Saturday, May 14, 2011

05. ਪਾਪਾ ਦੀ ਸਜ਼ਾ

05. ਪਾਪਾ ਦੀ ਸਜ਼ਾ

ਪਾਪਾ ਨੇ ਇੰਜ ਕਿਉਂ ਕੀਤਾ ਹੋਏਗਾ?
ਉਸ ਸਮੇਂ ਉਹਨਾਂ ਦੇ ਮਨ ਵਿਚ ਕਿਸ ਤਰ੍ਹਾਂ ਦਾ ਤੂਫ਼ਾਨ ਉਠ ਰਿਹਾ ਹੋਏਗਾ? ਜਿਸ ਔਰਤ ਨਾਲ ਉਹਨਾਂ ਸੈਂਤੀ ਸਾਲ ਲੰਮਾਂ ਵਿਆਹੁਤਾ-ਜੀਵਨ ਬਿਤਾਇਆ; ਜਿਸਨੂੰ ਆਪਣੇ ਨਾਲੋਂ ਵੀ ਵੱਧ ਪਿਆਰ ਕੀਤਾ; ਭਲਾ ਉਸਦੀ ਜਾਨ ਆਪਣੇ ਹੱਥੀਂ ਕਿੰਜ ਲਈ ਹੋਏਗੀ? ਪਰ ਇਹ ਸੱਚ ਸੀ...ਮੇਰੇ ਪਾਪਾ ਨੇ ਮੇਰੀ ਮਾਂ ਦੀ ਹੱਤਿਆ, ਉਸਦਾ ਗਲ਼ਾ ਘੁੱਟ ਕੇ, ਆਪਣੇ ਹੱਥੀਂ ਕੀਤੀ ਸੀ।
ਸੱਚ ਤਾਂ ਇਹ ਹੈ ਕਿ ਪਾਪਾ ਵੱਲੋਂ ਮੈਂ ਤੇ ਮੰਮੀ ਕਾਫੀ ਅਰਸੇ ਤੋਂ ਪਰੇਸ਼ਾਨ ਸਾਂ। ਉਹਨਾਂ ਦੇ ਦਿਮਾਗ਼ ਵਿਚ ਇਹ ਗੱਲ ਬੈਠ ਗਈ ਸੀ ਕਿ ਉਹਨਾਂ ਦੇ ਪੇਟ ਵਿਚ ਕੈਂਸਰ ਹੈ ਤੇ ਉਹ ਕੁਝ ਦਿਨਾਂ ਦੇ ਹੀ ਮਹਿਮਾਨ ਨੇ। ਡਾਕਟਰ ਕੋਲ ਜਾਣ ਤੋਂ ਵੀ ਡਰਦੇ ਸਨ। ਕਿਤੇ ਡਾਕਟਰ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ, ਤਾਂ ਕੀ ਹੋਏਗਾ? ਪਾਪਾ ਦੇ ਛੋਟੇ ਭਰਾ ਜਾਨ ਅੰਕਲ ਨੂੰ ਵੀ ਪੇਟ ਦਾ ਕੈਂਸਰ ਹੋਇਆ ਸੀ। ਬਸ ਦੋ ਮਹੀਨਿਆਂ ਵਿਚ ਹੀ ਚੱਲ ਵੱਸੇ ਸਨ। ਜਾਨ ਅੰਕਲ ਪੰਜ ਫੁੱਟ ਗਿਆਰਾਂ ਇੰਚ ਲੰਮੇ ਸਨ; ਪਰ ਮੌਤ ਸਮੇਂ ਲੱਗਦਾ ਸੀ ਜਿਵੇਂ ਸਾਢੇ ਤਿੰਨ ਫੁੱਟ ਦੇ ਰਹਿ ਗਏ ਹੋਣ। ਕੀਮੋਥਿਰੇਪੀ ਕਾਰਨ ਵਾਲ ਝੜ ਗਏ ਸਨ, ਕੁਝ ਖਾ ਨਾ ਸਕਣ ਕਰਕੇ ਬੜੇ ਕਮਜ਼ੋਰ ਹੋ ਗਏ ਸਨ...ਬਸ ਇਕ ਹੱਡੀਆਂ ਦਾ ਪਿੰਜਰ ਨਜ਼ਰ ਆਉਣ ਲੱਗ ਪਏ ਸਨ। ਉਹਨਾਂ ਦੀ ਦਰਦਨਾਕ ਹਾਲਤ ਨੇ ਪਾਪਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ...ਸਾਰੀ ਸਾਰੀ ਰਾਤ ਸੌਂ ਨਹੀਂ ਸੀ ਸਕਦੇ ਉਹ। 
ਪਾਪਾ ਨੂੰ ਹਸਪਤਾਲ ਜਾਣ ਤੋਂ ਬੜਾ ਡਰ ਲੱਗਦਾ ਹੈ। ਉਹਨਾਂ ਨੂੰ ਇਸ ਨਾਂਅ ਤੋਂ ਹੀ ਦਹਿਸ਼ਤ ਹੋਣ ਲੱਗ ਪੈਂਦੀ ਹੈ। ਉਹਨਾਂ ਦੀ ਮਾਂ ਹਸਪਤਾਲ ਗਈ; ਜਿਊਂਦੀ ਵਾਪਸ ਨਹੀਂ ਆਈ। ਪਿਤਾ ਗਏ; ਉਹਨਾਂ ਦੀ ਵੀ ਲਾਸ਼ ਹੀ ਆਈ। ਭਰਾ ਦੀ ਅੰਤਮ ਸਥਿਤੀ ਨੇ ਤਾਂ ਪਾਪਾ ਨੂੰ ਤੋੜ ਕੇ ਹੀ ਰੱਖ ਦਿੱਤਾ ਸੀ। ਸ਼ਾਇਦ ਇਸੇ ਲਈ ਖ਼ੁਦ ਹਸਪਤਾਲ ਨਹੀਂ ਜਾਣਾ ਚਾਹੁੰਦੇ ਸਨ ਉਹ। ਪਰ ਇਹ ਡਰ ਦਿਮਾਗ਼ ਦੇ ਅੰਦਰ ਤਕ ਬੈਠ ਗਿਆ ਸੀ ਕਿ ਉਹਨਾਂ ਨੂੰ ਪੇਟ ਦਾ ਕੈਂਸਰ ਹੈ। ਪੇਟ ਵਿਚ ਪੀੜ ਵੀ ਤਾਂ ਡਾਢੀ ਹੁੰਦੀ ਹੁੰਦੀ ਸੀ। ਐਲੋਪੈਥੀ ਦੀਆਂ ਦਵਾਈਆਂ ਤੋਂ ਪਾਪਾ ਦਾ ਵਿਸ਼ਵਾਸ ਉੱਡ ਚੁੱਕਿਆ ਸੀ। ਉਹਨਾਂ ਪਲਾਂ ਵਿਚ ਬਸ ਮੰਮੀ ਪੇਟ ਉੱਤੇ ਕੁਝ ਮਲ ਦਿੰਦੀ, ਜਾਂ ਫੇਰ ਹੋਮੀਓਪੈਥੀ ਦੀ ਕੋਈ ਦਵਾਈ ਦੇ ਦਿੰਦੀ। ਦਰਦ ਰੁਕਣ ਵਿਚ ਨਾ ਆਉਂਦਾ, ਪਾਪਾ ਪੇਟ ਫੜ੍ਹ ਕੇ ਦੋਹਰੇ-ਤੀਹਰੇ ਹੁੰਦੇ ਰਹਿੰਦੇ।
ਮੰਮੀ ਆਪਣੇ ਅੱਥਰੂ ਨਾ ਰੋਕ ਸਕਦੀ ਤਾਂ ਮਦਰ ਮੇਰੀ ਦੀ ਫ਼ੋਟੋ ਸਾਹਮਣੇ ਜਾ ਕੇ ਰੋ ਲੈਂਦੀ। ਉਹ ਚਰਚ ਜਾ ਕੇ ਪਾਦਰੀ ਨੂੰ ਵੀ ਮਿਲ ਆਈ ਸੀ; ਉਸਨੂੰ ਲੱਗਦਾ ਸੀ ਕਿ ਸ਼ਾਇਦ ਪਾਪਾ ਉੱਤੇ ਕਿਸੇ ਪ੍ਰੇਤ-ਆਤਮਾ ਦਾ ਪ੍ਰਛਾਵਾਂ ਹੈ। ਪਰ ਮੈਨੂੰ ਕਦੀ ਕਦੀ ਮਹਿਸੂਸ ਹੁੰਦਾ ਸੀ ਕਿ ਪਾਪਾ ਕਿਸੇ ਮਾਨਸਿਕ ਰੋਗ ਦੇ ਸ਼ਿਕਾਰ ਹੋ ਗਏ ਨੇ। ਇਕ ਵਾਰੀ ਮੈਂ ਮੰਮੀ ਨੂੰ ਕਿਹਾ ਵੀ, ਪਰ ਉਸਨੇ ਅਜਿਹਾ ਮੂੰਹ ਬਣਾਇਆ ਕਿ ਮੈਂ ਚੁੱਪ ਕਰ ਗਈ। ਜਿਸ ਜ਼ਮਾਨੇ ਦੀ ਮੰਮੀ ਹੈ, ਉਸ ਜ਼ਮਾਨੇ ਦੇ ਲੋਕ ਮਾਨਸਿਕ ਰੋਗ ਨੂੰ ਸਿੱਧਾ ਪਾਗ਼ਲਪਨ ਨਾਲ ਜੋੜ ਬਹਿੰਦੇ ਨੇ...ਤੇ ਕਿਸੇ ਆਪਣੇ ਨੂੰ ਪਾਗ਼ਲ ਸਮਝਣਾ ਉਹਨਾਂ ਦੇ ਬੂਤੇ ਤੋਂ ਬਾਹਰ ਦੀ ਗੱਲ ਹੁੰਦੀ ਹੈ।
ਪਾਪਾ ਦੀਆਂ ਹਰਕਤਾਂ ਦਿਨੋਂ-ਦਿਨ ਅਜੀਬ ਹੁੰਦੀਆਂ ਜਾ ਰਹੀਆਂ ਸਨ...ਹਰ ਵੇਲੇ ਬਸ ਆਤਮ-ਹੱਤਿਆ ਬਾਰੇ ਹੀ ਸੋਚਦੇ ਰਹਿੰਦੇ। ਸੁਭਾਅ ਵਿਚ ਇਕ ਓਪਰੀ ਜਿਹੀ ਬੇਚੈਨੀ ਤੇ ਕਾਹਲਾਪਨ ਸਾਫ ਦਿਖਾਈ ਦੇਣ ਲੱਗ ਪਏ ਸਨ। ਪਾਪਾ ਨੇ ਗੈਰਾਜ ਨੂੰ ਆਪਣੀ ਵਰਕਸ਼ਾਪ ਬਣਾਇਆ ਹੋਇਆ ਸੀ...ਆਪਣੇ ਸੰਦਾਂ ਤੇ ਔਜ਼ਾਰਾਂ ਨੂੰ ਪੈਕ ਕਰਕੇ, ਤਰਤੀਬ ਨਾਲ ਰੱਖਦੇ ਰਹਿੰਦੇ, ਕਈਆਂ ਨੂੰ ਤਾਂ ਹੁਣ ਸੁੱਟਣ ਵੀ ਲੱਗ ਪਏ ਸਨ। ਦਰਅਸਲ ਹੁਣ ਪਾਪਾ ਨੇ ਆਪਣੀਆਂ ਬਹੁਤ ਸਾਰੀਆਂ ਕੰਮ ਦੀਆਂ ਚੀਜਾਂ ਵੀ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਸਨ...ਜਿਵੇਂ ਜੀਵਨ ਨਾਲੋਂ ਮੋਹ ਘਟ ਰਿਹਾ ਹੋਏ। ਪਹਿਲਾਂ ਹਰੇਕ ਚੀਜ ਨੂੰ ਸਾਂਭ-ਸਾਂਭ ਰੱਖਣ ਵਾਲੇ ਪਾਪਾ, ਹੁਣ ਚਿੜ ਕੇ ਚੀਕਣ ਲੱਗ ਪੈਂਦੇ, “ਅਹਿ ਕੂੜਾ ਘਰੋਂ ਬਾਹਰ ਸੁੱਟੋ...”
ਮੰਮੀ ਦਹਿਸ਼ਤ ਵੱਸ ਕੰਬ ਜਾਂਦੀ; ਉਸਦੀ ਸਮਝ ਵਿਚ ਨਹੀਂ ਸੀ ਆਉਂਦਾ ਕਿ ਕਿਹੜਾ ਕੂੜਾ ਹੈ, ਤੇ ਕਿਹੜੀ ਕੰਮ ਦੀ ਚੀਜ...। ਕਈ ਵਾਰੀ ਤਾਂ ਡਰ ਵੀ ਲੱਗਦਾ ਕਿ ਹਿਰਖੇ ਹੋਏ ਪਾਪਾ ਕਿਤੇ ਮਾਂ ਨੂੰ ਕੁੱਟਣ ਹੀ ਨਾ ਲੱਗ ਪੈਣ। ਪਰ ਮਾਂ ਇਸ ਬੁਢਾਪੇ ਦੇ ਪਰੀਵਰਤਨ ਨੂੰ ਸਮਝਣ ਦੇ ਜਤਨ ਕਰਦੀ ਰਹਿੰਦੀ। ਮਾਂ ਨੂੰ ਬਾਈਬਲ ਵਿਚ ਪੂਰਾ ਵਿਸ਼ਵਾਸ ਸੀ ਤੇ ਅੱਜਕਲ੍ਹ ਤਾਂ ਉਹ ਵਿਸ਼ਵਾਸ ਹੋਰ ਵੀ ਪੱਕਾ ਹੁੰਦਾ ਜਾ ਰਿਹਾ ਸੀ...ਆਪਣੇ ਪਤੀ ਨੂੰ ਗਲਤ ਮੰਨ ਵੀ ਕਿੰਜ ਸਕਦੀ ਸੀ ਉਹ? ਕਦੀ ਕਦੀ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪੈਂਦੀ। ਯੀਸ਼ੂ ਨੂੰ ਪੁੱਛਣ ਬੈਠ ਜਾਂਦੀ ਕਿ ਆਖ਼ਰ ਉਸਦਾ ਕਸੂਰ ਕੀ ਹੈ! ਉਤਰ ਨਾ ਕਦੀ ਮਿਲਿਆ, ਨਾ ਕਦੀ ਉਸ ਆਸ ਹੀ ਕੀਤੀ।
ਪਾਪਾ ਬੁੜਬੁੜ ਕਰਦੇ ਰਹਿੰਦੇ। ਪੇਟ ਦੇ ਦਰਦ ਨੇ ਜੀਵਨ ਦੀ ਜਾਚ ਹੀ ਬਦਲ ਕੇ ਰੱਖ ਦਿੱਤੀ ਸੀ। ਇਕ ਦਿਨ ਮੰਮੀ ਕੋਲ ਆ ਕੇ ਬੋਲੇ, 'ਮਾਰਗ੍ਰੇਟ, ਜੇ ਮੈਨੂੰ ਕੁਛ ਹੋ ਗਿਆ, ਤੂੰ ਮੇਰੇ ਬਿਨਾਂ ਕਿੰਜ ਜਿਊਂਦੀ ਰਹਿ ਸਕੇਂਗੀ? ਤੈਨੂੰ ਤਾਂ ਬੈਂਕ ਅਕਾਉਂਟ, ਬਿਜਲੀ ਦਾ ਬਿੱਲ, ਕਾਉਂਸਿਲ ਟੈਕਸ ਕੁਝ ਵੀ ਕਰਨਾ-ਭਰਨਾ ਨਹੀਂ ਆਉਂਦਾ। ਮੈਨੂੰ ਮਰਨਾ ਨਹੀਂ ਚਾਹੀਦਾ, ਤੂੰ ਤਾਂ ਜਿਊਂਦੀ ਈ ਮਰ ਜਾਏਂਗੀ।' ਵਿਚਾਰੀ ਮੰਮੀ ਨਿੱਤ ਮਰ-ਮਰ ਜਿਊਂਦੀ ਰਹੀ।
ਸਾਡਾ ਘਰ ਹੈ ਵੀ ਥੋੜ੍ਹੀ ਵੀਰਾਨ ਜਿਹੀ ਜਗ੍ਹਾ ਵਿਚ। ਘਰੋਂ ਰੇਲਵੇ ਸਟੇਸ਼ਨ ਕਾਰਪੈਂਡਰਸ ਪਾਰਕ ਤਕ ਦੀ ਦੂਰੀ, ਕਾਰ ਵਿਚ, ਲਗਭਗ ਸੱਤ-ਅੱਠ ਮਿੰਟਾਂ ਵਿਚ ਪੂਰੀ ਹੁੰਦੀ ਹੈ। ਆੱਕਸੀ-ਵਿਲੇਜ...ਹਾਂ, ਪਿਆਰਾ ਜਿਹਾ ਹਰਿਆ-ਭਰਿਆ ਪਿੰਡ। ਹਰਿਆਲੀ ਦੀ ਨਿੰਮ੍ਹੀ-ਨਿੰਮ੍ਹੀ ਖ਼ੁਸ਼ਬੂ ਨੱਕ ਵਿਚ ਕਲੋਲਾਂ ਕਰਦੀ ਰਹਿੰਦੀ ਹੈ। ਪਾਪਾ ਕਦੀ ਇਕੱਲੇ ਬੈਠੇ ਅੱਕ ਜਾਂਦੇ ਤਾਂ ਰੇਲਵੇ ਸਟੇਸ਼ਨ 'ਤੇ ਜਾ ਬੈਠਦੇ। ਇਕ ਜ਼ਮਾਨੇ ਵਿਚ ਤਾਂ ਇਕੋ ਰੰਗ ਦੀਆਂ ਬ੍ਰਿਟਿਸ਼ ਰੇਲ-ਗੱਡੀਆਂ ਹੀ ਦਿਖਾਈ ਦਿੰਦੀਆਂ ਸਨ। ਪਰ ਜਦੋਂ ਦਾ ਰੇਲਾਂ ਨੇ ਰੰਗ ਬਦਲਿਆ ਹੈ, ਓਦੋਂ ਦੀਆਂ ਰੰਗ-ਬਿਰੰਗੀਆਂ ਰੇਲਾਂ ਲੰਘਣ ਲੱਗ ਪਈਆਂ ਨੇ। ਵਰਿਜਨ ਟ੍ਰੇਨਸ ਦੀਆਂ ਲਾਲ ਤੇ ਕਾਲੀਆਂ ਤੇ ਕਾੱਨੇਕਸ ਕੰਪਨੀ ਦੀਆਂ ਪੀਲੀਆਂ ਤੇਜ਼ ਰਫ਼ਤਾਰ ਗੱਡੀਆਂ, ਧੜ-ਧੜ ਕਰਦੀਆਂ ਲੰਘ ਜਾਂਦੀਆਂ ਨੇ।...ਤੇ ਫੇਰ ਸਿਲਵਰ ਲਿੰਕ ਦੀ ਠੁੱਕ-ਠੁੱਕ ਕਰਦੀ ਹਰੀ ਤੇ ਬੈਂਗਨੀ ਰੰਗ ਦੀ ਰੇਲਗੱਡੀ ਜਿਹੜੀ ਕਾਰਪੇਂਡਰਸ ਪਾਰਕ ਵੀ ਰੁਕਦੀ ਹੈ। ਵਾਟਫ਼ਰਡ ਤੋਂ ਲੰਦਨ ਯੂਸਟਨ ਤਕ ਦੀ ਗੱਡੀਆਂ...ਸਕੂਲ ਜਾਂਦੇ ਬੱਚੇ, ਕੰਮ 'ਤੇ ਜਾਂਦੇ ਰੰਗ-ਰੰਗੀਲੇ ਲੋਕ।
ਰੰਗਹੀਣ ਤਾਂ ਮੰਮੀ ਦਾ ਜੀਵਨ ਹੁੰਦਾ ਜਾ ਰਿਹਾ ਸੀ। ਉਸ ਵਿਚ ਬਸ ਇਕੋ ਰੰਗ ਬਾਕੀ ਰਹਿ ਗਿਆ ਸੀ...ਡਰ ਦਾ ਰੰਗ। ਡਰੀ-ਸਹਿਮੀ ਮਾਂ ਜਦੋਂ ਮੀਟ ਬਨਾਉਂਦੀ ਤਾਂ ਕੱਚਾ ਰਹਿ ਜਾਂਦਾ ਜਾਂ ਫੇਰ ਮੱਚ ਜਾਂਦਾ। ਕਈ ਵਾਰੀ ਤਾਂ ਸਟੇਕ ਓਵਨ ਵਿਚ ਰੱਖ ਕੇ, ਓਵਨ ਚਲਾਉਣਾ ਹੀ ਭੁੱਲ ਜਾਂਦੀ। ਤੇ ਪਾਪਾ, ਵੈਸੇ ਤਾਂ ਉਹਨਾਂ ਨੂੰ ਭੁੱਖ ਹੀ ਬੜੀ ਘੱਟ ਲੱਗਦੀ ਸੀ, ਪਰ ਜਦੋਂ ਕਦੀ ਖਾਣ ਲਈ ਟੇਬਲ 'ਤੇ ਬੈਠਦੇ ਤਾਂ ਜਿਹੜਾ ਖਾਣਾ ਪਰੋਸਿਆ ਜਾਂਦਾ ਉਸ ਨਾਲ ਉਹਨਾਂ ਦਾ ਪਾਰਾ ਥਰਮਾਮੀਟਰ ਤੋੜ ਕੇ ਬਾਹਰ ਨਿਕਲਣ ਲੱਗ ਪੈਂਦਾ। ਮੰਮੀ ਨੂੰ ਖ਼ੁਦ ਸਮਝ ਨਹੀਂ ਸੀ ਆਉਂਦਾ ਕਿ ਉਸਨੂੰ ਹੁੰਦਾ ਕੀ ਜਾ ਰਿਹਾ ਹੈ।
ਪਾਪਾ ਉੱਤੇ ਜਾਨ ਅੰਕਲ ਦਾ ਭੂਤ ਸਵਾਰ ਹੋਇਆ ਰਹਿੰਦਾ। ਜਾਨ ਅੰਕਲ ਦੇ ਜੀਵਨ ਦੇ ਅੰਤਮ ਛੇ ਮਹੀਨੇ, ਪਾਪਾ ਦੇ ਦਿਲ ਤੇ ਦਿਮਾਗ਼ ਉੱਤੇ ਬੁਰੀ ਤਰ੍ਹਾਂ ਛਾਏ ਹੋਏ ਸਨ। ਮੈਨੂੰ ਤੇ ਮਾਂ ਨੂੰ ਹਰ ਵੇਲੇ ਇਹੀ ਡਰ ਸਤਾਉਂਦਾ ਰਹਿੰਦਾ ਸੀ ਕਿ ਪਾਪਾ, ਕਿਧਰੇ ਖ਼ੁਦਕਸ਼ੀ ਹੀ ਨਾ ਕਰ ਲੈਣ। ਮੰਮੀ ਤਾਂ ਹੈ ਵੀ ਪੁਰਾਣੇ ਜ਼ਮਾਨੇ ਦੀ; ਉਸਨੂੰ ਸਿਰਫ ਡਰਨਾ ਹੀ ਆਉਂਦਾ ਹੈ। ਮੈਂ ਸੋਚਦੀ ਹਾਂ ਕਿ ਜੇ ਮੇਰੇ ਪਤੀ ਨੇ ਮੇਰੇ ਨਾਲ ਅਜਿਹਾ ਸਲੂਕ ਕੀਤਾ ਹੁੰਦਾ ਤਾਂ ਮੈਂ ਤਾਂ ਉਸਨੂੰ ਕਦੋਂ ਦਾ ਛੱਡ ਕੇ ਵੱਖ ਹੋ ਗਈ ਹੁੰਦੀ। ਪਰ ਮੇਰੇ ਮੰਮੀ ਤੇ ਪਾਪਾ ਮੇਰੇ ਵਰਗੇ ਨਹੀਂ ਨਾ...ਸੰਤਾਲੀ ਵਰ੍ਹਿਆਂ ਦੀ ਹਾਸੀ, ਖ਼ੁਸ਼ੀ, ਗ਼ਮ ਸਭੋ ਕੁਝ ਨਾਲੋ-ਨਾਲ ਹੰਢਾਇਆ ਏ ਉਹਨਾਂ ਨੇ। ਤੇ ਮੈਂ ਉਹਨਾਂ ਬਾਰੇ ਸੋਚ-ਸੋਚ ਕੇ ਪਰੇਸ਼ਾਨ ਹੁੰਦੀ ਰਹਿੰਦੀ ਹਾਂ, ਬਸ।
ਪਰੇਸ਼ਾਨ ਤਾਂ ਮੈਂ ਉਸ ਦਿਨ ਵੀ ਹੋ ਗਈ ਸੀ ਜਦ ਪਾਪਾ ਨੇ ਮੈਨੂੰ ਆਪਣੇ ਕਮਰੇ ਵਿਚ ਬੁਲਾਇਆ ਸੀ। ਉਹਨਾਂ ਕਮਰੇ ਵਿਚ ਬੁਲਾਅ ਕੇ ਮੈਨੂੰ ਬੜਾ ਪਿਆਰ ਕੀਤਾ ਤੇ ਫੇਰ ਪਜਾਹ ਪਾਊਂਡ ਦਾ ਚੈੱਕ ਫੜਾ ਦਿੱਤਾ, 'ਡਾਰਲਿੰਗ, ਹੈਪੀ ਬਰਥ-ਡੇ!' ਮੈਂ ਪਹਿਲਾਂ ਹੈਰਾਨ ਹੋਈ ਤੇ ਫੇਰ ਪਰੇਸ਼ਾਨ। ਮੇਰੇ ਜਨਮ ਦਿਨ ਵਿਚ ਤਾਂ ਅਜੇ ਤਿੰਨ ਮਹੀਨੇ ਪਏ ਸਨ। ਪਾਪਾ ਨੇ ਪਹਿਲਾਂ ਤਾਂ ਕਦੀ ਮੈਨੂੰ, ਮੇਰੇ ਜਨਮ ਦਿਨ ਤੋਂ ਏਨਾਂ ਚਿਰ ਪਹਿਲਾਂ ਮੇਰਾ ਤੋਹਫ਼ਾ ਨਹੀਂ ਸੀ ਦਿੱਤਾ। ਫੇਰ ਇਸ ਵਾਰੀ ਕਿਉਂ?
'ਪਾਪਾ ਏਨੀ ਵੀ ਕੀ ਜਲਦੀ ਏ? ਅਜੇ ਤਾਂ ਮੇਰੇ ਜਨਮ ਦਿਨ 'ਚ ਤਿੰਨ ਮਹੀਨੇ ਪਏ ਨੇ।'
'ਦੇਖੋ ਬੇਟਾ, ਮੈਨੂੰ ਨਹੀਂ ਪਤਾ ਬਈ ਮੈਂ ਤਦ ਤੀਕ ਜਿਊਵਾਂਗਾ ਵੀ ਜਾਂ ਨਹੀਂ। ਪਰ ਏਨਾ ਤਾਂ ਤੂੰ ਜਾਣਦੀ ਈ ਏਂ ਕਿ ਪਾਪਾ ਨੂੰ ਤੇਰਾ ਜਨਮ ਦਿਨ ਕਦੀ ਨਹੀਂ ਭੁੱਲਿਆ।'
ਮੈਂ ਪਾਪਾ ਨੂੰ ਉਸ ਗੰਭੀਰ ਮਾਹੌਲ ਵਿਚੋਂ ਬਾਹਰ ਧਰੀਕਨਾ ਚਾਹਿਆ, 'ਰਹਿਣ ਦਿਓ ਪਾਪਾ, ਤੁਸੀਂ ਤਾਂ ਮੇਰੇ ਜਨਮ ਦਿਨ ਦੇ ਤਿੰਨ ਮਹੀਨੇ ਬਾਅਦ ਵੀ ਮੰਗਣ ਪਿੱਛੋਂ ਹੀ ਮੇਰਾ ਗਿਫ਼ਟ ਦਿੰਦੇ ਓ।' ਤੇ ਕਹਿੰਦਿਆਂ ਕਹਿੰਦਿਆਂ ਮੇਰੀਆਂ ਅੱਖਾਂ ਸਿੱਜਲ ਹੋ ਗਈਆਂ ਸਨ...
...ਤੇ ਮੈਂ ਪਾਪਾ ਨੂੰ ਉੱਥੇ ਖਲੋਤੇ ਛੱਡ ਕੇ, ਆਪਣੇ ਘਰ ਵਾਪਸ ਆ ਗਈ ਸਾਂ। ਉਸ ਰਾਤ ਬੜੀ ਰੋਈ ਸਾਂ ਮੈਂ। ਕੇਨੇਥ, ਮੇਰਾ ਪਤੀ ਬੜਾ ਸਮਝਦਾਰ ਹੈ। ਉਹ ਸਾਰੀ ਰਾਤ ਮੈਨੂੰ ਸਮਝਾਉਂਦਾ ਰਿਹਾ—ਕਦੋਂ ਸਵੇਰ ਹੋ ਗਈ, ਪਤਾ ਹੀ ਨਹੀਂ ਸੀ ਲੱਗਿਆ।
ਸਵੇਰੇ ਮੰਮੀ ਦਾ ਫ਼ੋਨ ਸੀ। ਪਾਪਾ ਬੈਂਕ ਜਾ ਕੇ ਬੈਂਕ ਵਾਲਿਆਂ ਨਾਲ ਝਗੜਾ ਕਰੀ ਬੈਠੇ ਸਨ। ਆਪਣੇ ਅਕਾਊਂਟ ਬਾਰੇ ਪਰੇਸ਼ਾਨ ਸਨ। ਗੱਲ ਵਧ ਗਈ ਤੇ ਗਾਲ੍ਹ-ਮੰਦੇ ਤਕ ਜਾ ਪਹੁੰਚੀ। ਬੈਂਕ ਵਾਲੇ ਪਾਪਾ ਤੇ ਮੰਮੀ ਨੂੰ ਜਾਣਦੇ ਸਨ। ਪਿਛਲੇ ਤੀਹ ਸਾਲ ਤੋਂ ਉੱਥੇ ਹੀ ਤਾਂ ਅਕਾਊਂਟ ਸੀ ਦੋਵਾਂ ਦਾ। ਉਹਨਾਂ ਪੁਲਸ ਦੇ ਬਜਾਏ ਮੰਮੀ ਨੂੰ ਫ਼ੋਨ ਕਰ ਦਿੱਤਾ। ਮੰਮੀ ਨੂੰ ਪਤਾ ਹੀ ਨਹੀਂ ਸੀ ਕਿ ਪਾਪਾ ਬੈਂਕ ਗਏ ਹੋਏ ਸਨ। ਉਹ ਵਿਚਾਰੀ ਤਾਂ ਘਰ ਬੈਠੀ ਪਰੇਸ਼ਾਨ ਹੋ ਰਹੀ ਸੀ ਕਿ ਆਖ਼ਰ ਚਲੇ ਕਿੱਥੇ ਗਏ ਨੇ? ਉਹ ਸੋਚ ਹੀ ਰਹੀ ਕਿ ਮੈਨੂੰ ਫ਼ੋਨ ਕਰਕੇ ਪੁੱਛੇ। ਸ਼ਰਮਿੰਦਾ ਹੁੰਦੀ ਮੰਮੀ ਬੈਂਕ ਜਾ ਕੇ ਪਾਪਾ ਨੂੰ ਘਰ ਵਾਪਸ ਲੈ ਆਈ ਸੀ। ਪਾਪਾ ਬੁੜਬੁੜ ਕਰੀ ਜਾ ਰਹੇ ਸਨ, 'ਮੇਰੇ ਪਿੱਛੋਂ ਤੂੰ ਆਪਣੇ ਅਕਾਊਂਟ ਦਾ ਪੂਰਾ ਧਿਆਨ ਰੱਖੀਂ। ਇਹ ਲੋਕ ਕਿਸੇ ਦੇ ਮਿੱਤ ਨਹੀਂ ਹੁੰਦੇ, ਤੈਨੂੰ ਲੁੱਟ ਕੇ ਖਾ ਜਾਣਗੇ।'
ਬਿਮਾਰੀ ਦਾ ਭੈ ਪਾਪਾ ਨੂੰ ਅੰਦਰੇ-ਅੰਦਰ ਖਾਈ ਜਾ ਰਿਹਾ ਸੀ ਤੇ ਮੰਮੀ ਉਸ ਭੈ ਹੇਠ ਪੀੜੀ ਜਾ ਰਹੀ ਸੀ। ਮੈਂ ਕਦੀ ਕਦੀ ਹੈਰਾਨ ਵੀ ਹੁੰਦੀ ਹਾਂ ਕਿ ਮੰਮੀ ਪਾਪਾ ਤੋਂ ਏਨਾ ਡਰਦੀ ਕਿਉਂ ਹੈ! ਘਰ ਵਿਚ ਸ਼ੁਰੂ ਤੋਂ ਹੀ ਪਾਪਾ ਦਾ ਦਬਦਬਾ ਰਿਹਾ ਹੈ। ਪਾਪਾ ਸਟੀਮ ਇੰਜਨ ਉੱਤੇ ਸੈਕਿੰਡ ਮੈਨ ਨੇ। ਹਰ ਵੇਲੇ ਬੁੜਬੁੜ ਕਰਦੇ ਰਹਿੰਦੇ ਨੇ ਕਿ ਉਹਨਾਂ ਨੂੰ ਪੂਰਾ ਡਰਾਈਵਰ ਨਹੀਂ ਬਣਾ ਰਹੇ। ਸਾਨੂੰ ਕਦੀ ਪਤਾ ਨਹੀਂ ਸੀ ਲੱਗਿਆ ਕਿ ਉਹਨਾਂ ਦੀ ਤਰੱਕੀ ਵਿਚ ਕੌਣ ਰੋੜਾ ਅੜਾ ਰਿਹਾ ਸੀ। ਕੰਮ ਦੀ ਗੱਲ ਕਦੀ ਖੁੱਲ੍ਹ ਕੇ ਨਹੀਂ ਸੀ ਕਰਦੇ, ਬਸ ਬੁੜਬੁੜ ਕਰੀ ਜਾਂਦੇ। ਸਾਰੇ ਰੇਲਵੇ ਵਾਲਿਆਂ ਵਾਂਗ ਪਾਪਾ ਵੀ ਚਾਹੁੰਦੇ ਸਨ ਕਿ ਉਹਨਾਂ ਦਾ ਇਕ ਮੁੰਡਾ ਹੁੰਦਾ, ਜਿਹੜਾ ਰੇਲਵੇ ਡਰਾਈਵਰ ਬਣਦਾ। ਪਾਪਾ ਦੇ ਜ਼ਮਾਨੇ ਵਿਚ ਕੁੜੀਆਂ ਡਰਾਈਵਰ ਨਹੀਂ ਸੀ ਬਣ ਸਕਦੀਆਂ। ਮੈਂ ਮੰਮੀ ਪਾਪਾ ਦੀ ਇੱਕਲੌਤੀ ਸੰਤਾਨ ਸਾਂ। ਪਾਪਾ ਨਾ ਖ਼ੁਦ ਪੂਰੇ ਡਰਾਈਵਰ ਬਣ ਸਕੇ, ਨਾ ਹੀ ਮੁੰਡੇ ਨੂੰ ਬਣਾਅ ਸਕੇ। ਕਦੀ ਕਦੀ ਜਦੋਂ ਮੋਹ ਜ਼ੋਰ ਮਾਰਦਾ ਤਾਂ ਕਹਿੰਦੇ, 'ਮੈਂ ਤਾਂ ਆਪਣੀ ਧੀ ਨੂੰ ਪਾਈਲਾਟ ਬਣਾਵਾਂਗਾ।'
ਮੈਂ ਪੜ੍ਹਨ-ਲਿਖਣ ਵਿਚ ਬਹੁਤੀ ਤੇਜ਼ ਨਹੀਂ ਸਾਂ। ਮੇਰੀਆਂ ਸਾਰੀਆਂ ਸਹੇਲੀਆਂ ਨੇ ਬਸ 'ਓ-ਲੇਬਲ' ਤਕ ਪੜ੍ਹਾਈ ਕੀਤੀ ਸੀ। ਮੈਂ ਵੀ ਉਸ ਤੋਂ ਅੱਗੇ ਨਹੀਂ ਸਾਂ ਜਾ ਸਕੀ, ਤੇ ਬਿਲਡਿੰਗ ਸੋਸਾਇਟੀ ਵਿਚ ਕੈਸ਼ੀਅਰ ਲੱਗ ਗਈ ਸਾਂ। ਮੈਨੂੰ ਜ਼ਿੰਦਗੀ ਨਾਲ ਕੋਈ ਸ਼ਿਕਾਇਤ ਨਹੀਂ। ਹੁਣ ਤਾਂ ਮੇਰੀ ਬਿਲਡਿੰਗ ਸੋਸਾਇਟੀ ਪੂਰਾ ਬੈਂਕ ਬਣ ਚੁੱਕੀ ਹੈ ਤੇ ਮੈਂ ਆਪਣੀ ਬਰਾਂਚ ਦੀ ਅਸਿਸਟੈਂਟ ਮੈਨੇਜ਼ਰ ਹਾਂ।
ਪਰ ਪਾਪਾ ਦੇ ਜੀਵਨ ਨੂੰ ਕਿੰਜ ਮੈਨੇਜ਼ ਕਰਾਂ, ਸਮਝ ਨਹੀਂ ਸੀ ਆ ਰਿਹਾ। ਧਿਆਨ ਹਰ ਵੇਲੇ ਫ਼ੋਨ ਵੱਲ ਲੱਗਿਆ ਰਹਿੰਦਾ...ਤੇ ਇਕ ਡਰ, ਕਿ ਕਿਤੇ ਮੰਮੀ ਦਾ ਫ਼ੋਨ ਨਾ ਆ ਜਾਏ ਤੇ ਰੋਂਦੀ ਹੋਈ ਕਹੇ ਕਿ ਪਾਪਾ ਨੇ ਆਤਮ-ਹੱਤਿਆ ਕਰ ਲਈ ਹੈ।
ਫ਼ੋਨ ਆਇਆ ਪਰ ਫ਼ੋਨ ਮੰਮੀ ਦਾ ਨਹੀਂ ਸੀ। ਫ਼ੋਨ ਇਕ ਗੁਆਂਢਣ ਦਾ ਸੀ...ਮਿਸੇਜ ਜੋਨਸ ਦਾ। ਸਾਡੀ ਬੰਦ ਗਲੀ ਦੇ ਅਖ਼ੀਰ ਵਿਚ ਰਹਿੰਦੀ ਹੈ, 'ਜੇਨੀ, ਵਰਸਟ ਹੈਜ ਹੈਪੰਡ।...ਯੋਰ ਪਾਪਾ...' ਤੇ ਮੈਨੂੰ ਜਿਵੇਂ ਸੁਨਣੋ ਹੀ ਹਟ ਗਿਆ ਹੋਏ। ਬਹੁਤ ਸਾਰੀਆਂ ਤਸਵੀਰਾਂ ਮੇਰੇ ਦਿਮਾਗ਼ ਵਿਚ ਉਭਰਨ ਲੱਗੀਆਂ : ਪਾਪਾ ਨੇ ਜ਼ਹਿਰ ਖਾਧਾ ਹੋਏਗਾ, ਫਾਹਾ ਲੈ ਲਿਆ ਹੋਏਗਾ ਜਾਂ ਫੇਰ ਰੇਲਵੇ ਸਟੇਸ਼ਨ ਉੱਤੇ...
ਮਿਸੇਜ ਜੋਨਸ ਨੇ ਫੇਰ ਪੁੱਛਿਆ, 'ਜੇਨੀ ਤੂੰ ਲਾਈਨ 'ਤੇ ਐਂ-ਨਾ?'
'ਜੀ।' ਮੈਂ ਬਰੜਾਈ।
'ਪੁਲਿਸ ਨੂੰ ਵੀ ਤੇਰੇ ਪਾਪਾ ਨੇ ਖ਼ੁਦ ਹੀ ਫ਼ੋਨ ਕਰ ਦਿੱਤਾ ਸੀ।...ਆਈ ਐਮ ਸਾਰੀ ਮਾਈ ਚਾਈਲਡ। ਤੇਰੀ ਮਾਂ ਮੇਰੀ ਬੜੀ ਅੱਛੀ ਸਹੇਲੀ ਸੀ।'
'...ਸੀ ? ਮੰਮੀ ਨੂੰ ਕੀ ਹੋਇਆ?' ਮੈਂ ਅਚਾਨਕ ਬੌਂਦਲ ਗਈ ਸਾਂ। 'ਆਤਮ-ਹੱਤਿਆ ਤਾਂ ਪਾਪਾ ਨੇ ਕੀਤੀ ਏ ਨਾ?'
'ਨਹੀਂ ਮੇਰੀ ਬੱਚੀ, ਤੇਰੇ ਪਾਪਾ ਨੇ ਤੇਰੀ ਮੰਮੀ ਦਾ ਖ਼ੂਨ ਕਰ ਦਿੱਤਾ ਏ'...ਤੇ ਮੈਂ ਸਿਰ ਫੜ੍ਹ ਕੇ ਬੈਠ ਗਈ। ਕੁਝ ਸਮਝ ਨਹੀਂ ਸੀ ਆ ਰਿਹਾ। ਅਜਿਹੇ ਸਮਾਚਾਰ ਦੀ ਤਾਂ ਮੈਨੂੰ ਸੁਪਨੇ ਵਿਚ ਵੀ ਉਮੀਦ ਨਹੀਂ ਸੀ। ਪਾਪਾ ਨੇ ਇਹ ਕੀ ਕਰ ਦਿੱਤਾ? ਆਪਣੇ ਹੱਥੀਂ ਆਪਣੀ ਜੀਵਨ ਸਾਥਣ ਨੂੰ ਮੌਤ ਦੀ ਨੀਂਦ ਸੰਵਾਅ ਦਿੱਤਾ!
ਪਾਪਾ ਨੇ ਇੰਜ ਕਿਉਂ ਕੀਤਾ ਹੋਏਗਾ? ਮੇਰੀ ਸੋਚਣ-ਸਮਝ ਦੀ ਸਾਰੀ ਸ਼ਕਤੀ ਠੁੱਸ ਹੋ ਗਈ ਸੀ। ਕੇਨੇਥ ਆਪਣੇ ਕੰਮ 'ਤੇ ਗਏ ਹੋਏ ਸਨ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੇਰੀ ਪ੍ਰਤੀਕ੍ਰਿਆ ਕੀ ਹੋਵੇ? ਅਚਾਨਕ ਪਾਪਾ ਦੇ ਪ੍ਰਤੀ ਮੇਰੇ ਦਿਲ ਵਿਚ ਨਫ਼ਰਤ ਤੇ ਗੁੱਸੇ ਦਾ ਤੂਫ਼ਾਨ ਜਿਹਾ ਉੱਠ ਖੜ੍ਹਾ ਹੋਇਆ। ਫੇਰ ਜੀਅ ਕੱਚਾ-ਕੱਚਾ ਹੋਣ ਲੱਗ ਪਿਆ; ਢਿੱਡ ਵਿਚ ਮਰੋੜ ਜਿਹਾ ਉੱਠਿਆ। ਮੇਰੇ ਨਾਲ ਇਵੇਂ ਹੀ ਹੁੰਦਾ ਹੈ। ਜਦੋਂ ਕਦੀ ਕੋਈ ਡਰਾ ਦੇਣ ਵਾਲੀ ਖ਼ਬਰ ਸੁਣਦੀ ਹਾਂ, ਤਾਂ ਢਿੱਡ ਵਿਚ ਲੀਹ ਜਿਹੀ ਉਠਦੀ ਹੈ ਤੇ ਮੈਂ ਟੱਟੀ ਭੱਜ ਲੈਂਦੀ ਹਾਂ। 
ਹਿੰਮਤ ਇਕੱਠੀ ਕਰਨ ਦੀ ਲੋੜ ਮਹਿਸੂਸ ਹੋ ਰਹੀ ਸੀ। ਆਪਣੇ ਪਾਪਾ ਨੂੰ ਇਕ ਕਾਤਲ ਦੇ ਰੂਪ ਵਿਚ ਕਿੰਜ ਦੇਖ ਸਕਾਂਗੀ ਮੈਂ। ਇਕ ਵਚਿੱਤਰ ਜਿਹਾ ਖ਼ਿਆਲ ਦਿਲ ਵਿਚ ਆਇਆ...ਕਾਸ਼! ਜੇ ਮੇਰੀ ਮੰਮੀ ਨੇ ਮਰਨਾ ਸੀ, ਜਾਂ ਉਸਦੀ ਹੱਤਿਆ ਹੀ ਹੋਣੀ ਸੀ ਤਾਂ ਹੱਤਿਆਰਾ ਤਾਂ ਕੋਈ ਬਾਹਰਲਾ ਹੁੰਦਾ। ਮੈਂ ਤੇ ਪਾਪਾ ਮਿਲ ਕੇ ਇਸ ਸਥਿਤੀ ਨਾਲ ਨਜਿੱਠ  ਲੈਂਦੇ। ਹੁਣ ਪਾਪਾ ਨਾਂਅ ਦੇ ਹੱਤਿਆਰੇ ਨਾਲ ਮੈਨੂੰ ਇਕੱਲਿਆਂ ਹੀ ਨਿੱਬੜਨਾ ਪੈਣਾ ਸੀ...ਕਿਤੇ ਮੈਂ ਕਮਜ਼ੋਰ ਨਾ ਪੈ ਜਾਵਾਂ...
ਮੰਮੀ ਨੂੰ ਅੰਤਮ ਸਮੇਂ ਕਿੰਜ ਮਹਿਸੂਸ ਹੋ ਰਿਹਾ ਹੋਏਗਾ...! ਜਦੋਂ ਉਹਨਾਂ ਪਾਪਾ ਨੂੰ ਇਕ ਕਾਤਲ ਦੇ ਰੂਪ ਵਿਚ ਦੇਖਿਆ ਹੋਏਗਾ, ਤਾਂ ਮੰਮੀ ਕਿੰਨੀਆਂ ਮੌਤਾਂ ਇਕੋ ਸਮੇਂ ਮਰੀ ਹੋਏਗੀ...! ਕੀ ਮੰਮੀ ਤੜਫੀ ਹੋਏਗੀ...! ਕੀ ਮੰਮੀ ਨੇ ਪਾਪਾ ਉੱਤੇ ਵੀ ਕੋਈ ਵਾਰ ਕੀਤਾ ਹੋਏਗਾ...! ਮੰਮੀ...ਪ੍ਰਾਮਿਸ ਮੀ ਯੂ ਡਿੱਡ ਨਾਟ ਡਾਈ ਲਾਈਕ ਏ ਕਾਵਰਡ, ਮਾਮ ਆਈ ਐੱਮ ਸ਼ਯੋਰ ਯੁ ਮਸਟ ਹੈਵ ਰੇਜ਼ਿਸਟਿਡ...! ਜੇ ਹੱਤਿਆਰਾ ਕੋਈ ਅਣਜਾਣ ਆਦਮੀ ਹੁੰਦਾ ਤਾਂ ਮੰਮੀ ਤੇ ਪਾਪਾ ਮਿਲ ਕੇ ਕੀ ਕੁਝ ਨਾ ਕਰਦੇ...! ਪਰ ਪਾਪਾ ਹੀ...!
ਮੈਂ ਹਿੰਮਤ ਕਰਕੇ ਘਰ ਨੂੰ ਜਿੰਦਰਾ ਲਾਇਆ ਤੇ ਬਾਹਰ ਆ ਕੇ ਕਾਰ ਸਟਾਰਟ ਕੀਤੀ। ਫੇਰ ਤੁਰ ਪਈ ਉਸ ਘਰ ਵੱਲ ਜਿਸਨੂੰ ਆਪਣਾ ਕਹਿੰਦਿਆਂ ਹੋਇਆਂ ਬੜੀ ਔਖ ਮਹਿਸੂਸ ਹੋ ਰਹੀ ਸੀ। ਮੰਮੀ ਦੁਨੀਆਂ ਹੀ ਛੱਡ ਗਈ ਸੀ ਤੇ ਪਾਪਾ-ਜਿਵੇਂ ਅਜਨਬੀ ਜਿਹੇ ਲੱਗਣ ਲੱਗ ਪਏ ਸਨ। ਸਾਰੇ ਰਸਤੇ ਦਿਮਾਗ਼ ਵਿਚ ਵਿਚਾਰਾਂ ਨੇ ਉਥਲ-ਪੁਥਲ ਮੱਚਾਈ ਰੱਖੀ। ਮੇਰੇ ਬਚਪਨ ਦੇ ਪਾਪਾ ਜਿਹੜੇ ਮੈਨੂੰ ਗੋਦੀ ਵਿਚ ਖਿਡਾਉਂਦੇ ਹੁੰਦੇ ਸਨ...! ਮੈਨੂੰ ਸਕੂਲ ਛੱਡ ਕੇ ਆਉਣ ਵਾਲੇ ਪਾਪਾ...! ਮੇਰੀ ਮੰਮੀ ਨੂੰ ਪਿਆਰ ਕਰਨ ਵਾਲੇ ਪਾਪਾ...! ਘਰੇ ਕੋਈ ਬਿਮਾਰ ਹੋ ਜਾਂਦਾ ਤਾਂ ਬੇਚੈਨ ਹੋ ਜਾਣ ਵਾਲੇ ਪਾਪਾ...! ਟ੍ਰੇਨ ਡਰਾਈਵਰ ਪਾਪਾ...! ਮੰਮੀ ਤੇ ਮੇਰੇ ਉੱਤੇ ਜਾਨ ਛਿੜਕਣ ਵਾਲੇ ਪਾਪਾ...! ਕਿੰਨੇ ਰੂਪ ਨੇ ਪਾਪਾ ਦੇ, ਤੇ ਅੱਜ ਇਕ ਨਵਾਂ ਰੂਪ...ਮੰਮੀ ਦੇ ਹੱਤਿਆਰੇ ਪਾਪਾ...! ਕਿੰਜ ਸਾਹਮਣਾ ਕਰ ਸਕਾਂਗੀ ਉਹਨਾਂ ਦਾ...! ਉਹਨਾਂ ਦੀਆਂ ਅੱਖਾਂ ਵਿਚ ਕਿਸ ਤਰ੍ਹਾਂ ਦੇ ਭਾਵ ਹੋਣਗੇ...! ਸੋਚਾਂ ਕਿਤੇ ਰੁਕ ਨਹੀਂ ਸਨ ਰਹੀਆਂ।
ਮੇਰੀ ਕਾਰ ਘਰ ਦੇ ਸਾਹਮਣੇ ਜਾ ਰੁਕੀ। ਉੱਥੇ ਪੁਲਸ ਦੀਆਂ ਗੱਡੀਆਂ ਪਹਿਲਾਂ ਹੀ ਮੌਜ਼ੂਦ ਸਨ। ਪੁਲਿਸ ਨੇ ਘਰ ਦੇ ਸਾਹਮਣੇ ਇਕ ਬੈਰੀਕੇਡ ਜਿਹਾ ਖੜ੍ਹਾ ਕਰ ਦਿੱਤਾ ਸੀ। ਆਂਢ-ਗੁਆਂਢ ਦੇ ਕੁਝ ਲੋਕ ਦਿਖਾਈ ਦੇ ਰਹੇ ਸਨ...ਵਧੇਰੇ ਉਹ ਬੁੱਢੇ ਸਨ ਜਿਹੜੇ ਉਸ ਸਮੇਂ ਵਿਹਲੇ ਸਨ ਤੇ ਘਰੀਂ ਹੀ ਰਹਿੰਦੇ ਸਨ। ਸਾਰਿਆਂ ਦੀਆਂ ਅੱਖਾਂ ਵਿਚ ਕੁਝ ਸਵਾਲ ਅਟਕੇ ਹੋਏ ਸਨ। ਕਾਰ ਪਾਰਕ ਕਰਕੇ ਮੈਂ ਘਰ ਦੇ ਅੰਦਰ ਚਲੀ ਗਈ। ਪੁਲਸ ਆਪਣੀ ਪੁੱਛ-ਪੜਤਾਲ ਕਰ ਰਹੀ ਸੀ। ਮੰਮੀ ਦੀ ਲਾਸ਼ ਨੂੰ ਇਕ ਪੀਲੇ ਰੰਗ ਦੇ ਪਲਾਸਟਿਕ ਵਿਚ ਰੈਪ ਕੀਤਾ ਜਾ ਚੁੱਕਿਆ ਸੀ।...ਮੈਂ ਮੰਮੀ ਨੂੰ ਦੇਖਣਾ ਚਾਹਿਆ...ਮੈਂ ਮੰਮੀ ਦੇ ਚਿਹਰੇ ਦੇ ਅੰਤਮ ਭਾਵ ਪੜ੍ਹਨਾ ਚਾਹੁੰਦੀ ਸਾਂ।...ਦੇਖਣਾ ਚਾਹੁੰਦੀ ਸਾਂ ਕਿ ਕੀ ਮੰਮੀ ਨੇ ਆਪਣਾ ਜੀਵਨ ਬਚਾਉਣ ਲਈ ਕੋਈ ਸੰਘਰਸ਼ ਕੀਤਾ ਸੀ ਜਾਂ ਨਹੀਂ...! ਹੁਣ ਪਹਿਲਾਂ ਮੰਮੀ ਦੀ ਲਾਸ਼—ਕਿੰਨਾ ਮੁਸ਼ਕਿਲ ਹੈ ਮੰਮੀ ਨੂੰ ਲਾਸ਼ ਕਹਿਣਾ—ਦਾ ਪੋਸਟਮਾਰਟਮ ਹੋਏਗਾ; ਉਸ ਪਿੱਛੋਂ ਹੀ ਮੈਂ ਉਸਦਾ ਚਿਹਰਾ ਦੇਖ ਸਕਾਂਗੀ।
ਇਕ ਨੁੱਕਰੇ ਪਾਪਾ ਬੈਠੇ ਸਨ। ਪਥਰਾਈਆਂ ਜਿਹੀਆਂ ਅੱਖਾਂ ਨਾਲ ਸ਼ੁੰਨ ਵਿਚ ਤੱਕਦੇ ਹੋਏ ਪਾਪਾ। ਮੈਂ ਜਾਣਦੀ ਸਾਂ ਕਿ ਪਾਪਾ ਨੇ ਹੀ ਮੰਮੀ ਦਾ ਖ਼ੂਨ ਕੀਤਾ ਹੈ...ਫੇਰ ਵੀ ਪਾਪਾ ਖ਼ੂਨੀ ਕਿਓਂ ਨਹੀਂ ਸਨ ਲੱਗਦੇ ਪਏ?...ਪੁਲਸ ਕਾਂਸਟੇਬਲ ਹਾਰਡਿੰਗ ਨੇ ਦੱਸਿਆ ਕਿ ਪਾਪਾ ਨੇ ਖ਼ੁਦ ਹੀ ਉਹਨਾਂ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਉਹਨਾਂ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਹੈ।
ਪਾਪਾ ਨੇ ਮੇਰੇ ਵੱਲ ਦੇਖਿਆ ਪਰ ਕੋਈ ਪ੍ਰਤੀਕ੍ਰਿਆ ਜ਼ਾਹਰ ਨਹੀਂ ਕੀਤੀ। ਉਹਨਾਂ ਦਾ ਚਿਹਰਾ ਪੂਰੀ ਤਰ੍ਹਾਂ ਨਿਰਵਿਕਾਰ ਸੀ। ਪੁਲਸ ਜਾਣਨਾ ਚਾਹੁੰਦੀ ਸੀ ਕਿ ਪਾਪਾ ਨੇ ਮੰਮੀ ਦੀ ਹੱਤਿਆ ਕਿਉਂ ਕੀਤੀ? ਮੇਰੇ ਲਈ ਤਾਂ ਇਹ ਜਿਊਣ ਤੇ ਮਰਨ ਦਾ ਸਵਾਲ ਸੀ। ਪਾਪਾ ਨੇ ਸਿਰਫ ਮੰਮੀ ਦੀ ਹੱਤਿਆ ਹੀ ਨਹੀਂ ਸੀ ਕੀਤੀ...ਉਹਨਾਂ ਸਾਡੇ ਸਭਨਾਂ ਦੇ ਵਿਸ਼ਵਾਸ ਦਾ ਕਤਲ ਕੀਤਾ ਸੀ। ਭਲਾ ਕੋਈ ਆਪਣੇ ਹੀ ਪਤੀ, ਤੇ ਉਹ ਵੀ ਸੈਂਤੀ ਸਾਲ ਪੁਰਾਣੇ ਪਤੀ ਤੋਂ ਇਹ ਉਮੀਦ ਕਿੰਜ ਕਰ ਸਕਦਾ ਹੈ ਕਿ ਉਸਦਾ ਪਤੀ ਉਸਨੂੰ ਸਦਾ ਦੀ ਨੀਂਦ ਸੰਵਾਅ ਦਏਗਾ।
ਪਾਪਾ ਉੱਤੇ ਮੁਕੱਦਮਾਂ ਚੱਲਿਆ ਤਾਂ ਪਾਪਾ ਨੇ ਵਕੀਲ ਦੀਆਂ ਸੇਵਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ। ਮੇਰੀ ਸਮਝ ਵਿਚ ਇਹ ਨਹੀਂ ਸੀ ਆ ਰਿਹਾ ਸੀ ਕਿ ਮੈਂ ਅਦਾਲਤ ਵਿਚ ਕਿਸ ਵੱਲੋਂ ਜਾਵਾਂ। ਹੱਤਿਆ ਮੇਰੀ ਮਾਂ ਦੀ ਹੋਈ ਸੀ ਤੇ ਹੱਤਿਆਰਾ ਸੀ ਮੇਰਾ ਪਿਤਾ। ਮੈਂ ਚੱਕਰ ਵਿਚ ਪਈ ਹੋਈ ਸਾਂ ਕਿ ਮੈਂ ਕਿਸ ਦੇ ਨਾਲ ਖਲੋਵਾਂ। ਇਹ ਤਾਂ ਜ਼ਾਹਰ ਸੀ ਕਿ ਮਾਂ ਦੀ ਮੌਤ ਮੇਰੇ ਲਈ ਜੀਵਨ ਦਾ ਸਭ ਤੋਂ ਵੱਡਾ ਹਾਦਸਾ ਸੀ। ਬਸ ਸੋਚ ਰਹੀ ਸਾਂ ਕਿ ਜੀਸਸ ਕਿਸੇ ਨੂੰ ਵੀ ਅਜਿਹੀ ਸਥਿਤੀ ਵਿਚ ਖੜ੍ਹਾ ਨਾ ਕਰੇ।
ਅਦਾਲਤ ਨੇ ਪਾਪਾ ਦੇ ਕੇਸ ਦਾ ਬੜੀ ਜਲਦੀ ਫੈਸਲਾ ਸੁਣਾ ਦਿੱਤਾ ਸੀ। ਜੱਜ ਨੇ ਕਿਹਾ, 'ਮੈਂ ਮਿਸਟਰ ਗ੍ਰੀਯਰ ਦੀ ਹਾਲਤ ਸਮਝਦਾ ਹਾਂ। ਉਹਨਾਂ ਕਿਸੇ ਵੈਰ ਜਾਂ ਦਵੈਤ ਦੇ ਕਾਰਣ ਆਪਣੀ ਪਤਨੀ ਦੀ ਹੱਤਿਆ ਨਹੀਂ ਕੀਤੀ। ਦਰਅਸਲ ਉਹਨਾਂ ਦੇ ਇਸ ਵਿਹਾਰ ਦਾ ਕਾਰਣ ਆਪਣੀ ਪਤਨੀ ਦੇ ਪ੍ਰਤੀ ਅਥਾਹ ਪ੍ਰੇਮ ਦੀ ਭਾਵਨਾ ਹੈ। ਪਰ ਹੱਤਿਆ ਤਾਂ ਹੱਤਿਆ ਹੈ। ਹੱਤਿਆ ਹੋਈ ਹੈ ਤੇ ਹੱਤਿਆਰਾ ਸਾਡੇ ਸਾਹਮਣੇ ਹੈ ਜੋਕਿ ਆਪਣਾ ਜੁਰਮ ਵੀ ਕਬੂਲ ਕਰ ਰਿਹਾ ਹੈ। ਮਿਸਟਰ ਗ੍ਰੀਯਰ ਦੀ ਉਮਰ ਦਾ ਖ਼ਿਆਲ ਕਰਦਿਆਂ ਹੋਇਆਂ, ਉਹਨਾਂ ਲਈ ਇਹੀ ਸਜ਼ਾ ਕਾਫੀ ਹੈ ਕਿ ਉਹ ਆਪਣੀ ਬਾਕੀ ਜ਼ਿੰਦਗੀ ਕਿਸੇ ਓਲਡ ਪੀਪਲਸ ਹੋਮ ਵਿਚ ਬਿਤਾਉਣ। ਉਹਨਾਂ ਨੂੰ ਉੱਥੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਪਰ ਉਹਨਾਂ ਦੀ ਬੇਟੀ ਜਾਂ ਪਰਿਵਾਰ ਦਾ ਕੋਈ ਵੀ ਮੈਂਬਰ ਜੇਲ੍ਹ ਦੇ ਨਿਯਮਾਂ ਅਨੁਸਾਰ ਉਹਨਾਂ ਨਾਲ ਮੁਲਾਕਾਤ ਕਰ ਸਕਦਾ ਹੈ। ਦੋ ਸਾਲ ਬਾਅਦ ਹਰ ਤਿੰਨ ਮਹੀਨਿਆਂ ਵਿਚ ਇਕ ਵਾਰੀ ਮਿਸਟਰ ਗ੍ਰੀਯਰ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕਰ ਸਕਦੇ ਹਨ।'
ਮੇਰੇ ਮਨ ਨੂੰ ਬੜੀ ਤਸੱਲੀ ਹੋਈ ਸੀ। ਪਰ ਸੋਚ ਰਹੀ ਸਾਂ ਕਿ ਕੀ ਮੇਰੀ ਮਾਂ ਦੇ ਹੱਤਿਆਰੇ ਲਈ ਇਹ ਸਜ਼ਾ ਕਾਫੀ ਹੈ? ਜੱਜ ਨੇ ਤਾਂ ਪਾਪਾ ਨੂੰ ਸਸਤੇ ਵਿਚ ਹੀ ਛੱਡ ਦਿੱਤਾ ਸੀ। ਭਲਾ ਇਹ ਵੀ ਕੋਈ ਸਜ਼ਾ ਹੋਈ? ਸੋਚ ਰਹੀ ਸਾਂ, ਕੀ ਮੈਥੋਂ ਪਹਿਲਾਂ ਕਦੀ ਕਿਸੇ ਇਨਸਾਨ ਦਾ ਇਹੋ ਜਿਹੀ ਸਥਿਤੀ ਨਾਲ ਵਾਸਤਾ ਪਿਆ ਹੋਏਗਾ?
ਮੈਂ ਚਿੜਚਿੜੀ ਹੁੰਦੀ ਜਾ ਰਹੀ ਸਾਂ। ਕੇਨੇਥ ਵੀ ਪਰੇਸ਼ਾਨ ਸਨ। ਬੜਾ ਸਮਝਾਉਂਦੇ, ਤਸੱਲੀਆਂ ਦਿੰਦੇ। ਪਰ ਮੈਂ ਜਿਸ ਪੀੜ ਵਿਚੋਂ ਲੰਘ ਰਹੀ ਸਾਂ ਉਹ ਕਿਸੇ ਨੂੰ ਕਿੰਜ ਮਹਿਸੂਸ ਹੋ ਸਕਦੀ ਸੀ। ਕਿਸੇ ਨਾਲ ਗੱਲ ਕਰਨ ਨੂੰ ਵੀ ਦਿਲ ਨਹੀਂ ਸੀ ਕਰਦਾ। ਕੇਨੇਥ ਨੇ ਦੱਸਿਆ ਕਿ ਉਹ ਦੋ ਵਾਰੀ ਜਾ ਕੇ ਪਾਪਾ ਨੂੰ ਮਿਲ ਵੀ ਆਇਆ ਹੈ। ਸਮਝ ਨਹੀਂ ਸੀ ਆ ਰਹੀ ਕਿ ਉਸਦਾ ਧੰਨਵਾਦ ਕਰਾਂ ਜਾਂ ਉਸ ਨਾਲ ਲੜਾਂ...!
ਕੇਨੇਥ ਨੇ ਮੈਨੂੰ ਸਮਝਾਇਆ ਕਿ ਮੇਰਾ ਇਕੋ ਇਲਾਜ਼ ਹੈ। ਮੈਨੂੰ ਜਾ ਕੇ ਆਪਣੇ ਪਾਪਾ ਨੂੰ ਮਿਲ ਆਉਣਾ ਚਾਹੀਦਾ ਹੈ। ਜੇ ਦਿਲ ਚਾਹੇ ਤਾਂ ਉਹਨਾਂ ਨਾਲ ਖ਼ੂਬ ਲੜਾਂ। ਕੋਸ਼ਿਸ਼ ਕਰਾਂ ਕਿ ਉਹਨਾਂ ਨੂੰ ਮੁਆਫ਼ ਕਰ ਦਿਆਂ। ਕੀ ਮੇਰੇ ਲਈ ਪਾਪਾ ਨੂੰ ਮੁਆਫ਼ ਕਰ ਦੇਣਾ ਏਨਾ ਹੀ ਆਸਾਨ ਹੈ? ਤਣਾਅ ਹੈ ਕਿ ਵਧਦਾ ਹੀ ਜਾ ਰਿਹਾ ਹੈ। ਸਿਰ ਦਰਦ ਨਾਲ ਪਾਟਣ ਵਾਲਾ ਹੋ ਗਿਆ ਹੈ। ਪਾਪਾ ਦਾ ਚਿਹਰਾ ਵਾਰੀ ਵਾਰੀ ਅੱਖਾਂ ਸਾਹਵੇਂ ਆ ਰਿਹਾ ਹੈ। ਫੇਰ ਅਚਾਨਕ ਮਾਂ ਦੀ ਲਾਸ਼ ਮੈਨੂੰ ਝੰਜੋੜਨ ਲੱਗ ਪੈਂਦੀ ਹੈ।
ਮੇਰੀ ਬੇਟੀ ਦਾ ਜਨਮ ਦਿਨ ਆ ਗਿਆ ਹੈ। “ਮੰਮੀ ਮੇਰਾ ਪ੍ਰੇਜ਼ੇਂਟ ਕਿੱਥੇ ਈ?” ਮੈਂ ਅਚਾਨਕ ਆਪਣੇ ਬਚਪਨ ਵਿਚ ਵਾਪਸ ਪਹੁੰਚ ਗਈ ਹਾਂ। ਪਾਪਾ ਅਚਾਨਕ ਆ ਕੇ ਸਾਹਮਣੇ ਖੜ੍ਹੇ ਹੋ ਗਏ ਨੇ। ਮੇਰੀ ਬੇਟੀ ਨੂੰ ਉਸਦੇ ਜਨਮ ਦਿਨ ਦਾ ਤੋਹਫ਼ਾ ਦੇ ਰਹੇ ਨੇ।
...ਤੇ ਅਗਲੇ ਦਿਨ ਮੈਂ ਜਾ ਪਹੁੰਚੀ ਆਪਣੇ ਪਾਪਾ ਨੂੰ ਮਿਲਣ। ਏਨੀ ਹਿੰਮਤ ਕਿੱਥੋਂ ਲਿਆਵਾਂ ਕਿ ਉਹਨਾਂ ਦੇ ਸਾਹਮਣੇ ਜਾ ਖੜ੍ਹੀ ਹੋਵਾਂ; ਉਹਨਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖ ਸਕਾਂ। ਕਿੰਜ ਗੱਲ ਕਰਾਂ ਉਹਨਾਂ ਨਾਲ। ਕੀ ਮੈਂ ਉਹਨਾਂ ਨੂੰ ਕਦੀ ਮੁਆਫ਼ ਕਰ ਸਕਾਂਗੀ? ਦੂਰੋਂ ਹੀ ਪਾਪਾ ਨੂੰ ਦੇਖ ਰਹੀ ਸਾਂ। ਪਾਪਾ ਨੇ ਅਜੇ ਲੰਚ ਸ਼ੁਰੂ ਨਹੀਂ ਸੀ ਕੀਤਾ। ਖਾਣਾ ਮੇਜ਼ ਉੱਤੇ ਪਿਆ ਉਹਨਾਂ ਦੀ ਉਡੀਕ ਕਰ ਰਿਹਾ ਸੀ ਤੇ ਉਹ ਦੂਰ ਕਿਧਰੇ ਸ਼ੁੰਨ ਵਿਚ ਗਵਾਚੇ ਹੋਏ ਸਨ। ਅਚਾਨਕ ਲੱਗਿਆ ਮੰਮੀ ਕਿਤੋਂ ਆ ਕੇ ਉੱਥੇ ਖੜ੍ਹੀ ਹੋ ਗਈ ਤੇ ਪਾਪਾ ਨੂੰ ਰੋਟੀ ਖਾ ਲੈਣ ਲਈ ਕਹਿਣ ਲੱਗੀ। ਪਾਪਾ ਸ਼ੁੰਨ ਵਿਚ ਤੱਕ ਰਹੇ ਸਨ। ਕਿਤੇ ਦੂਰ ਖੜ੍ਹੀ ਮਾਂ ਨਾਲ ਗੱਲਾਂ ਕਰ ਰਹੇ ਸਨ।
ਮੈਂ ਵਾਪਸ ਆ ਗਈ ਬਿਨਾਂ ਪਾਪਾ ਨਾਲ ਕੋਈ ਗੱਲ ਕੀਤਿਆਂ। ਹਾਂ, ਪਾਪਾ ਲਈ ਇਹੀ ਸਜ਼ਾ ਠੀਕ ਹੈ ਕਿ ਉਹ ਸਾਰੀ ਉਮਰ ਮਾਂ ਨੂੰ ਇਵੇਂ ਹੀ ਖ਼ਿਆਲਾਂ ਵਿਚ ਮਹਿਸੂਸ ਕਰਦੇ ਰਹਿਣ, ਉਸਦੇ ਬਿਨਾਂ ਆਪਣਾ ਜੀਵਨ ਜਿਊਣ, ਉਸਦੀ ਅਣਹੋਂਦ ਪਾਪਾ ਨੂੰ ਇਵੇਂ ਹੀ ਚੁਭਦੀ ਰਹੇ।
ਜਾਓ ਪਾਪਾ ਮੈਂ ਤੁਹਾਨੂੰ ਆਪਣੀ ਮੰਮੀ ਦਾ ਖ਼ੂਨ ਮੁਆਫ਼ ਕਰ ਦਿੱਤਾ।
--- --- ---

1 comment:

  1. Playtech debuts new gaming content suite at Playtech
    Playtech today announced a new gaming content 순천 출장안마 suite 서귀포 출장마사지 at Playtech that will have up 하남 출장샵 to six new video 전라북도 출장샵 slots for you to 진주 출장마사지 play. The

    ReplyDelete