Saturday, May 14, 2011

04. ਰੇਤ ਦਾ ਸੁਖ-ਆਲ੍ਹਣਾ

04. ਰੇਤ ਦਾ ਸੁਖ-ਆਲ੍ਹਣਾ

ਅੱਜ ਫੇਰ ਓਵੇਂ ਹੋਇਆ। ਇੰਜ ਮੇਰੇ ਨਾਲ ਈ ਕਿਉਂ ਹੁੰਦਾ ਏ?...ਜੀਵਨ ਦੇ ਕੁਸੈਲੇ ਤਜ਼ਰਬਿਆਂ ਤੋਂ ਵੀ ਕੁਛ ਨਹੀਂ ਸਿਖ ਸਕੀ ਮੈਂ। ਵਾਰੀ-ਵਾਰੀ ਇਸ ਤੋਂ ਨਵੀਆਂ ਆਸਾਂ ਲਾ ਬੈਠਦੀ ਆਂ। ਜਦੋਂ ਵੀ ਉਮੀਦਾਂ ਦੀ ਚਾਦਰ ਵਿਚ ਛੇਕ ਹੁੰਦੇ ਨੇ...ਇਕ ਵਾਰੀ ਫੇਰ ਰੇਤ ਦਾ ਸੁਖ-ਆਲ੍ਹਣਾ ਬਣਾਉਣ ਬੈਠ ਜਾਂਦੀ ਆਂ।...ਇਹ ਵੀ ਭੁੱਲ ਜਾਂਦੀ ਆਂ ਕਿ ਹੋਣੀ ਕਿੰਨੀ ਬੇਰਹਿਮੀ ਨਾਲ ਰੇਤ ਦੇ ਇਹਨਾਂ ਆਲ੍ਹਣਿਆਂ ਨੂੰ ਢਾਅ ਕੇ ਢੇਰੀ ਕਰ ਦੇਂਦੀ ਏ। ਨੇਲਸਨ ਤੋਂ ਨਰੇਨ ਤਕ ਦਾ ਸਫ਼ਰ ਮੇਰੀ ਪਿੱਛਲੀ ਦਸ ਸਾਲਾਂ ਦੀ ਜ਼ਿੰਦਗੀ ਦਾ ਲੇਖਾ-ਜੋਖਾ ਏ। ਨੇਲਸਨ...ਜੀਵਨ ਨਾਲ ਭਰਪੂਰ, ਜੀਵਨ ਦੇ ਨਿੱਕੇ-ਨਿੱਕੇ ਪਲਾਂ ਨੂੰ ਵੀ ਜਿਊਣਾ ਜਾਣਦਾ ਸੀ। ਪੈਸੇ ਦੀ ਕੋਈ ਕਮੀ ਨਹੀਂ ਸੀ...ਪੰਜ ਬੈੱਡ-ਰੂਮ ਵਾਲਾ ਘਰ, ਲੰਦਨ ਸ਼ਹਿਰ ਦੇ ਐਨ ਵਿਚਕਾਰ। ਸਾਡੇ ਬੈੱਡ-ਰੂਮ ਦੀ ਖਿੜਕੀ ਵਿਚੋਂ ਪੂਰਾ ਗ੍ਰੀਨ ਪਾਰਕ ਦਿਖਾਈ ਦੇਂਦਾ ਸੀ...ਗਰਮੀਆਂ ਦੀ ਦੁਪਹਿਰ ਵਿਚ ਚਮਕਦਾ, ਹਰਿਆਲੀ ਨਾਲ ਭਰਪੂਰ, ਗ੍ਰੀਨ ਪਾਰਕ। ਕਿੰਨੀਆਂ ਈ ਯਾਦਾਂ ਜੁੜੀਆਂ ਹੋਈਆਂ ਨੇ, ਇਸ ਪਾਰਕ ਨਾਲ ਵੀ...! ਉਦੋਂ ਮੈਂ ਉੱਨੀਂ ਵਰ੍ਹਿਆਂ ਦੀ ਹੋਵਾਂਗੀ ਜਾਂ ਫੇਰ ਵੀਹ ਕੁ ਦੀ...ਵੈਸੇ ਏਸ ਨਾਲ ਕੀ ਫ਼ਰਕ ਪੈਂਦਾ ਏ।
ਨੇਲਸਨ ਕਿਤੇ ਵੀ ਆਪਣੇ ਪਿਆਰ ਦਾ ਇਜ਼ਹਾਰ (ਪ੍ਰਗਟਾਵਾ) ਕਰਨ ਤੋਂ ਨਹੀਂ ਸੀ ਜਕਦਾ...ਭਾਵੇਂ ਉਹ ਪਾਰਕ ਹੋਵੇ ਜਾਂ ਸੜਕ। ਲੰਦਨ ਵਿਚ ਜੰਮੇ ਹੋਣ ਤੇ ਗੋਰੀ ਚਮੜੀ ਦਾ ਮਾਲਕ ਹੋਣ ਦਾ ਇਹੋ ਤਾਂ ਇਕ ਲਾਭ ਏ।...ਮੈਂ...ਮੈਂ ਪੰਜਾਬ ਦੇ ਇਕ ਛੋਟੇ ਜਿਹੇ ਕਸਬੇ ਵਿਚ ਜੰਮੀ ਸਾਂ।...ਹੁਣ ਤਾਂ ਸਿਰਫ ਨਾਂਅ ਈ ਚੇਤੇ ਰਹਿ ਗਿਆ ਏ...ਨਕੋਦਰ।...ਪਤਾ ਨਹੀਂ ਕੈਸਾ ਲੱਗਦਾ ਹੋਵੇਗਾ, ਦੇਖਣ ਵਿਚ! ਕੁਛ ਮਹੀਨਿਆਂ ਦੀ ਈ ਸਾਂ ਜਦੋਂ ਬਾਊ-ਜੀ ਤੇ ਬੀਜੀ ਮੈਨੂੰ ਤੇ ਮੇਰੇ ਦੋਵਾਂ ਭਰਾਵਾਂ ਨੂੰ ਲੈ ਕੇ ਲੰਦਨ ਆ ਗਏ ਸੀ।...ਦੋਵੇਂ ਭਰਾ ਉਮਰ ਵਿਚ ਮੈਥੋਂ ਕਾਫੀ ਵੱਡੇ ਨੇ। ਵੱਡਾ ਮਹੇਸ਼ ਤਾਂ ਦਸ ਸਾਲ ਵੱਡਾ ਏ ਤੇ ਸੁਮੇਸ਼ ਉਸ ਨਾਲੋਂ ਤਿੰਨ ਸਾਲ ਛੋਟਾ।
ਪਰਤੱਖ ਏ, ਘਰ ਵਿਚ ਸਭ ਤੋਂ ਛੋਟੀ ਮੈਂ ਈ ਸਾਂ...ਸਭਨਾਂ ਦਾ ਪਿਆਰ ਜਿਵੇਂ ਮੇਰੇ ਲਈ ਬੈਅ ਕੀਤਾ ਹੋਇਆ ਸੀ। ਸਭਨਾਂ ਦੀ ਲਾਡਲੀ ਹੁੰਦੀ ਸਾਂ ਮੈਂ।...ਘਰ ਵਿਚ ਸ਼ਾਇਦ ਈ ਕਿਸੇ ਨੂੰ ਚੇਤਾ ਹੋਵੇਗਾ ਕਿ ਮੇਰਾ ਕੋਈ ਨਾਂਅ ਵੀ ਏਂ...ਸਾਰੇ ਮੈਨੂੰ ਲਾਡੋ ਕਹਿ ਕੇ ਬੁਲਾਉਂਦੇ...ਦੀਪਾ, ਤਾਂ ਕਿਸੇ ਨੂੰ ਚੇਤੇ ਈ ਨਹੀਂ ਸੀ ਰਹਿੰਦਾ।
ਬਹੁਤ ਸਾਰੀਆਂ ਗੱਲਾਂ ਨੂੰ ਚੇਤੇ ਨਾ ਰੱਖਣਾ ਵੀ ਚੰਗਾ ਈ ਹੁੰਦਾ ਏ।...ਹੁਣ ਨੇਲਸਨ ਨੂੰ ਮਿਲਣ ਤੋਂ ਪਹਿਲਾਂ ਮੇਰੇ ਜੀਵਨ ਵਿਚ ਅਜਿਹਾ ਕੀ ਸੀ ਜਿਸਨੂੰ ਮੈਂ ਆਪਣੀਆਂ ਯਾਦਾਂ 'ਚ ਵਸਾਈ ਰੱਖਾਂ...ਹਾਂ, ਓਹਨੀਂ ਦਿਨੀ ਬੜਾ ਚੰਗਾ ਲੱਗਦਾ ਹੋਵੇਗਾ ਕਿ ਬਾਊ-ਜੀ ਤੇ ਬੀਜੀ ਆਪਣੀ ਲਾਡੋ ਦੀ ਜ਼ਿਦ ਪੂਰੀ ਕਰਨ ਖਾਤਰ ਕਿੰਜ ਆਪੋ ਵਿਚ ਝਗੜ ਪੈਂਦੇ ਸੀ। ਪਰ ਬਚਪਨ ਦੇ ਨਾਲ ਈ ਇਹ ਯਾਦਾਂ ਵੀ ਉੱਡ-ਪੁੱਡ ਗਈਆਂ।...ਭਰਾ ਕਿੰਜ ਆਪਣੀ ਭੈਣ ਦੇ ਨਾਜ਼-ਨਖ਼ਰੇ ਝੱਲਦੇ ਸੀ, ਮੇਰੇ ਲਈ ਇਹ ਸਭ ਇਤਿਹਾਸਕ ਗੱਲਾਂ ਬਣ ਗਈਆਂ ਨੇ।...ਅੱਜ ਦੀ ਹਾਲਤ ਤਾਂ ਇਹ ਐ ਕਿ ਉਹਨਾਂ ਭਰਾਵਾਂ ਦੀ ਸ਼ਕਲ ਵੇਖਿਆਂ ਵੀ ਵਰ੍ਹੇ ਬੀਤ ਗਏ ਨੇ।
ਸਮੇਂ ਨੂੰ ਰੋਕ ਕੇ, ਸੰਭਾਲ ਕੇ ਜਾਂ ਅਲਮਾਰੀ ਵਿਚ ਬੰਦ ਕਰਕੇ ਤਾਂ ਰੱਖਿਆ ਨਹੀਂ ਜਾ ਸਕਦਾ ਨਾ?...ਨਰੇਨ ਹਮੇਸ਼ਾ ਜੀਵਨ ਦੀ ਵਿਆਖਿਆ ਬੜੇ ਸੁੰਦਰ ਢੰਗ ਨਾਲ ਕਰਦਾ ਏ। ਕਹਿੰਦਾ ਏ, 'ਇਨਸਾਨ ਦਾ ਜੀਵਨ ਇਕ ਪਹਿਲਾਂ ਰਿਕਾਰਡ ਕੀਤੀ ਹੋਈ ਵੀਡੀਓ ਕੈਸਿਟ ਵਰਗਾ ਹੁੰਦਾ ਏ। ਵੀ.ਸੀ.ਆਰ. ਵਿਚ ਸਿਰਫ 'ਪਲੇ' ਦਾ ਬਟਨ ਲੱਗਿਆ ਹੁੰਦਾ ਏ। 'ਰੀ-ਬਾਈਂਡ' ਤੇ 'ਫਾਰਵਰਡ' ਦੇ ਬਟਨ ਹੁੰਦੇ ਈ ਨਹੀਂ। ਜੀਵਨ ਜਿਹੋ-ਜਿਹਾ ਹੁੰਦਾ ਏ, ਓਸੇ ਤਰ੍ਹਾਂ ਜਿਊਣਾ ਪੈਂਦਾ ਏ। ਤੁਸੀਂ ਸੁੰਦਰ ਪਲਾਂ ਨੂੰ ਰੀ-ਬਾਈਂਡ ਕਰਕੇ ਦੁਬਾਰਾ ਨਹੀਂ ਜਿਊਂ ਸਕਦੇ ਤੇ ਦੁੱਖਦਾਈ ਪਲਾਂ ਨੂੰ ਫਾਸਟ-ਫਾਰਵਰਡ ਕਰਕੇ ਅੱਗੇ ਨਹੀਂ ਜਾ ਸਕਦੇ। ਮਨੁੱਖ ਜੇ ਏਨਾ ਕੁ ਸਮਝ ਲਵੇ ਤਾਂ ਆਪਣੀਆਂ ਪ੍ਰੇਸ਼ਾਨੀਆਂ ਨਾਲੋਂ ਵੱਧ ਪ੍ਰੇਸ਼ਾਨ ਨਹੀਂ ਹੋਵੇਗਾ ਤੇ ਜ਼ਿੰਦਗੀ ਨੂੰ ਜਿਊਣਾ ਸਿਖ ਲਵੇਗਾ।'
ਮੈਨੂੰ ਨਰੇਨ ਦੀ ਇਹ ਗੱਲ ਬੜੀ ਚੰਗੀ ਲੱਗਦੀ ਏ ਕਿ ਜੀਵਨ ਦੇ ਹਰ ਪੱਖ ਲਈ ਤਰਕ ਲੱਭ ਲੈਂਦਾ ਏ ਉਹ।...ਤੇ ਇਹੀ ਗੱਲ ਸਭ ਤੋਂ ਵੱਧ ਭੈੜੀ ਵੀ ਕਿ ਜੀਵਨ, ਉਸ ਲਈ ਸਿਰਫ ਤਰਕ ਬਣ ਕੇ ਰਹਿ ਗਿਆ ਏ...ਜੀਵਨ ਜਿਊਣਾ ਤਾਂ ਜਿਵੇਂ ਉਹ ਭੁੱਲ ਈ ਗਿਆ ਏ। ਦਿਲ ਨਾਲ ਜਿਊਣਾ ਬੰਦ ਕਰ ਦਿੱਤਾ ਏ ਉਸਨੇ...ਤੇ ਹੁਣ ਸਿਰਫ ਦਿਮਾਗ਼ ਨਾਲ ਜਿਊਂ ਰਿਹਾ ਏ ਉਹ।
ਉਸਦੇ ਕੋਲ ਇਸਦਾ ਵੀ ਤਰਕ ਏ। ਕਹਿੰਦਾ ਏ, 'ਦਿਲ ਦਾ ਕੰਮ ਸਿਰਫ ਧੜਕਣਾ ਏ; ਸੋਚਣਾ ਨਹੀਂ। ਭਾਵਨਾ ਅਤੇ ਤਰਕ ਦਿਮਾਗ਼ ਦੇ ਈ ਦੋ ਰੂਪ ਨੇ। ਹਰ ਬੰਦਾ ਦਿਮਾਗ਼ ਨਾਲ ਸੋਚਦਾ ਤੇ ਜਿਊਂਦਾ ਏ...ਜਦੋਂ ਕਿਸੇ ਦੇ ਦਿਮਾਗ਼ ਵਿਚ ਭਾਵਨਾਵਾਂ, ਤਰਕ ਸ਼ਕਤੀ ਉੱਪਰ ਭਾਰੂ ਹੋ ਜਾਂਦੀਆਂ ਨੇ ਤਾਂ ਉਹ ਬੰਦਾ ਭਾਵੁਕ ਬਣ ਜਾਂਦਾ ਏ; ਤਰਕ ਸ਼ਕਤੀ ਨੂੰ ਤਿਲਾਂਜਲੀ ਦੇ ਦੇਂਦਾ ਏ।...ਤੇ ਜਦੋਂ ਕਿਸੇ ਦੇ ਦਿਮਾਗ਼ ਵਿਚ ਤਰਕ ਸ਼ਕਤੀ, ਭਾਵਨਾਵਾਂ ਨਾਲੋਂ ਵੱਧ ਸ਼ਕਤੀਮਾਨ ਹੋ ਜਾਂਦੀ ਏ ਤਾਂ ਭਾਵੁਕਤਾ ਉਸ ਬੰਦੇ ਦਾ ਸਾਥ ਛੱਡ ਜਾਂਦੀ ਏ ਤੇ ਉਹ ਆਪਣੇ ਜੀਵਨ ਦਾ ਸੰਚਾਲਨ ਤਰਕ ਨਾਲ ਕਰਨ ਲੱਗ ਪੈਂਦਾ ਏ। ਦਿਲ ਦੀ ਮੰਨ ਕੇ ਜਿਊਣਾ ਤਾਂ ਸਿਰਫ ਕਮਜ਼ੋਰ ਆਦਮੀਆਂ ਤੇ ਸ਼ਾਇਰਾਂ ਦੀ ਕੋਰੀ ਬਕਵਾਸ ਏ।'
ਨੇਲਸਨ ਦਿਲ ਦੀ ਮੰਨ ਕੇ ਜਿਊਂਦਾ ਸੀ...ਭਾਵੇਂ ਨਰੇਨ ਮੇਰੀ ਇਸ ਗੱਲ ਨੂੰ ਮੰਨੇ ਜਾਂ ਨਾ ਮੰਨੇ। ਨੇਲਸਨ ਖੁੱਲ੍ਹ ਕੇ ਠਹਾਕੇ ਲਾਉਂਦਾ ਸੀ...ਘੱਟੋਘੱਟ ਇਸ ਮਾਮਲੇ ਵਿਚ ਤਾਂ ਬਿਲਕੁਲ ਵੀ ਅੰਗਰੇਜ਼ ਨਹੀਂ ਸੀ ਉਹ। ਦਿਲ ਦਾ ਸੱਚਾ ਸੀ। ਮੇਰੀ ਕੰਪਨੀ ਵਿਚ ਈ ਮੈਨੇਜ਼ਰ ਸੀ ਤੇ ਕੰਪਨੀ ਦਾ ਪ੍ਰਬੰਧ ਸੰਭਾਲਦੇ-ਸੰਭਾਲਦੇ ਉਸਨੇ ਕਦੋਂ ਮੇਰੇ ਦਿਲ ਦਾ ਪ੍ਰਬੰਧ ਵੀ ਆਪਣੇ ਹੱਥਾਂ ਵਿਚ ਲੈ ਲਿਆ; ਪਤਾ ਈ ਨਹੀਂ ਸੀ ਲੱਗਿਆ ਮੈਨੂੰ। ਅਚਾਨਕ ਮਹਿਸੂਸ ਹੋਇਆ ਕਿ ਨੇਲਸਨ ਦੇ ਸਾਹਮਣੇ ਮੈਂ ਸਹਿਜ ਨਹੀਂ ਰਹਿ ਸਕਦੀ। ਦਿਲ ਚਾਹੁੰਦਾ ਸੀ ਕਿ ਉਹ ਮੇਰੇ ਆਸ-ਪਾਸ ਰਹੇ; ਪਰ ਉਸ ਨਾਲ ਗੱਲਾਂ ਕਰਦਿਆਂ ਬੁੱਲ੍ਹ ਸੁੱਕਣ ਲੱਗ ਪੈਂਦੇ ਤੇ ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਸੀ।
ਆਦਮੀ ਜਿਊਂਦਾ ਹੁੰਦਾ ਹੋਇਆ ਵੀ 'ਹੈ' ਤੋਂ 'ਸੀ' ਕਿਵੇਂ ਬਣ ਜਾਂਦਾ ਏ?...ਨੇਲਸਨ ਤਾਂ ਅੱਜ ਵੀ ਜਿਊਂਦਾ ਏ...ਸ਼ਾਇਦ ਉਸਨੇ ਆਪਣੀ ਮਾਂ ਦੀ ਪਸੰਦ ਦੀ ਕੁੜੀ ਨਾਲ ਵਿਆਹ ਵੀ ਕਰ ਲਿਆ ਹੋਵੇ। ਜਦੋਂ ਮੈਂ ਕਰ ਸਕਦੀ ਆਂ ਤਾਂ ਉਹ ਕਿਉਂ ਨਹੀਂ ਕਰੇਗਾ।...ਫੇਰ ਯਕਦਮ ਮੇਰੇ ਲਈ ਸਿਰਫ ਅਤੀਤ ਦਾ ਇਕ ਹਿੱਸਾ ਬਣ ਕੇ ਕਿਵੇਂ ਰਹਿ ਗਿਆ?...ਠੀਕ ਵੀ ਤਾਂ ਏ...ਜੇ ਨਰੇਨ ਮੇਰਾ ਵਰਤਮਾਨ ਏ ਤਾਂ ਨੇਲਸਨ ਨੂੰ ਅਤੀਤੀ ਬਣਨਾ ਈ ਪਵੇਗਾ।...ਅੱਜ ਕਲ੍ਹ ਉਸਨੂੰ ਕੁਝ ਵਧੇਰੇ ਈ ਯਾਦ ਕਰਨ ਲੱਗ ਪਈ ਆਂ...ਉਸਦੀ ਬੀ.ਐਮ.ਡਬਲਿਊ. ਕਾਰ ਤਾਂ ਇਸਦਾ ਕਾਰਣ ਨਹੀਂ ਹੋ ਸਕਦੀ। ਉਸਦਾ ਵੱਡਾ ਘਰ ਵੀ ਕੋਈ ਵਿਸ਼ੇਸ਼ ਕਾਰਣ ਨਹੀਂ ਹੋਣਾ ਚਾਹੀਦਾ...ਤਾਂ ਫੇਰ ਇੰਜ ਕਿਉਂ ਏ!...ਕਿਉਂ ਉਹ ਫੇਰ ਮੇਰੇ ਜੀਵਨ ਵਿਚ ਸੰਨ੍ਹ ਲਾਉਣ ਲੱਗ ਪਿਆ ਏ?...
ਜਦੋਂ ਵੀ ਨਰੇਨ ਨਾਲ ਨਾਰਾਜ਼ ਹੁੰਦੀ ਆਂ...ਇਹ ਸੰਨ੍ਹ ਬੜੀ ਤੇਜ਼ੀ ਨਾਲ ਲੱਗਣਾ ਸ਼ੁਰੂ ਹੋ ਜਾਂਦਾ ਏ।...ਤੇ ਜਦੋਂ ਨਰੇਨ ਦੇ ਵਿਹਾਰ ਤੋਂ ਖੁਸ਼ੀ ਮਹਿਸੂਸ ਕਰਦੀ ਆਂ, ਤਾਂ ਕੀ ਮਜ਼ਾਲ ਕਿ ਸਾਡੇ ਦੋਵਾਂ ਵਿਚਕਾਰ, ਕਿਸੇ ਦੀ ਯਾਦ ਤਾਂ ਕੀ, ਖ਼ਿਆਲ ਵੀ ਆ ਜਾਵੇ।...ਸੱਚ ਤਾਂ ਇਹ ਐ ਕਿ ਨਰੇਨ ਨੇ ਮੇਰੇ ਅਤੀਤ ਬਾਰੇ ਕਦੀ ਕੋਈ ਸਵਾਲ ਨਹੀਂ ਕੀਤਾ। ਉਸਨੇ ਨੇਲਸਨ ਦੀ ਨਿਸ਼ਾਨੀ ਟਾਮ ਨੂੰ ਵੀ ਪੂਰੇ ਮਨ ਨਾਲ ਅਪਣਾਅ ਲਿਆ ਏ। ਉਸਨੂੰ ਸਕੂਲ ਛੱਡਣ ਜਾਂਦਾ ਏ, ਖ਼ੁਦ ਪੜ੍ਹਾਉਂਦਾ ਏ...ਹੋਰ ਤਾਂ ਹੋਰ ਹਿੰਦੀ ਬੋਲਣੀ ਵੀ ਸਿਖਾਉਂਦਾ ਏ।...ਗੋਰਾ ਟਾਮ, ਆਪਣੇ ਅੰਗਰੇਜ਼ੀ ਲਹਿਜੇ ਵਿਚ ਹਿੰਦੀ ਬੋਲਦਾ ਕਿੰਨਾ ਚੰਗਾ ਲੱਗਦਾ ਏ। ਅੱਜ ਅੱਠ ਸਾਲ ਦਾ ਹੋ ਗਿਆ ਏ ਟਾਮ।...ਸਿਰਫ ਸਾਲ ਕੁ ਦਾ ਸੀ ਜਦੋਂ ਨੇਲਸਨ ਨਾਲ ਰਿਸ਼ਤਾ ਤੋੜ ਆਈ ਸਾਂ।
ਸ਼ਿਵਾਂਗੀ ਤਾਂ ਮਰਨ ਪਿੱਛੋਂ ਵੀ ਨਰੇਨ ਦੇ ਜੀਵਨ ਦਾ ਅਟੁੱਟ ਅੰਗ ਬਣੀ ਹੋਈ ਏ। ਸ਼ਿਵਾਂਗੀ ਵਿਚ ਅਜਿਹਾ ਕੀ ਸੀ ਕਿ ਨਰੇਨ ਦੇ ਤਨ ਤੇ ਮਨ ਵਿਚੋਂ ਨਿਕਲ ਈ ਨਹੀਂ ਸੀ ਰਹੀ ਉਹ।...ਕੈਂਸਰ ਦੀ ਮਰੀਜ਼, ਦੋਵੇਂ ਛਾਤੀਆਂ ਕੱਟਵਾਈਆਂ ਹੋਈਆਂ। ਕਿੰਨੀ ਕੁਸੈਲ ਨਾਲ ਕਹਿ ਗਿਆ ਸੀ ਨਰੇਨ, 'ਮੇਰੇ ਕੋਲ ਜਿੰਨਾ ਪਿਆਰ ਸੀ, ਉਹ ਸਾਰਾ ਸ਼ਿਵਾਂਗੀ 'ਤੇ ਖ਼ਰਚ ਕਰ ਚੁੱਕਿਆ ਆਂ। ਹੁਣ ਕੁਛ ਵੀ ਨਹੀਂ ਬਚਿਆ।...ਪਿਆਰ ਦਾ ਸੋਤਾ ਸੁੱਕ ਚੁੱਕਿਆ ਏ।' ਨਰੇਨ ਨੂੰ ਜੀਵਨ ਦੀ ਇਸ ਅਹਿਮ ਗੱਲ ਦਾ ਅਹਿਸਾਸ ਨਹੀਂ ਕਿ ਪਿਆਰ ਈ ਤਾਂ ਜੀਵਨ ਦਾ ਇਕ ਅਜਿਹਾ ਧਨ ਏ, ਜਿਹੜਾ ਜਿੰਨਾ ਵੰਡਿਆ-ਵਰਤਾਇਆ ਜਾਵੇ; ਓਨਾ ਈ ਵਿਗਸਦਾ ਏ।
ਨੇਲਸਨ ਤੇ ਮੇਰਾ ਪਿਆਰ ਵੀ ਵਧ-ਫੁੱਲ ਰਿਹਾ ਸੀ। ਹੁਣ ਤਾਂ ਦਫ਼ਤਰ ਵਿਚ ਵੀ ਸਾਰਿਆਂ ਨੂੰ ਅਹਿਸਾਸ ਹੋ ਚੁੱਕਿਆ ਸੀ ਕਿ ਕਿਤੇ ਨਾ ਕਿਤੇ ਕੁਛ ਹੋ ਰਿਹਾ ਏ।...ਮੇਰੇ ਚਿਹਰੇ 'ਤੇ ਪਿਆਰ ਦੀ ਇਬਾਰਤ ਸਾਫ ਲਿਖੀ ਰਹਿੰਦੀ।... ਉਸਨੂੰ ਕੋਈ ਵੀ ਪੜ੍ਹ ਸਕਦਾ ਸੀ।...ਫ਼ਿਲਮਾਂ ਵਿਚ ਦੇਖਦੀ ਸਾਂ ਜਦ ਹੀਰੋ, ਹੀਰੋਇਨ ਨੂੰ ਤਿੰਨ ਸ਼ਬਦ ਕਹਿੰਦਾ ਏ...'ਆਈ ਲਵ ਯੂ'।...ਉਦੋਂ ਹੀਰੋਇਨ ਦੇ ਚਿਹਰੇ ਉੱਤੇ ਕਿਹੇ-ਕਿਹੇ ਭਾਵ ਆਉਂਦੇ ਨੇ। ਮਨ ਚਾਹੁੰਦਾ, ਜਦੋਂ ਵੀ ਕਦੀ ਨੇਲਸਨ ਮੈਨੂੰ ਇਹ ਸ਼ਬਦ ਆਖੇ, ਤਾਂ ਸਾਹਮਣੇ ਕੋਈ ਸ਼ੀਸ਼ਾ ਲੱਗਿਆ ਹੋਇਆ ਹੋਵੇ...ਇਹਨਾਂ ਸ਼ਬਦਾਂ ਦਾ ਪ੍ਰਭਾਵ, ਮੈਂ ਆਪਣੇ ਚਿਹਰੇ ਉੱਤੇ ਦੇਖਣ ਲਈ ਬੇਚੈਨ ਸਾਂ।
ਪਰ ਜਦੋਂ ਤਕ ਨੇਲਸਨ ਇਹ ਸ਼ਬਦ ਨਾ ਕਹੇ, ਚਿਹਰਾ ਦੇਖਣ ਦਾ ਅਰਥ ਈ ਕੀ ਰਹਿ ਜਾਂਦਾ ਏ।...ਅਜੇ ਤਾਂ ਮੇਰੇ ਚਿਹਰੇ 'ਤੇ ਵੱਡੇ-ਵੱਡੇ ਅੱਖਰਾਂ ਵਿਚ ਬਸ ਇਹੋ ਨਾਂਅ ਛਪਿਆ ਰਹਿੰਦਾ ਸੀ...ਨੇਲਸਨ।...ਮੇਰੇ ਦਫ਼ਤਰ ਵਿਚ ਕਈ ਹਿੰਦੁਸਤਾਨੀ ਕੁੜੀਆਂ ਕੰਮ ਕਰਦੀਆਂ ਸੀ। ਵਧੇਰੇ ਗੁਜਰਾਤੀ ਸਨ। ਮਨ ਈ ਮਨ ਕਿਤੇ ਮੇਰੇ ਉੱਤੇ ਸੜਦੀਆਂ ਵੀ ਸਨ। ਉਹਨਾਂ ਦੇ ਮਾਤਾ-ਪਿਤਾ ਉਹਨਾਂ ਲਈ ਭਾਰਤ ਤੋਂ ਪਤੀ ਆਯਾਤ ਕਰਵਾਉਣਾ ਚਾਹੁੰਦੇ ਸਨ। ਇੰਜ ਮੈਂ ਉਹਨਾਂ ਦੀ ਨਾਇਕਾ ਬਣ ਗਈ ਸਾਂ। ਜੋ ਕੁਛ ਉਹ ਸਿਰਫ ਸੋਚ ਸਕਦੀਆਂ ਸਨ, ਮੈਂ ਉਹ ਕਰ ਰਹੀ ਸਾਂ।
ਸੋਚਦੇ ਤਾਂ ਮੇਰੇ ਮਾਤਾ-ਪਿਤਾ ਵੀ ਸਨ ਕਿ ਮੈਂ ਗਲਤ ਦਿਸ਼ਾ ਵੱਲ ਜਾ ਰਹੀ ਆਂ। ਪਰ ਮੈਂ ਤਾਂ ਨੇਲਸਨ ਦੇ ਪਿਆਰ ਵਿਚ ਰੰਗੀ ਹੋਈ ਸਾਂ। ਕੁਛ ਇੰਜ ਲੱਗਦਾ ਸੀ ਜਿਵੇਂ ਕਈ ਜਨਮਾਂ ਤੋਂ ਇਕ ਦੂਜੇ ਨੂੰ ਜਾਣਦੇ ਹੋਈਏ। ਜਨਮ...ਹਾਂ, ਮੇਰਾ ਜਨਮ ਦਿਨ ਈ ਤਾਂ ਸੀ। ਨੇਲਸਨ ਨੇ ਮੈਨੂੰ ਇਕ, ਹੀਰੇ ਦੀ ਅੰਗੂਠੀ ਭੇਂਟ ਕੀਤੀ ਸੀ। ਦੁਪਹਿਰ ਦੇ ਲੰਚ ਬਰੇਕ ਵਿਚ ਈ ਮੇਰੇ ਕੋਲ ਆਇਆ ਸੀ, 'ਦੀਪਾ, ਆਪਾਂ ਅੱਜ ਡਿਨਰ ਇਕੱਠੇ ਕਰਾਂਗੇ।'...ਨੇਲਸਨ ਨੂੰ ਕਿਵੇਂ ਸਮਝਾਉਂਦੀ ਕਿ ਸਾਡੇ ਪਰਿਵਾਰਾਂ ਵਿਚ ਜਨਮ ਦਿਨ ਇਕ ਪਰਿਵਾਰਿਕ ਤਿਊਹਾਰ ਹੁੰਦਾ ਏ...ਤੇ ਫੇਰ ਲਾਡੋ ਦਾ ਜਨਮ ਦਿਨ! ਘਰੇ ਸਾਰੇ ਆਪਣੀ ਲਾਡੋ ਨੂੰ ਉਡੀਕ ਰਹੇ ਹੋਣਗੇ।...ਫੇਰ ਸੋਚਿਆ, ਕਲ੍ਹ ਤਾਂ ਨੇਲਸਨ ਨਾਲ ਈ ਪਰਿਵਾਰ ਬਨਾਉਣਾ ਏਂ। ਮਨ ਵਿਚ ਕਿਤੇ ਡਰ ਵੀ ਸੀ ਕਿ ਕਿਤੇ ਨੇਲਸਨ ਦਾ ਪਿਆਰ ਛਿਣ-ਪਲ ਦਾ ਸੁਪਨਾ ਈ ਨਾ ਹੋਵੇ।
ਸਾਊਥ ਹਾਲ ਦੇ ਮਹਾਰਾਜਾ ਰੇਸਟੋਰੇਂਟ ਵਿਚ ਬੈਠੇ ਸਾਂ ਅਸੀਂ ਦੋਵੇਂ। ਨੇਲਸਨ ਨੇ ਸ਼ੈਂਪੇਨ ਮੰਗਵਾਈ ਸੀ।...ਮੈਂ ਜਾਣਦੀ ਸਾਂ ਕਿ ਸ਼ੈਂਪੇਨ ਪੀਣ ਨਾਲ ਨੇਲਸਨ ਨੂੰ ਸਿਰ ਪੀੜ ਹੋਣ ਲੱਗ ਪੈਂਦੀ ਏ...ਪਰ ਅੱਜ ਮੇਰਾ ਜਨਮ ਦਿਨ ਸੀ। ਨੇਲਸਨ ਲਈ ਵੀ ਤਾਂ ਮਹੱਤਵਪੂਰਣ ਸੀ ਇਹ ਦਿਨ। ਮੇਰੀ ਸੰਗਤ ਵਿਚ ਨੇਲਸਨ ਨੂੰ ਵੀ ਭਾਰਤੀ ਖਾਣੇ ਪਸੰਦ ਆਉਣ ਲੱਗ ਪਏ ਸਨ। ਚਿਕਨ ਟਿੱਕਾ ਉਸਨੂੰ ਖਾਸ ਤੌਰ 'ਤੇ ਪਸੰਦ ਸੀ। ਉਹ 'ਟਿੱਕਾ' ਨੂੰ ਹਮੇਸ਼ਾ 'ਟੀਕਾ' ਕਹਿੰਦਾ ਸੀ। ਸ਼ੈਂਪੇਨ ਦਾ ਗ਼ਲਾਸ ਚੁੱਕ ਕੇ ਨੇਲਸਨ ਨੇ ਚੀਅਰਸ ਕਿਹਾ ਸੀ ਤੇ ਨਾਲ ਈ ਉਹ ਸ਼ਬਦ ਵੀ ਜਿਹਨਾਂ ਦੀ ਉਡੀਕ ਮੈਨੂੰ ਬੇਚੈਨ ਕਰੀ ਰੱਖਦੀ ਸੀ। ਆਪਣੇ ਅਨੋਖੇ ਅੰਦਾਜ਼ ਵਿਚ ਉਸਨੇ ਮੇਰੀ ਠੋਡੀ ਰਤਾ ਉੱਚੀ ਚੁੱਕੀ, ਤੇ ਸਿੱਧਾ ਮੇਰੀਆਂ ਅੱਖਾਂ ਵਿਚ ਤੱਕਦਿਆਂ ਕਿਹਾ ਸੀ...'ਆਈ ਲਵ ਯੂ ਦੀਪਾ! ਮੇਰੇ ਨਾਲ ਸ਼ਾਦੀ ਕਰੇਂਗੀ?'
ਸੈਂਕੜੇ ਘੰਟੀਆਂ ਇਕੋ ਛਿਣ ਵੱਜਣ ਲੱਗ ਪਈਆਂ ਸਨ। ਜੀਵਨ ਦੀਆਂ ਸਾਰੀਆਂ ਖੁਸ਼ੀਆਂ ਮੈਨੂੰ ਮਿਲ ਗਈਆਂ ਸਨ।
ਮਨ ਕੂਕ ਉਠਿਆ ਕਿ ਜੀਵਨ ਵਿਚ ਇਸ ਨਾਲੋਂ ਪਿਆਰੇ ਪਲ ਮੁੜ ਕਦੀ ਨਹੀਂ ਆਉਣੇ। ਜੇ ਮੈਂ ਉਸੇ ਛਿਣ ਮਰ ਵੀ ਜਾਂਦੀ ਤਾਂ ਜ਼ਿੰਦਗੀ ਨਾਲ ਕੋਈ ਸ਼ਿਕਾਇਤ ਨਹੀਂ ਸੀ ਹੋਣੀ...ਕਿਉਂਕਿ ਉਸ ਛਿਣ ਮੈਂ ਸੰਸਾਰ ਦੀ ਸਭ ਤੋਂ ਵੱਧ ਤ੍ਰਿਪਤ ਔਰਤ ਹੁੰਦੀ। ਉਦੋਂ ਈ ਨੇਲਸਨ ਨੇ ਮੇਰੇ ਐਨ ਕੋਲ ਆ ਕੇ ਆਪਣੇ ਬੁੱਲ੍ਹ ਮੇਰੇ ਬੁੱਲ੍ਹਾਂ ਨਾਲ ਜੋੜ ਦਿੱਤੇ। ਉਸਦਾ ਅੱਜ ਦਾ ਚੁੰਮਾਂ, ਫ਼ਰਿਸ਼ਤਿਆਂ ਵਾਂਗ ਪਵਿੱਤਰ ਲੱਗ ਰਿਹਾ ਸੀ। 'ਦੀਪਾ–ਨੇਲਸਨ'...ਸੋਚ ਕੇ ਹੀ ਚਿੱਤ ਖਿੜ-ਪੁੜ ਗਿਆ ਸੀ।
ਪਰ ਕੀ ਅੱਜ ਮੈਨੂੰ ਨੇਲਸਨ ਬਾਰੇ ਸੋਚਣਾ ਚਾਹੀਦਾ ਏ...? ਕੀ ਇਹ ਪਾਪ ਨਹੀਂ...? ਪਰ ਕੀ ਨਰੇਨ ਸ਼ਿਵਾਂਗੀ ਬਾਰੇ ਨਹੀਂ ਸੋਚਦਾ...? ਉਸ ਲਈ ਵੀ ਤਰਕ ਏ, ਉਸਦੇ ਕੋਲ...'ਤੂੰ ਨੇਲਸਨ ਨੂੰ ਇਸ ਲਈ ਛੱਡ ਆਈ ਏਂ ਕਿ ਤੇਰੀ ਉਸ ਨਾਲ ਨਿਭੀ ਨਹੀਂ।...ਸ਼ਿਵਾਂਗੀ ਦੀ ਗੱਲ ਦੂਜੀ ਏ।...ਉਹ ਆਪਣੀ ਮਰਜ਼ੀ ਨਾਲ ਮੈਨੂੰ ਛੱਡ ਕੇ ਨਹੀਂ ਗਈ...ਭਗਵਾਨ ਨੇ ਉਸਨੂੰ ਬੁਲਾਅ ਲਿਆ ਏ।...ਮੈਨੂੰ ਉਸਦੀ ਹਰੇਕ ਗੱਲ ਯਾਦ ਕਰਨ ਦਾ ਹੱਕ ਏ।' ਕਿੰਨੀ ਕੁਸੈਲ ਸੀ ਨਰੇਨ ਦੀ ਆਵਾਜ਼ ਵਿਚ।...ਮੈਂ ਤਾਂ ਸਿਰਫ ਏਨਾ ਈ ਕਿਹਾ ਸੀ ਕਿ 'ਜਿਵੇਂ ਉਹ ਸ਼ਿਵਾਂਗੀ ਨੂੰ ਯਾਦ ਕਰਦਾ ਰਹਿੰਦਾ ਏ, ਜੇ ਮੈਂ ਵੀ ਨੇਲਸਨ ਬਾਰੇ ਓਵੇਂ ਈ ਗੱਲਾਂ ਕਰਨੀਆਂ ਸ਼ੁਰੂ ਕਰ ਦਿਆਂ...ਫੇਰ?' ਤੇ ਪਿੱਛੋਂ ਘੰਟਿਆਂ ਬੱਧੀ ਰੋਂਦੀ ਰਹੀ ਸਾਂ ਕਿ ਇਹ ਗੱਲ ਕਹੀ ਈ ਕਿਉਂ ਸੀ ਮੈਂ...
ਪਰ ਕਹਿਣ ਤੋਂ ਬਾਅਜ਼ ਨਹੀਂ ਸਾਂ ਆਈ...ਨਰੇਨ ਨੂੰ ਸਾਫ ਸਾਫ ਕਹਿ ਦਿੱਤਾ ਸੀ ਕਿ ਸੁਨੀਤਾ ਤੇ ਮੰਦਿਰਾ ਨਾਲ ਨਾ ਮਿਲਿਆ ਕਰੇ। ਮੈਨੂੰ ਉਹਨਾਂ ਦੋਵਾਂ ਦੀ ਨੀਅਤ ਉੱਤੇ ਸ਼ੱਕ ਏ...ਉਹ ਨਰੇਨ ਨੂੰ ਸਿਰਫ ਮਿੱਤਰ ਨਹੀਂ ਸਮਝਦੀਆਂ...ਉਹਨਾਂ ਦੇ ਮਨ ਵਿਚ ਕੁਛ ਹੋਰ ਵੀ ਏ। ਗੁੱਸੇ ਵਿਚ ਤਾਂ ਇੱਥੋਂ ਤਕ ਵੀ ਕਹਿ ਗਈ ਸਾਂ ਕਿ ਉਸਦੀ ਆਪਣੀ ਨੌਕਰਾਣੀ ਉਸਦਾ ਬਿਸਤਰਾ ਨਿੱਘਾ ਕਰਦੀ ਰਹੀ ਏ।
ਹਿਰਖ ਗਿਆ ਸੀ ਨਰੇਨ...ਤੇ ਉਠ ਕੇ ਲਿਵਿੰਗ-ਰੂਮ ਵਿਚ ਚਲਾ ਗਿਆ ਸੀ। ਇਹ ਨਰੇਨ ਦੀ ਨਵੀਂ ਆਦਤ ਏ...ਗੁੱਸਾ ਆਉਂਦਾ ਏ ਤਾਂ ਅੱਧੀ ਰਾਤ ਨੂੰ ਵੀ ਬੈੱਡ-ਰੂਮ ਛੱਡ ਕੇ ਲਿਵਿੰਗ-ਰੂਮ ਵਿਚ ਚਲਾ ਜਾਂਦਾ ਏ। ਆਵਾਜ਼ ਉੱਚੀ ਨਹੀਂ ਕਰਦਾ। ਕਾਸ਼! ਇੰਜ ਉਹ ਮੇਰੀ ਖਾਤਰ ਕਰਦਾ ਹੁੰਦਾ।...ਇਹ ਵੀ ਉਹ ਸ਼ਿਵਾਂਗੀ ਲਈ ਕਰਦਾ ਏ। ਸ਼ਿਵਾਂਗੀ ਨੂੰ ਵਚਣ ਦਿੱਤਾ ਸੀ ਉਸਨੇ ਕਿ ਉੱਚੀ ਆਵਾਜ਼ ਵਿਚ ਗੱਲ ਨਹੀਂ ਕਰੇਗਾ। ਇੱਥੇ ਵੀ ਸ਼ਿਵਾਂਗੀ ਮੈਨੂੰ ਮਾਤ ਦੇ ਗਈ।...ਕਿਉਂ?...ਸ਼ਿਵਾਂਗੀ ਮਰ ਕੇ ਵੀ ਮੇਰੀ ਸੌਕਣ ਕਿਉਂ ਬਣੀ ਹੋਈ ਏ?...ਪਰ ਜੇ ਸ਼ਿਵਾਂਗੀ ਜਿਊਂਦੀ ਹੁੰਦੀ ਤਾਂ ਕੀ ਮੈਂ ਨਰੇਨ ਦੀ ਹੁੰਦੀ?
ਨਰੇਨ ਨਾਲ ਪਹਿਲੀ ਮੁਲਾਕਾਤ ਲੰਦਨ ਵਿਚ ਹੋਈ ਸੀ...ਹਾਉਂਸਲੋ ਹਾਈ ਸਟ੍ਰੀਟ ਵਿਚ। ਮੈਂ ਟਾਮ ਨੂੰ ਬੱਘੀ ਵਿਚ ਬਿਠਾਅ ਕੇ ਮੈਕਡਾਨਲਡ 'ਚੋਂ ਮਿਲਕ ਸ਼ੇਕ ਲੈਣ ਅੰਦਰ ਚਲੀ ਗਈ ਸਾਂ। ਬਾਹਰ ਆਈ ਤਾਂ ਦੇਖਿਆ ਕਿ ਟਾਮ ਕੋਲ ਇਕ ਓਪਰਾ ਆਦਮੀ ਖੜ੍ਹਾ ਏ...ਤੇ ਵੰਨ-ਸੁਵੰਨੇ ਮੂੰਹ ਬਣਾ ਕੇ, ਭਾਂਤ–ਸੁਭਾਂਤੀਆਂ ਆਵਾਜ਼ਾਂ ਕੱਢਦਾ ਹੋਇਆ, ਟਾਮ ਨਾਲ ਗੱਲਾਂ ਕਰ ਰਿਹਾ ਏ। ਉਹ ਤਾਂ ਸੋਚ ਵੀ ਨਹੀਂ ਸੀ ਸਕਦਾ ਕਿ ਟਾਮ ਦੀ ਮਾਂ ਕੋਈ ਹਿੰਦੁਸਤਾਨੀ ਕੁੜੀ ਹੋ ਸਕਦੀ ਏ।...ਪਿੱਛੋਂ ਨਰੇਨ ਨੇ ਦੱਸਿਆ ਵੀ ਸੀ ਕਿ ਪਹਿਲੀ ਮੁਲਾਕਾਤ ਵਿਚ ਉਹ ਮੈਨੂੰ ਟਾਮ ਦੀ ਆਇਆ ਸਮਝਿਆ ਸੀ।...ਟਾਮ ਰੋ ਰਿਹਾ ਸੀ ਤੇ ਬੱਘੀ ਵਿਚ ਇਕੱਲਾ ਸੀ। ਨਰੇਨ ਉਸਨੂੰ ਚੁੱਪ ਕਰਾਉਣ ਵਿਚ ਰੁੱਝਿਆ ਹੋਇਆ ਸੀ। ਗੱਲਾਂ-ਗੱਲਾਂ ਵਿਚ ਈ ਨਰੇਨ ਨੇ ਦੱਸਿਆ ਸੀ ਕਿ ਉਹ ਲੰਦਨ ਵਾਸੀ ਨਹੀਂ। ਸਿਰਫ ਆਫ਼ਿਸ ਦੇ ਕੰਮ ਲੰਦਨ ਆਇਆ ਏ ਤੇ ਅਗਲੇ  ਦਿਨ ਈ ਵਾਪਸ ਵੀ ਜਾ ਰਿਹਾ ਏ। 
ਪਤਾ ਨਹੀਂ ਕਿਉਂ ਪਹਿਲੀ ਨਜ਼ਰ ਵਿਚ ਈ ਨਰੇਨ ਚੰਗਾ ਲੱਗਿਆ ਸੀ। ਗੱਲ ਕਰਦਾ ਸੀ ਤਾਂ ਜਿਵੇਂ ਮੂੰਹੋਂ ਕਵਿਤਾ ਕਿਰਦੀ ਸੀ। ਕੁਝ ਅਜਿਹਾ ਸੀ ਉਸਦੇ ਵਿਅਕਤੀਤਵ ਵਿਚ ਕਿ ਅਣਗੌਲਿਆ ਨਹੀਂ ਸੀ ਕੀਤਾ ਜਾ ਸਕਦਾ। ਪਹਿਲੀ ਮੁਲਾਕਾਤ ਬੜੀ ਛੋਟੀ ਸੀ...ਓਨੇ ਕੁ ਸਮੇਂ ਵਿਚ ਉਸਨੇ ਪਤਨੀ ਲਈ ਸੇਂਟ ਮਾਈਕਲ ਦੀ ਬ੍ਰਾ ਖ਼ਰੀਦਨੀ ਸੀ ਤੇ ਰੇਵਾਲਾਨ ਦੀ ਲਿਪਸਟਿਕ; ਘਰ ਲਈ ਕੁਛ ਹੋਰ ਛੋਟਾ-ਮੋਟਾ ਸਾਮਾਨ ਵੀ। ਅਗਲੀ ਸਵੇਰ ਉਸਦੀ ਉਡਾਨ ਸੀ। ਸੁਣ ਕੇ ਤਸੱਲੀ ਹੋਈ ਕਿ ਆਫ਼ਿਸ ਦੇ ਕੰਮ ਕਰਕੇ ਨਰੇਨ ਹਰ ਤਿੰਨ-ਚਾਰ ਮਹੀਨੇ ਬਾਅਦ ਲੰਦਨ ਦਾ ਦੌਰਾ ਕਰਦਾ ਏ।
ਤੇ ਤਿੰਨ-ਚਾਰ ਮਹੀਨੇ ਬਾਅਦ ਟੈਲੀਫ਼ੋਨ ਦੀ ਘੰਟੀ ਉੱਤੇ ਸਵਾਰ ਹੋ ਕੇ ਨਰੇਨ ਫੇਰ ਆ ਪਹੁੰਚਿਆ। ਪੇਂਟਾ ਹੋਟਲ 'ਚੋਂ ਬੋਲ ਰਿਹਾ ਸੀ। ਟਾਮ ਰੋ ਰਿਹਾ ਸੀ, ਉਸਨੂੰ ਭੁੱਖ ਲੱਗੀ ਹੋਈ ਸੀ। 'ਇਹ ਟਾਮ ਰੋਂਦਾ ਵੀ ਅੰਗਰੇਜ਼ੀ ਵਿਚ ਏ?'...ਨਰੇਨ ਦੇ ਸਵਾਲ ਨਾਲ ਆਪ-ਮੁਹਾਰੇ ਹੀ ਬੁੱਲਾਂ ਵਿਚੋਂ ਹਾਸਾ ਨਿਕਲ ਗਿਆ। ਫ਼ੋਨ ਕੀਤਾ ਵੀ ਤਾਂ ਬੜੇ ਅੰਦਾਜ਼ ਨਾਲ ਸੀ...'ਜੀ ਗੋਰੇ ਬੇਟੇ ਦੀ ਕਾਲੀ ਮਾਂ ਨਾਲ ਗੱਲ ਕਰ ਸਕਦਾਂ-ਜੀ...?' ਸੱਚ ਹੁੰਦਾ ਹੋਇਆ ਵੀ ਚੰਗਾ ਨਹੀਂ ਸੀ ਲੱਗਿਆ, ਇਹ ਵਾਕ।...ਅੱਜ ਜੇ ਨਰੇਨ ਇੰਜ ਨਾ ਆਖੇ ਤਾਂ ਬੁਰਾ ਲੱਗਦਾ ਏ। ਲੱਗਦਾ ਏ, ਉਹ ਫਾਰਮਲ ਹੋ ਗਿਆ ਏ।
ਨਰੇਨ ਮੇਰੇ ਲਈ ਇਕ ਸ਼ੈਂਪੇਨ ਦੀ ਬੋਤਲ ਲੈ ਆਇਆ ਸੀ। ਮੈਂ ਉਸਨੂੰ ਸਿੱਧਾ ਫਰਿਜ਼ ਵਿਚ ਜਾ ਰੱਖਿਆ ਸੀ। ਜਦੋਂ ਉਸਨੂੰ ਪੁੱਛਿਆ ਕਿ ਕੀ ਪੀਵੇਗਾ ਤਾਂ ਬੋਲਿਆ...'ਸਕਰੂ ਡ੍ਰਾਈਵਰ'। ਮੈਂ ਉਸਨੂੰ ਕਦ ਬਖ਼ਸ਼ਣ ਵਾਲੀ ਸਾਂ, 'ਸਕਰੂ ਡ੍ਰਾਈਵਰ ਨਾਲ ਤੁਹਾਡੇ ਸਕਰਿਊ ਤਾਂ ਕਸ ਸਕਦੀ ਆਂ ਪਰ ਪਿਆ ਨਹੀਂ ਸਕਦੀ।' ਨੇਲਸਨ ਨੂੰ ਵੀ ਤਾਂ ਸਕਰੂ ਡ੍ਰਾਈਵਰ ਈ ਪਸੰਦ ਸੀ...ਵੋਦਕਾ ਤੇ ਸੰਤਰੇ ਦਾ ਰਸ।...ਨਰੇਨ ਨੂੰ ਵੀ ਸ਼ੈਂਪੇਨ ਪੀ ਕੇ ਸਿਰ ਪੀੜ ਹੋਣ ਲੱਗ ਪੈਂਦੀ ਏ।...ਸ਼ਿਵਾਂਗੀ ਦੀ ਮੌਤ ਪਿੱਛੋਂ ਤਾਂ ਨਰੇਨ ਨੇ ਪੀਣਾ ਈ ਛੱਡ ਦਿੱਤਾ ਏ; ਜਿਊਣਾ ਈ ਛੱਡ ਦਿੱਤਾ ਏ।
ਸ਼ਿਵਾਂਗੀ ਸੀ ਵੀ ਬੜੀ ਅਦਭੁੱਤ! ਭਗਵਾਨ ਨੇ ਜਿਵੇਂ ਉਸਨੂੰ ਫੁਰਸਤ ਦੇ ਪਲਾਂ ਵਿਚ ਬਣਾਇਆ ਹੋਵੇ। ਜਿਹੜਾ ਵੀ ਉਸਨੂੰ ਮਿਲਦਾ, ਉਸ ਉੱਤੇ ਲਾਟੂ ਹੋਏ ਬਿਨਾਂ ਨਹੀਂ ਸੀ ਰਹਿ ਸਕਦਾ। 'ਅਸਾਡੀ ਬੀਵੀ ਨੂੰ ਦੇਖ ਕੇ ਜੇ ਕੋਈ ਆਦਮੀ ਦੁਬਾਰਾ ਮੁੜ ਕੇ ਨਹੀਂ ਦੇਖਦਾ, ਤਾਂ ਉਹ ਆਦਮੀ ਨਾਰਮਲ ਨਹੀਂ ਹੋ ਸਕਦਾ ਜੀ।' ਨਰੇਨ ਦਾ ਇਹ ਦਾਅਵਾ ਸੀ। ਪਰ ਸ਼ਿਵਾਂਗੀ ਸਿਰਫ ਸਰੀਰ ਪੱਖੋਂ ਹੀ ਸੁੰਦਰ ਨਹੀਂ ਸੀ; ਉਸਦਾ ਮਨ ਉਸਦੇ ਸਰੀਰ ਨਾਲੋਂ ਕਿਤੇ ਵਧ ਸੁੰਦਰ ਸੀ। ਮੈਂ ਪਹਿਲੀ ਵਾਰੀ ਮੁੰਬਈ ਗਈ ਸਾਂ ਤਾਂ ਨਰੇਨ ਦੇ ਘਰ ਹੀ ਠਹਿਰੀ ਸਾਂ। ਸ਼ਿਵਾਂਗੀ ਨੂੰ ਮਿਲਣ ਪਿੱਛੋਂ ਕੁਛ ਇੰਜ ਮਹਿਸੂਸ ਹੋਇਆ ਸੀ ਜਿਵੇਂ ਮੈਂ ਸ਼ਿਵਾਂਗੀ ਦੀ ਮਿੱਤਰ ਹੋਵਾਂ ਤੇ ਨਰੇਨ ਸਿਰਫ ਮੇਰੀ ਮਿੱਤਰ ਦਾ ਪਤੀ...।
ਸ਼ਿਵਾਂਗੀ ਜੀਵਨ ਦੇ ਹਰ ਖੇਤਰ ਵਿਚ ਇਕ ਸੰਪੂਰਣ ਵਿਅਕਤੀਤਵ ਸੀ।...ਪੜ੍ਹਾਈ, ਰਸੋਈ, ਕਢਾਈ, ਸਾਹਿਤ, ਰਾਜਨੀਤੀ ਤੇ ਬੱਚਿਆਂ ਦੀ ਪਰਵਰਿਸ਼...ਸਭਨਾਂ ਵਿਸ਼ੇਸ਼ਤਾਈਆਂ ਦੀ ਮਲਿਕਾ। ਗਾਰਗਾ ਤੇ ਕੁਣਾਲ ਦੋਵਾਂ ਵਿਚ ਸ਼ਿਵਾਂਗੀ ਦੀ ਝਲਕ ਪੈਂਦੀ ਏ। ਨਰੇਨ ਨੂੰ ਵੀ ਚੰਗਾ ਲੱਗਦਾ ਏ ਕਿ ਉਸਦੇ ਦੋਵਾਂ ਬੱਚਿਆਂ ਦੀ ਸ਼ਕਲ ਵਿਚ ਸ਼ਿਵਾਂਗੀ ਅੱਜ ਵੀ ਜਿਊਂਦੀ ਏ।...ਟਾਮ ਤਾਂ ਦੇਖਣ ਵਿਚ ਅੰਗਰੇਜ਼ ਲੱਗਦਾ ਏ। ਨਰੇਨ ਕਹਿਣੋ ਬਾਅਜ਼ ਨਹੀਂ ਸੀ ਆਇਆ ਕਿ 'ਗੋਰੇ ਬੇਟੇ ਦੀ ਕਾਲੀ ਅੰਮਾਂ, ਅਸੀਂ ਤਾਂ ਤੈਨੂੰ ਪਹਿਲੀ ਮੁਲਾਕਾਤ ਵਿਚ ਟਾਮ ਦੀ ਆਇਆ ਈ ਸਮਝੇ ਸਾਂ। ਉਸ ਹਿਸਾਬ ਨਾਲ ਅਸੀਂ ਵੀ ਉਸਦੇ ਅਰਦਲੀ ਹੋਏ, ਹੈ-ਨਾ?'...ਨਰੇਨ ਅਨੁਸ਼ਾਸ਼ਨ ਦੇ ਮਾਮਲੇ ਵਿਚ ਪੂਰਾ ਸਖ਼ਤ ਏ, ਪਰ ਟਾਮ ਨੂੰ ਪਿਆਰ ਬੜਾ ਕਰਦਾ ਏ।
ਪਿਆਰ ਤਾਂ ਨੇਲਸਨ ਵੀ ਮੈਨੂੰ ਬੜਾ ਕਰਦਾ ਸੀ, ਫੇਰ...ਮੈਂ ਨੇਲਸਨ ਨੂੰ ਛੱਡਣ ਲਈ ਮਜ਼ਬੂਰ ਕਿਉਂ ਹੋ ਗਈ ਸਾਂ?...ਮੈਂ ਵੀ ਤਾਂ ਉਸਨੂੰ ਘੱਟ ਪਿਆਰ ਨਹੀਂ ਸੀ ਕਰਦੀ।...ਨੇਲਸਨ ਦੀ ਇਕ ਮਾਂ ਵੀ ਸੀ। ਉਹ ਮੇਰੇ ਲਈ ਸਦਾ ਇਕ ਅੰਗਰੇਜ਼ ਔਰਤ ਈ ਬਣੀ ਰਹੀ...ਮਾਂ ਨਹੀਂ ਬਣ ਸਕੀ। ...ਤੇ ਨੇਲਸਨ ਕਦੀ ਵੀ ਇਹ ਗੱਲ ਨਹੀਂ ਸਮਝ ਸਕਿਆ ਕਿ ਮੈਂ ਆਪਣੀ ਮਾਂ, ਆਪਣੇ ਪਿਤਾ ਤੇ ਭਰਾਵਾਂ...ਸਾਰਿਆਂ ਨੂੰ ਛੱਡ ਕੇ ਆਈ ਸਾਂ।
ਉਸਦੀ ਮਾਂ ਵਿਧਵਾ ਸੀ।...ਇਹੀ ਉਸਦੀ ਮਾਂ ਦਾ ਸਭ ਤੋਂ ਵੱਡਾ ਹਥਿਆਰ ਸੀ। ਆਪਣੇ ਵਿਧਵਾ ਹੋਣ ਦਾ ਨਾਟਕ ਉਹ ਏਨੀ ਸਫਲਤਾ ਨਾਲ ਕਰਦੀ ਕਿ ਇਸ ਸੰਸਾਰ ਦੀ ਸਭ ਤੋਂ ਵੱਧ ਦੁਖੀ ਔਰਤ ਉਹੀ ਲੱਗਦੀ। ਉਸਦੀ ਦਿਲੀ ਇੱਛਾ ਸੀ ਕਿ ਉਸਦਾ ਪੁੱਤਰ ਕਿਸੇ ਲਾਰਡ ਜਾਂ ਨਾਈਟ ਦਾ ਜਵਾਈ ਬਣੇ। ਪਰ ਉਸਦੇ ਪੁੱਤਰ ਨੇ ਇਕ ਐਕਾਊਂਟੈਂਟ...ਤੇ ਉਤੋਂ ਇਕ ਭਾਰਤੀ ਕੁੜੀ ਨਾਲ ਵਿਆਹ ਕਰ ਲਿਆ ਸੀ। ਨੇਲਸਨ ਦੀ ਮਾਂ ਮੈਨੂੰ ਵਾਰੀ-ਵਾਰੀ ਚੇਤਾ ਕਰਵਾਉਂਦੀ ਰਹਿੰਦੀ ਕਿ ਉਸਦਾ ਪਿਤਾ ਭਾਰਤ ਵਿਚ ਅਫ਼ਸਰ ਹੁੰਦਾ ਸੀ ਤੇ ਉਹਨੀਂ ਦਿਨੀ ਰੇਸਟੋਰੇਂਟ ਵਿਚ ਭਾਰਤੀਆਂ ਤੇ ਕੁੱਤਿਆਂ ਨੂੰ ਅੰਦਰ ਵੜਨ ਦੀ ਇਜਾਜ਼ਤ ਨਹੀਂ ਸੀ ਹੁੰਦੀ।...ਅੱਜ ਇਕ ਭਾਰਤੀ ਉਸਦੀ ਬਹੂ ਸੀ; ਉਸ ਲਈ ਤਾਂ ਇਹ ਇਕ ਡੁੱਬ ਮਰਨ ਵਾਲੀ ਗੱਲ ਸੀ।...ਉਸਨੇ ਆਪਣੇ ਰਿਸ਼ਤੇਦਾਰਾਂ ਨਾਲ ਮਿਲਣਾ-ਜੁਲਣਾ ਤਕ ਬੰਦ ਕਰ ਦਿੱਤਾ ਸੀ।
ਉਸਨੂੰ ਡਰ ਸੀ ਕਿ ਲੋਕ ਕੀ ਕਹਿਣਗੇ।...ਨੇਲਸਨ ਨੇ ਉਸਨੂੰ ਜਿਊਂਦੀ ਨੂੰ ਈ ਮਾਰ ਸੁੱਟਿਆ ਸੀ।
ਨੇਲਸਨ ਦਾ ਤਾਂ ਪਤਾ ਨਹੀਂ। ਪਰ ਮੈਂ ਤਾਂ ਆਪਣੇ ਮਾਤਾ-ਪਿਤਾ ਦੀ ਹੱਤਿਆ ਕਰ ਈ ਦਿੱਤੀ ਸੀ। ਮਾਂ ਨੂੰ ਲਕਵਾ ਹੋ ਗਿਆ ਸੀ, ਪਿਤਾ ਨੂੰ ਦਿਲ ਦਾ ਦੌਰਾ ਪਿਆ ਸੀ। ਉਹਨਾਂ ਦੀ ਤਾਂ ਸਮਝ ਵਿਚ ਈ ਨਹੀਂ ਸੀ ਆ ਰਿਹਾ ਕਿ ਉਹਨਾਂ ਦੀ ਪਰਵਰਿਸ਼ ਵਿਚ ਕਿਹੜੀ ਕਮੀ ਰਹਿ ਗਈ ਸੀ ਜੋ ਦੀਪਾ ਉਹਨਾਂ ਦੇ ਮੂੰਹ 'ਤੇ ਕਾਲਸ ਮਲ਼ ਕੇ ਚਲੀ ਗਈ ਸੀ!...ਮਹੇਸ਼ ਤੇ ਸੁਮੇਸ਼ ਨੇ ਵੀ ਸਦਾ ਲਈ ਮੇਰੇ ਨਾਲੋਂ ਨਾਤਾ ਤੋੜ ਲਿਆ ਸੀ।...ਮੇਰੀ ਰੱਖੜੀ ਤੇ ਭਾਈ-ਦੂਜ ਨੂੰ ਅਨਾਥ ਕਰ ਦਿੱਤਾ ਸੀ, ਉਹਨਾਂ।
ਅਜਿਹੇ ਮਾਹੌਲ ਵਿਚ ਅਸੀਂ ਹਨੀਮੂਨ ਲਈ ਨਿਕਲੇ ਸਾਂ...ਨੇਲਸਨ ਤੇ ਮੈਂ ਖ਼ੁਦ ਭਾਰਤ ਜਾਣ ਲਈ ਖਾਸੇ ਉਤਸੁਕ ਸਾਂ।...ਸਾਡਾ ਸਫ਼ਰ ਦਿੱਲੀ ਤੋਂ ਸ਼ੁਰੂ ਹੋ ਕੇ ਆਗਰਾ, ਜੈਪੁਰ, ਕਸ਼ਮੀਰ, ਗੋਆ, ਊਟੀ ਤੋਂ ਹੁੰਦਾ ਹੋਇਆ ਕੰਨਿਆਕੁਮਾਰੀ ਤੇ ਜਾ ਕੇ ਸਮਾਪਤ ਹੋਇਆ ਸੀ।...ਹਰ ਸ਼ਹਿਰ ਵਿਚ ਪੰਜ ਸਿਤਾਰਾ ਹੋਟਲ ਵਿਚ ਈ ਰੱਖਿਆ ਸੀ ਮੈਨੂੰ।...
ਨਰੇਨ ਨਾਲ ਵਿਆਹ ਹੋਇਆਂ ਤਾਂ ਦਸ ਮਹੀਨੇ ਹੋ ਗਏ ਨੇ...ਪਰ ਹੁਣ ਤੀਕ ਅਸੀਂ ਇਕੱਠਿਆਂ ਨੇ ਇਕ ਫ਼ਿਲਮ ਵੀ ਨਹੀਂ ਦੇਖੀ। ਹਨੀਮੂਨ ਬਾਰੇ ਵੀ ਨਰੇਨ ਦੀ ਇਕ ਵੱਖਰੀ ਈ ਵਿਚਾਰਧਾਰਾ ਏ...'ਹਨੀਮੂਨ ਜੀਵਨ ਵਿਚ ਇਕੋ ਵਾਰੀ ਮਨਾਇਆ ਜਾਂਦਾ ਏ, ਉਹ ਤੂੰ ਵੀ ਮਨਾਅ ਚੁੱਕੀ ਏਂ ਤੇ ਮੈਂ ਵੀ।...ਘਰ ਵਿਚ ਇਕ ਜਵਾਨ ਬੱਚੀ ਏ। ਸਾਨੂੰ ਆਪਣੇ ਵਤੀਰੇ ਨੂੰ ਸੰਜਮੀ ਤੇ ਵੱਡੇ ਬਜੂਰਗਾਂ ਵਰਗਾ ਬਨਾਉਣਾ ਚਾਹੀਦਾ ਏ। ਬੱਚਿਆਂ ਦੇ ਲਈ ਅਸੀਂ ਵੱਡੇ ਆਂ; ਬੱਚੇ ਨਹੀਂ।'
ਨਰੇਨ ਮੇਰੀ ਦਿੱਕਤ ਨੂੰ ਸਮਝਦਾ ਨਹੀਂ, ਇਹ ਕਹਿਣਾ ਤਾਂ ਗਲਤ ਹੋਵੇਗਾ।...ਪਰ ਆਪਣੀ ਤਰਕ ਸ਼ਕਤੀ ਨਾਲ ਮੇਰੀ ਹਰ ਖ਼ਾਹਿਸ਼ ਦਾ ਗਲ਼ਾ ਘੁੱਟ ਦੇਂਦਾ ਏ। ਮੈਂ ਸੋਚਦੀ ਆਂ ਸ਼ਿਵਾਂਗੀ ਮਰੀ ਏ, ਮੈਂ ਤਾਂ ਜਿਊਂਦੀ ਆਂ। ਮੈਨੂੰ ਕਿਉਂ ਜਿਊਂਦਿਆਂ ਮਾਰ ਦੇਣਾ ਚਾਹੁੰਦਾ ਏ?...ਨਰੇਨ ਦਸ ਚੀਜ਼ਾਂ ਗਿਣਵਾ ਦੇਂਦਾ ਏ ਕਿ ਦੇਖ ਤੇਰੇ ਲਈ ਅਹਿ ਕੀਤਾ, ਔਹ ਕੀਤਾ, ਇੰਜ ਕੀਤਾ, ਓਂਜ ਕੀਤਾ।...ਜੋ ਕਹਿ ਰਿਹਾ ਹੁੰਦਾ ਏ; ਉਹ ਸਭ ਉਸਨੇ ਕੀਤਾ ਵੀ ਏ। ਪਰ ਕੀ ਉਹੀ ਜੀਵਨ ਏਂ?
ਨਰੇਨ ਨੂੰ ਜਦੋਂ ਪਤਾ ਲੱਗਿਆ ਸੀ ਕਿ ਸ਼ਿਵਾਂਗੀ ਨੂੰ ਛਾਤੀ ਦਾ ਕੈਂਸਰ ਏ, ਉਦੋਂ ਉਸਨੇ ਸਭ ਤੋਂ ਪਹਿਲਾਂ ਮੈਨੂੰ ਈ ਖ਼ਬਰ ਕੀਤੀ ਸੀ। ਸ਼ਿਵਾਂਗੀ ਦੀ ਖੱਬੀ ਛਾਤੀ ਕੱਟ ਦਿੱਤੀ ਗਈ। ਉਸਦੇ ਤਿੰਨ ਮਹੀਨੇ ਬਾਅਦ ਈ ਸੱਜਾ ਥਣ ਵੀ ਕੈਂਸਰ ਦੀ ਭੇਂਟ ਚੜ੍ਹ ਗਿਆ।...ਮੈਂ ਸੋਚ-ਸੋਚ ਕੇ ਹੈਰਾਨ ਹੁੰਦੀ ਰਹਿੰਦੀ ਕਿ ਬਿਨਾਂ ਛਾਤੀਆਂ ਵਾਲੀ ਸ਼ਿਵਾਂਗੀ ਨਾਲ ਨਰੇਨ ਪਿਆਰ ਕਿੰਜ ਕਰ ਲੈਂਦਾ ਏ! ਕੈਂਸਰ ਦੇ ਭਿਆਨਕ ਨਾਂਅ ਨੇ ਮੈਨੂੰ ਮਜ਼ਬੂਰ ਕਰ ਦਿੱਤਾ ਸੀ ਕਿ ਮੈਂ ਸ਼ਿਵਾਂਗੀ ਨੂੰ ਮਿਲਣ ਮੁੰਬਈ ਜਾਵਾਂ...ਸੋ ਟਾਮ ਨੂੰ ਨਾਲ ਲੈ ਕੇ ਨਰੇਨ ਦੇ ਘਰ ਜਾ ਪਹੁੰਚੀ ਸਾਂ। ਘਰ ਦੇ ਦਰਵਾਜ਼ੇ ਦੇ ਬਾਹਰ ਨਵੀਂ ਨਾਮ-ਫੱਟੀ ਲੱਗੀ ਹੋਈ ਸੀ...'ਨਰੇਨ ਤੇ ਸ਼ਿਵਾਂਗੀ ਦਾ ਸੁਖ-ਆਲ੍ਹਣਾ।' ਮਨ ਵਿਚ ਕਿਤੇ ਇਕ ਚੀਸ ਜਿਹੀ ਉਠੀ ਕਿ ਕੋਈ ਕਿਸੇ ਨੂੰ ਏਨਾ ਪਿਆਰ ਕਿੰਜ ਕਰ ਸਕਦਾ ਏ?...ਤੇ ਪਿਆਰ ਦੇ ਇਜ਼ਹਾਰ ਦਾ ਏਨਾ ਖ਼ੂਬਸੂਰਤ ਤਰੀਕਾ!
ਸ਼ਿਵਾਂਗੀ ਮੇਰੇ ਗਲ਼ ਲੱਗ ਕੇ ਬੜੀ ਰੋਈ ਸੀ। ਮੈਂ ਸ਼ਿਵਾਂਗੀ ਨੂੰ ਪਹਿਲੀ ਵੇਰ ਰੋਂਦਿਆਂ ਦੇਖਿਆ ਸੀ। 'ਦੀਪਾ, ਹੁਣ ਤਾਂ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਰਿਹਾ, ਪਤਾ ਨਹੀਂ ਕਦੋਂ ਬੁਲਾਵਾ ਆ ਜਾਵੇ। ਗਾਰਗੀ ਤੇ ਕੁਣਾਲ ਨੂੰ ਤੇਰੇ ਹਵਾਲੇ ਕਰਕੇ ਜਾ ਰਹੀ ਆਂ। ਮੇਰੇ ਬਾਅਦ ਇਹਨਾਂ ਦੀ ਦੇਖਭਾਲ ਤੈਨੂੰ ਈ ਕਰਨੀ ਪਏਗੀ।'
'ਸ਼ਿਵਾਂਗੀ, ਨਰੇਨ ਨੂੰ ਪੂਰਾ ਵਿਸ਼ਵਾਸ ਏ ਕਿ ਤੂੰ ਠੀਕ ਹੋ ਜਾਵੇਂਗੀ। ਜਿਸ ਵਿਸ਼ਵਾਸ ਨਾਲ ਉਹ ਤੇਰਾ ਇਲਾਜ਼ ਕਰਵਾ ਰਿਹਾ ਏ, ਉਸ ਨਾਲ ਮੇਰੇ ਮਨ ਵਿਚ ਵਿਸ਼ਵਾਸ ਦੀ ਕਲੀ ਫੁੱਟ ਪਈ ਏ।...ਤੂੰ ਬਿਲਕੁਠ ਠੀਕ-ਠਾਕ ਹੋ ਜਾਵੇਂਗੀ।'
'ਹੁਣ ਠੀਕ ਹੋ ਕੇ ਵੀ ਕੀ ਕਰਾਂਗੀ?...ਲੱਗਦਾ ਏ, ਸਾਰੀ ਦੁਨੀਆਂ ਮੇਰੀਆਂ ਸਪਾਟ ਛਾਤੀਆਂ ਨੂੰ ਈ ਦੇਖ ਰਹੀ ਏ।...ਬਿਲਕੁਲ ਅਧੂਰੀ ਹੋ ਗਈ ਆਂ ਮੈਂ।...ਇਹਨਾਂ ਛਾਤੀਆਂ ਦੀ ਤਾਰੀਫ਼ ਵਿਚ ਨਰੇਨ ਕਵਿਤਾ ਲਿਖਣ ਲਈ ਮਜ਼ਬੂਰ ਹੋ ਜਾਂਦੇ ਸਨ...ਅੱਜ ਤਾਂ ਉਹਨਾਂ ਨਾਲ ਅੱਖਾਂ ਮਿਲਉਣ ਦੀ ਹਿੰਮਤ ਵੀ ਨਹੀਂ ਹੁੰਦੀ।'
'ਕੀ ਨਰੇਨ ਨੇ ਕਦੀ ਤੇਰੀਆਂ ਛਾਤੀਆਂ ਬਾਰੇ ਕੁਝ ਕਿਹਾ ਏ?'
'ਉਹ ਕੀ ਕਹਿਣਗੇ!...ਉਹ ਤਾਂ ਮੈਨੂੰ ਏਨਾ ਪਿਆਰ ਕਰਦੇ ਨੇ ਕਿ ਜੇ ਸਾਰੀ ਉਮਰ ਬਿਸਤਰੇ 'ਤੇ ਪਈ ਰਹਾਂ, ਤਾਂ ਵੀ ਉਹਨਾਂ ਦੇ ਮੱਥੇ ਵੱਟ ਨਹੀਂ ਪਏਗਾ।...ਪਰ, ਮੈਂ ਵੀ ਤਾਂ ਉਹਨਾਂ ਨੂੰ ਪਿਆਰ ਕਰਦੀ ਆਂ।...ਜਾਣਦੀ ਆਂ, ਸਿਰਫ ਦੇਖਣ ਨਾਲ ਈ ਪਿਆਰ ਦੀ ਭੁੱਖ ਨਹੀਂ ਮਿਟ ਜਾਂਦੀ...ਸ਼ਰੀਰ ਦੀ ਆਪਣੀ ਲੋੜ ਹੁੰਦੀ ਏ।...ਉਹ ਆਦਮੀ ਸਾਰੀ ਉਮਰ ਮੇਰੇ ਸ਼ਰੀਰ ਨਾਲ ਸੰਬੰਧ ਨਾ ਬਣਾਅ ਸਕਿਆ, ਤਾਂ ਵੀ ਸ਼ਿਕਾਇਤ ਨਹੀਂ ਕਰੇਗਾ।...ਮੈਂ ਬਸ ਇਕ ਨਜ਼ਰ ਪਿਆਰ ਨਾਲ ਦੇਖ ਲਵਾਂ ਤਾਂ ਸੰਭੋਗ ਦਾ ਆਨੰਦ ਆ ਜਾਂਦਾ ਏ ਉਸਨੂੰ।...ਮੇਰੀ ਕੋਈ ਅਜਿਹੀ ਸਹੇਲੀ ਵੀ ਨਹੀਂ ਜਿਹੜੀ ਨਰੇਨ ਦੇ ਕੰਮ ਆ ਸਕੇ।' ਸ਼ਿਵਾਂਗੀ ਰੋ ਪਈ।
ਏਨੀ ਵੱਡੀ ਗੱਲ ਤੇ ਸ਼ਿਵਾਂਗੀ ਏਨੀ ਸਹਿਜਤਾ ਨਾਲ ਕਹਿ ਗਈ। ਜੇ ਮੈਨੂੰ ਪਤਾ ਹੁੰਦਾ ਕਿ ਨੇਲਸਨ ਦਾ ਕਿਸੇ ਦੂਜੀ ਔਰਤ ਨਾਲ ਸੰਬੰਧ ਏ ਤਾਂ ਮੈਂ ਤਾਂ ਨੇਲਸਨ ਦਾ ਜਿਊਣਾ ਈ ਦੁੱਭਰ ਕਰ ਦੇਂਦੀ।...ਤੇ ਇਹ ਔਰਤ ਆਪਣੀ ਕਿਸੇ ਸਹੇਲੀ ਨੂੰ ਲੱਭ ਰਹੀ ਏ, ਜਿਹੜੀ ਬਿਸਤਰੇ ਵਿਚ ਉਸਦੇ ਪਤੀ ਦੇ ਕੰਮ ਆ ਸਕੇ। ਮਨ ਵਿਚ ਆਇਆ ਸੀ ਕਿ ਕਹਿ ਦਿਆਂ...“ਮੈਂ ਹਾਂ ਨਾ।” ਪਰ ਕਹਿ ਸਕਣਾ ਏਡਾ ਆਸਾਨ ਨਹੀਂ ਸੀ।...ਹੁਣ ਗਾਰਗੀ ਤੇ ਕੁਣਾਲ ਮੇਰੇ ਨਾਲ ਵਧੇਰੇ ਜੁੜਨ ਲੱਗ ਪਏ ਸਨ। ਜਿੰਨੇ ਦਿਨ ਮੁੰਬਈ ਵਿਚ ਰਹੀ, ਮੈਂ ਉਹਨਾਂ ਨੂੰ ਆਪਣੇ ਨਾਲ ਬਾਹਰ ਲੈ ਜਾਂਦੀ ਰਹੀ। ਉਹ ਦੋਵੇਂ ਈ ਟਾਮ ਨੂੰ ਬੜਾ ਪਿਆਰ ਕਰਨ ਲੱਗ ਪਏ ਸਨ। ਨਰੇਨ ਆਪਣੀ ਸ਼ਿਵਾਂਗੀ ਕੋਲ ਬੈਠਾ ਰਹਿੰਦਾ ਸੀ।
ਅਗਲੀ ਵਾਰੀ ਨਰੇਨ ਲੰਦਨ ਆਇਆ ਤਾਂ ਸ਼ਿਵਾਂਗੀ ਨੇ ਹਰੇ ਰੰਗ ਦੇ ਕੱਚ ਦੀਆਂ ਚੂੜੀਆਂ ਭੇਜੀਆਂ ਸਨ। ਮੈਨੂੰ ਲੱਗਿਆ ਸੀ ਜਿਵੇਂ ਸ਼ਿਵਾਂਗੀ ਨੇ ਆਪਣੀ ਮੁੰਬਈ ਵਾਲੀ ਗੱਲ ਫੇਰ ਚੇਤੇ ਕਰਵਾਈ ਹੋਵੇ।...ਰਾਤ ਦੇ ਖਾਣੇ ਪਿੱਛੋਂ ਮੈਂ ਨਰੇਨ ਨੂੰ ਹੋਟਲ ਨਹੀਂ ਸੀ ਜਾਣ ਦਿੱਤਾ...ਘਰੇ ਰੋਕ ਲਿਆ ਸੀ। ਉਸ ਰਾਤ ਮੈਂ ਸ਼ਿਵਾਂਗੀ ਦੀਆਂ ਚੂੜੀਆਂ ਦੀ ਲਾਜ ਰੱਖ ਲਈ ਤੇ ਉਸਦੀ ਅਜਿਹੀ ਸਹੇਲੀ ਬਣ ਗਈ ਜਿਹੜੀ ਉਸਦੇ ਪਤੀ ਦੇ ਕੰਮ ਆ ਸਕੇ। ਨੇਲਸਨ ਨਾਲੋਂ ਵੱਖ ਹੋਣ ਪਿੱਛੋਂ ਮੈਂ ਪਹਿਲੀ ਵਾਰੀ ਕਿਸੇ ਮਰਦ ਦੇ ਸਰੀਰ ਨੂੰ ਛੂਹਿਆ ਸੀ। ਦੋਵਾਂ ਨੂੰ ਇਕ ਵਚਿੱਤਰ ਜਿਹੀ ਤ੍ਰਿਪਤੀ ਦਾ ਅਹਿਸਾਸ ਹੋਇਆ ਸੀ।...ਤੇ ਮਨ ਵਿਚ ਕਿਸੇ ਪਾਪ ਦਾ ਅਹਿਸਾਸ ਵੀ ਨਹੀਂ ਸੀ।
ਹਾਂ, ਅੰਦਰ ਕਿਤੇ ਇਕ ਸ਼ੱਕ ਉਭਰਿਆ ਸੀ।...ਨਰੇਨ ਤਾਂ ਮੈਨੂੰ ਪਿਆਰ ਨਹੀਂ ਕਰਦਾ। ਫੇਰ ਮੇਰੇ ਨਾਲ ਹਮ-ਬਿਸਤਰ ਹੋਣ ਲਈ ਤਿਆਰ ਕਿਵੇਂ ਹੋ ਗਿਆ?...ਪਰ ਉਹਨਾਂ ਕੁਝ ਛਿਣਾ ਦਾ ਆਨੰਦ ਏਨਾ ਸੰਪੂਰਣ ਸੀ ਕਿ ਇਸ ਬੇਕਾਰ ਜਿਹੇ ਸਵਾਲ ਨੂੰ ਸਿਰ ਚੁੱਕਣ ਦਾ ਮੌਕਾ ਨਹੀਂ ਸੀ ਮਿਲਿਆ।
ਹੁਣ ਮੈਂ ਨਰੇਨ ਦੇ ਲੰਦਨ ਆਉਣ ਦੀ ਉਡੀਕ ਕਰਦੀ ਰਹਿੰਦੀ ਸਾਂ। ਨਰੇਨ ਦੇ ਲੰਦਨ ਆਉਣ ਦਾ ਅਰਥ ਸੀ...ਮੈਂ ਦਫ਼ਤਰ ਨਹੀਂ ਜਾਵਾਂਗੀ। ਗੱਲ ਸ਼ਿਵਾਂਗੀ ਦੀ ਸਹੇਲੀ ਬਣੀ ਰਹਿਣ ਤਕ ਸੀਮਿਤ ਨਹੀਂ ਸੀ ਰਹੀ...ਹੁਣ ਮੈਂ ਨਰੇਨ ਦੀ ਵੀ ਸਖੀ ਬਣਨਾ ਚਾਹੁੰਦੀ ਸਾਂ।...ਪਰ ਨਰੇਨ ਦਾ ਵਿਹਾਰ ਮੇਰੇ ਲਈ ਖਾਸ 'ਕੈਲਕੂਲੇਟਿਵ' ਸੀ!...ਉਹ ਆਪਣੇ ਪਿਆਰ ਦਾ ਇਜ਼ਹਾਰ ਖੁੱਲ੍ਹ ਕੇ ਨਹੀਂ ਸੀ ਕਰਦਾ...ਦੱਬਵੀਂ ਆਵਾਜ਼ ਵਿਚ ਵੀ ਕਿੱਥੇ ਕਰਦਾ ਸੀ!...ਅੰਤਮ ਛਿਣਾ ਦੇ ਵੇਗ ਵਿਚ ਵੀ ਕਦੀ ਉਸਦੇ ਮੂੰਹੋਂ ਨਹੀਂ ਸੀ ਨਿਕਲਿਆ, 'ਆਈ ਲਵ ਯੂ।'...ਫੇਰ ਵੀ ਇਕ ਗੱਲ ਦੀ ਤਸੱਲੀ ਸੀ ਕਿ ਸਾਡੇ ਦੋਵਾਂ ਵਿਚਕਾਰ ਕਦੀ ਸ਼ਿਵਾਂਗੀ ਆ ਕੇ ਖੜ੍ਹੀ ਨਹੀਂ ਸੀ ਹੋਈ।
ਸ਼ਿਵਾਂਗੀ ਜਦੋਂ ਜਿਊਂਦੀ ਸੀ, ਸਾਡੇ ਵਿਚਕਾਰ ਕਦੀ ਨਹੀਂ ਸੀ ਆਈ। ਪਰ ਮਰਨ ਪਿੱਛੋਂ ਮੇਰੀ ਸਭ ਤੋਂ ਚੰਗੀ ਸਹੇਲੀ, ਮੇਰੀ ਦੁਸ਼ਮਣ ਕਿਉਂ ਬਣਦੀ ਜਾ ਰਹੀ ਏ?...ਮੀਂਹ ਵਿਚ ਮਾਹੀ ਨਾਲ ਭਿੱਜਣ ਦਾ ਆਨੰਦ ਈ ਕੁਝ ਹੋਰ ਹੁੰਦਾ ਏ। ਪਰ ਨਰੇਨ ਮੀਂਹ ਵਿਚ ਭਿੱਜਦਿਆਂ ਹੋਇਆਂ ਵੀ; ਮੇਰੇ ਨਾਲ ਹੁੰਦਿਆਂ ਹੋਇਆਂ ਵੀ; ਮੈਨੂੰ ਇਕੱਲੀ ਛੱਡ ਕੇ ਸ਼ਿਵਾਂਗੀ ਦੇ ਨਾਲ ਹੋ ਲੈਂਦਾ ਏ। ਮਨ ਇਕੋ ਸਵਾਲ ਵਾਰੀ-ਵਾਰੀ ਪੁੱਛਦਾ ਏ ਕਿ ਮੇਰੇ ਦੋ-ਦੋ ਪਤੀ ਜਿਊਂਦੇ ਨੇ, ਮੈਂ ਫੇਰ ਵੀ ਇਕੱਲੀ ਆਂ ਤੇ ਸ਼ਿਵਾਂਗੀ ਇਸ ਦੁਨੀਆਂ ਵਿਚ ਨਹੀਂ, ਫੇਰ ਵੀ ਉਹਦਾ ਪਤੀ ਮੇਰੇ ਆਸ-ਪਾਸ ਦਿਖਾਈ ਦਿੰਦਾ ਰਹਿੰਦਾ ਏ!
--- --- ---

No comments:

Post a Comment