅਦਨਾਨ ਮੀਆਂ, ਇਨਸਾਨ ਦਾ ਇਮਤਿਹਾਨ ਤਾਂ ਮੁਸ਼ਕਿਲ ਹਾਲਾਤ ਵਿਚ ਹੀ ਹੁੰਦਾ ਹੈ। ਤੁਸੀਂ ਬਿਲਕੁਲ ਫਿਕਰ ਨਾ ਕਰੋ। ਅੱਲਾ ਤਾਅਲਾ ਸਭ ਠੀਕ ਕਰ ਦਏਗਾ। ਤੁਸੀਂ ਆਪਣੇ ਮਜ਼ਹਬ 'ਤੇ ਡਟੇ ਰਹੋ।”
ਪਰ ਅਦਨਾਨ ਸੀ, ਇਕ ਬਿਜਨੈਸ ਮੈਨ। ਨਾ ਤਾਂ ਉਸ ਕੋਲ ਪੁਲਸ ਦੀ ਪੁੱਛਗਿੱਛ ਲਈ ਸਮਾਂ ਸੀ ਤੇ ਨਾ ਹੀ ਆਪਣੇ ਗਾਹਕ ਗੰਵਾਉਣ ਦੀ ਹਿੰਮਤ। ਚਿਹਰਾ ਸਫਾ-ਚੱਟ ਹੋ ਗਿਆ। ਭਾਸ਼ਾ ਵਿਚ ਮੁੜ ਅੰਗਰੇਜ਼ੀ ਦੇ ਸ਼ਬਦ ਵਾਪਸ ਆਉਣ ਲੱਗੇ। ਫੇਰ ਵੀ ਬ੍ਰਿਟੇਨ ਪੁਲਸ ਦੇ ਵਿਰੁੱਧ ਬੁੜਬੁੜ ਹੁੰਦੀ ਰਹਿੰਦੀ, “ਇਹ ਸਾਲੇ ਗੋਰੇ ਆਪਣੇ ਆਪ ਨੂੰ ਸਮਝਦੇ ਕੀ ਨੇ? ਇਹ ਵੀ ਕੋਈ ਡੈਮੋਕਰੇਸੀ ਹੋਈ? ਗੱਲਾਂ ਵੱਡੀਆਂ-ਵੱਡੀਆਂ ਕਰਦੇ ਨੇ, ਪਰ ਅੰਦਰੋਂ ਸਾਲੇ ਸਾਰੇ ਇਕੋ ਜਿਹੇ ਖੋਟੇ ਹੁੰਦੇ ਨੇ। ਇਸ ਦੇਸ਼ ਵਿਚ ਮੁਸਲਮਾਨ ਹੋਣ ਦਾ ਮਤਲਬ ਹੈ ਕਿ ਤੁਸੀਂ ਆਤੰਕਵਾਦੀ ਓ-ਜੀ! ਇਹ ਵੀ ਕੋਈ ਤਰੀਕਾ ਹੋਇਆ?”
ਅਦਨਾਨ ਦੇ ਦੋਸਤ ਇਮਾਮ ਸਾਹਬ ਵੀ ਹਰ ਜੁਮੇਂ ਦੀ ਨਮਾਜ਼ ਪਿੱਛੋਂ ਟੋਨੀ ਬਲੇਅਰ ਤੇ ਜਾਰਜ ਬੁਸ਼ ਦੇ ਵਿਰੁੱਧ ਅੱਗ ਉਗਲਦੇ। ਅਦਨਾਨ ਲਈ ਇਮਾਮ ਸਾਹਬ ਦੇ ਸ਼ਬਦ ਅੱਲਾ ਦੇ ਫਰਮਾਨ ਤੋਂ ਘੱਟ ਨਹੀਂ ਸੀ ਹੁੰਦੇ। ਅਦਨਾਨ ਚਾਹੁੰਦਾ ਹੋਇਆ ਵੀ ਫਿੰਚਲੇ ਦੀ ਮਸਜਿਦ ਵਿਚ ਨਹੀਂ ਜਾ ਸਕਦਾ ਸੀ। ਇਕ ਤਾਂ ਮਸਜਿਦ ਦੂਰ ਸੀ ਤੇ ਦੂਜਾ ਉੱਥੋਂ ਦੇ ਇਮਾਮ ਨਾਲ ਜਾਣ-ਪਛਾਣ ਵੀ ਨਹੀਂ ਸੀ। ਨਾਲੇ ਮੌਲਵੀ ਸਾਹਬ ਨਾਲ ਨਿੱਜੀ ਦੋਸਤੀ ਉਸਨੂੰ ਸਥਾਨਕ ਮਸਜਿਦ ਤੋਂ ਦੂਰ ਨਹੀਂ ਸੀ ਜਾਣ ਦੇਂਦੀ।
ਅਦਨਾਨ ਦਾ ਘੱਟ ਪੜ੍ਹਿਆ-ਲਿਖਿਆ ਹੋਣਾ ਮੌਲਵੀ ਸਾਹਬ ਦੇ ਫਿੱਟ ਆ ਜਾਂਦਾ ਸੀ...ਉਹ ਕਦੀ ਸਵਾਲ ਨਹੀਂ ਕਰਦਾ, ਬਸ ਸੁਣਦਾ ਰਹਿੰਦਾ ਹੈ ਤੇ ਸੱਚ ਮੰਨ ਲੈਂਦਾ ਹੈ। ਹਾਂ, ਸਮੀਨਾ ਬੇਗ਼ਮ ਨਾਲ ਗੱਲਬਾਤ ਕਰਨ ਸਮੇਂ ਔਕੜਾਂ ਆਉਂਦੀਆਂ ਨੇ...ਸਮੀਨਾ ਉਹਨਾਂ ਦੀ ਹਰ ਗੱਲ ਉੱਤੇ ਸਵਾਲ ਪੁੱਛਣ ਬਹਿ ਜਾਂਦੀ ਹੈ। “ਮੌਲਵੀ ਸਾਹਬ, ਤੁਸੀਂ ਮੁਸਲਮਾਨ ਨੌਜਵਾਨਾਂ ਨੂੰ ਸਲਾਹ ਕਿਉਂ ਨਹੀਂ ਦੇਂਦੇ ਬਈ ਜਿਸ ਮੁਲਕ ਵਿਚ ਰਹਿ ਰਹੇ ਨੇ, ਜਿਸ ਮੁਲਕ ਦਾ ਖਾ ਰਹੇ ਨੇ, ਉਸਨੂੰ ਆਪਣਾ ਮੁਲਕ ਸਮਝਣ।...ਪੜ੍ਹਾਈ ਲਿਖਾਈ ਕਰਨ ਤੇ ਇੱਥੋਂ ਦੀ ਰਾਜਨੀਤੀ ਵਿਚ ਹਿੱਸਾ ਲੈਣ। ਤੁਸੀਂ ਸਾਡੇ ਬੱਚਿਆਂ ਨੂੰ ਮਾਡਰਨ ਸਿਖਿਆ ਲਈ ਐਨਕਰਜ਼ ਕਿਉਂ ਨਹੀਂ ਕਰਦੇ?” ਸਲੀਮਾ ਦਾ ਸਾਹਮਣਾ ਕਰਨ ਤੋਂ ਮੌਲਵੀ ਸਾਹਬ ਘਬਰਾਉਂਦੇ ਵੀ ਸਨ ਤੇ ਬਚਦੇ ਵੀ ਸਨ। ਦਰਅਸਲ ਉਹਨਾਂ ਨੂੰ ਆਦਤ ਪੈ ਚੁੱਕੀ ਸੀ ਕਿ ਲੋਕ ਉਹਨਾਂ ਸਾਹਮਣੇ ਝੁਕਣ ਤੇ ਉਹਨਾਂ ਦੀਆਂ ਗੱਲਾਂ ਤੇ ਬਿਆਨਾਂ ਉੱਤੇ ਕੋਈ ਟਿੱਪਣੀ ਨਾ ਕਰਨ। ਮੁਸ਼ਕਿਲ ਸਵਾਲ ਮੌਲਵੀ ਸਾਹਬ ਨੂੰ ਪ੍ਰੇਸ਼ਾਨ ਕਰ ਦੇਂਦੇ ਸਨ।
ਮੁਸ਼ਕਿਲ ਵਿਚ ਤਾਂ ਇਸ ਸਮੇਂ ਅਦਨਾਨ ਹੈ। ਸਮੀਨਾ ਤੋਂ ਛੁਟਕਾਰਾ ਪਾਏ ਤਾਂ ਕਿੰਜ ਪਾਏ? ਪਰ ਛੁਟਕਾਰਾ ਪਾਉਣਾ ਕਿਉਂ ਚਾਹੁੰਦਾ ਹੈ ਉਹ? ਸਮੀਨਾ ਕੋਈ ਵੱਖਰੀ, ਵੱਡੀ ਡਿਮਾਂਡ ਵੀ ਨਹੀਂ ਕਰਦੀ। ਉਸ ਉੱਤੇ ਕਦੀ ਕਿੰਤੂ ਪ੍ਰੰਤੂ ਵੀ ਨਹੀਂ ਕਰਦੀ। ਫੇਰ ਇੰਜ ਕਿਉਂ ਹੈ ਕਿ ਸਮੀਨਾ ਦੀ ਸ਼ਕਲ ਵਿੰਹਦਿਆਂ ਹੀ ਅਦਨਾਨ ਦੇ ਅੰਦਰਲੀ ਕਠੋਰਤਾ ਸ਼ਬਦਾਂ ਰਾਹੀਂ ਬਾਹਰ ਆ ਜਾਂਦੀ ਹੈ? ਉਹ ਖ਼ੁਦ ਵੀ ਇਹ ਸਮਝ ਨਹੀਂ ਸੀ ਸਕਿਆ। ਪਰ ਸਮੀਨਾ ਦੀ ਗ਼ੈਰ-ਮੌਜ਼ੂਦਗੀ ਵਿਚ ਉਹ ਆਪਣੇ ਆਪ ਨੂੰ ਵਧੇਰੇ ਖੁਸ਼ ਸਮਝਦਾ ਹੈ। ਉਹ ਚਾਹੁੰਦਾ ਹੈ ਕਿ ਸਮੀਨਾ ਖ਼ੁਦ ਹੀ ਤਲਾਕ ਦੀ ਮੰਗ ਕਰੇ ਤੇ ਉਸਨੂੰ ਛੱਡ ਕੇ ਚਲੀ ਜਾਏ। ਪਰ ਕੀ ਚਾਹੁਣ ਨਾਲ ਸਭ ਕੁਝ ਹੋ ਜਾਂਦਾ ਹੈ?
ਸਮੀਨਾ ਦਾ ਕਿਸੇ ਨਾਲ ਚੱਕਰ ਵੀ ਤਾਂ ਨਹੀਂ ਚੱਲਦਾ। ਜੇ ਉਸਨੂੰ ਕਿਸੇ ਨਾਲ ਇਸ਼ਕ ਹੋ ਜਾਏ ਤਾਂ ਸ਼ਾਇਦ ਉਸਨੂੰ ਛੱਡ ਕੇ ਚਲੀ ਜਾਏ। ਭਾਵੇਂ ਉਹ ਹਮੇਸ਼ਾ ਹੀ ਸਮੀਨਾ ਉੱਤੇ ਇਲਜ਼ਾਮ ਲਾਉਂਦਾ ਰਹਿੰਦਾ ਹੈ, ਪਰ ਅੰਦਰ ਖਾਤੇ ਜਾਣਦਾ ਹੈ ਕਿ ਸਮੀਨਾ ਨੇ ਸ਼ਰੀਰਕ ਤੌਰ 'ਤੇ ਕਦੀ ਉਸਦੇ ਬਿਸਤਰੇ 'ਚੋਂ ਬਾਹਰ ਪੈਰ ਨਹੀਂ ਧਰਿਆ। ਪਿਛਲੇ ਨੌ-ਦਸ ਸਾਲ ਤੋਂ ਉਸਨੇ ਸਮੀਨਾ ਦੇ ਤਨ ਨੂੰ ਛੂਹਿਆ ਤੀਕ ਨਹੀਂ। ਉਸਦੇ ਜੀਵਨ ਵਿਚ ਇਸ ਦੌਰਾਨ ਘੱਟੋਘੱਟ ਪੰਦਰਾਂ-ਵੀਹ ਕੁੜੀਆਂ ਜ਼ਰੂਰ ਆਈਆਂ ਨੇ, ਪਰ ਸਮੀਨਾ ਨੇ ਇਸ ਬਾਰੇ ਕਦੀ ਕੁਝ ਨਹੀਂ ਕਿਹਾ। ਕੀ ਉਹ ਠੁੱਸ ਹੋ ਗਈ ਹੈ? ਕਈ ਵਾਰੀ ਤਾਂ ਜਦੋਂ ਉਹ ਕਿਸੇ ਘਰ ਬਿਲਡਿੰਗ ਦਾ ਕੋਈ ਕੰਮ ਕਰਨ ਜਾਂਦਾ ਹੈ ਤਾਂ ਉੱਥੇ ਹੀ ਅੰਗਰੇਜ਼ ਔਰਤ ਨਾਲ ਸਰੀਰਕ ਭੁੱਖ ਮਿਟਾਅ ਆਉਂਦਾ ਹੈ। ਫੇਰ ਸਮੀਨਾ ਨਾਲ ਚਿੜ ਕਿਸ ਗੱਲ ਦੀ? ਜਲੀਲ ਵੀ ਰੱਜਵਾਂ ਕਰਦਾ ਹੈ। ਇਕੋ ਕਾਰਨ ਸੁੱਝਦਾ ਹੈ...ਨਾਸ਼ੁਕਰੀ ਹੈ ਸਮੀਨਾ। ਕਦੀ ਵੀ ਅਦਨਾਨ ਦਾ ਸ਼ੁਕਰੀਆ ਅਦਾਅ ਨਹੀਂ ਕਰਦੀ ਕਿ ਉਸਨੇ ਏਨਾ ਵੱਡਾ ਘਰ, ਕਾਰ, ਨੌਕਰ-ਚਾਕਰ...ਸਭੋ ਕੁਝ ਉਸਨੂੰ ਇਸ ਲੰਦਨ ਸ਼ਹਿਰ ਵਿਚ ਦਿੱਤਾ ਹੋਇਆ ਹੈ।
ਬੜੀ ਹੇਠੀ ਮਹਿਸੂਸ ਕਰਦੀ ਹੈ ਸਮੀਨਾ, ਜਦੋਂ ਅਦਨਾਨ ਉਸਨੂੰ ਨੌਕਰਾਂ ਨਾਲ ਖੜ੍ਹਾ ਕਰਕੇ ਟਿੱਪ ਦਿੰਦਾ ਹੈ। ਘਰ ਵਿਚ ਜਦੋਂ ਕਦੀ ਕੋਈ ਪਾਰਟੀ ਹੁੰਦੀ ਹੈ, ਸਮੀਨਾ ਆਪਣੀ ਕੰਮ ਵਾਲੀ ਨੂੰ ਮੀਨੂੰ ਲਿਖਵਾਉਂਦੀ ਹੈ, ਸਾਮਾਨ ਖ਼ਰੀਦ ਕੇ ਲਿਆਉਂਦੀ ਹੈ, ਮੀਟ, ਚਿਕਨ, ਮੱਛੀ ਆਦਿ ਬਣਵਾਉਂਦੀ ਹੈ। ਡਾਇਨਿੰਗ ਟੇਬਲ ਸਜਾਉਂਦੀ ਹੈ। ਸ਼ਾਇਦ ਇਸ ਲਈ ਪਾਰਟੀ ਪਿੱਛੋਂ ਅਦਨਾਨ ਜਦੋਂ ਸਾਰੇ ਕੰਮ ਕਰਨ ਵਾਲਿਆਂ ਨੂੰ ਟਿੱਪ ਦਿੰਦਾ ਹੈ ਤਾਂ ਸਮੀਨਾ ਨੂੰ ਵੀ ਦਿੰਦਾ ਹੈ। ਉਸਨੂੰ ਆਪਣੀ ਹੈਸੀਅਤ ਯਾਦ ਕਰਵਾਉਂਦਾ ਰਹਿੰਦਾ ਹੈ। ਸਮੀਨਾ ਨੇ ਉਹ ਸਾਰੀ ਟਿਪ ਅੱਜ ਤੀਕ ਜੋੜ ਕੇ ਰੱਖੀ ਹੋਈ ਹੈ, ਖਰਚ ਨਹੀਂ ਕੀਤੀ। ਸੋਚਦੀ ਹੈ, ਜੇ ਅਦਨਾਨ ਦੇ ਨਾਲ ਰਹੀ ਤਾਂ ਫਰਹਾਨ ਤੇ ਹਿਨਾ ਦੇ ਕੰਮ ਆ ਜਾਏਗੀ। ਮਨ ਹੀ ਮਨ ਸੋਚਦੀ ਤਾਂ ਕਈ ਵਾਰੀ ਹੈ ਕਿ ਅਦਨਾਨ ਨਾਲੋਂ ਵੱਖ ਹੋ ਜਾਏ, ਪਰ ਉਸਦੀ ਪਰਵਰਿਸ਼ ਉਸਨੂੰ ਇਸ ਗੱਲ ਦੀ ਆਗਿਆ ਨਹੀਂ ਦੇਂਦੀ। ਫੇਰ ਸੋਚਦੀ ਹੈ ਕਿ ਹੁਣ ਇਸ ਉਮਰ ਵਿਚ ਨਵੇਂ ਸਿਰਿਓਂ ਕੀ ਜ਼ਿੰਦਗੀ ਸ਼ੁਰੂ ਕਰਨੀ ਹੈ! ਵੈਸੇ ਇਕ ਦੋ ਵਾਰ ਆਪਣੀ ਹਿਨਾ ਨੂੰ ਮਜ਼ਾਕ-ਮਜ਼ਾਕ ਵਿਚ ਕਹਿ ਚੁੱਕੀ ਹੈ; ਆਪਣੇ ਹਿਸਾਬ ਨਾਲ ਪੁੱਛ ਚੁੱਕੀ ਹੈ ਕਿ ਜੇ ਉਸਨੂੰ ਕੋਈ ਦੂਜਾ ਆਦਮੀ ਪਸੰਦ ਆ ਜਾਏ ਤਾਂ ਕੀ ਕਰੇ? ਤੇ ਧੀ ਨੇ ਵੀ ਆਪਣੀ ਅੰਮੀ ਦਾ ਦਿਲ ਰੱਖਦਿਆਂ ਹੋਇਆਂ ਕਹਿ ਦਿੱਤਾ ਹੈ ਕਿ ਉਸਨੂੰ ਆਪਣੀ ਮਾਂ ਦਾ ਦੂਜਾ ਨਿਕਾਹ ਮੰਜ਼ੂਰ ਹੈ।
ਹਿਨਾ ਦੀ ਸ਼ਾਦੀ ਹੋ ਚੁੱਕੀ ਹੈ। ਫਰਹਾਨ ਨੇ ਅਜੇ ਮਨ ਨਹੀਂ ਬਣਾਇਆ ਕਿ ਕਦੋਂ ਵਿਆਹ ਕਰਵਾਏਗਾ। ਵਿਹਲੇ ਤੇ ਇਕੱਲੇ ਬੰਦੇ ਨੂੰ ਸਮਾਂ ਕੱਟਣਾ ਬੜਾ ਔਖਾ ਹੁੰਦਾ ਹੈ। ਸਮੀਨਾ ਨੇ ਪਾਕਿਸਤਾਨ ਤੋਂ ਆਈਆਂ ਉਹਨਾਂ ਔਰਤਾਂ ਦੇ ਹੱਕਾਂ ਲਈ ਲੜਾਈ ਸ਼ੁਰੂ ਕਰ ਦਿੱਤੀ ਜਿਹਨਾਂ ਦੇ ਪਤੀ ਤੇ ਸਹੁਰੇ ਘਰ ਵਾਲੇ ਮਾੜਾ ਵਿਹਾਰ ਕਰਦੇ ਸਨ। ਅਦਨਾਨ ਨੂੰ ਲੱਗਦਾ ਹੈ, ਸਮੀਨਾ ਜਾਣ-ਬੁੱਝ ਦੇ ਬ੍ਰਿਟਿਨ ਵਿਚ ਵੱਸਦੇ ਪਾਕਿਸਤਾਨੀਆਂ ਦੀ ਭੰਡੀ ਕਰ ਰਹੀ ਹੈ, “ਮੈਨੂੰ ਇਹ ਸਮਝ ਨਹੀਂ ਆਉਂਦੀ ਬਈ ਤੂੰ ਪਾਕਿਸਤਾਨੀ ਪਰਿਵਾਰਾਂ ਦੇ ਪਿੱਛੇ ਕਿਉਂ ਪੈ ਗਈ ਏਂ? ਆਪਣੇ ਮੁਲਕ ਕੇ ਲੋਕਾਂ ਨੂੰ ਪ੍ਰਦੇਸ ਵਿਚ ਇੰਜ ਬਦਨਾਮ ਕਰਕੇ ਤੈਨੂੰ ਮਿਲਦਾ ਕੀ ਹੈ?”
“ਅਦਨਾਨ, ਤੁਸੀਂ ਉਹਨਾਂ ਪਰਿਵਾਰਾਂ ਦੀ ਵਕਾਲਤ ਕਿਉਂ ਕਰ ਰਹੇ ਓ ਜਿਹੜੇ ਆਪਣੀਆਂ ਬਹੂਆਂ ਦਾ ਸ਼ੋਸ਼ਨ ਕਰ ਰਹੇ ਨੇ? ਕੀ ਤੁਹਾਨੂੰ ਉਹਨਾਂ ਔਰਤਾਂ ਨਾਲ ਜ਼ਰਾ ਵੀ ਹਮਦਰਦੀ ਨਹੀਂ, ਜਿਹਨਾਂ ਨੂੰ ਝੂਠੇ ਸੁਪਨੇ ਵਿਖਾਅ ਕੇ ਇੱਥੇ ਲਿਆਇਆ ਜਾਂਦਾ ਹੈ ਤੇ ਫੇਰ ਐਕਸਪਲਾਇਟ ਕੀਤਾ ਜਾਂਦਾ ਹੈ?”
“ਮੈਡਮ ਕਦੀ ਗ਼ੁਲਾਮ ਅਲੀ ਦੀ ਗ਼ਜ਼ਲ ਸੁਣੀ ਏਂ? 'ਆਪਣੀ ਸੰਭਾਲ ਤੈਨੂੰ ਹੋਰ ਨਾਲ ਕੀ?' ਆਪਣਾ ਘਰ ਸੰਭਾਲੋ, ਦੂਜਿਆਂ ਦੀ ਚਿੰਤਾ ਵਿਚ, ਆਪਣਾ ਨਾ ਚੌਪਟ ਕਰਾ ਬੈਠਣਾ।”
“ਅਸਲ ਵਿਚ ਮੈਂ ਨਹੀਂ ਚਾਹੁੰਦੀ ਕਿ ਕਿਸੇ ਹੋਰ ਪਾਕਿਸਤਾਨੀ ਔਰਤ ਦੀ ਜ਼ਿੰਦਗੀ ਮੇਰੀ ਜ਼ਿੰਦਗੀ ਵਾਂਗ ਨਾਸੂਰ ਬਣ ਜਾਏ। ਮੇਰੀ ਦਿਮਾਗ਼ੀ ਮੌਤ ਹਰ ਰੋਜ਼ ਹੁੰਦੀ ਹੈ। ਜਿਹਨਾਂ ਨੂੰ ਦਿਮਾਗ਼ੀ ਤੇ ਜਿਸਮਾਨੀ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਏ, ਉਹਨਾਂ ਦੀ ਲੜਾਈ ਲੜਨਾ ਮੈਂ ਆਪਣਾ ਫਰਜ਼ ਸਮਝਦੀ ਹਾਂ। ਨਾਲੇ ਫੇਰ ਮੇਰਾ ਘਰ ਤਾਂ ਇਕ ਖ਼ੂਬਸੂਰਤ ਮਕਾਨ ਹੈ, ਬੰਗਲਾ ਹੈ, ਮਹੱਲ ਹੈ...ਇੱਥੇ ਹਰੇਕ ਸਹੂਲੀਅਤ ਹੈ, ਪਰ ਉਹ ਪਿਆਰ...ਖ਼ੈਰ ਛੱਡੋ। ਤੁਹਾਥੋਂ ਉਸ ਚੀਜ਼ ਦੀ ਉਮੀਦ ਕੀ ਰੱਖੀ ਜਾ ਸਕਦੀ ਏ, ਜਿਹੜੀ ਤੁਹਾਡੇ ਕੋਲ ਹੈ ਹੀ ਨਹੀਂ!”
ਅਦਨਾਨ ਪ੍ਰੇਸ਼ਾਨ ਹੋ ਗਿਆ, 'ਇਹ ਸਮੀਨਾ ਨੂੰ ਹੋ ਕੀ ਗਿਆ ਹੈ?...ਸ਼ਾਇਦ ਹੁਣ ਇਹ ਤਲਾਕ ਚਾਹੁੰਦੀ ਹੈ। ਜਾਣਦੀ ਹੈ ਕਿ ਬ੍ਰਿਟਿਨ ਦੇ ਕਾਨੂੰਨ ਮੁਤਾਬਿਕ ਉਸਨੂੰ ਹਰ ਚੀਜ਼ ਵਿਚ ਅੱਧਾ ਹਿੱਸਾ ਮਿਲੇਗਾ। ਚਾਹੁੰਦੀ ਹੈ ਕਿ ਮੈਂ ਤਲਾਕ ਦਿਆਂ। ਨਹੀਂ ਮੈਂ ਤਲਾਕ ਨਹੀਂ ਦਿਆਂਗਾ। ਭਲਾ ਮੈਂ ਕਿਉਂ ਤਲਾਕ ਦਿਆਂ! ਜੇ ਇਸ ਨੂੰ ਤਲਾਕ ਚਾਹੀਦਾ ਹੈ ਤਾਂ ਦੇ ਦਏ, ਪੱਚੀ ਹਜ਼ਾਰ ਰੁਪਈਆ ਇਸ ਨੂੰ ਮੁਫ਼ਤ ਵਿਚ ਮਿਲ ਜਾਏਗਾ!' ਉਹ ਆਪਣੇ ਆਪ ਨੂੰ ਫਿਟਕਾਰਨ ਲੱਗ ਪਿਆ, 'ਕਿਉਂ ਆਇਆ ਇਹਨਾਂ ਗੋਰਿਆਂ ਦੇ ਮੁਲਕ ਵਿਚ? ਇੱਥੋਂ ਦੀਆਂ ਔਰਤਾਂ ਨੂੰ ਦੇਖ-ਦੇਖ ਕੇ ਸਮੀਨਾ ਕਿੰਨੀਂ ਬਦਲ ਗਈ ਏ!'
'ਪਾਕਿਸਤਾਨ ਵਿਚ ਹੁੰਦੀ ਤਾਂ ਹਮੇਸ਼ਾ ਮੇਰੇ ਦਾਬੇ ਹੇਠ ਰਹਿੰਦੀ। ਇਹ ਸਾਲੀ ਖ਼ੁਦ-ਮੁਖ਼ਤਿਆਰੀ ਵੀ ਬੜੀ ਖ਼ਰਾਬ ਚੀਜ਼ ਏ। ਪਲਦੀ ਮੇਰੇ ਪੈਸਿਆਂ 'ਤੇ ਹੈ! ਐਸ਼ ਨਾਲ ਜਿਊਂਦੀ ਹੈ ਤੇ ਮੇਰੇ ਸਾਹਮਣੇ ਮੂੰਹ ਖੋਲ੍ਹਦੀ ਹੈ। ਅੱਲਾ ਤੋਂ ਵੀ ਨਹੀਂ ਡਰਦੀ। ਕੁਰਾਨ ਸ਼ਰੀਫ਼ ਬਾਰੇ ਵੀ ਸਵਾਲ ਪੁੱਛਣ ਲੱਗ ਪੈਂਦੀ ਹੈ। ਮੌਲਵੀ ਸਾਹਬ ਵੀ ਕੰਨੀ ਕਤਰਾਉਣ ਲੱਗ ਪਏ ਨੇ!'
ਸਮੱਸਿਆ ਅਦਨਾਨ ਦੇ ਸਾਹਮਣੇ ਮੂੰਹ ਅੱਡੀ ਖੜ੍ਹੀ ਹੈ। ਕਿਸ ਨਾਲ ਰਾਏ ਕਰੇ! ਸੋਚਦਾ ਹੈ, 'ਇਸ ਜੁਮੇਂ ਨੂੰ ਮੌਲਵੀ ਸਾਹਬ ਨਾਲ ਗੱਲ ਕਰਦਾਂ। ਘਰ ਵਿਚ ਵੀ ਆਪਣੇ ਮੁਲਕ ਵਾਂਗ ਸ਼ਰੀਅਤ ਦਾ ਕਾਨੂੰਨ ਲਾਗੂ ਕਰ ਦੇਨਾਂ। ਪੰਜ ਵੇਲੇ ਦੀ ਨਮਾਜ ਲਾਜ਼ਮੀ ਕਰ ਦੇਂਦਾ ਆਂ। ਪਰ ਸੁਣੇਗਾ ਕੌਣ? ਹੁਣ ਤਾਂ ਫਰਹਾਨ ਵੀ ਟਿੱਚ ਕਰਕੇ ਜਾਣਨ ਲੱਗ ਪਿਆ ਏ। ਉਹ ਤਾਂ ਵੈਸੇ ਵੀ ਅੱਧਾ ਅੰਗਰੇਜ਼ ਬਣ ਗਿਆ ਏ। ਉਰਦੂ ਸਮਝ ਤਾਂ ਲੈਂਦੈ, ਪਰ ਜਵਾਬ ਅੰਗਰੇਜ਼ੀ ਵਿਚ ਦਿੰਦੈ। ਭਾਸ਼ਾ ਵੀ ਅਜਿਹੀ ਵਰਤਦਾ ਏ ਕਿ ਕਈ ਵਾਰੀ ਤਾਂ ਸਮੀਨਾ ਤੋਂ ਅਨੁਵਾਦ ਕਰਵਾਉਣਾ ਪੈਂਦੈ, ਤਾਂ ਜਾ ਕੇ ਕਿਤੇ ਗੱਲ ਸਮਝ ਆਉਂਦੀ ਏ। ਸਮੀਨਾ ਇਸ ਗੱਲ 'ਤੇ ਤਿੜ ਜਾਂਦੀ ਏ ਕਿ ਫਰਹਾਨ ਦੀ ਭਾਸ਼ਾ ਉਸਨੂੰ ਸਮਝ ਆਉਂਦੀ ਏ। ਇਕ ਵੱਖਰੀ ਕਿਸਮ ਦਾ ਰਿਸ਼ਤਾ ਏ ਮਾਂ-ਪੁੱਤਰ ਵਿਚਕਾਰ। ਬੜੀ ਵਾਰੀ ਆਪਣੇ ਪੁੱਤਰ ਨਾਲ ਗੱਲ ਕਰਨ ਲਈ ਵੀ ਸਮੀਨਾ ਦਾ ਸਹਾਰਾ ਲੈਣਾ ਪੈਂਦੈ। ਇਹ ਵੀ ਕੋਈ ਜ਼ਿੰਦਗੀ ਹੋਈ! ਪੁੱਤਰ ਨੂੰ ਨਾ ਤਾਂ ਮੇਰੇ ਕੰਮ ਨਾਲ ਕੋਈ ਸਰੋਕਾਰ ਏ, ਨਾ ਨੌਕਰੀ ਕਰਨ ਵਿਚ ਦਿਲਚਸਪੀ। ਡਿਗਰੀ ਕਰ ਲੈਣ ਦੇ ਬਾਵਜੂਦ ਅਜੇ ਤੀਕ ਵਿਹਲਾ ਘੁੰਮ ਰਿਹੈ। ਹੁਣ ਝਿੜਕਨ-ਤਾੜਨ ਤੋਂ ਵੀ ਡਰ ਲੱਗਦੈ। ਇਕ ਵਾਰੀ ਘਰ ਛੱਡ ਕੇ ਚਲਾ ਗਿਆ ਸੀ; ਬਦਨਾਮੀ ਮੁਫ਼ਤ ਦੀ ਹੋਈ। ਅੱਲਾ ਕਿਸ ਗੱਲ ਦੀ ਸਜ਼ਾ ਦੇ ਰਿਹਾ ਏ ਮਿੰਨੂੰ! ਸਿਕੰਦਰ, ਬਸ਼ੀਰ, ਇਫ਼ਤਖ਼ਾਰ ਕਿੰਨੇ ਖੁਸ਼ ਲੱਗਦੇ ਨੇ। ਉਹਨਾਂ ਦੀਆਂ ਪਤਨੀਆਂ ਉਹਨਾਂ ਦੇ ਆਖੇ ਵਿਚ ਚੱਲਦੀਆਂ ਨੇ। ਉਹਨਾਂ ਨੂੰ ਜੋ ਵੀ ਉਹਨਾਂ ਦੇ ਪਤੀ ਦੇ ਦਿੰਦੇ ਨੇ, ਉਸੇ ਵਿਚ ਖੁਸ਼ ਰਹਿੰਦੀਆਂ ਨੇ। ਫੇਰ ਮੈਨੂੰ ਹੀ ਅਜਿਹੀ ਪਤਨੀ ਕਿਉਂ ਮਿਲੀ ਜਿਹੜੀ ਹਰ ਵੇਲੇ ਮੱਚੀ-ਸੜੀ ਰਹਿੰਦੀ ਏ? ਇਫ਼ਤਖ਼ਾਰ ਨਾਲ ਗੱਲ ਕਰਦਾਂ। ਉਸਦੀ ਪਤਨੀ ਦੀ ਸਮੀਨਾ ਨਾਲ ਚੰਗੀ ਦੋਸਤੀ ਵੀ ਏ। ਪਰ ਹੁਣ ਮੈਂ ਵੀ ਤਾਂ ਸਮੀਨਾ ਨਾਲ ਰਹਿਣਾ ਨਹੀਂ ਚਾਹੁੰਦਾ। ਫੇਰ ਇਫ਼ਤਖ਼ਾਰ ਤੇ ਉਸਦੀ ਪਤਨੀ ਨੂੰ ਕੀ ਆਖਾਂਗਾ? ਮੌਲਵੀ ਸਾਹਬ ਨਾਲ ਹੀ ਗੱਲ ਕਰਾਂਗਾ। ਮੇਰੀ ਪ੍ਰੇਸ਼ਾਨੀ ਦਾ ਹੱਲ ਉਹੀ ਦੱਸ ਸਕਦੇ ਨੇ। ਇਹੋ ਠੀਕ ਰਹੇਗਾ।'
“ਦੇਖੋ ਮੀਆਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸ ਮਸਲੇ ਉੱਤੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਕੇ ਮਨ ਬਣਾਉਣਾ ਚਾਹੀਦਾ ਹੈ ਕਿ ਕੀ ਤੁਸੀਂ ਸੱਚਮੁੱਚ ਸਮੀਨਾ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ? ਤੁਹਾਨੂੰ ਉਸ ਉੱਪਰ ਕੀ-ਕੀ ਰੋਸਾ-ਗੁੱਸਾ ਏ? ਕੀ ਤੁਸੀਂ ਉਸ ਨਾਲ ਬੁਰਾ ਵਰਤਾਅ ਤਾਂ ਨਹੀਂ ਕਰ ਰਹੇ? ਦੇਖੋ ਮੀਆਂ, ਤੁਸਾਂ ਲੋਕਾਂ ਦੀਆਂ ਗ਼ੈਰ-ਜ਼ੁੰਮੇਂਦਾਰਾਨਾ ਹਰਕਤਾਂ ਕਾਰਨ ਇਸਲਾਮ ਦੀ ਬਦਨਾਮੀ ਹੁੰਦੀ ਹੈ।” ਮੌਲਵੀ ਸਾਹਬ ਅੱਜ ਕਿਸੇ ਹੋਰ ਸੁਰ ਵਿਚ ਗੱਲ ਕਰ ਰਹੇ ਸਨ।
ਅਦਨਾਨ ਮੌਲਵੀ ਸਾਹਬ ਦੇ ਮੂੰਹ ਵੱਲ ਤੱਕਦਾ ਰਹਿ ਗਿਆ। ਇਹ ਇਨਸਾਨ ਅੱਜ ਵਿਰੋਧੀ ਪਾਰਟੀ ਦਾ ਮੈਂਬਰ ਕਿਉਂ ਲੱਗ ਰਿਹਾ ਹੈ? ਅਦਨਾਨ ਨੇ ਵੀ ਪੈਂਤਰਾ ਬਦਲਿਆ, “ਮੌਲਵੀ ਸਾਹਬ, ਮੈਂ ਬਾਕੀ ਸਭ ਤਾਂ ਬਰਦਾਸ਼ਤ ਕਰ ਲਵਾਂ, ਪਰ ਦਿੱਕਤ ਜ਼ਰਾ ਦੂਜੀ ਕਿਸਮ ਦੀ ਏ। ਹੁਣ ਦੇਖੋ, ਨਮਾਜ ਨਹੀਂ ਪੜ੍ਹਦੀ; ਆਪਣੇ ਮੁਲਕ ਦੀ ਬਦਨਾਮੀ ਕਰ ਰਹੀ ਏ; ਹੋਰ ਤਾਂ ਹੋਰ ਆਪਣੇ ਮਜ਼ਹਬ ਦੇ ਖ਼ਿਲਾਫ਼ ਗੱਲਾਂ ਵੀ ਸੁਣ ਲੈਂਦੀ ਏ। ਹੁਣ ਤੁਸੀਂ ਤਾਂ ਜਾਣਦੇ ਈ ਓ, ਮੇਰੇ ਲਈ ਮਜ਼ਹਬ ਨਾਲੋਂ ਵਧ ਕੇ ਕੁਝ ਹੋਰ ਹੈ ਹੀ ਨਹੀਂ। ਮੈਂ ਇਹ ਕਿੰਜ ਬਰਦਾਸ਼ਤ ਕਰ ਸਕਦਾ ਹਾਂ ਕਿ ਮੇਰੀ ਹੀ ਬੀਵੀ ਇਸ ਤਰ੍ਹਾਂ ਦੀਆਂ ਗੱਲਾਂ ਕਰੇ। ਹਿਜਾਬ (ਬੁਰਕੇ ਵਿਚ ਰਹਿਣ) ਨਾਲ ਮੇਮ ਸਾਹਿਬਾ ਨੂੰ ਅਲਰਜ਼ੀ ਏ। ਮੇਰਾ ਵੱਸ ਚੱਲੇ ਤਾਂ ਇਸ ਨੂੰ ਕਾਫ਼ਿਰ ਕਰਾਰ ਦੇਣ ਤੋਂ ਵੀ ਗੁਰੇਜ਼ ਨਾ ਕਰਾਂ।”
“ਅਦਨਾਨ ਭਾਈ, ਤੁਸੀਂ ਬੜਾ ਵੱਡਾ ਇਲਜ਼ਾਮ ਲਾ ਰਹੇ ਹੋ ਸਮੀਨਾ ਬੇਗ਼ਮ ਉੱਪਰ। ਬਾਅਦ ਵਿਚ ਮੁੱਕਰ ਨਾ ਜਾਣਾ। ਮਾਮਲਾ ਤੁਹਾਡਾ ਹੈ ਘਰੇਲੂ, ਤੇ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ...ਇਕ ਦੋਸਤ ਦੀ ਹੈਸੀਅਤ ਨਾਲ। ਮੇਰੇ ਅੰਦਰਲੇ ਇਮਾਮ ਨੂੰ ਏਥੇ ਨਾ ਜਗਾਓ। ਕਿਤੇ ਕੋਈ ਗ਼ਲਤ ਗੱਲ ਨਾ ਨਿਕਲ ਜਾਏ ਮੂੰਹੋਂ ਮੇਰੇ। ਕੋਸ਼ਿਸ਼ ਕਰੋ ਕਿ ਘਰ ਦਾ ਝਗੜਾ ਘਰ ਵਿਚ ਹੀ ਨਿੱਬੜ ਜਾਏ। ਘਰੋਂ ਬਾਹਰ ਨਾ ਲਿਆਓ ਇਸਨੂੰ।”
“ਮੌਲਵੀ ਸਾਹਬ, ਮੈਂ ਤੁਹਾਡੇ ਨਾਲ ਆਪਣਾ ਦੁੱਖ ਸਾਂਝਾ ਕਰ ਰਿਹਾਂ...ਕੁਝ ਵਧਾਅ-ਚੜਾਅ ਕੇ ਨਹੀਂ ਦੱਸ ਰਿਹਾ। ਦੋਸਤਾਂ ਦੀਆਂ ਮੁਸ਼ਕਿਲਾਂ ਵੀ ਤਾਂ ਤੁਸੀਂ ਹੀ ਹੱਲ ਕਰਨੀਆਂ ਨੇ ਨਾ! ਤੁਸੀਂ ਤਾਂ ਵੱਡੀਆਂ-ਵੱਡੀਆਂ ਮੁਸ਼ਕਿਲਾਂ ਦਾ ਹੱਲ ਚੁਟਕੀ ਵਜਾ ਕੇ ਕੱਢ ਦਿੰਦੇ ਓ। ਫੇਰ ਤੁਹਾਡੇ ਲਈ ਮੇਰੀ ਮੁਸ਼ਕਿਲ ਤਾਂ ਕੋਈ ਬਹੁਤੀ ਵੱਡੀ ਨਹੀਂ ਹੋਣੀ ਚਾਹੀਦੀ।”
“ਅਦਨਾਨ ਮੀਆਂ, ਤੁਹਾਨੂੰ ਇਕ ਭੇਤ ਦੀ ਗੱਲ ਦੱਸਦਾਂ...ਧਿਆਨ ਨਾਲ ਸੁਣਨਾ। ਇਮਾਨ ਵਾਲਿਆਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਰੂਹਾਨੀ ਕਿਤਾਬ ਵਿਚ ਲਿਖਿਆ ਹੋਇਆ ਹੈ। ਜੇ ਤੁਸੀਂ ਆਪਣੀ ਕਿਤਾਬ ਜ਼ਰਾ ਵੀ ਧਿਆਨ ਨਾਲ ਪੜ੍ਹੋ ਤਾਂ ਤੁਹਾਨੂੰ ਆਪਣੀ ਮੁਸ਼ਕਿਲ ਦਾ ਹੱਲ ਵੀ ਲੱਭ ਪਵੇਗਾ। ਤੁਸੀਂ ਬਸ ਪੜ੍ਹਨਾ ਸ਼ੁਰੂ ਕਰੋ ਤੇ ਬਕਰੀਦ ਤੱਕ ਤੁਹਾਡਾ ਕੰਮ ਹੋ ਜਾਏਗਾ। ਮੇਰੀ ਗੱਲ ਉੱਤੇ ਦਿਲੋਂ-ਮਨੋਂ ਅਮਲ ਕਰੋ, ਬਕਰੀਦ ਤੱਕ ਸਾਰੇ ਝੰਜਟਾਂ ਤੋਂ ਛੁਟਕਾਰਾ ਮਿਲ ਜਾਏਗਾ।”
ਮੌਲਵੀ ਸਾਹਬ ਆਪਣੀ ਗੱਲ ਕਹਿ ਕੇ ਤੁਰਦੇ ਹੋਏ, ਅਦਨਾਨ ਦੀ ਮੁਸੀਬਤ ਉੱਥੇ ਦੀ ਉੱਥੇ ਰਹਿ ਗਈ। ਉਹ ਸੋਚਦਾ ਰਿਹਾ ਕਿ ਮੌਲਵੀ ਸਾਹਬ ਕਹਿ ਕੀ ਗਏ ਸਨ! ਏਨੀਆਂ ਗੂੜ੍ਹ-ਗਿਆਨ ਦੀਆਂ ਗੱਲਾਂ ਭਲਾਂ ਇਕ ਬਿਲਡਰ ਸਮਝੇ ਵੀ ਤਾਂ ਕਿੱਦਾਂ ਸਮਝੇ! ਇੱਟਾਂ ਗਾਰੇ ਦਾ ਕੰਮ ਹੋਵੇ ਜਾਂ ਫੇਰ ਕਿਸੇ ਦੀ ਨਵੀਂ ਛੱਤ ਪਾਉਣੀ ਹੋਵੇ ਤਾਂ ਅਦਨਾਨ ਸਮਝ ਵੀ ਲਏ, ਪਰ ਇਹ ਕੀ ਗੱਲ ਹੋਈ ਕਿ 'ਇਮਾਨ ਵਾਲਿਆਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਰੂਹਾਨੀ ਕਿਤਾਬ ਵਿਚ ਲਿਖਿਆ ਹੈ। ਜੇ ਤੁਸੀਂ ਆਪਣੀ ਕਿਤਾਬ ਜ਼ਰਾ ਵੀ ਧਿਆਨ ਨਾਲ ਪੜ੍ਹੋ ਤਾਂ ਤੁਹਾਨੂੰ ਆਪਣੀ ਮੁਸ਼ਕਿਲ ਦਾ ਹੱਲ ਲੱਭ ਪਵੇਗਾ।' ਤੇ ਇਹ ਬਕਰੀਦ ਦਾ ਕੀ ਮਾਮਲਾ ਹੋਇਆ? ਸਿਰ ਖਪਾਂਦਾ ਰਹਿ ਗਿਆ ਸੀ ਅਦਨਾਨ।
ਲਾਜ਼ਮੀ ਸੀ ਕਿ ਉਹ ਇਫ਼ਤਖ਼ਾਰ ਮੀਆਂ ਦੇ ਘਰ ਜਾਣ ਦਾ ਫੈਸਲਾ ਕਰਦਾ, ਪਰ ਫੇਰ ਇਹ ਸੋਚਣ ਬੈਠ ਗਿਆ ਕਿ ਉਸਦੇ ਘਰ ਘੱਟ ਹੀ ਜਾਂਦਾ ਹੈ...ਫੇਰ ਅੱਜ ਜਾਵੇ ਜਾਂ ਨਾ? ਕਿਤੇ ਇਫ਼ਤਖ਼ਾਰ ਕੁਝ ਗ਼ਲਤ ਨਾ ਸਮਝ ਬੈਠੇ। ਫੇਰ ਕੀ ਕੀਤਾ ਜਾਏ? ਜੁਮੇਂ ਦੀ ਰਾਤ ਨੂੰ ਇਫ਼ਤਖ਼ਾਰ ਤੇ ਤਬਸੁੱਮ ਨੂੰ ਘਰੇ ਖਾਣੇ 'ਤੇ ਬੁਲਾਅ ਲੈਂਦਾ ਹਾਂ। ਤਬਸੁੱਮ ਤੇ ਸਮੀਨਾ ਜਦੋਂ ਆਪਸ ਵਿਚ ਗੱਲਾਂ ਕਰ ਰਹੀਆਂ ਹੋਣਗੀਆ, ਉਹ ਇਫ਼ਤਖ਼ਾਰ ਨਾਲ ਮਨ ਦੀ ਗੱਲ ਸਾਂਝੀ ਕਰ ਲਏਗਾ।
ਖਾਣਾ ਖਾਣ ਵੇਲੇ ਬਸ ਫਾਰਮਲ ਜਿਹੀਆਂ ਗੱਲਾਂ ਹੁੰਦੀਆਂ ਰਹੀਆਂ। ਕੁਝ ਫਰਹਾਨ ਦੇ ਸੰਬੰਧ ਵਿਚ ਜਾਂ ਫੇਰ ਇਫ਼ਤਖ਼ਾਰ ਦੇ ਬੱਚਿਆਂ ਬਾਰੇ। ਕੁਝ ਗਰਮਾ-ਗਰਮ ਗੱਲਾਂ ਬ੍ਰਿਟਿਨ ਦੇ ਵਰਤਮਾਨ ਹਾਲਾਤ ਬਾਰੇ ਵੀ ਹੋਈਆਂ। ਇੰਗਲੈਂਡ ਵਿਚ ਮੁਸਲਮਾਨ ਕਿੰਨਾ ਅਸੁਰੱਖਿਅਤ ਮਹਿਸੂਸ ਕਰ ਰਿਹਾ ਸੀ, ਸਥਿਤੀਆਂ ਕਿੰਨੀਆਂ ਭਿਆਨਕ ਹੁੰਦੀਆਂ ਜਾ ਰਹੀਆਂ ਨੇ। ਬੱਚੇ ਅੱਜ ਕਲ੍ਹ ਆਪਣੇ ਵੱਡਿਆਂ ਦੀ ਇੱਜ਼ਤ ਨਹੀਂ ਕਰਦੇ, ਸਾਡਾ ਕਲਚਰ ਤਾਂ ਬਸ ਤਬਾਹ ਹੁੰਦਾ ਜਾ ਰਿਹਾ ਹੈ; ਵਗ਼ੈਰਾ, ਵਗ਼ੈਰਾ। ਤੇ ਫੇਰ ਇਹ ਵੀ ਕਿ 'ਸਮੀਨਾ ਭਾਬੀ, ਕਿਆ ਮਜ਼ੇਦਾਰ ਚਾਂਪਾਂ ਬਣੀਆਂ ਨੇ! ਬਿਰਯਾਨੀ ਦਾ ਤਾਂ ਜਵਾਬ ਹੀ ਨਹੀਂ। ਤੁਹਾਡੇ ਹੱਥ ਦੇ ਖਾਣੇ ਦਾ ਤਾਂ ਕੋਈ ਜਵਾਬ ਹੀ ਬਈ।'
ਖਾਣਾ ਖਾਣ ਪਿੱਛੋਂ ਅਦਨਾਨ ਤੇ ਇਫ਼ਤਖ਼ਾਰ ਕਾਫੀ ਦੇ ਕੱਪ ਚੁੱਕ ਕੇ ਇਕ ਪਾਸੇ ਜਾ ਬੈਠੇ ਤੇ ਸਮੀਨਾ, ਤਬਸੁੱਮ ਨੂੰ ਲੈ ਕੇ ਆਪਣੇ ਕਮਰੇ ਵਿਚ ਚਲੀ ਗਈ।
“ਯਾਰ ਇਕ ਗੱਲ ਸਮਝ ਲੈ, ਮੌਲਵੀ ਸਾਹਬ ਬਿਨਾਂ ਕਿਸੇ ਕਾਰਣ ਦੇ ਏਨੀ ਡੂੰਘੀ ਗੱਲ ਨਹੀਂ ਕਹਿ ਸਕਦੇ। ਤੇਰੀ ਪ੍ਰੇਸ਼ਾਨੀ ਦਾ ਹੱਲ ਮੁਕੱਦਸ ਕਿਤਾਬ ਵਿਚ ਜ਼ਰੂਰ ਹੋਵੇਗਾ।”
“ਯਾਰਾ, ਮਿਨੂੰ ਤਾਂ ਅਰਬੀ ਭਾਸ਼ਾ ਦੇ ਇੱਲ-ਕੁੱਕੜ ਦਾ ਵੀ ਪਤਾ ਨਹੀਂ...ਪੜ੍ਹਾਂ ਤਾਂ ਕੀ ਪੜ੍ਹਾਂ?”
“ਭਰਾ ਮੇਰਿਆ ਅੱਜ ਕੱਲ੍ਹ ਤਾਂ ਉਰਦੂ 'ਚ ਅਨੁਵਾਦ ਵੀ ਮਿਲ ਜਾਂਦੇ ਨੇ ਬਾਜ਼ਾਰ ਵਿਚੋਂ। ਪੜ੍ਹ ਲੈ, ਪੜ੍ਹ ਕੇ ਦੇਖ ਲੈ।”
“ਯਾਰਾ, ਜੇ ਪੜ੍ਹਨਾ ਹੀ ਹੁੰਦਾ ਤਾਂ ਆਪਣੇ ਮੁਲਕ ਵਿਚ ਰਹਿੰਦੇ, ਪੜ੍ਹਦੇ ਤੇ ਕੋਈ ਪੜ੍ਹਿਆਂ-ਲਿਖਿਆਂ ਵਾਲਾ ਕੰਮ-ਧੰਦਾ ਕਰਦੇ। ਤੂੰ ਕੀ ਸਮਝਦਾ ਏਂ ਕਿ ਜੇ ਅਸੀਂ ਪੜ੍ਹੇ ਲਿਖੇ ਹੁੰਦੇ ਤਾਂ ਕੀ ਇੱਥੇ ਬਿਲਡਰ ਦਾ ਕੰਮ ਕਰ ਰਹੇ ਹੁੰਦੇ! ਇਹ ਸਾਲਾ ਬਿਲਡਰ ਵੀ ਤਾਂ ਗਲੋਰੀਫਾਈਡ (ਮਾਂਜਿਆ-ਪੂੰਜਿਆ) ਨਾਂਅ ਏਂ—ਵੈਸੇ ਤਾਂ ਹੈ ਅਸੀਂ ਮਜ਼ਦੂਰ ਈ ਆਂ। ਤੂੰ ਇਹ ਪੜ੍ਹਨ ਲਿਖਣ ਦੀਆਂ ਬਾਤਾਂ ਮੇਰੇ ਨਾਲ ਨਾ ਕਰਿਆ ਕਰ। ਪੜ੍ਹਾਈ ਦੇ ਨਾਂਅ ਤੋਂ ਬੜਾ ਡਰ ਲਗਦੈ ਆਪਾਂ ਨੂੰ।”
“ਮੀਆਂ, ਦੇਖ, ਪੜ੍ਹਾਈ ਦੇ ਮਾਮਲੇ ਵਿਚ ਆਪਣਾ ਹੱਥ ਵੀ ਜ਼ਰਾ ਤੰਗ ਈ ਰਿਹੈ...ਤੇਰੇ ਤੇ ਮੇਰੇ 'ਚ ਕੋਈ ਬਹੁਤਾ ਫ਼ਰਕ ਨਹੀਂ। ਉਹ ਤਾਂ ਸਟੂਡੈਂਟ ਡੇਜ਼ ਵਿਚ ਇਕ ਡਿਗਰੀ ਹਾਸਲ ਕਰ ਲਈ ਸੀ, ਜਿਹੜੀ ਅੱਜ ਕੰਮ ਆ ਰਹੀ ਏ...ਵਰਨਾ ਕੋਈ ਤੁਰੱਮ ਖ਼ਾਂ ਮੈਂ ਵੀ ਨਹੀਓਂ। ਜੇ ਤੂੰ ਸੋਚ ਰਿਹਾ ਏਂ ਕਿ ਮੈਂ ਤੇਰੀ ਖਾਤਰ ਇਹ ਕੰਮ ਕਰ ਦਿਆਂਗਾ ਤਾਂ ਮੀਆਂ ਭੁੱਲ ਜਾਅ। ਆਪਣੇ ਵੱਸ ਦੀ ਗੱਲ ਨਹੀਂ।”
“ਯਾਰ, ਤੂੰ ਕੇਹਾ ਦੋਸਤ ਏਂ? ਕੀ ਦੋਸਤ ਲਈ ਏਨਾ ਵੀ ਨਹੀਂ ਕਰ ਸਕਦਾ?”
“ਭਰਾਵਾ, ਕੋਈ ਢੰਗ ਸਿਰ ਦਾ ਕੰਮ ਦੱਸ, ਜਾਨ ਵੀ ਹਾਜ਼ਰ ਕਰ ਦਿਆਂਗਾ। ਹੁਣ ਇਸ ਉਮਰ ਵਿਚ ਪੜ੍ਹਾਈ ਨਾ ਕਰਵਾ ਸਾਥੋਂ।”
“ਯਾਰਾ, ਤੇਰੇ ਨਾਲੋਂ ਤਾਂ ਹਿੰਦੁਸਤਾਨੀ ਫ਼ਿਲਮਾਂ ਦੇ ਦੋਸਤ ਹਜ਼ਾਰ ਦਰਜੇ ਚੰਗੇ ਹੁੰਦੇ ਨੇ। ਉਹ ਤਾਂ ਗਾਣੇ ਵੀ ਦੋਸਤੀ ਦੇ ਗਾਉਂਦੇ ਨੇ, ਦੋਸਤੀ ਵੀ ਨਿਭਾਉਂਦੇ ਨੇ। ਤੇਰੇ ਲਈ ਕੀ ਕਹਾਂ ਕਿ 'ਦੋਸਤ-ਦੋਸਤ ਨਾ ਰਿਹਾ...!”
“ਯਾਰ, ਹੁਣ ਇਮੋਸ਼ਨਲ ਬਲੈਕਮੇਲ ਤਾਂ ਕਰ ਨਾ। ਥੋੜ੍ਹਾ ਸੁਧਰ ਜਾਅ।”
“ਦੇਖ ਇਫ਼ਤਖ਼ਾਰ, ਇਸ ਤਰ੍ਹਾਂ ਮਸਲਾ ਤਾਂ ਹੱਲ ਨਹੀਂ ਹੋਣਾ...ਕੁਝ ਨਾ ਕੁਝ ਤਾਂ ਸੋਚਣਾ ਹੀ ਪੈਣੈ ਨਾ। ਫੇਰ ਕੁਝ ਸੋਚ ਨਾ ਯਾਰਾ।”
“ਯਾਰ, ਭਾਬੀ ਵਿਚ ਬੁਰਾਈ ਕੀ ਹੈ? ਸਾਨੂੰ ਤਾਂ ਠੀਕ-ਠਾਕ ਲੱਗਦੀ ਏ। ਤੂੰ ਛੁਟਕਾਰਾ ਕਿਉਂ ਪਾਉਣਾ ਚਾਹੁੰਦਾ ਏਂ?”
“ਇਫ਼ਤਖ਼ਾਰ ਭਰਾਵਾ, ਪਿੱਛਲੇ ਲਗਭਗ ਦਸ ਸਾਲ ਤੋਂ ਤੂੰ ਸਮਝ ਲੈ ਕਿ ਅਸੀਂ ਦੋਵੇਂ ਭਰਾ-ਭੈਣ ਵਾਂਗ ਰਹਿ ਰਹੇ ਹਾਂ। ਕੋਈ ਰਿਸ਼ਤਾ ਨਹੀਂ ਸਾਡੇ ਵਿਚਕਾਰ। ਦਰਅਸਲ ਇਕ ਅਜੀਬ ਜਿਹਾ ਠੰਡਾਪਨ ਪਸਰ ਗਿਆ ਏ, ਸਾਡੇ ਰਿਸ਼ਤੇ ਵਿਚਕਾਰ। ਹੁਣ ਲੱਗਦਾ ਨਹੀਂ ਕਿ ਅਸੀਂ ਦੋਵੇਂ ਇਕ ਦੂਜੇ ਬਾਰੇ ਪਾਜ਼ਿਟਿਵ ਸੋਚ ਸਕਦੇ ਹਾਂ। ਇਕ ਦੂਜੇ ਤੋਂ ਵਿਸ਼ਵਾਸ ਉੱਡ ਗਿਆ ਏ। ਦਰਅਸਲ, ਮੈਂ ਆਪਣੀਆਂ ਗ਼ਲਤੀਆਂ ਨੂੰ ਲੁਕਾਉਣਾ ਨਹੀਂ ਚਾਹੁੰਦਾ। ਗ਼ਲਤੀਆਂ ਦੋਵਾਂ ਪਾਸਿਓਂ ਹੋਈਆਂ ਨੇ। ਜਦੋਂ ਉਸਨੂੰ ਮੇਰੀ ਜ਼ਰੂਰਤ ਸੀ, ਮੈਂ ਉਸਦੇ ਆਸ-ਪਾਸ ਨਹੀਂ ਸਾਂ; ਅੱਜ ਉਸ ਕੋਲ ਮੇਰੇ ਲਈ ਸਮਾਂ ਨਹੀਂ। ਪਰ ਇਕ ਗੱਲ ਮੈਂ ਇਹ ਸੋਚਦਾਂ ਬਈ ਉਸਨੂੰ ਮੇਰਾ ਅਹਿਸਾਨਮੰਦ ਤਾਂ ਹੋਣਾ ਚਾਹੀਦੈ ਕਿ ਮੈਂ ਉਸਨੂੰ ਏਨੀ ਆਰਾਮ ਦਾਈ ਜ਼ਿੰਦਗੀ ਦਿੱਤੀ ਹੈ। ਮਰਸਡੀਜ਼ ਗੱਡੀ ਹੈ, ਏਡਾ ਵੱਡਾ ਘਰ ਹੈ, ਨੌਕਰ ਨੇ, ਜ਼ਿੰਦਗੀ ਦਾ ਹਰ ਆਰਾਮ ਹੈ...ਹੋਰ ਉਸਨੂੰ ਕੀ ਚਾਹੀਦਾ ਏ? ਤੂੰ ਦਸ, ਕੀ ਕੋਈ ਅੰਗਰੇਜ਼ ਵੀ ਅਜਿਹੀ ਜ਼ਿੰਦਗੀ ਜਿਊਂਦਾ ਏ, ਜਿਹੋ ਜਿਹੀ ਮੈਂ ਸਮੀਨਾ ਨੂੰ ਦਿੱਤੀ ਹੋਈ ਏ?”
“ਹੂੰ, ਗੱਲ ਇਹ ਹੈ ਕਿ ਮੈਂ ਭਾਬੀ ਸਾਹਿਬਾ ਨਾਲ ਤਾਂ ਗੱਲ ਕੀਤੀ ਨਹੀਂ...ਉਹਨਾਂ ਦੇ ਮਨ ਵਿਚ ਕੀ ਹੈ, ਇਹ ਜਾਣੇ ਬਿਨਾਂ ਕਿਵੇਂ ਕੋਈ ਰਾਏ ਦੇ ਸਕਦਾਂ...?”
“ਯਾਰ ਤੂੰ ਤਾਂ ਕੋਰਟ-ਕਚਹਿਰੀ ਵਾਲੀਆਂ ਗੱਲਾਂ ਕਰਨ ਲੱਗ ਪਿਆ ਏਂ। ਇੰਜ ਥੋੜ੍ਹਾ ਹੀ ਹੁੰਦਾ ਏ। ਤੂੰ ਦੋਸਤ ਏਂ ਮੇਰਾ, ਸਾਰਾ ਦਿਨ ਖ਼ਬਰਾਂ ਸੁਣਦੈਂ, ਅਖ਼ਬਾਰ ਪੜ੍ਹਦੈਂ, ਕੋਈ ਅਜਿਹਾ ਤਰੀਕਾ ਦੱਸ ਕਿ ਸਮੀਨਾ ਤੋਂ ਛੁਟਕਾਰਾ ਵੀ ਮਿਲ ਜਾਏ ਤੇ ਉਸਨੂੰ ਕੁਝ ਦੇਣਾ ਵੀ ਨਾ ਪਏ।”
“ਯਾਰਾ, ਦਿੱਕਤ ਇਹ ਹੈ ਕਿ ਤੁਸੀਂ ਦੋਵੇਂ ਹੀ ਬ੍ਰਿਟਿਸ਼ ਪਾਸਪੋਰਟ ਹੋਲਡਰ ਓ। ਏਥੇ ਬ੍ਰਿਟੇਨ ਵਿਚ ਤਾਂ ਇਹ ਸੰਭਵ ਹੈ ਨਹੀਂ। ਇੱਥੇ ਤਾਂ ਹਰ ਕੰਮ ਬ੍ਰਿਟਿਸ਼ ਲਾਅ ਦੇ ਹਿਸਾਬ ਨਾਲ ਹੋਏਗਾ।”
ਗੱਲਾਂ ਦੂਜੇ ਕਮਰੇ ਵਿਚ ਵੀ ਹੋ ਰਹੀਆਂ ਸਨ। ਤਬਸੁੱਮ ਹੈਰਾਨੀ ਭਰੀ ਆਵਾਜ਼ ਵਿਚ ਸਮੀਨਾ ਨੂੰ ਦੱਸ ਰਹੀ ਸੀ, “ਸਮੀਨਾ ਤੂੰ ਕੁਝ ਸੁਣਿਆਂ? ਇਫ਼ਤਖ਼ਾਰ ਦੱਸ ਰਹੇ ਸਨ ਕਿ ਉਹਨਾਂ ਅਖ਼ਬਾਰ ਵਿਚ ਪੜ੍ਹਿਆ ਏ, ਯਕੀਨ ਨਹੀਂ ਹੁੰਦਾ।”
“ਓ ਬਈ, ਅਖ਼ਬਾਰਾਂ ਵਿਚ ਤਾਂ ਪਤਾ ਨਹੀਂ ਕੀ ਕੀ ਛਪਦਾ ਰਹਿੰਦੈ! ਸਭ ਕੁਝ ਸੱਚ ਤਾਂ ਨਹੀਂ ਹੁੰਦਾ।”
“ਇਹ ਤਾਂ ਮੈਂ ਵੀ ਨਹੀਂ ਜਾਣਦੀ ਕਿ ਸੱਚ ਹੈ ਜਾਂ ਨਹੀਂ, ਪਰ ਜਦੋਂ ਦਾ ਇਫ਼ਤਖ਼ਾਰ ਨੇ ਦੱਸਿਆ ਏ, ਇਕ ਅਜੀਬ ਜਿਹਾ ਡਰ ਮੇਰੀ ਸੋਚ ਵਿਚ ਸਮਾਅ ਗਿਐ।”
“ਭਲਾ ਇਹੋ ਜਿਹੀ ਕਿਹੜੀ ਗੱਲ ਦੱਸ ਦਿੱਤੀ ਇਫ਼ਤਖ਼ਾਰ ਭਾਈ ਸਾਹਬ ਨੇ?”
“ਉਹਨਾਂ ਦੱਸਿਆ ਕਿ ਮਿਡਲੈਂਡ ਦੇ ਇਕ ਪਤੀ-ਪਤਨੀ ਵਿਚ ਬਣਦੀ ਨਹੀਂ ਸੀ। ਪਤੀ ਆਪਣੀ ਪਤਨੀ ਨੂੰ ਆਪਣੇ ਮੁਲਕ ਲੈ ਗਿਆ ਤੇ ਉੱਥੇ ਜਾ ਕੇ ਉਸਨੂੰ ਕਤਲ ਕਰਵਾ ਦਿੱਤਾ। ਕਤਲ ਵੀ ਆਪਣੇ ਚਾਚੇ ਦੇ ਪੁੱਤ-ਭਰਾ ਤੋਂ ਕਰਵਾਇਆ ਤੇ ਫੇਰ ਸ਼ਰੀਯਾ ਕਾਨੂੰਨ ਦੇ ਮੁਤਾਬਿਕ ਉਸਨੂੰ ਖ਼ੁਦ ਹੀ ਮੁਆਫ਼ ਵੀ ਕਰ ਦਿੱਤਾ।”
“ਇਹ ਕਿਵੇਂ ਹੋ ਸਕਦਾ ਏ? ਇਹ ਤਾਂ ਕੋਈ ਇਨਸਾਫ ਨਾ ਹੋਇਆ!”
“ਬਸ ਸਮੀਨਾ ਬੇਗ਼ਮ, ਮੈਂ ਤਾਂ ਜਦੋਂ ਦਾ ਸੁਣਿਆਂ ਏਂ, ਵਾਪਸ ਮੁਲਕ ਜਾਂਦਿਆਂ ਡਰ ਲੱਗਣ ਲੱਗ ਪਿਆ ਏ। ਇਸ ਵਾਹਿਯਾਤ ਜਿਹੀ ਖ਼ਬਰ ਨੇ ਸਾਡੇ ਤੀਹ ਸਾਲਾ ਸ਼ਾਦੀਸ਼ੁਦਾ ਜੀਵਨ ਨੂੰ ਹਿਲਾਅ ਕੇ ਰੱਖ ਦਿੱਤਾ ਏ।”
“ਤੈਨੂੰ ਲੱਗਦਾ ਏ ਕਿ ਇਫ਼ਤਖ਼ਾਰ ਭਾਈ ਸਾਹਬ ਨੇ ਅਦਨਾਨ ਨੂੰ ਵੀ ਇਹ ਗੱਲ ਦੱਸ ਦਿੱਤੀ ਹੋਏਗੀ?” ਸਮੀਨਾ ਦੀ ਆਵਾਜ਼ ਵਿਚੋਂ ਸਹਿਮ ਸਾਫ ਛੱਲਕ ਰਿਹਾ ਸੀ।
ਉਧਰ ਇਫ਼ਤਖ਼ਾਰ ਆਪਣੀ ਗੱਲ ਅਦਨਾਨ ਨੂੰ ਸਮਝਾ ਰਿਹਾ ਸੀ, “ਦੇਖ ਮੀਆਂ ਜੇ ਹਿੰਮਤ ਹੈ, ਤਾਂ ਕਰ ਵਿਖਾ। ਤੂੰ ਜੋ ਚਾਹੁੰਦਾ ਏਂ, ਉਹ ਵੀ ਹੋ ਜਾਏਗਾ ਤੇ ਤੈਨੂੰ ਕੁਝ ਦੇਣਾ ਵੀ ਨਹੀਂ ਪਏਗਾ। ਵੈਸੇ ਜੇ ਚਾਹੇਂ ਤਾਂ ਮੌਲਵੀ ਸਾਹਬ ਨੂੰ ਵੀ ਪੁੱਛ ਸਕਦਾ ਏਂ ਕਿ ਕੀ ਸ਼ਰੀਯਤ ਵਿਚ ਅਜਿਹਾ ਕੋਈ ਕਾਨੂੰਨ ਹੈ?”
“ਪਾਗਲ ਹੋ ਗਿਆ ਏਂ ਕਿ? ਯਾਰ, ਪੱਚੀ ਸਾਲ ਦਾ ਸਾਥ ਏ। ਇੰਜ ਕਿੰਜ ਮਰਵਾ ਦਿਆਂ? ਬਿਲਡਰ ਹਾਂ, ਕੋਈ ਕਸਾਈ ਤਾਂ ਨਹੀਂ! ਅਜਿਹੀ ਬੇਹੂਦਾ ਗੱਲ ਤੂੰ ਆਖੀ ਤਾਂ ਕਿੱਦਾਂ ਆਖੀ?”
“ਯਾਰ ਕਮਾਲ ਕਰਦਾ ਏਂ। ਆਪੇ ਹੀ ਮੁਸ਼ਕਿਲ ਦਾ ਹੱਲ ਵੀ ਪੁੱਛਦੈਂ ਤੇ ਹਿਰਖ ਵੀ ਗਿਐਂ।”
“ਸੁਣੀ, ਕੀ ਤਬਸੁੱਮ ਭਾਬੀ ਨੂੰ ਇਸ ਗੱਲ ਦਾ ਪਤਾ ਏ?”
“ਹਾਂ, ਮੈਂ ਹੀ ਤਾਂ ਦੱਸੀ ਸੀ।”
“ਯਾ ਅੱਲ੍ਹਾ!”
'ਗੁੱਡ ਨਾਈਟ' ਕਹਿ ਕੇ ਇਫ਼ਤਖ਼ਾਰ ਤੇ ਤਬਸੁੱਮ ਚਲੇ ਗਏ।
ਰਾਤ ਹੁੰਦਿਆਂ ਹੀ ਬਾਹਰ ਹਲਕੀ-ਹਲਕੀ ਬਰਫ਼ ਪੈਣ ਲੱਗ ਪਈ ਸੀ...ਇਹ ਜੰਮਣ ਵਾਲੀ ਬਰਫ਼ ਨਹੀਂ ਸੀ—ਸਵੇਰ ਹੁੰਦਿਆਂ ਹੀ ਸੂਰਜ ਦੀ ਰੌਸ਼ਨੀ ਤੇ ਧੁੱਪ ਨਾਲ ਪਿਘਲ ਕੇ ਵਹਿ ਜਾਏਗੀ। ਆਪਣੇ ਅੱਲਗ-ਅੱਲਗ ਬੈੱਡ-ਰੂਮਜ਼ ਵਿਚ ਅਦਨਾਨ ਤੇ ਸਮੀਨਾ ਖੁੱਲ੍ਹੀਆਂ ਅੱਖਾਂ ਨਾਲ ਆਪੋ-ਆਪਣੀ ਛੱਤ ਨੂੰ ਦੇਖ ਰਹੇ ਨੇ। ਨੀਂਦ ਦੋਵਾਂ ਦੀਆਂ ਅੱਖਾਂ ਵਿਚੋਂ ਬਗ਼ਾਵਤ ਕਰ ਚੁੱਕੀ ਹੈ। ਦੋਵਾਂ ਦੇ ਦਿਮਾਗ਼ ਵਿਚੋਂ ਪਿਛਲੇ ਪੱਚੀ ਸਾਲ ਦਾ ਵਿਆਹੁਤਾ ਜੀਵਨ ਕਿਸੇ ਫ਼ਿਲਮ ਵਾਂਗ ਤੇਜ਼ੀ ਨਾਲ ਲੰਘਿਆ ਜਾ ਰਿਹਾ ਹੈ।
ਇਕ ਗੱਲ ਪੱਕੀ ਹੈ ਕਿ ਹੁਣ ਉਹ ਕਦੀ ਵੀ ਦੋਵੇਂ ਇਕੱਠੇ ਆਪਣੇ ਮੁਲਕ ਵਾਪਸ ਨਹੀਂ ਜਾ ਸਕਣਗੇ।
--- --- ---

No comments:

Post a Comment