Sunday, May 15, 2011

ਤੇਜੇਂਦਰ ਸ਼ਰਮਾ ਦਾ ਕਥਾ-ਜਗਤ :: ਸ਼ਾਹ ਚਮਨ

ਕੁਝ ਸ਼ਬਦ :





ਤੇਜੇਂਦਰ ਸ਼ਰਮਾ ਦਾ ਕਥਾ-ਜਗਤ   ::   ਸ਼ਾਹ ਚਮਨ



ਤੇਜੇਂਦਰ ਸ਼ਰਮਾ ਹਿੰਦੀ ਦਾ ਇਕ ਪ੍ਰਬੁਧ ਲੇਖਕ ਹੈ। 'ਕਲ੍ਹ ਫੇਰ ਆਵੀਂ...' ਪੰਜਾਬੀ ਪਾਠਕਾਂ ਲਈ ਮਹਿੰਦਰ ਬੇਦੀ, ਜੈਤੋ ਵੱਲੋਂ ਕੀਤਾ ਸਜੀਵ ਅਨੁਵਾਦ ਹੈ, ਜਿਸਨੂੰ ਨਿਰੋਲ ਤਰਜ਼ਮਾ ਨਹੀਂ ਸਗੋਂ ਪੰਜਾਬੀ ਸਮਾਜ ਨੂੰ ਇਕ ਸੁਗਾਤ ਵਜੋਂ ਸਵੀਕਾਰ ਕਰਨਾ ਬਣਦਾ ਹੈ—ਕਿਉਂ ਜੋ ਜਿਸ ਸਭਿਆਚਾਰ, ਸੰਸਕ੍ਰਿਤੀ ਦਾ ਮਾਨਵ ਤੇਜੇਂਦਰ ਸ਼ਰਮਾ ਦੀਆਂ ਕਹਾਣੀਆਂ 'ਚ ਹਾਜ਼ਰ ਹੈ; ਉਸਦੀ ਮਨ-ਮਾਨਸਿਕਤਾ ਠੇਠ ਪੰਜਾਬੀ ਹੈ। ਤੇਜੇਂਦਰ ਸ਼ਰਮਾ ਆਪਣੀਆਂ ਕਹਾਣੀਆਂ 'ਚ ਇਕ ਵਿਲੱਖਣ ਤਰ੍ਹਾਂ ਦਾ ਕਥਾ-ਰਸ ਸਿਰਜਦਾ ਹੈ ਜੋ ਗੰਭੀਰਤਾ ਅਤੇ ਵਿਅੰਗ ਦੀ ਚਾਸ਼ਨੀ 'ਚ ਡੁੱਬਾ ਹੋਇਆ ਬਹੁਤ ਕੁਝ ਸੋਚਣ 'ਤੇ ਮਜ਼ਬੂਰ ਕਰ ਦਿੰਦਾ ਹੈ।
ਭਾਰਤ ਦੇ ਸਮਕਾਲੀਨ ਸਾਹਿਤ ਦੀਆਂ ਕਹਾਣੀਆਂ ਵਾਂਗ 'ਕਲ੍ਹ ਫੇਰ ਆਵੀਂ' ਵਿਚਲੀਆਂ ਕਹਾਣੀਆਂ ਜ਼ਿੰਦਗੀ ਦੇ ਚੰਗੇ-ਮਾੜੇ, ਹਾਸੇ-ਨਿਰਾਸੇ ਅਤੇ ਸੁਹਜ-ਕੁਹਜ ਦੇ ਬੇਬਾਕ ਹਾਦਸੇ ਦਰਜ ਕਰਦੀਆਂ ਹਨ। ਦੋ ਭਿੰਨ ਸਭਿਆਚਾਰਾਂ ਵਿਚਲੇ ਸਮਾਜਕ ਦੁੰਦ ਅਤੇ ਧੁੰਦ ਨੂੰ ਤੇਜੇਂਦਰ ਸ਼ਰਮਾ ਦਾ ਸਾਹਿਤਕ ਮਨ ਬਖੂਬੀ ਪਕੜਦਾ ਹੈ। ਉਹ ਵਲੈਤ 'ਚ ਰਹਿੰਦਾ ਹੋਇਆ ਵੀ ਭਾਰਤ-ਪਾਕ ਉਪ-ਮਹਾਂਦੀਪ 'ਚ ਹੁੰਦੀਆਂ ਹਲਚਲਾਂ ਤੋਂ ਨਿਰਪੇਖ ਨਹੀਂ ਰਹਿੰਦਾ। ਯੂਰਪੀ ਕਲਚਰ ਤੋਂ ਪ੍ਰਾਪਤ ਖੂਬੀਆਂ ਤੇ ਖਾਮੀਆਂ ਦੇ ਸੰਦਰਭ 'ਚ ਹਿੰਦੁਸਤਾਨੀ ਮਨ ਦੇ ਪਾਸਾਰ, ਪਾਖੰਡ ਅਤੇ ਆਦਰਸ਼ ਨੂੰ ਈਮਾਨਦਾਰੀ ਨਾਲ ਕਲਮਬਧ ਕਰਦਾ ਹੈ। 'ਕਲ੍ਹ ਫੇਰ ਆਵੀਂ...' ਵਿਚਲੀਆਂ ਕਹਾਣੀਆਂ ਨਾਹਰੇ ਬਾਜ਼ੀ ਤੋਂ ਕਿਤੇ ਪਰੇ ਯਥਾਰਥ ਦੇ ਧਰਾਤਲ 'ਤੇ ਖੜੋਤੀਆਂ, ਘਟਨਾਵਾਂ ਤੇ ਪਾਤਰਾਂ ਨੂੰ ਲੇਬਲਾਈਸਡ (Lablized) ਨਹੀਂ ਕਰਦੀਆਂ ਸਗੋਂ ਪਾਠਕਾਂ ਨੂੰ ਉਹਨਾਂ ਦਾ ਹਿੱਸਾ ਬਨਾਉਂਦੀਆਂ ਹਨ।
'ਪਾਸਪੋਰਟ ਦਾ ਰੰਗ' ਦਾ ਗੋਪਾਲ ਦਾਸ ਆਪਣੀ ਭਾਰਤੀ ਨਾਗਿਰਕਤਾ ਦੇ ਗੁਆਚਣ ਤੋਂ ਔਖਾ ਹੈ ਅਤੇ ਉਸ ਤੋਂ ਵੀ ਵੱਧ ਔਖ ਹਿੰਦੁਸਤਾਨੀ ਅਫ਼ਸਰਸ਼ਾਹੀ ਅਤੇ ਨੇਤਾਵਾਂ ਦੀਆਂ ਅਬਸਰਡ ਘੋਸ਼ਨਾਵਾਂ ਅਤੇ ਵਤੀਰੇ ਤੋਂ ਮੰਨਦਾ ਹੈ। 'ਇਕ ਵਾਰ ਫੇਰ ਹੋਲੀ!' ਵਿਚ ਪਾਕਿਸਤਾਨ ਵਿਚ ਜਾ ਵਿਆਹੀ ਨਾਰ ਆਪਣੇ ਵਤਨ ਨੂੰ ਭੁਲਾ ਨਹੀਂ ਸਕਦੀ। ਹਿੰਦ-ਪਾਕ ਵੰਡ 'ਚ ਦੁਫਾੜ ਹੋਈ ਮੁਸਲਿਮ ਮਾਨਸਿਕਤਾ ਨੂੰ ਬੁਢਾਪੇ ਤਕ ਸਹਿੰਦੀ ਹੈ। 'ਛੋਂਹਦਾ ਛੱਡਦਾ ਜੀਵਨ' 'ਚ ਵਲੈਤ ਪੁਜੀ ਪੀੜੀ ਦਾ ਫਰਕ, ਸਹਿਚਾਰ ਅਤੇ ਕਲੇਸ਼ ਉਜਾਗਰ ਹੁੰਦਾ ਹੈ। 'ਚਰਮਰਾਹਟ' ਕਹਾਣੀ 'ਚ ਅਯੁਧਿਆ ਦੀ ਤ੍ਰਾਸਦੀ ਪਿੱਛੋਂ ਅਰਬ ਦੇਸ਼ਾਂ 'ਚ ਵਧੀ ਤੰਗ ਨਜ਼ਰੀ ਅਤੇ ਕੜਵਾਹਟ ਉੱਥੋਂ ਦੇ ਕਾਮਿਆਂ ਨੇ ਕਿਵੇਂ ਸਹਿਨ ਕੀਤੀ; ਇਕ ਦਰਦ ਹੀ ਨਹੀਂ ਉਪਜਾਂਦੀ ਸਗੋਂ ਵਖਰੋ-ਵਖਰੇ ਰਿਵਾਜਾਂ ਅਤੇ ਕਾਨੂੰਨਾਂ ਵਿਚਲੇ ਘਟੀਆਪਨ ਨੂੰ ਵੀ ਜ਼ਾਹਰ ਕਰਦੀ ਹੈ। ਇਵੇਂ ਹੀ 'ਤਰਕੀਬ' ਕਹਾਣੀ ਵਿਚਲਾ ਵਿਅੰਗ ਕਿ ਵਿਆਂਦੜ ਨੂੰ ਕਿਵੇਂ ਮਗਰੋਂ ਲਾਹਿਆ ਜਾਵੇ। 'ਬੇਘਰ ਅੱਖਾਂ' 'ਚ ਮਕਾਨ ਕਿੰਜ ਖਾਲੀ ਕਰਾਇਆ ਜਾਂਦਾ ਹੈ ਤੇ 'ਓਵਰ ਫਲੋ ਪਾਰਕਿੰਗ' ਵਿਚਲੀ ਸੌੜ ਵਿਚਲੀ ਖਿਝ ਕਿਥੋਂ ਤਕ ਅਪੜ ਜਾਂਦੀ ਹੈ—ਆਦਿ-ਆਦਿ 'ਚ ਕਥਾ-ਰਸ ਮੁਸਕਾਨ ਨਹੀਂ ਬਿਖੇਰਦਾ ਸਗੋਂ ਰੋਣ ਪੈਦਾ ਕਰਦਾ ਹੈ। ਸੋਚਣ 'ਤੇ ਮਜ਼ਬੂਰ ਕਰਦਾ ਹੈ ਕਿ ਸਾਡਾ ਸਭਿਆਚਾਰਕ-ਪਛੜੇਵਾਂ ਅਤੇ ਜੜ੍ਹ ਮਾਨਸਿਕਤਾ ਅਜ ਵੀ ਕਿੰਨੀ ਪੱਕੀ-ਪੀਡੀ ਹੈ। ਇਸੇ ਸੰਦਰਭ 'ਚ ਹੀ ਅਜੋਕੇ ਦੌਰ 'ਚ ਮਰਨ ਤਕ ਨੂੰ ਮੁਨਾਫੇ ਦਾ ਸਾਧਨ (ਕਬਰ ਦਾ ਮੁਨਾਫ਼ਾ) ਵਰਤਣ ਵੇਲੇ ਵੀ ਊਚ-ਨੀਚ ਅਤੇ ਜਾਤ-ਪਾਤ ਨਹੀਂ ਭੁਲਦੀ। 'ਗੰਦਗੀ ਦਾ ਬਕਸਾ', 'ਭਵੰਰ' ਤੇ 'ਕਲ੍ਹ ਫੇਰ ਆਵੀਂ...' ਕਹਾਣੀਆਂ ਔਰਤ ਦੀ ਮਨ-ਮਾਨਸਿਕਤਾ ਦਾ ਉਲੀਕਣ ਕਰਦੀਆਂ ਹੋਈਆਂ, ਪੇਟ ਦੀ ਭੁੱਖ ਵਾਂਗ ਹੀ ਦੇਹ ਦੀਆਂ ਲੋੜਾਂ ਵੱਲ ਉਂਗਲ ਸਿੰਨ੍ਹਦੀਆਂ ਹਨ; ਪਰ ਇਹਨਾਂ ਵਿਚਲੇ ਬੇਬਾਕ ਹਾਦਸਿਆਂ ਤੋਂ ਘਿਣ ਜਾਂ ਉਕਸਾਹਟ ਨਹੀਂ ਉਪਜਦੀ ਬਲਕਿ ਜਯਾ, ਰਮਾ ਤੇ ਰੀਮਾ ਨਾਲ ਪਾਠਕ ਨੂੰ ਇਕ ਵਿਲੱਖਣ ਕਿਸਮੀ ਦੀ ਹਮਦਰਦੀ ਪੈਦਾ ਹੁੰਦੀ ਹੈ।...ਤੇ ਇਹਨਾਂ ਕਹਾਣੀਆਂ ਦੀ ਅੰਤਲੀ ਛੂਹ ਪਾਠਕ-ਮਨ ਨੂੰ ਕਿਸੇ ਕਿਸਮ ਦੀ ਉਤੇਜਨਾਂ ਵੱਲ ਨਹੀਂ ਧਰੀਕਦੀ, ਬਲਕਿ ਬਾਕਮਾਲ ਸੰਤੁਸ਼ਟੀ ਦੇਂਦੀ ਹੈ।
ਇੰਜ ਤੇਜੇਂਦਰ ਸ਼ਰਮਾ ਦੀ ਹਰ ਕਹਾਣੀ ਭਾਵੇਂ ਉਹ ਸਿੱਧੀ-ਸਾਦੀ ਹੈ ਜਾਂ ਗੂੰਝਲਦਾਰ ਆਪਣੇ ਵਿਚਾਰਾਂ ਅਤੇ ਵਿਹਾਰਾਂ ਸਦਕੇ ਸਸ਼ਕਤ ਨਜ਼ਰ ਆਉਂਦੀ ਹੈ। 'ਕਲ੍ਹ ਫੇਰ ਆਵੀਂ' ਦੀ ਹਰ ਕਹਾਣੀ ਪੜ੍ਹਣ-ਯੋਗ ਅਤੇ ਵਾਚਣ-ਯੋਗ ਹੈ। ਪੰਜਾਬੀ ਪਾਠਕ ਨੂੰ ਕੋਈ ਕਹਾਣੀ ਨਾ ਉਕਤਾਉਂਦੀ ਹੈ ਅਤੇ ਨਾ ਹੀ ਓਪਰਾਪਨ ਮਹਿਸੂਸ ਕਰਵਾਉਂਦੀ ਹੈ। ਮੈਂ ਤੇਜੇਂਦਰ ਸ਼ਰਮਾ ਦੇ ਇਸ ਸਬਲ ਕਥਾ-ਜਗਤ ਦਾ ਪੰਜਾਬੀ 'ਚ ਸੁਆਗਤ ਕਰਦਾ ਹਾਂ।

         –ਸ਼ਾਹ ਚਮਨ, ਕੋਟਕਪੂਰਾ।
              (ਭਾਰਤੀ  ਸਾਹਿਤ ਅਕਾਦਮੀ, ਅਨੁਵਾਦ ਪੁਰਸਕਾਰ-2009.)
             ਮੋਬਾਇਲ : 950114-45039.

No comments:

Post a Comment