Saturday, May 14, 2011

07. ਚਰਮਰਾਹਟ



ਇਸ ਘੜੀ ਵੀ ਉਸਨੂੰ ਆਪਣਾ ਨਾਂਅ ਚੇਤੇ ਨਹੀਂ ਸੀ ਆ ਰਿਹਾ, ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਸਨ...ਲਾਲ ਅੱਥਰੂ। ਕਦੀ ਉਹ ਦੂਰ ਤੀਕ ਖਿੱਲਰੇ ਮਲਬੇ ਵੱਲ ਦੇਖਦਾ, ਤੇ ਕਦੀ ਸਾਹਮਣੇ ਬਣੇ ਕੱਚੇ-ਪੱਕੇ ਮੰਦਰ ਵੱਲ। ਉਸ ਢੱਠੇ ਹੋਏ ਮਲਬੇ ਵਿਚੋਂ ਰੁਕ-ਰੁਕ ਕੇ ਅਜ਼ਾਨ ਦੀਆਂ ਆਵਾਜ਼ਾਂ ਆ ਰਹੀਆਂ ਸਨ, ਤੇ ਹਵਾ ਵਿਚ ਘੁਲ-ਮਿਲ ਰਹੀਆਂ ਸਨ। ਮੰਦਰ ਵਿਚ ਹੋ ਰਹੀ ਆਰਤੀ ਦੀ ਆਵਾਜ਼ ਵੀ ਉਸਦੇ ਤਣਾਅ ਨੂੰ ਘੱਟ ਨਹੀਂ ਸੀ ਕਰ ਰਹੀ। ਆਸ ਪਾਸ ਦੇ ਲੋਕਾਂ ਦੇ ਚਿਹਰਿਆਂ ਉੱਤੇ ਅਵਿਸ਼ਵਾਸ ਤੇ ਅਸੁਰੱਖਿਆ ਦੀ ਭਾਵਨਾ ਗਰਮ ਲੋਹੇ ਨਾਲ ਝਰੀਟ ਦਿੱਤੀ ਗਈ ਜਾਪਦੀ ਸੀ।
ਅੱਜ ਤੋਂ ਲਗਭਗ ਤੀਹ ਸਾਲ ਪਹਿਲਾਂ ਵੀ ਅਜਿਹੇ ਹੀ ਬਦਹਵਾਸ ਚਿਹਰੇ ਦੇਖੇ ਸਨ ਉਸਨੇ। ਇਕ ਪਲ ਵਿਚ ਨਜ਼ਦੀਕੀ ਯਾਰ-ਮਿੱਤਰ ਬਿਗਾਨੇ ਹੋ ਗਏ ਸਨ। ਉਦੋਂ ਉਹ ਸਕੂਲ ਵਿਚ ਪੜ੍ਹਦਾ ਹੁੰਦਾ ਸੀ। ਉਸਦਾ ਇਕ ਨਾਂਅ ਹੁੰਦਾ ਸੀ...ਇੰਦਰ ਮੋਹਨ। ਸਕੂਲ ਦਾ ਨਾਂਅ 'ਇੰਦਰ ਮੋਹਨ ਤਿਵਾੜੀ'। ਆਪਣੇ ਨਾਂਅ ਨਾਲ ਉਸਨੂੰ ਬੜਾ ਮੋਹ ਹੁੰਦਾ ਸੀ ਤੇ ਅੰਗਰੇਜ਼ੀ ਵਿਚ ਉਹ ਆਪਣਾ ਨਾਂਅ ਬੜੇ ਚਾਅ ਨਾਲ ਦੱਸਦਾ ਹੁੰਦਾ ਸੀ...'ਆਈ.ਐੱਮ.ਤਿਵਾੜੀ।...ਯਾਨੀਕਿ ਮੈਂ ਤਿਵਾੜੀ ਹਾਂ ਤੇ ਖਿੜਖਿੜ ਕਰਕੇ ਹੱਸਣ ਲੱਗ ਪੈਂਦਾ ਹੁੰਦਾ ਸੀ।
ਉਸ ਸ਼ਾਮ ਵੀ ਉਹ ਖਿੜ-ਖਿੜ ਹੱਸ ਰਿਹਾ ਸੀ ਕਿ ਉਸਦੇ ਪਿਤਾ ਜ਼ਖ਼ਮੀ ਹਾਲਤ ਵਿਚ ਘਰ ਆਏ...ਮਾਂ ਪਾਗਲਾਂ ਵਾਂਗ ਛਾਤੀ ਪਿੱਟਣ ਲੱਗ ਪਈ ਸੀ; ਵੱਡੇ ਭਰਾ ਨੇ ਡਾਂਗ ਕੱਢ ਲਿਆਂਦੀ, “ਅੱਜ ਦੋ-ਚੌਂਹ ਨੂੰ ਤਾਂ ਮੁਕਾਅ ਈ ਦਿਆਂਗਾ ਮੈਂ।” ਪਿਤਾ ਦੇ ਜ਼ਖ਼ਮ, ਭਰਾ ਦਾ ਜਨੂੰਨ, ਸੋਢੇ ਵਾਟਰ ਦੀਆਂ ਬੋਤਲਾਂ, ਅੱਲ੍ਹਾ ਹੋ ਅਕਬਰ, ਸੜਕ ਉੱਤੇ ਖਿੱਲਰਿਆ ਹੋਇਆ ਕੱਚ, ਹਰ-ਹਰ ਮਹਾਂਦੇਵ, ਛੁਰੇਬਾਜੀ ਨਾਲ ਜ਼ਖ਼ਮੀ ਹੋਏ ਲੋਕ, ਪੁਲਿਸ ਦੀ ਵਰਦੀ, ਪੁਲਿਸ ਦਾ ਡੰਡਾ, ਪਾਣੀ ਦੇ ਫੁਆਰੇ, ਪੁਲਿਸ ਦੀਆਂ ਗੋਲੀਆਂ, ਸਾਇਰਨ, ਭਾਰੀ ਬੂਟਾਂ ਦੀ ਠਕ-ਠਕ, ਕਰਫ਼ਿਊ ਸਭ ਕੁਝ ਯਾਦ ਹੈ ਉਸਨੂੰ। ਸਕੂਲਾਂ ਦਾ ਬੰਦ ਹੋ ਜਾਣਾ, ਸਬਜ਼ੀਆਂ ਦਾ ਗ਼ਾਇਬ ਹੋ ਜਾਣਾ, ਚਿਹਰਿਆਂ ਉੱਤੇ ਚਿਪਕਿਆ ਹੋਇਆ ਭੈ, ਦਿਮਾਗ਼ਾਂ ਵਿਚ ਭਰੀ ਦਹਿਸ਼ਤ, ਆਪਣਿਆਂ ਦਾ ਬਿਗਾਨਾਪਨ, ਓਪਰਿਆਂ ਦੀ ਅਪਣੱਤ, ਕੁਝ ਵੀ ਤਾਂ ਨਹੀਂ ਸੀ ਭੁੱਲਿਆ ਉਹ। ਫੇਰ ਆਪਣਾ ਨਾਂਅ!
ਉਸਨੂੰ ਉਸ ਛੋਟੀ ਉਮਰ ਵਿਚ ਹੀ ਉਹਨਾਂ ਨਾਵਾਂ ਨਾਲ ਨਫ਼ਰਤ ਹੋ ਗਈ ਸੀ ਜਿਹੜੇ ਧਰਮ ਦੇ ਟੋਕਣ ਹੁੰਦੇ ਨੇ। ਕਿਉਂ ਇਹ ਨਾਵਾਂ, ਜਾਤਾਂ ਤੇ ਧਰਮਾਂ ਦਾ ਸਿਲਸਿਲਾ ਖ਼ਤਮ ਹੋਣ ਵਿਚ ਨਹੀਂ ਆਉਂਦਾ? ਕਿਸੇ ਵੀ ਬੱਚੇ ਦੇ ਹੱਥ-ਵੱਸ ਨਹੀਂ ਕਿ ਉਹ ਆਪਣਾ ਨਾਂਅ ਖ਼ੁਦ ਚੁਣ ਸਕੇ। ਫੇਰ ਕਿਉਂ ਉਸਨੂੰ ਇਸ ਦੁਨੀਆਂ ਵਿਚ ਲਿਆਉਣ ਵਾਲੇ ਕੋਈ ਨਾਂਅ ਦੇ ਕੇ ਉਮਰ ਭਰ ਲਈ ਉਸਦੀ ਇਕ ਵੱਖਰੀ ਪਛਾਣ ਬਣਾ ਦੇਂਦੇ ਨੇ? ਕਿਉਂ ਨਹੀਂ ਉਸ ਬੱਚੇ ਨੂੰ ਓਦੋਂ ਤੀਕ ਬਖ਼ਸ਼ ਦਿੱਤਾ ਜਾਂਦਾ, ਜਦੋਂ ਤੀਕ ਉਹ ਵੱਡਾ ਹੋ ਕੇ ਖ਼ੁਦ ਆਪਣੇ ਲਈ ਇਕ ਨਾਂਅ ਚੁਣਨ ਦੇ ਕਾਬਿਲ ਨਹੀਂ ਹੋ ਜਾਂਦਾ? ਉਸ ਦਿਨ ਉਸਨੇ ਆਪਣੇ ਪਿਤਾ ਨੂੰ ਕਿਹਾ ਸੀ, “ਬਾਊ-ਜੀ, ਮੇਰਾ ਨਾਂਅ ਬਦਲ ਦਿਓ।”
ਤੇ ਪਿਤਾ ਦੀਆਂ ਝਿੜਕਾਂ ਨੇ ਉਸਦੇ ਫੈਸਲੇ ਨੂੰ ਹੋਰ ਵੀ ਪੱਕਾ ਕਰ ਦਿੱਤਾ ਸੀ ਤੇ ਉਸਨੇ ਪ੍ਰਣ ਕਰ ਲਿਆ ਸੀ ਕਿ ਵੱਡਾ ਹੋ ਕੇ, ਉਸਨੇ ਆਪਣਾ ਨਾਂਅ ਜ਼ਰੂਰ ਬਦਲ ਲੈਣਾ ਹੈ। ਨਾਂਅ ਉਸਦਾ ਆਪਣਾ ਹੈ, ਜਦੋਂ ਚਾਹੇਗਾ, ਜਿਵੇਂ ਚਾਹੇਗਾ ਆਪ ਰੱਖ ਲਏਗਾ...ਨਾਂਅ ਬਦਲਨਾ ਇਹੋ ਜਿਹੀ ਕਿਹੜੀ ਮੁਸ਼ਕਿਲ ਵਾਲੀ ਗੱਲ ਹੈ—
ਪਰ ਨਾਂਅ ਬਦਲਨਾ ਨਾਂਅ ਕਮਾਉਣ ਨਾਲੋਂ ਘੱਟ ਮੁਸ਼ਕਿਲ ਕੰਮ ਨਹੀਂ ਹੁੰਦਾ...ਕਚਹਿਰੀ ਦੇ ਚੱਕਰ, ਗਜ਼ਟ ਵਿਚੋਂ ਨਾਂਅ ਕਟਵਾਉਣਾ ਤੇ ਅਖ਼ਬਾਰ ਵਿਚ ਇਸ਼ਤਿਹਾਰ ਦੇਣੇ ਪਏ...ਤਦ ਉਸਨੂੰ ਇਸ ਗੱਲ ਦੀ ਸਮਝ ਆਈ। ਖ਼ੈਰ! ਇਹ ਸਭ ਕਰਨ ਪਿੱਛੋਂ ਉਹ 'ਆਈ.ਐੱਮ.ਤਿਵਾੜੀ' ਤੋਂ 'ਆਈ.ਐੱਮ.ਹਿੰਦੁਸਤਾਨੀ' ਬਣ ਸਕਿਆ। ਹਾਂ, ਇਹੀ ਉਸਦਾ ਨਵਾਂ ਨਾਂਅ ਸੀ। ਹੁਣ ਉਹ ਕਿਸੇ ਨੂੰ ਆਪਣੇ ਨਾਂਅ 'ਆਈ.ਐੱਮ.' ਦੇ ਅਰਥ ਨਹੀਂ ਸੀ ਦੱਸਦਾ ਹੁੰਦਾ। ਉਹ ਚਾਹੁੰਦਾ ਸੀ ਕਿ ਸਾਰੇ ਉਸਨੂੰ ਹਿੰਦੁਸਤਾਨੀ ਕਹਿ ਕੇ ਬੁਲਾਉਣ...ਹਿੰਦੁਸਤਾਨੀ, ਜਾਂ ਫੇਰ ਮਿਸਟਰ ਹਿੰਦੁਸਤਾਨੀ। ਉਸਨੇ ਪ੍ਰਣ ਕਰ ਲਿਆ ਸੀ ਕਿ ਕਿਸੇ ਨੂੰ ਵੀ ਆਪਣਾ ਧਰਮ ਨਹੀਂ ਦੱਸੇਗਾ।
ਤੇ ਪਹਿਲੀ ਟੱਕਰ ਵਿਚ ਹੀ ਉਸਦੇ ਇਸ ਪ੍ਰਣ ਦੇ ਟੁਕੜਿਆਂ ਦਾ ਮਲਬਾ ਖਿੰਡ-ਪੁੰਡ ਗਿਆ ਸੀ। ਨੌਕਰੀ ਲਈ ਫਾਰਮ ਭਰਦਿਆਂ ਹੋਇਆਂ ਉਸਨੂੰ ਇਕ ਕਾਲਮ ਭਰਨਾਂ ਪੈਣਾ ਸੀ...ਧਰਮ? ਉਸਨੇ ਧਰਮ ਦੇ ਸਾਹਮਣੇ ਲਿਖ ਦਿੱਤਾ ਸੀ...'ਨਾਸਤਕ!' ਬੜੀ ਵਾਰੀ ਸੋਚਦਾ ਹੁੰਦਾ ਸੀ ਕਿ ਜਿਹੜੇ ਸਾਡੇ ਵੱਡੇ ਵਾਮਪੰਥੀ ਲੇਖਕ ਨੇ, ਉਹਨਾਂ ਲੋਕਾਂ ਨੇ ਨੌਕਰੀ ਲੈਣ ਲਈ ਧਰਮ ਵਾਲੇ ਕਾਲਮ ਵਿਚ ਕੀ ਭਰਿਆ ਹੋਏਗਾ? ਕੀ ਉਹਨਾਂ ਦਾ ਵਾਮਪੰਥ, ਧਰਮ ਲਿਖਣ ਦੀ ਇਜਾਜ਼ਤ ਦਿੰਦਾ ਹੈ? ਜਾਂ ਫੇਰ ਇਹ ਸਾਰੇ ਡਫੂੰਗਵਾਦੀ ਵਾਮਪੰਥੀ ਹੀ ਨੇ? ਸਾਰਿਆਂ ਨੇ ਕੋਠੀਆਂ ਬਣਾਈਆਂ ਹੋਈਆਂ ਨੇ; ਤੇ ਵਾਮਪੰਥ ਨਿੱਜੀ ਸੰਪਤੀ ਰੱਖਣ ਦੇ ਖ਼ਿਲਾਫ਼ ਹੈ। ਫੇਰ ਇਹ ਸਭ ਕੀ ਗੋਰਖਧੰਦਾ ਹੈ?
ਨਾਸਤਕ ਹੋਣ ਦੀ ਸਜ਼ਾ ਉਸਨੂੰ ਭੁਗਤਨੀ ਪਈ। ਇੰਟਰਵਿਊ ਵਿਚ ਉਸਨੂੰ ਇਕ ਸਵਾਲ ਵੀ ਉਸਦੀ ਪੜ੍ਹਾਈ ਜਾਂ ਕਾਬਲੀਅਤ ਬਾਰੇ ਨਹੀਂ ਸੀ ਪੁੱਛਿਆ ਗਿਆ। ਪੈਨਲ ਦੇ ਹਰੇਕ ਮੈਂਬਰ ਨੂੰ ਸਿਰਫ ਇਸ ਗੱਲ ਵਿਚ ਰੁਚੀ ਸੀ ਕਿ ਉਹ ਨਾਸਤਕ ਕਿਉਂ ਹੈ...ਤੇ ਕੀ ਨਾਸਤਕਵਾਦ ਵੀ ਕੋਈ ਧਰਮ ਹੋ ਸਕਦਾ ਹੈ?
ਆਪਣੇ ਮਨ ਵਿਚ ਰਿੱਝਦੀ ਉਤੇਜਨਾ ਨੂੰ ਉਸਨੇ ਸ਼ਬਦ ਦੇ ਦਿੱਤੇ : “ਸਰ, ਧਰਮ ਸਾਨੂੰ ਹਜ਼ਾਰਾਂ ਸਾਲ ਪਿੱਛੇ ਲੈ ਜਾਂਦਾ ਹੈ, ਜਦ ਅਸੀਂ ਕੋਈ ਕੈਮਰਾ, ਫਰਿੱਜ ਜਾਂ ਕਾਰ ਖ਼ਰੀਦਦੇ ਆਂ ਤਾਂ ਸਾਡੀ ਕੋਸ਼ਿਸ਼ ਇਹੋ ਹੁੰਦੀ ਏ ਕਿ ਨਵੇਂ ਤੋਂ ਨਵਾਂ ਮਾਡਲ ਖ਼ਰੀਦੀਏ...ਪਰ ਜਿੱਥੇ ਕਿਤੇ ਵੀ ਧਰਮ ਦੀ ਗੱਲ ਆਉਂਦੀ ਹੈ, ਹਰੇਕ ਧਰਮ ਵਾਲਾ ਆਪਣੇ ਪੁਰਾਤਣ ਤੋਂ ਪੁਰਾਤਣ ਗ੍ਰੰਥਾਂ ਦੀਆਂ ਡੀਂਗਾਂ ਮਾਰਨ ਲੱਗ ਪੈਂਦਾ ਏ। ਅਦਿਮ ਲੋਕਾਂ ਦੀਆਂ ਲਿਖੀਆਂ ਹੋਈਆਂ ਮਿਥਿਕ, ਪਿੱਛੜੀਆਂ ਗੱਲਾਂ ਲਈ ਅਸੀਂ ਲੋਕ ਭਿੜ-ਭਿੜ ਮਰਦੇ ਰਹਿੰਦੇ ਆਂ। ਕੀ ਇਹ ਸਹੀ ਹੈ?...ਜਾਂ ਇਹ ਸਹੀ ਨਹੀਂ ਕਿ ਨਾਸਤਕ ਹੋਣਾ ਇਸ ਅਵਸਥਾ ਨਾਲੋਂ ਵਧ ਚੰਗਾ ਏ? ਤੇ ਫੇਰ ਇਕ ਧਰਮ-ਨਿਰਪੱਖ ਦੇਸ਼ ਵਿਚ ਅਜਿਹੇ ਸਵਾਲ ਦਾ ਕੀ ਮਹੱਤਵ ਹੈ?”
ਪੈਨਲ ਦੇ ਮੈਂਬਰ ਉਸਦੀਆਂ ਗੱਲਾਂ ਸੁਣਦੇ ਰਹੇ ਤੇ ਅਖ਼ੀਰ ਉਹ ਨੌਕਰੀ ਉਸਨੂੰ ਨਹੀਂ ਮਿਲੀ। ਉਹਨਾਂ ਲਈ ਇਹ ਤਿਵਾੜੀ/ਹਿੰਦੁਸਤਾਨੀ, ਸਿਰਫ ਇਕ ਪੰਗੇਬਾਜ਼ ਇਨਸਾਨ ਨਾਲੋਂ ਵੱਧ ਕੁਝ ਵੀ ਨਹੀਂ ਸੀ। ਉਸਨੂੰ ਵੀ ਅਕਲ ਆ ਗਈ ਕਿ ਧਰਮ ਦੀ ਬਾਂਹ ਫੜ੍ਹੇ ਬਿਨਾਂ ਉਸਦੀ ਕਿਸ਼ਤੀ ਪਾਰ ਨਹੀਓਂ ਲੰਘਣੀ। ਪਰ ਉਸਨੂੰ ਤਾਂ ਕਿਸੇ ਵੀ ਧਰਮ ਵਿਚ ਵਿਸ਼ਵਾਸ ਨਹੀਂ ਸੀ; ਕਿਸ ਧਰਮ ਦੀ ਬਾਂਹ ਫੜ੍ਹਦਾ ਉਹ? ਜਦੋਂ ਸਾਰੇ ਧਰਮਾਂ ਵਾਲੇ ਹੀ ਆਪੋ-ਆਪਣੇ ਧਰਮ ਨੂੰ ਉੱਤਮ ਤੇ ਹੋਰਨਾਂ ਨੂੰ ਨੀਵਾਂ ਵਿਖਾਉਣ ਵਿਚ ਰੁੱਝੇ ਹੋਏ ਹੋਣ ਤਾਂ ਉਹ ਕਿਸ ਧਰਮ ਦੇ ਨਾਲ ਖਲੋਵੇ?
ਨੌਕਰੀ ਲੈਣ ਖਾਤਰ ਉਸਨੇ ਆਪਣੇ ਜਨਮ-ਧਰਮ ਦਾ ਪੱਲਾ ਹੀ ਫੜ੍ਹਿਆ। ਆਪਣੇ ਪਾਸਪੋਰਟ ਵਿਚ ਵੀ ਉਹ ਹਿੰਦੂ ਹੋ ਗਿਆ। ਉਹ ਸਿਰਫ ਹਿੰਦੁਸਤਾਨੀ ਬਣ ਕੇ ਰਹਿਣਾ ਚਾਹੁੰਦਾ ਸੀ, ਪਰ ਨੌਕਰੀ ਨੇ ਉਸਨੂੰ ਹਿੰਦੂ ਬਣਾ ਕੇ ਛੱਡਿਆ।
ਨੌਕਰੀ ਮਿਲੀ ਵੀ ਤਾਂ ਜੱਦਾਹ ਵਿਚ। ਉੱਥੇ ਤਾਂ ਧਰਮ ਦਾ ਵੱਖਰਾ ਹੀ ਰੂਪ ਸੀ : ਔਰਤਾਂ ਉੱਤੇ ਪਾਬੰਦੀਆਂ, ਉਹਨਾਂ ਦੇ ਚਿਹਰੇ ਬੁਰਕੇ ਤੇ ਨਕਾਬਾਂ ਹੇਠ ਢਕੇ ਨਜ਼ਰ ਆਉਂਦੇ। ਗ਼ੈਰ-ਮੁਸਲਿਮ ਔਰਤਾਂ ਨੂੰ ਵੀ ਆਬਾਯਾ ਪਾਉਣਾ ਪੈਂਦਾ ਸੀ। ਦਿਨ ਵਿਚ ਪੰਜ ਵਾਰੀ ਨਮਾਜ ਦੇ ਸਮੇਂ ਪੂਰਾ ਸ਼ਹਿਰ ਜੜ ਹੋ ਜਾਂਦਾ...ਨਮਾਜ ਦੌਰਾਨ ਸਾਰੀਆਂ ਦੁਕਾਨਾਂ ਬੰਦ।
ਉੱਥੇ ਉਸਨੇ ਭੇਦਭਾਵ ਦੀਆਂ ਕਈ ਵੰਨਗੀਆਂ ਦੇਖੀਆਂ : ਪਹਿਲਾ ਫਰਕ ਤਾਂ ਮੁਸਲਿਮ ਤੇ ਗ਼ੈਰ-ਮੁਸਲਿਮਾਂ ਵਿਚ ਹੀ ਸੀ। ਮੁਸਲਮਾਨਾਂ ਵਿਚ ਸਊਦੀ ਤੇ ਗ਼ੈਰ-ਸਾਊਦੀ ਦਾ ਫਰਕ; ਅਰਬੀ ਤੇ ਗ਼ੈਰ-ਅਰਬੀ ਮੁਸਲਮਾਨਾਂ ਵਿਚ ਅੰਤਰ। ਅਮੀਰ ਤੇ ਗਰੀਬ ਦੇਸ਼ਾਂ ਦੇ ਮੁਸਲਮਾਨਾਂ ਵਿਚ ਫਰਕ। ਫੇਰ ਗ਼ੈਰ-ਮੁਸਲਮਾਨਾਂ ਵਿਚ ਚਮੜੀ ਦਾ ਭੇਦਭਾਵ ਵੀ ਸੀ...ਯਾਨੀ ਗੋਰੇ ਤੇ ਕਾਲੇ ਦਾ ਫਰਕ।
ਜੀਵਨ ਵਿਚ ਪਹਿਲੀ ਵੇਰ ਜੱਦਾਹ ਤੋਂ ਤਾਈਫ਼ ਜਾਂਦਿਆਂ ਹੋਇਆਂ ਉਸਨੇ ਮੁਸਲਮਾਨਾਂ ਲਈ ਵੱਖ ਤੇ ਰਾਖਵੀਆਂ ਸੜਕਾਂ ਦੇਖੀਆਂ...ਮੰਡਲ ਦੇ ਕਮੰਡਲ ਦਾ ਇਕ ਹੋਰ ਰੂਪ! ਉੱਥੋਂ ਦੀ ਧਾਰਮਕ ਪੁਲਿਸ ਤੁਹਾਡਾ ਇਕਾਮਾ ਚੈੱਕ ਕਰੇਗੀ...ਇਕਾਮਾ...ਯਾਨੀਕਿ 'ਵਰਕ ਪਰਮਿਟ'। ਜੇ ਤੁਹਾਡਾ ਇਕਾਮਾ ਹਰੇ ਰੰਗ ਦਾ ਹੈ ਤਾਂ ਤੁਸੀਂ ਮੁਸਲਮਾਨ ਹੋ ਤੇ ਉਸ ਰਾਖਵੀਂ ਸੜਕ ਦੇ ਰਸਤੇ ਜਾ ਸਕਦੇ ਹੋ; ਨਹੀਂ ਤਾਂ ਤੁਹਾਨੂੰ ਇਕ ਲੰਮਾ ਚੱਕਰ ਕੱਟ ਕੇ ਆਮ ਸੜਕ ਰਾਹੀਂ ਤਾਈਫ਼ ਜਾਣਾ ਪਏਗਾ। ਉਸੇ ਸੜਕ ਦੇ ਕਿਨਾਰੇ ਰਸਤੇ ਵਿਚ ਉਸਨੇ ਬਿਲਡਿੰਗਾਂ ਦੀ ਇਕ ਢਾਣੀ ਦੇਖੀ...ਉਸਨੂੰ ਡਿਪੋਰਟੀ ਕੈਂਪ ਕਹਿੰਦੇ ਸਨ। ਯਾਨੀਕਿ ਉਹ ਲੋਕ ਜਿਹਨਾਂ ਨੂੰ ਸਾਊਦੀ ਅਰਬ ਵਿਚੋਂ ਕੱਢ ਦਿੱਤਾ ਜਾਂਦਾ ਸੀ, ਪਹਿਲਾਂ ਉਹਨਾਂ ਨੂੰ ਇਸ ਕੈਂਪ ਵਿਚ ਰੱਖਿਆ ਜਾਂਦਾ ਸੀ ਤੇ ਅਖ਼ੀਰ ਉਸ ਉਡਾਨ ਉੱਤੇ ਚੜ੍ਹਾ ਦਿੱਤਾ ਜਾਂਦਾ ਸੀ ਜਿਹੜੀ ਉਹਨਾਂ ਵਿਦੇਸ਼ੀਆਂ ਨੂੰ ਉਹਨਾਂ ਦੇ ਦੇਸ਼ ਦੀ ਧਰਤੀ ਉੱਤੇ ਪਹੁੰਚਾ ਦਿੰਦੀ ਸੀ। ਉਸ ਕੈਂਪ ਵਿਚ ਤੁਸੀਂ ਉਦੋਂ ਹੀ ਜਾ ਸਕਦੇ ਸੌ ਜਦੋਂ ਤੁਸੀਂ ਖ਼ੁਦ ਕੱਢ ਦਿੱਤੇ ਗਏ ਹੋਵੋਂ ਜਾਂ ਤੜੀਪਾਰ ਕਰ ਦਿੱਤੇ ਗਏ ਹੋਵੋਂ ਜਾਂ ਫੇਰ ਤੁਸੀਂ ਪੁਲਿਸ ਵਾਲੇ ਹੋਵੋਂ।
ਡਿਪੋਰਟੀ ਕੈਂਪ ਬਾਰੇ ਸੋਚ ਕੇ ਹਿੰਦੁਸਤਾਨੀ ਨੂੰ ਧੁੜਧੁੜੀ ਜਿਹੀ ਆ ਗਈ। ਕੈਸਾ ਵਿਹਾਰ ਹੁੰਦਾ ਹੋਏਗਾ ਉੱਥੋਂ ਦੇ ਵਾਸੀਆਂ ਨਾਲ?
ਹਿੰਦੁਸਤਾਨੀ ਨੂੰ ਜੱਦਾਹ ਵਿਚ ਹਮੇਸ਼ਾ ਦਹਿਸ਼ਤ ਦਾ ਮਾਹੌਲ ਹੀ ਦਿਖਾਈ ਦਿੱਤਾ ਸੀ। ਬਿਨਾਂ ਕਿਸੇ ਯੁੱਧ ਸਥਿਤੀ ਦੇ ਵੀ ਉੱਥੇ ਡਰ ਦਾ ਮਾਹੌਲ ਬਣਿਆ ਰਹਿੰਦਾ ਸੀ। ਪੁਲਿਸ ਵਿਚ ਵੀ ਮੁਤੱਵਾ ਯਾਨੀਕਿ 'ਧਾਰਮਕ ਪੁਲਿਸ' ਦਾ ਆਤੰਕ ਸਭ ਨਾਲੋਂ ਵੱਧ ਸੀ। ਮੁਤੱਵਾ ਤੋਂ ਤਾਂ ਸਾਊਦੀ ਨਾਗਰਿਕ ਵੀ ਡਰਦੇ ਨੇ। ਪਰਵਾਸੀ ਤਾਂ ਉਹਨਾਂ ਨੂੰ ਦੇਖ ਕੇ ਹੀ ਸਹਿਮ ਜਾਂਦੇ ਨੇ।
ਈਰਾਕ-ਕੁਵੈਤ ਲੜਾਈ ਦੇ ਦਿਨਾਂ ਵਿਚ ਤਾਂ ਇਸ ਡਰ ਸਦਕਾ ਵਾਤਾਵਰਣ ਹੋਰ ਵੀ ਭੈੜਾ ਹੋ ਗਿਆ ਸੀ। ਜੇ ਉਸਨੂੰ ਏਨੀ ਚੰਗੀ ਤਨਖ਼ਾਹ ਨਾ ਮਿਲ ਰਹੀ ਹੁੰਦੀ ਤਾਂ ਉਹ ਹਿੰਦੁਸਤਾਨੀ ਕਦੇ ਦਾ ਆਪਣੇ ਮੁਲਕ ਵਾਪਸ ਆ ਗਿਆ ਹੁੰਦਾ। ਪੈਸਾ ਤਾਂ ਕਿਸੇ ਨੂੰ ਵੀ, ਕਿਤੇ ਵੀ ਰੋਕ ਲੈਂਦਾ ਹੈ। ਪੈਸੇ ਦਾ ਚਮਤਕਾਰ ਤਾਂ ਹਿੰਦੁਸਤਾਨੀ ਜੱਦਾਹ ਤੇ ਤਾਈਫ਼ ਵਿਚ ਵੀ ਵੇਖ ਚੁੱਕਿਆ ਸੀ...ਰੇਤ ਵਿਚ ਵੀ ਰੁੱਖ ਉਗਾ ਦਿੱਤੇ ਗਏ ਸਨ।
ਈਰਾਕ ਨਾਲ ਯੁੱਧ ਸਮੇਂ ਸੀ.ਐੱਨ.ਐੱਨ. ਟੈਲੀਵੀਜ਼ਨ ਦਾ ਹਮਲਾ ਸਾਊਦੀ ਅਰਬ ਉੱਤੇ ਵੀ ਹੋਇਆ। ਸੀ.ਐੱਨ.ਐੱਨ ਦੇ ਪ੍ਰੋਗਰਾਮਾਂ ਦਾ ਖੁੱਲ੍ਹਾਪਣ ਉੱਥੋਂ ਦੇ ਕਠਮੁੱਲਿਆਂ ਤੋਂ ਝੱਲਿਆ ਨਹੀਂ ਗਿਆ। ਕੁਝ ਸਮੇਂ ਬਾਅਦ ਸਟਾਰ ਟੀ.ਵੀ. ਦੇ ਡਿਸ਼-ਐਨਟੀਨਿਆਂ ਉੱਤੇ ਵੀ, ਰਾਜ-ਘਰਾਣੇ ਦੀ ਬਿਜਲੀ ਡਿੱਗੀ। ਡਿਸ਼-ਐਨਟੀਨੇ ਨੂੰ ਸ਼ੈਤਾਨ ਦਾ ਕਟੋਰਾ ਕਿਹਾ ਗਿਆ ਤੇ 'ਏਡਸ' ਦੀ ਕੁੰਜੀ। ਕਠਮੁੱਲਿਆਂ ਨੇ ਐਲਾਨ ਕਰ ਦਿੱਤਾ ਕਿ ਡਿਸ਼-ਐਨਟੀਨਾ ਲਾਉਣ ਨਾਲ ਏਡਸ ਹੋ ਜਾਏਗੀ। ਹਿੰਦੁਸਤਾਨੀ ਆਪਣੇ ਇਕ ਮਿੱਤਰ ਦੇ ਘਰ ਜਾ ਕੇ ਕੇਬਲ ਟੀ.ਵੀ. ਦੇਖ ਲੈਂਦਾ।
ਉਸ ਸਮੇਂ ਵੀ ਹਿੰਦੁਸਤਾਨੀ ਧਰਮ ਦੀਆਂ ਇਹਨਾਂ ਗੁੰਝਲਾਂ ਨੂੰ ਸਮਝ ਨਹੀਂ ਸੀ ਸਕਿਆ। ਇਕੋ ਹੀ ਧਰਮ ਦੇ ਦੋ ਦੇਸ਼ ਆਪਸ ਵਿਚ ਲੜਦੇ ਨੇ...ਦੂਜੇ ਧਰਮਾਂ ਦੇ ਕਈ ਦੇਸ਼ ਰਲ ਕੇ ਉਸਨੂੰ ਤਬਾਹ ਕਰਨ ਵਿਚ ਜੁਟ ਜਾਂਦੇ ਨੇ। ਯਾਨੀਕਿ—ਧਰਮ, ਏਕਤਾ ਦੀ ਗਰੰਟੀ ਨਹੀਂ। ਪੁੱਤਰ ਦੁਆਰਾ ਪਿਤਾ ਦੀ ਹੱਤਿਆ ਹੁੰਦਿਆਂ-ਧਰਮ ਨਹੀਂ ਰੋਕ ਸਕਦਾ...ਤਾਂ ਫੇਰ ਧਰਮ ਦੇ ਨਾਂਅ ਉੱਤੇ ਹੱਤਿਆਵਾਂ ਕਿਉਂ ਹੁੰਦੀਆਂ ਨੇ? ਕੀ ਇਹ ਸਭ ਸਿਰਫ ਆਡੰਬਰ ਨਹੀਂ?
ਹਿੰਦੁਸਤਾਨੀ ਦਾ ਦਿਮਾਗ਼ ਬੇ-ਲਗ਼ਾਮ ਘੋੜੇ ਵਾਂਗ ਦੌੜ ਰਿਹਾ ਸੀ। ਤਰਕ, ਵਿਤਰਕ, ਕੁਤਰਕ ਸਾਰੇ ਉਸਦੇ ਦਿਮਾਗ਼ ਵਿਚ ਜਵਾਰ-ਭਾਟੇ ਵਾਂਗ ਉੱਬਲ-ਉੱਛਲ ਰਹੇ ਸਨ, 'ਇਕ ਸਮਾਂ ਅਜਿਹਾ ਵੀ ਹੁੰਦਾ ਹੋਏਗਾ ਜਦੋਂ ਆਦਮੀ ਨੂੰ ਪਤਾ ਵੀ ਨਹੀਂ ਹੁੰਦਾ ਹੋਣਾ ਕਿ ਭਗਵਾਨ ਵੀ ਕਿਸੇ ਸ਼ੈ ਦਾ ਨਾਂਅ ਹੈ। ਯਾਨੀਕਿ ਆਦਮੀ ਨੇ ਭਗਵਾਨ ਦਾ ਨਿਰਮਾਣ ਕੀਤਾ ਹੋਏਗਾ। ਜਦੋਂ ਕਿਸੇ ਨੇ ਪਹਿਲੀ ਵੇਰ ਭਗਵਾਨ ਦੀ ਹੋਂਦ ਦੀ ਕਲਪਨਾ ਕੀਤੀ ਹੋਏਗੀ ਤਾਂ ਉਸਨੇ ਪਹਿਲੇ ਧਰਮ ਦਾ ਐਲਾਨ ਕਰ ਦਿੱਤਾ ਹੋਏਗਾ। ਤੇ ਫੇਰ ਕਿਸੇ ਨੇ, ਕਿਸੇ ਹੋਰ ਭਗਵਾਨ ਦੇ ਹੋਣ ਦੀ ਸੰਭਵਾਨਾ ਉੱਤੇ ਵਿਚਾਰਿਆ ਹੋਏਗਾ ਤੇ ਦੂਜਾ ਧਰਮ ਪੈਦਾ ਹੋ ਗਿਆ ਹੋਏਗਾ। ਇਵੇਂ ਹੀ ਫੇਰ ਤੀਜਾ, ਚੌਥਾ ਤੇ ਪੰਜਵਾਂ ਧਰਮ ਬਣ ਗਏ ਹੋਣਗੇ।' ਇਸ ਸਭ ਦਾ ਸਿੱਟਾ ਹਿੰਦੁਸਤਾਨੀ ਨੇ ਇਹੀ ਕੱਢਿਆ ਸੀ, “ਜਦੇ-ਜਦੇ ਕੋਈ ਆਦਮੀ ਭਗਵਾਨ ਨੂੰ ਆਪਣੀ ਕਲਪਣਾ ਵਿਚ ਦੇਖਦਾ ਹੈ ਤੇ ਉਸ ਨਾਲ ਆਪਣੀ ਤਨ-ਤਾਣ ਜੋੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਭਿਅਤਾ ਹੋਰ ਵੱਧ ਹਿੱਸਿਆਂ ਵਿਚ ਵੰਡੀ ਜਾਂਦੀ ਹੈ।”
ਕੁਦਰਤ ਨੇ ਤਾਂ ਸਾਰੇ ਇਨਸਾਨਾਂ ਦੇ ਜੰਮਣ ਤੇ ਮਰਨ ਦਾ ਤਰੀਕਾ ਇਕੋ ਰੱਖਿਆ ਹੋਇਆ ਹੈ। ਇਨਸਾਨ ਹੀ ਕਿਉਂ ਉਸ ਬੱਚੇ ਦੇ ਪਾਲਨ-ਪੋਸ਼ਣ ਤੋਂ ਲੈ ਕੇ ਅੰਤਿਮ-ਕ੍ਰਿਆ ਤੀਕ ਵੱਖੋ-ਵੱਖਰੋ ਤਰੀਕੇ ਅਪਣਾਈ ਬੈਠਾ ਹੈ? ਅੱਜ ਜਿਸ ਦੇਸ਼ ਵਿਚ ਹਿੰਦੁਸਤਾਨੀ ਰਹਿ ਰਿਹਾ ਸੀ, ਉੱਥੇ ਤਾਂ ਕਿਸੇ ਹੋਰ ਧਰਮ ਦੇ ਲੋਕਾਂ ਨੂੰ ਆਪਣੇ ਇਸ਼ਟ-ਦੇਵਾਂ ਦੀਆਂ ਮੂਰਤੀਆਂ ਰੱਖਣ ਜਾਂ ਪੂਜਾ ਕਰਨ ਦਾ ਅਧਿਕਾਰ ਤੱਕ ਨਹੀਂ ਦਿੱਤਾ ਗਿਆ ਸੀ। ਫੇਰ ਵੀ ਲੋਕ ਲੁਕ-ਛਿਪ ਕੇ ਪੂਜਾ ਕਰਦੇ ਨੇ। ਕੀ ਧਰਮ ਨਾਲ ਜੁੜਿਆ ਹੋਣਾ ਏਨਾ ਬਲ ਦਿੰਦਾ ਹੈ ਕਿ ਇਨਸਾਨ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਤੋਂ ਵੀ ਨਹੀਂ ਜਕਦਾ?
ਨਾਸਤਕ ਹੋਣ ਦੇ ਚੱਕਰ ਵਿਚ ਹਿੰਦੁਸਤਾਨੀ ਵਿਆਹ ਵੀ ਨਹੀਂ ਸੀ ਕਰਵਾ ਸਕਿਆ। ਹੁਣ ਤਾਂ ਲਗਭਗ ਪੈਂਤੀ-ਛੱਤੀ ਸਾਲ ਦਾ ਹੋ ਗਿਆ ਹੈ। ਪਰ ਉਹ ਕਿਸੇ ਧਾਰਮਕ ਵਿਧੀ ਅਨੁਸਾਰ ਵਿਆਹ ਨਹੀਂ ਸੀ ਕਰਨਾ ਚਾਹੁੰਦਾ...ਮਾਂ-ਬਾਪ ਨੂੰ ਕੋਰਟ ਦੀ ਸ਼ਾਦੀ ਮੰਜ਼ੂਰ ਨਹੀਂ ਸੀ...ਤੇ ਨਾਲੇ ਕੋਰਟ ਕਚਹਿਰੀ ਵਿਚ ਵੀ ਤਾਂ ਧਰਮ ਪੁੱਛਿਆ ਜਾਂਦਾ ਹੈ। ਸਾਲੇ ਕੋਰਟ-ਕਚਹਿਰੀਆਂ ਵੀ ਧਾਰਮਿਕ ਹੋ ਗਏ ਨੇ।
ਇਸੇ ਲਈ ਜੱਦਾਹ ਵਿਚ ਇਕੱਲਾ ਰਹਿੰਦਾ ਸੀ ਹਿੰਦੁਸਤਾਨੀ। ਉਸਦੇ ਸਾਥੀਆਂ ਨੇ ਉਸਨੂੰ ਡਰਾ ਦਿੱਤਾ ਸੀ, “ਬੰਨੇ ਮਲਿਕ ਇਲਾਕੇ ਵਿਚ ਕਦੀ ਨਾ ਜਾਵੀਂ। ਇਸ ਇਲਾਕੇ ਵਿਚ ਸਾਰੇ ਦੋ ਨੰਬਰ ਦੇ ਧੰਦੇ ਹੁੰਦੇ ਨੇ। ਨਕਲੀ ਪਾਸਪੋਰਟ, ਨਕਲੀ ਵੀਜੇ, ਇੱਥੋਂ ਤੀਕ ਕਿ ਨਕਲੀ ਇਕਾਮਾ।” ਯਾਨੀਕਿ ਪਰਮਿਟ ਵੀ! ਹਿੰਦੁਸਤਾਨੀ ਹੈਰਾਨ ਕਿ ਏਨੀ ਸਾਰੀ ਪੁਲਿਸ, ਅਸਲੀ ਪੁਲਿਸ। ਏਨੀ ਦਹਿਸ਼ਤ, ਫੇਰ ਵੀ ਏਨੇ ਸਾਰੇ ਜਾਅਲੀ ਧੰਦੇ! ਹਿੰਮਤ ਵਾਲੇ ਲੋਕਾਂ ਦੀ ਕਮੀ ਨਹੀਂ ਹੁੰਦੀ, ਕਿਸੇ ਵੀ ਮੁਲਕ ਵਿਚ।
ਇਹਨੀਂ ਦਿਨੀ ਹਿੰਦੁਸਤਾਨੀ ਦਾ ਇਕ ਨਵਾਂ ਦੋਸਤ ਬਣਿਆ ਸੀ, ਸੰਜੇ। ਇਕ ਕੰਪਨੀ ਵਿਚ ਮੈਨੇਜਰ ਸੀ। 'ਅਲ-ਹਮਾਰਾ' ਇਲਾਕੇ ਵਿਚ ਹੀ ਰਹਿੰਦਾ ਸੀ। ਉਸਦੀ ਪਤਨੀ ਅਰਪਣਾ ਤੇ ਧੀ ਚਯਨਿਕਾ...ਤਿੰਨੇ ਬਿਨਾਂ ਕਿਸੇ ਦਵੰਧ ਦੇ ਜੱਦਾਹ ਵਿਚ ਜਿਊਂ ਰਹੇ ਸਨ। ਅਰਪਣਾ ਨਾਲ ਅਕਸਰ ਉਸਦੀ ਬਹਿਸ ਹੋ ਜਾਂਦੀ ਹੁੰਦੀ ਸੀ, “ਮੈਂ ਕਹਿਣਾ ਬਈ ਜਿਹੜਾ ਮੁਸਲਮਾਨ ਨਹੀਂ, ਉਹ ਬੁਰਕਾ ਜਾਂ ਆਬਾਯਾ ਕਿਉਂ ਪਾਏ?” ਅਰਪਣਾ ਹੱਸਦੀ ਹੋਈ ਸਹਿਜੇ ਹੀ ਹਿੰਦੁਸਤਾਨੀ ਨੂੰ ਸਮਝਾਉਂਦੀ, “ਦੇਖ ਭਰਾ, ਅਸੀਂ ਆਬਾਯਾ ਨਾ ਪਾਈਏ ਨਾ, ਤਾਂ ਇੰਜ ਲੱਗਦਾ ਏ ਸੜਕ ਉੱਤੇ ਸਾਰੇ ਸਾਨੂੰ ਹੀ ਘੂਰੀ ਜਾ ਰਹੇ ਨੇ। ਅਸੀਂ ਸੜਕ ਉੱਤੇ ਵੱਖਰੇ ਹੀ ਦਿਖਾਈ ਦੇ ਰਹੇ ਹਾਂ। ਜਦ ਸਾਰੀਆਂ ਔਰਤਾਂ ਨੇ ਬੁਰਕੇ ਪਾਏ ਹੁੰਦੇ ਨੇ ਤਾਂ ਅਸੀਂ ਸੜਕ ਉੱਤੇ ਦੂਰੋਂ ਈ ਪਛਾਣੇ ਜਾਂਦੇ ਆਂ। ਸੋ ਅਸੀਂ ਵੀ ਆਬਾਯਾ ਵਿਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ। ਨਹੀਂ ਤਾਂ ਲੱਗਦਾ ਏ ਪੂਰੇ ਕੱਪੜੇ ਪਾਏ ਬਗ਼ੈਰ ਹੀ ਘਰੋਂ ਨਿਕਲ ਆਏ ਹਾਂ।”
ਹਿੰਦੁਸਤਾਨੀ ਫੇਰ ਹੈਰਾਨ! ਭਾਰਤੀ ਨਾਰੀ ਵਿਚ ਕਿੰਨੀ ਸਹਿਣ-ਸ਼ਕਤੀ ਹੈ! ਨਾਲੇ ਇੱਥੇ ਤਾਂ ਅਮਰੀਕਨ ਤੇ ਅੰਗਰੇਜ਼ ਔਰਤਾਂ ਵੀ ਆਬਾਯਾ ਪਾਉਂਦੀਆਂ ਨੇ। ਕੀ ਅਮਰੀਕਾ ਤੇ ਇੰਗਲੈਂਡ ਵਿਚ ਵੀ ਇਹ ਜ਼ਨਾਨੀਆਂ ਬੁਰਕੇ ਪਾ ਲੈਣਗੀਆਂ? ਜੇ ਉੱਥੋਂ ਦੀਆਂ ਸਰਕਾਰਾਂ ਵੀ ਇਹ ਹੁਕਮ ਲਾਗੂ ਕਰ ਦੇਣ ਕਿ 'ਔਰਤਾਂ ਲਈ ਬੁਰਕਾ ਪਾਉਣਾ ਲਾਜ਼ਮੀਂ ਹੈ'...ਕੀ ਫੇਰ ਇਹ ਔਰਤਾਂ ਬਗ਼ਾਵਤ ਨਹੀਂ ਕਰ ਦੇਣਗੀਆਂ? ਤਾਂ ਕੀ ਇਹਨਾਂ ਨੂੰ ਵੀ ਪੈਸੇ ਦਾ ਲਾਲਚ ਹੀ...?
ਹਿੰਦੁਸਤਾਨੀ ਤਾਂ ਆਪਣੇ ਦੇਸ਼ ਵਿਚ ਵੀ ਸਿਗਰਟ ਜਾਂ ਸ਼ਰਾਬ ਨਹੀਂ ਸੀ ਪੀਂਦਾ, ਇਸ ਲਈ ਜੱਦਾਹ ਵਿਚ ਵੀ ਉਸਨੂੰ ਕੋਈ ਵਿਸ਼ੇਸ਼ ਮੁਸ਼ਕਿਲ ਨਹੀਂ ਸੀ ਹੁੰਦੀ। ਪੂਜਾ-ਪਾਠ ਉਸਨੇ ਕਦੀ ਆਪਣੇ ਘਰੇ ਵੀ ਨਹੀਂ ਸੀ ਕੀਤਾ, ਇਸ ਲਈ ਕਮੀ ਮਹਿਸੂਸ ਕਰਨ ਦੇ ਕੋਈ ਅਰਥ ਹੀ ਨਹੀਂ ਸਨ। ਹੁਣ ਉਸਨੇ ਕਾਰ ਵੀ ਖਰੀਦ ਲਈ ਸੀ। ਇਸ ਲਈ ਉਸਨੂੰ ਆਉਣ-ਜਾਣ ਦੀ ਦਿੱਕਤ ਵੀ ਨਹੀਂ ਸੀ ਰਹੀ...ਪੈਟਰੋਲ ਤਾਂ ਲਗਭਗ ਮੁਫ਼ਤ ਵਾਂਗ ਹੀ ਸੀ; ਦਸ ਬਾਰਾਂ ਰਿਆਲ ਵਿਚ ਟੈਂਕੀ ਫੁੱਲ ਕਰਵਾ ਲਓ। ਇਕ ਰਾਤ ਹਿੰਦੁਸਤਾਨੀ ਸੰਜੇ ਦੇ ਘਰ ਖਾਣਾ ਖਾ ਰਿਹਾ ਸੀ। ਰਾਤ ਨੂੰ ਖਾਣਾ ਖਾਣ ਪਿੱਛੋਂ ਸੰਜੇ ਬੋਲਿਆ, “ਚੱਲ, ਹੁੱਕਾ ਪੀਣ ਚੱਲਦੇ ਆਂ।”
“ਇਹ 'ਹੁੱਕਾ ਪੀਣ ਚੱਲਦੇ ਆਂ' ਦਾ ਕੀ ਮਤਲਬ ਹੋਇਆ ਭਰਾ? ਜੇ ਹੁੱਕਾ ਈ ਪੀਣਾ ਏਂ ਤਾਂ ਭਰੋ ਹੁੱਕਾ ਤੇ ਬੈਠ ਜਾਓ ਪੀਣ...।”
“ਨਹੀਂ ਮੇਰੇ ਗੋਬਰ ਗਨੇਸ਼, ਅੱਜ ਤੈਨੂੰ ਦਿਖਾਂਦੇ ਆਂ ਬਈ ਰਾਤ ਦੇ ਬਾਰਾਂ ਵਜੇ ਵੀ ਜੱਦਾਹ ਵਿਚ ਆਦਮੀ-ਔਰਤਾਂ ਇਕੱਠੇ ਬੈਠ ਕੇ ਹੁੱਕਾ ਕਿਵੇਂ ਪੀਂਦੇ ਆ।”
ਹਿੰਦੁਸਤਾਨੀ ਹੈਰਾਨ! ਉਸਦੇ ਦੇਸ਼ ਵਿਚ ਹੁੱਕੇ ਦੀ ਕਦੀ ਕਦਰ ਹੁੰਦੀ ਹੋਏਗੀ...ਜਦ ਰਾਜੇ ਮਹਾਰਾਜੇ ਹੁੰਦੇ ਸਨ; ਅੱਜ ਤਾਂ ਹੁੱਕਾ ਪਿੱਛੜੇਪਨ ਦਾ ਪ੍ਰਤੀਕ ਬਣ ਕੇ ਰਹਿ ਗਿਆ ਹੈ।
ਤੁਰ ਪਿਆ ਹਿੰਦੁਸਤਾਨੀ। ਜੀਵਨ ਵਿਚ ਪਹਿਲੀ ਵਾਰ ਸਮੂਹਿਕ 'ਹੁੱਕਾ-ਪਾਨ-ਸਥਾਨ' ਦੇਖਣ ਲਈ। ਖੁੱਲ੍ਹੀ ਛੱਤ ਹੇਠ, ਅਨੇਕਾਂ ਝਾੜੀਆਂ-ਬੂਟਿਆਂ ਵਿਚਕਾਰ, ਮੁਗ਼ਲੀਆ ਸ਼ਾਨੋ-ਸ਼ੌਕਤ ਦੇ ਹੁੱਕੇ : ਕਿਸੇ ਵਿਚ ਕਲਕੱਤੇ ਦਾ ਤੰਬਾਕੂ ਸੀ ਤਾਂ ਕਿਸੇ ਵਿਚ ਬਹਰੀਨ ਦਾ; ਕੋਈ ਪਾਕਿਸਤਾਨ ਤੋਂ ਆਇਆ ਹੋਇਆ ਹੈ ਤੇ ਕੋਈ ਚੀਨ ਤੋਂ...ਜ਼ਿੰਦਗੀ ਵਿਚ ਪਹਿਲੀ ਵੇਰੀ ਸ਼ੀਸ਼ੇ ਦਾ ਬਣਿਆ ਹੁੱਕਾ ਦੇਖਿਆ। ਸਾਰਾ ਮਾਹੌਲ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਕੋਈ 'ਹੁੱਕਾ-ਉਤਸਵ' ਚੱਲ ਰਿਹਾ ਹੋਵੇ। ਮੱਠੀ-ਮੱਠੀ ਅੱਗ ਉੱਪਰ ਹੁੱਕੇ ਦਾ ਤੰਬਾਕੂ ਸੁਲਗ ਰਿਹਾ ਸੀ।
ਕੁਝ ਇਵੇਂ ਹੀ ਸੁਲਗ ਰਿਹਾ ਸੀ ਇਹ ਸਵਾਲ ਉਸਦੇ ਆਪਣੇ ਦੇਸ਼ ਵਿਚ। ਇਕ ਧਰਮ ਉਸਨੂੰ ਅੱਲ੍ਹਾ ਦਾ ਘਰ ਕਹਿ ਰਿਹਾ ਸੀ ਤੇ ਦੂਜਾ ਉਸਨੂੰ ਭਗਵਾਨ ਦਾ ਜਨਮ-ਸਥਾਨ। ਹਿੰਦੁਸਤਾਨੀ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ 'ਫੇਰ ਦਿੱਕਤ ਕੀ ਹੈ? ਜੇ ਭਗਵਾਨ ਉੱਥੇ ਜਨਮੇ ਨੇ ਤਾਂ ਵੀ ਤਾਂ ਉਹ ਭਗਵਾਨ ਦਾ ਘਰ ਹੀ ਹੋਇਆ। ਦੋਵੇਂ ਧਰਮ ਉਸਨੂੰ ਭਗਵਾਨ ਦਾ ਘਰ ਮੰਨ ਕੇ ਵੀ ਲੜੀ ਜਾ ਰਹੇ ਨੇ। ਕੀ ਅਜਿਹਾ ਕੋਈ ਤਰੀਕਾ ਨਹੀਂ ਹੋ ਸਕਦਾ ਕਿ ਦੋਵਾਂ ਧਰਮਾਂ ਦੇ ਲੋਕ ਇਕੋ ਜਗ੍ਹਾ ਰੱਬ ਦੀ ਬੰਦਗੀ ਕਰ ਲੈਣ? ਇਸ ਵਿਚ ਏਨਾ ਉਤੇਜਿਤ ਹੋਣ ਵਾਲੀ ਸਥਿਤੀ ਕਿਉਂ ਪੈਦਾ ਕੀਤੀ ਹੋਈ ਹੈ? ਕਿਉਂ ਕੁਰੁਕਸ਼ੇਤਰ ਵਰਗੀ ਸਥਿਤੀ ਬਣਾਈ ਬੈਠੇ ਨੇ ਉਹ ਲੋਕ? ਕੋਈ ਕਿਸੇ ਲਈ ਇਕ ਇੰਚ ਜ਼ਮੀਨ ਛੱਡਣ ਲਈ ਤਿਆਰ ਨਹੀਂ।' ਏਨੀ ਦੂਰ ਹਿੰਦੁਸਤਾਨ ਵਿਚ ਸੁਲਗ ਰਹੇ ਸਵਾਲ ਦਾ ਸੇਕ ਜੱਦਾਹ ਵਰਗੇ ਦੂਰ-ਦੁਰੇਡੇ ਦੇ ਸ਼ਹਿਰ ਵਿਚ ਵੀ ਮਹਿਸੂਸ ਕੀਤੀ ਜਾ ਸਕਦੀ ਸੀ।
ਤੇ ਫੇਰ ਉਸੇ ਗਰਮ ਹਵਾ ਦਾ ਇਕ ਤੇਜ਼ ਭਭੂਕਾ, ਦਸੰਬਰ ਦੀ ਇਕ ਠਰੀ ਹੋਈ ਰਾਤ ਵਿਚ, ਉਸਨੇ ਮਹਿਸੂਸ ਕੀਤੀ। ਲਗਭਗ ਚਾਰ ਸੌ ਸਾਲ ਪੁਰਾਣਾ ਇਕ ਢਾਂਚਾ ਚਰਮਰਾ ਕੇ ਮਲਬੇ ਦਾ ਢੇਰ ਬਣ ਗਿਆ ਸੀ। ਹਿੰਦੁਸਤਾਨੀ ਪਹਿਲੀ ਵਾਰੀ ਡਰਿਆ। ਉਸਨੂੰ ਲੱਗਿਆ ਜਿਵੇਂ ਜੱਦਾਹ ਦੇ ਹਰ ਮੁਸਲਮਾਨ ਦੀਆਂ ਅੱਖਾਂ ਉਸੇ ਨੂੰ ਘੂਰ ਰਹੀਆਂ ਨੇ ਤੇ ਉਸੇ ਨੂੰ ਉਸ ਢਾਂਚੇ ਨੂੰ ਡੇਗਣ ਦਾ ਗੁਨਾਹਗਾਰ ਸਮਝਿਆ ਜਾ ਰਿਹਾ ਹੈ। ਪ੍ਰੇਸ਼ਾਨ ਤਾਂ ਸੰਜੇ ਵੀ ਸੀ। ਉਸਦਾ ਡਿਸ਼ ਐਨਟੀਨਾ ਤਾਂ ਦੁਬਈ, ਇੰਗਲੈਂਡ, ਪਾਕਿਸਤਾਨ, ਬੰਗਲਾ ਦੇਸ਼ ਤੇ ਭਾਰਤ ਵਿਚ ਬਲਦੇ ਹੋਏ ਮੰਦਰ ਵੀ ਦਿਖਾਅ ਰਿਹਾ ਸੀ। ਜੱਦਾਹ ਵਿਚ ਰਹਿ ਰਹੇ ਹਿੰਦੂਆਂ ਦੇ ਮਨ ਵਿਚ ਇਕ ਅਜੀਬ ਜਿਹੀ ਦਹਿਸ਼ਤ ਵਧਦੀ ਜਾ ਰਹੀ ਸੀ। ਸੰਜੇ ਦੇ ਪਿਤਾ ਵੰਡ ਦੇ ਭੁਗਤ-ਭੋਗੀ ਸਨ। ਉਸਨੂੰ ਆਪਣੇ ਪਿਤਾ ਦੀ ਆਖੀ ਹੋਈ ਇਕ ਇਕ ਗੱਲ ਚੇਤੇ ਆ ਰਹੀ ਸੀ।
ਅਫ਼ਵਾਹਾਂ ਦਾ ਬਾਜ਼ਾਰ ਗਰਮ ਸੀ। ਅੱਜ ਹਿੰਦੁਸਤਾਨੀ ਨੂੰ ਵੀ ਡਿਸ਼ ਐਨਟੀਨਾ ਸ਼ੈਤਾਨ ਦਾ 'ਅਵਤਾਰ' ਲੱਗ ਰਿਹਾ ਸੀ। ਕਿਉਂਕਿ ਉਹ ਬਿਨਾਂ ਰੁਕੇ ਅਯੋਧਿਆ ਦੀਆਂ ਖ਼ਬਰਾਂ ਉਗਲ ਰਿਹਾ ਸੀ। ਕਈ ਹਿੰਦੂਆਂ ਦੇ ਇਕਾਮੇ ਰੱਦ ਕਰ ਦਿੱਤੇ ਗਏ। ਉਹਨਾਂ ਦੇ ਪਾਸਪੋਰਟ ਉੱਤੇ ਲਾਲ ਰੰਗ ਦੀ 'ਐਗਜ਼ਿਟ ਵੀਜ਼ਾ' ਦੀ ਮੋਹਰ ਲਾ ਕੇ ਉਹਨਾਂ ਨੂੰ ਵਾਪਸ ਭੇਜਿਆ ਜਾਣ ਲੱਗ ਪਿਆ। ਸੰਜੇ ਨੇ ਹਿੰਦੁਸਤਾਨੀ ਨੂੰ ਤਾੜਨਾ ਕੀਤੀ, “ਤੂੰ ਇੱਕਲਾ ਘਰੋਂ ਕਿਧਰੇ ਬਾਹਰ ਨਾ ਜਾਈਂ, ਕਦੀ। ਕੁਛ ਦਿਨਾਂ ਲਈ ਸਾਡੇ ਘਰੇ ਹੀ ਰਹੁ। ਘਰੋਂ ਦਫ਼ਤਰ ਮੈਂ ਤੈਨੂੰ ਆਪ ਛੱਡ ਆਇਆ ਕਰਾਂਗਾ। ਬੰਨੇ ਮਲਿਕ ਦੇ ਇਲਾਕੇ ਵੱਲ ਭੁੱਲ ਕੇ ਵੀ ਨਾ ਜਾਈਂ।”
ਔਰਤਾਂ ਦੇ ਮੱਥਿਆਂ ਤੋਂ ਬਿੰਦੀਆਂ ਗ਼ਾਇਬ ਹੋਣ ਲੱਗੀਆਂ। ਇਹ ਬਿੰਦੀਆਂ ਹੀ ਤਾਂ ਉਹਨਾਂ ਨੂੰ ਹੋਰਨਾਂ ਔਰਤਾਂ ਨਾਲੋਂ ਵੱਖ ਕਰ ਦੇਂਦੀਆਂ ਸਨ...ਤੇ ਇਸੇ ਕਰਕੇ ਉਹਨਾਂ ਦੀ ਬੇਇੱਜ਼ਤੀ ਦਾ ਕਾਰਨ ਵੀ ਬਣ ਜਾਂਦੀਆਂ ਸਨ।
ਉਸ ਸ਼ਾਮ ਤਾਂ ਹਿੰਦੁਸਤਾਨੀ ਨੂੰ ਇਹ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਅਯੋਧਿਆ ਦੇ ਹਾਦਸੇ ਦਾ ਜ਼ਿੰਮੇਵਾਰ ਉਹ ਖ਼ੁਦ ਹੈ, ਸੰਜੇ ਹੈ, ਅਰਪਣਾ ਹੈ ਉਹਨਾਂ ਦੀ ਪੰਜ ਵਰ੍ਹਿਆਂ ਦੀ ਬੱਚੀ ਚਯਨਿਕਾ ਹੈ। ਚਯਨਿਕਾ ਦੇ ਸਕੂਲ ਵਿਚ ਉਸਦਾ ਬਾਈਕਾਟ ਕਰ ਦਿੱਤਾ ਗਿਆ ਸੀ। ਉਸਨੂੰ ਦੱਸਿਆ ਗਿਆ ਸੀ ਕਿ ਅਯੋਧਿਆ ਦੀ ਮਸਜਿਦ 'ਉਹਨਾਂ ਨੇ' ਤੋੜੀ ਹੈ, ਇਸ ਲਈ ਕਲਾਸ ਦੇ ਹੋਰ ਬੱਚੇ ਉਸ ਨਾਲ ਗੱਲ ਨਹੀਂ ਕਰਨਗੇ। ਰੋ-ਰੋ ਸੁੱਜਾਈਆਂ ਅੱਖਾਂ ਵਾਲੀ ਚਯਨਿਕਾ ਨੇ ਸ਼ਾਮ ਨੂੰ ਸੰਜੇ ਨੂੰ ਪੁੱਛ ਹੀ ਤਾਂ ਲਿਆ ਸੀ, “ਪਾਪ, ਤੁਸੀਂ ਮਸਜਿਦ ਕਿਉਂ ਤੋੜੀ? ਕਲਾਸ ਵਿਚ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ।” ਹਿੰਦੁਸਤਾਨੀ ਨੂੰ ਲੱਗਿਆ ਜਿਵੇਂ ਉਸਦੇ ਸਰੀਰ ਦਾ ਇਕ ਇਕ ਅੰਗ ਚਰਮਰਾ ਕੇ ਮਲਬੇ ਦੇ ਢੇਰ ਵਿਚ ਬਦਲਦਾ ਜਾ ਰਿਹਾ ਹੈ।
ਗਰਮੀ ਅਜੇ ਵੀ ਨਹੀਂ ਸੀ ਗਈ ਪਰ ਮਾਹੌਲ ਵਿਚ ਥੋੜ੍ਹਾ ਫਰਕ ਆ ਗਿਆ ਸੀ। ਹਿੰਦੁਸਤਾਨੀ ਦਾ ਵੀ ਦਮ ਘੁਟ ਰਿਹਾ ਸੀ। ਉਸਨੂੰ ਵੀ ਤਾਂ ਤਾਜ਼ੀ ਹਵਾ ਦੀ ਲੋੜ ਸੀ। ਇਕ ਦਿਨ ਸ਼ਾਮ ਨੂੰ ਦਫ਼ਤਰੋਂ ਨਿਕਲ ਕੇ ਸਿੱਧਾ ਕਾਰਬਿਸ਼ ਵੱਲ ਤੁਰ ਪਿਆ। ਪਾਰਕਿੰਗ ਲਾਟ ਵਿਚ ਗੱਡੀ ਖੜ੍ਹੀ ਕੀਤੀ। ਉਸਨੇ ਅਜੇ ਥੋੜ੍ਹੀ ਕੁ ਖ਼ਰੀਦਦਾਰੀ ਹੀ ਕੀਤੀ ਸੀ ਕਿ ਮਗ਼ਰਿਬ (ਲਹਿੰਦੇ) ਦੀ ਆਜ਼ਾਨ ਹੋ ਗਈ। ਹਿੰਦੁਸਤਾਨੀ ਨੇ ਸੋਚਿਆ, ਚਲੋ ਇਹ ਸਾਮਾਨ ਜਾ ਕੇ ਗੱਡੀ ਵਿਚ ਰੱਖ ਆਉਂਦੇ ਹਾਂ, ਬਾਕੀ ਖ਼ਰੀਦਦਾਰੀ ਨਮਾਜ ਪਿੱਛੋਂ ਕਰ ਲਵਾਂਗੇ। ਉਸਨੇ ਸਾਮਾਨ ਲਿਜਾਅ ਕੇ ਗੱਡੀ ਦੀ ਡਿੱਕੀ ਵਿਚ ਰੱਖ ਦਿੱਤਾ। ਵਾਪਸ ਉਹ ਸੂਖ਼ ਵੱਲ ਤੁਰ ਪਿਆ। ਲਾਊਡ ਸਪੀਕਰ ਵਿਚੋਂ ਅਰਬੀ ਵਿਚ ਕੁਰਾਨ ਸ਼ਰੀਫ਼ ਦੀਆਂ ਆਇਤਾਂ ਸੁਣਾਈ ਦੇ ਰਹੀਆਂ ਸਨ।
ਹਿੰਦੁਸਤਾਨੀ ਅਜੇ ਕੁਝ ਦੂਰ ਹੀ ਗਿਆ ਸੀ ਕਿ ਧਾਰਮਕ ਪੁਲਿਸ ਦਾ ਇਕ ਮੁਤੱਵਾ ਉਸਦੇ ਕੋਲ ਆਇਆ ਤੇ ਕਰੜੀ ਆਵਾਜ਼ ਵਿਚ ਉਸਦਾ ਇਕਾਮਾ ਮੰਗਿਆ। ਹਿੰਦੁਸਤਾਨੀ ਪੂਰੀ ਤਰ੍ਹਾਂ ਘਬਰਾ ਗਿਆ ਸੀ। ਉਸਨੇ ਜੇਬ ਵਿਚੋਂ ਇਕਾਮਾ ਕੱਢਿਆ ਤੇ ਮੁਤੱਵੇ ਦੇ ਹਵਾਲੇ ਕਰ ਦਿੱਤਾ। ਇਕਾਮੇ ਦਾ ਰੰਗ ਦੇਖਦਿਆਂ ਹੀ ਮੁਤੱਵੇ ਦੇ ਚਿਹਰੇ ਦਾ ਰੰਗ ਬਦਲ ਗਿਆ ਤੇ ਨਾਲ ਦੀ ਨਾਲ ਹਿੰਦੁਸਤਾਨੀ ਦਾ ਚਿਹਰਾ ਪੀਲਾ ਪੈ ਗਿਆ। ਮੁਤੱਵਾ ਨੇ ਉਸਨੂੰ ਪੁਲਿਸ ਦੀ ਗੱਡੀ ਵਿਚ ਬੈਠਣ ਲਈ ਕਿਹਾ। ਹਿੰਦੁਸਤਾਨੀ ਉਸਨੂੰ ਸਮਝਾਉਂਦਾ ਰਿਹਾ ਕਿ ਉਸਦੀ ਕਾਰ ਪਾਰਕਿੰਗ ਲਾਟ ਵਿਚ ਖੜ੍ਹੀ ਹੈ ਤੇ ਉਸ ਵਿਚ ਉਸਦਾ ਸਾਮਾਨ ਪਿਆ ਹੋਇਆ ਹੈ। ਉਹ ਆਪਣਾ ਡਰਾਈਵਿੰਗ ਲਾਇਸੈਂਸ ਤੇ ਕਾਰ ਦੀ ਚਾਬੀ ਦਿਖਾਅ-ਦਿਖਾਅ ਕੇ ਸਮਝਾ ਰਿਹਾ ਸੀ ਕਿ ਉਸਨੂੰ ਕਾਰ ਤੀਕ ਜਾਣ ਦਿੱਤਾ ਜਾਏ। ਪਰ ਉਸਦੇ ਇਕਾਮੇ ਦਾ ਰੰਗ ਹਰਾ ਨਹੀਂ ਸੀ। ਜਾਂ ਫੇਰ ਸਾਰਾ ਜੱਦਾਹ ਹੀ ਬੰਨੇ ਮਲਿਕ ਬਣ ਗਿਆ ਸੀ। ਕਿਸੇ ਨੂੰ ਕਿਤੋਂ ਵੀ ਧਾਰਮਕ ਪੁਲਿਸ ਗ੍ਰਿਫ਼ਤਾਰ ਕਰ ਸਕਦੀ ਸੀ।
ਹਿੰਦੁਸਤਾਨੀ ਦੀ ਕਾਰ ਪਾਰਕਿੰਗ ਲਾਟ ਵਿਚ ਖੜ੍ਹੀ ਰਹੀ। ਸਾਮਾਨ ਉਸਦੀ ਕਾਰ ਵਿਚ ਪਿਆ ਸੀ। ਸਾਮਾਨ ਉਸਦੇ ਘਰ ਵਿਚ ਵੀ ਪਿਆ ਸੀ...ਸਾਮਾਨ, ਜਿਹੜਾ ਉਸਨੇ ਪੈਸਾ-ਪੈਸਾ ਜੋੜ ਕੇ ਖ਼ਰੀਦਿਆ ਸੀ। ਅੱਜ ਉਹ ਉਸੇ 'ਡਿਪੋਰਟੀ ਕੈਂਪ' ਵਿਚ ਖੜ੍ਹਾ ਸੀ, ਜਿਸਨੂੰ ਬਾਹਰੋਂ ਦੇਖ ਕੇ ਹੀ ਉਸਦੇ ਸਰੀਰ ਨੂੰ ਧੁੜਧੁੜੀ ਜਿਹੀ ਆ ਜਾਂਦੀ ਸੀ। ਸੰਜੇ ਤੇ ਅਰਪਣਾ ਪ੍ਰੇਸ਼ਾਨ ਸਨ। ਦੋਵੇਂ ਹਿੰਦੁਸਤਾਨੀ ਨੂੰ ਲੱਭਦੇ ਫਿਰਦੇ ਸਨ। ਅਖ਼ੀਰ ਗਿਆ ਕਿੱਥੇ ਹੋਇਆ? ਹਿੰਦੁਸਤਾਨੀ ਦੇ ਦਫ਼ਤਰ ਫ਼ੋਨ ਕੀਤਾ ਗਿਆ। ਸਾਰੇ ਦੋਸਤਾਂ ਨੂੰ ਪੁੱਛਿਆ ਗਿਆ।  ਹਸਪਤਾਲਾਂ ਵਿਚ ਪੁੱਛ-ਪੜਤਾਲ ਕੀਤੀ ਗਈ...ਪਰ ਹਿੰਦੁਸਤਾਨੀ ਦਾ ਕੋਈ ਥੋਹ-ਪਤਾ ਨਾ ਲੱਗਿਆ।
ਤਿੰਨ ਚਾਰ ਦਿਨ ਬਾਅਦ ਹਿੰਦੁਸਤਾਨੀ ਨੂੰ ਇਕ ਫਲਾਇਟ ਵਿਚ ਬਿਠਾਅ ਦਿੱਤਾ ਗਿਆ। ਉਸਦੇ ਪਾਸਪੋਰਟ ਉੱਤੇ 'ਐਗ਼ਜ਼ਿਟ' ਦੀ ਲਾਲ ਮੋਹਰ ਲਾ ਦਿੱਤੀ ਗਈ ਯਾਨੀਕਿ ਹੁਣ ਉਹ ਕਦੀ ਜੱਦਾਹ ਵਾਪਸ ਨਹੀਂ ਸੀ ਆ ਸਕਦਾ। ਜਹਾਜ਼ ਵਿਚ ਹੋਰ ਵੀ ਬਹੁਤ ਸਾਰੇ ਲੋਕ ਸਨ ਜਿਹਨਾਂ ਨੂੰ ਉਸੇ ਵਾਂਗ 'ਐਗ਼ਜ਼ਿਟ' ਕਰ ਦਿੱਤਾ ਗਿਆ ਸੀ। ਸਾਰਿਆਂ ਦੇ ਚਿਹਰ ਉੱਤੇ ਇਕੋ ਜਿਹੇ ਭਾਵ ਸਨ।
ਆਪਣੇ ਦੇਸ਼ ਵਾਪਸ ਪਹੁੰਚ ਕੇ ਹਿੰਦੁਸਤਾਨੀ ਦੇ ਮਨ ਵਿਚ ਇਕ ਇੱਛਾ ਜਾਗੀ...“ਚੱਲੋ ਉਹ ਜਗ੍ਹਾ ਤਾਂ ਦੇਖ ਆਈਏ ਜੀਹਨੇ ਜੀਵਨ ਚੁਪੱਟ ਕਰ ਦਿੱਤਾ ਹੈ !” ਪਿਤਾ ਦੇ ਚਿਹਰੇ ਉੱਤੇ ਜਿਹੜੇ ਭਾਵ ਸਨ ਉਹਨਾਂ ਵਿਚ ਸਾਫ ਪੜ੍ਹਿਆ ਜਾ ਸਕਦਾ ਸੀ, 'ਮੈਂ ਨਹੀਂ ਸੀ ਕਹਿੰਦਾ, ਤੇਰੇ ਤਰੀਕੇ ਗਲਤ ਨੇ। ਤੂੰ ਕਦੀ ਸਫਲ ਨਹੀਂ ਹੋ ਸਕਦਾ...'
ਹਿੰਦੁਸਤਾਨੀ ਅਯੋਧਿਆ ਵੱਲ ਚੱਲ ਪਿਆ। ਗੱਡੀ ਵਿਚ ਹੀ ਉਸਨੂੰ ਕੁਝ ਰਾਜਨੀਤਕ ਨੇਤਾ ਮਿਲ ਗਏ। ਕਿਸੇ ਨੇ ਉਸਦਾ ਨਾਂਅ ਪੁੱਛਿਆ। ਉਸਨੇ ਆਪਣੇ ਪੁਰਾਣੇ ਅੰਦਾਜ਼ ਵਿਚ ਜਵਾਬ ਦਿੱਤਾ, “ਆਈ.ਐੱਮ. ਹਿੰਦੁਸਤਾਨੀ” ਉਸਦੀਆਂ ਵਾਛਾਂ ਖਿੜ ਗਈਆਂ, “ਸਾਹਿਬੋ ਅਸੀਂ ਇਹੋ ਤਾਂ ਕਹਿੰਦੇ ਹਾਂ। ਅਸੀਂ ਪਹਿਲਾਂ ਹਿੰਦੂ ਹਾਂ; ਹਿੰਦੁਸਤਾਨੀ—ਪਿੱਛੋਂ, ਕੁਛ ਹੋਰ। ਭਾਰਤੀ ਤਾਂ ਸਾਨੂੰ ਕਈ ਮਿਲੇ ਪਰ ਹਿੰਦੁਸਤਾਨੀ ਤੁਸੀਂ ਪਹਿਲੇ ਮਿਲੇ ਓ ਜੀ। ਸਾਡੀ ਸਭਿਅਤਾ, ਸਾਡਾ ਕਲਚਰ, ਸਾਡਾ ਇਤਿਹਾਸ....” ਹਿੰਦੁਸਤਾਨੀ ਨੂੰ ਚੱਕਰ ਆ ਗਿਆ, ਅੱਖਾਂ ਸਾਹਵੇਂ ਹਨੇਰਾ ਛਾ ਗਿਆ—ਅੱਜ ਇਕ ਵਾਰੀ ਫੇਰ ਉਸਨੂੰ ਆਪਣੇ ਨਾਂਅ ਵਿਚੋਂ ਸੰਪਰਦਾਇਕਤਾ ਦੀ ਬੋ ਆਉਂਦੀ ਮਹਿਸੂਸ ਹੋਈ।
ਅਯੋਧਿਆ ਦੇ ਉਸ ਮਲਬੇ ਸਾਹਮਣੇ ਖੜ੍ਹਾ ਸੀ ਹਿੰਦੁਸਤਾਨੀ। ਉਸਦੀ ਨੌਕਰੀ ਦੀ ਨੀਂਹ, ਇਸ ਪੁਰਾਣੀ ਬਿਲਡਿੰਗ ਨਾਲੋਂ ਕਿਤੇ ਵੱਧ ਕਮਜ਼ੋਰ ਸੀ। ਇਕੋ ਝਟਕੇ ਵਿਚ ਉਸਦੀ ਨੌਕਰੀ ਹਵਾ ਵਿਚ ਉੱਡ-ਪੁੱਡ ਗਈ ਸੀ। ਸਾਰੇ ਮਾਹੌਲ ਨੂੰ ਦੇਖ ਕੇ ਹਿੰਦੁਸਤਾਨੀ ਨੂੰ ਮਹਿਸੂਸ ਹੋਇਆ ਕਿ ਸਿਰਫ ਇਕ ਢਾਂਚਾ ਨਹੀਂ ਚਰਮਰਾਇਆ, ਬਲਕਿ ਉਸ ਨਾਲ ਹੋਰ ਵੀ ਬਹੁਤ ਕੁਝ ਚਰਮਰਾ ਗਿਆ ਹੈ : ਲੋਕਾਂ ਦਾ ਵਿਸ਼ਵਾਸ, ਪਿਆਰ, ਭਾਈਚਾਰਾ, ਸਮਾਜ ਦੀ ਨੀਂਹ, ਸਭ ਚਰਮਰਾ ਗਏ ਨੇ।
ਹਿੰਦੁਸਤਾਨੀ ਅੱਖਾਂ ਵਿਚ ਸਾਰੀ ਚਰਮਰਾਹਟ ਭਰ ਕੇ ਵਾਪਸ ਤੁਰ ਪਿਆ। ਯਕਦਮ ਰੌਲਾ ਪੈਣ ਲੱਗਾ...“ਬੰਬਈ ਵਿਚ ਬੰਬ ਧਮਾਕੇ ਹੋ ਗਏ ਨੇ, ਸੈਂਕੜੇ ਲੋਕ ਮਾਰੇ ਗਏ ਨੇ।”
ਹਿੰਦੁਸਤਾਨੀ ਨੇ ਆਸਮਾਨ ਵੱਲ ਦੇਖਿਆ ਤੇ ਉਸਦੇ ਮੂੰਹੋਂ ਨਿਕਲਿਆ, “ਇਹ ਕੀ ਹੋ ਰਿਹਾ ਏ ਰੱਬਾ ?” ਉਸਦੇ ਸਰੀਰ ਨੇ ਧੁੜਧੁੜੀ ਜਿਹੀ ਲਈ...'ਇਹ ਉਸਦੇ ਮੂੰਹੋਂ ਕੀ ਨਿਕਲ ਗਿਆ ਸੀ?'
--- --- ---

No comments:

Post a Comment