Saturday, May 14, 2011

10. ਬੇਘਰ ਅੱਖਾਂ


ਭੈਭੀਤ ਅੱਖਾਂ! ਸਹਿਮਿਆਂ ਹੋਇਆ ਚਿਹਰਾ! ਉਹ ਰਸੋਈ ਦੇ ਦਰਵਾਜ਼ੇ 'ਤੇ ਆਣ ਖੜ੍ਹੀ ਹੋਈ ਏ। ਉਸਦਾ ਕੋਈ-ਨਾ-ਕੋਈ ਨਾਂਅ ਵੀ ਜ਼ਰੂਰ ਹੋਏਗਾ। ਇਸ ਪ੍ਰੇਸ਼ਾਨੀ ਭਰੇ ਵਾਤਾਵਰਣ ਵਿਚ, ਉਹ ਕੀ ਸੋਚ ਰਹੀ ਹੋਏਗੀ...ਪੁਰਸ਼ੋਤਮ ਨਾਯਰ ਉਹੀ ਨਾਟਕ ਦੋਹਰਾ ਰਿਹਾ ਏ ਜਿਹੜਾ ਉਹ ਪਿਛਲੇ ਵਰ੍ਹੇ ਦਾ ਕਰ ਰਿਹੈ।
“ਮੈਂ ਤੁਹਾਡਾ ਘਰ ਲੈ ਕੇ ਭੱਜਣ ਨਹੀਂ ਲੱਗਾ ਜੀ, ਮੇਰੇ ਨਾਲ ਕਦੀ ਵੀ ਇੰਜ ਨਹੀਂ ਹੋਇਆ ਕਿ ਕੋਈ ਮੇਰੇ ਨਾਲ ਝੁੱਗੀਆਂ ਵਾਲਿਆਂ ਵਰਗਾ ਸਲੂਕ ਕਰੇ।”
ਮੈਂ ਫੇਰ ਬੇਚੈਨ ਹੋ ਗਿਆ ਆਂ। ਪੰਜਾਹ ਨੂੰ ਪਹੁੰਚੇ ਨਾਯਰ ਦੀ ਨਵੀਂ ਵਿਆਹੀ ਤੀਜੀ ਪਤਨੀ ਵੱਲ ਦੇਖਦਾ ਆਂ। ਨਾਯਰ ਤ੍ਰਿਵੇਂਦਰਮ ਤੋਂ ਨਵਾਂ ਵਿਆਹ ਕਰਾ ਕੇ ਕਲ੍ਹ ਈ ਵਾਪਸ ਆਇਆ ਏ। ਕੀ ਮੈਂ ਠੀਕ ਕਰ ਰਿਹਾਂ...? ਸੂਰੀ ਸਾਹਬ ਨੂੰ ਗੁੱਸਾ ਆ ਗਿਆ ਏ, “ਸ਼ੁਕਲਾ ਜੀ, ਤੁਸੀਂ ਪਾਗ਼ਲ ਨਾ ਬਣੋ। ਬਸ ਤੁਸੀਂ ਹੁਣ ਪਾਸੇ ਹੋ ਜਾਓ...ਓਇ ਮਾਦਰ...ਪਿਛਲੇ ਤਿੰਨ ਮਹੀਨਿਆਂ ਦਾ ਤੂੰ ਇਹੋ ਨਾਟਕ ਚਲਾਇਆ ਹੋਇਆ ਜੇ। ਕਿਰਾਏ ਦੀ ਗੱਲ ਕਰੋ ਤਾਂ ਅੱਜ ਦੇਨਾਂ, ਕੱਲ੍ਹ ਦੇਨਾਂ।”
“ਸੂਰੀ ਸਾਹਬ ਮੁੱਕਰਦਾ ਕੌਣ ਪਿਆ ਏ ਜੀ, ਮੇਰਾ ਡਿਪਾਜਿਟ ਹੈ ਨਾ ਤੁਹਾਡੇ ਕੋਲ!”
“ਤੇਰੀ ਮਾਂ...। ਹੁਣ ਤਕ ਛੇ ਮਹੀਨਿਆਂ ਦਾ ਕਿਰਾਇਆ ਹੋ ਗਿਆ ਏ ਸੱਠ ਹਜ਼ਾਰ, ਤੇ ਤੇਰਾ ਡਿਪਾਜਿਟ ਜੇ ਕੁੱਲ ਪੰਜਾਹ ਹਜ਼ਾਰ। ਉਸ ਵਿਚੋਂ ਵੀ ਪੰਜ ਹਜ਼ਾਰ ਤੇਰੇ ਦਲਾਲ ਨੇ ਰੱਖ ਲਏ ਸੀ। ਬਚੇ ਪੰਤਾਲੀ, ਬਾਕੀ ਪੰਦਰਾਂ ਹਜ਼ਾਰ ਤੇਰਾ ਪਿਓ ਦਵੇਗਾ?”
ਕੀ-ਕੀ ਸੁਪਨੇ ਦਿਖਾਅ ਕੇ ਬੰਬਈ ਲਿਆਇਆ ਹੋਏਗਾ।...ਤੇ ਮਾਯਾਵੀ ਨਗਰੀ ਬੰਬਈ, ਪਹਿਲੇ ਦਿਨ ਈ, ਉਸਨੂੰ ਕੀ ਜਲਵੇ ਦਿਖਾਅ ਰਹੀ ਏ। ਉਹ ਸ਼ਾਇਦ ਥੋੜ੍ਹੀ ਦੇਰ ਪਹਿਲਾਂ ਈ ਨਹਾਅ ਕੇ ਗੁਸਲਖ਼ਾਨੇ ਵਿਚੋਂ ਬਾਹਰ ਆਈ ਏ...ਵਾਲ ਗਿੱਲੇ ਨੇ। ਉਸਨੇ ਇਕ ਪਿਆਰਾ ਜਿਹਾ ਕੁੱਤਾ, ਗੋਦੀ ਚੁੱਕਿਆ ਹੋਇਆ ਏ। ਸੂਰੀ ਸਾਹਬ ਦਾ ਗੜ੍ਹਕਾ ਸੁਣ ਕੇ ਕੁੱਤੇ ਨੂੰ ਮਹਿਸੂਸ ਹੋਇਆ ਜਿਵੇਂ ਉਸ ਉੱਤੇ ਦਬਾਅ ਜ਼ਰਾ ਵਧ ਗਿਆ ਏ, ਉਹ ਘਬਰਾ ਕੇ ਆਪਣੀ ਮਾਲਕਣ ਵੱਲ ਦੇਖਣ ਲੱਗ ਪਿਆ। ਮਾਲਕਿਨ ਹਿੰਦੀ ਨਾ ਸਮਝਦੀ ਹੋਈ ਵੀ, ਘਟਨਾਂ-ਚੱਕਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਏ।
ਮਹੇਸ਼ ਤੋਂ ਹੁਣ ਹੋਰ ਬਰਦਾਸ਼ਤ ਨਾ ਹੋਇਆ। ਸਵਾ ਛੇ ਫੁੱਟ ਲੰਮੇ ਮਹੇਸ਼ ਦੇ ਗਠੇ ਹੋਏ ਸ਼ਰੀਰ ਦੀਆਂ ਮਛਲੀਆਂ ਉਸਦੀ ਕਾਲੀ ਸ਼ਰਟ ਵਿਚੋਂ ਬਾਹਰ ਨਿਕਲਣ ਲਈ ਮਚਲਣ ਲੱਗੀਆਂ। ਉਸਨੇ ਸਿੱਧਾ ਨਾਯਰ ਨੂੰ ਗਲੋਂ ਜਾ ਫੜ੍ਹਿਆ ਤੇ ਠੇਠ ਮਰਾਠੀ ਵਿਚ ਸ਼ੁਰੂ ਹੋ ਗਿਆ...:
“ਠਾੱਵ ਹਾਯਕਾ ਤੁਲਾ, ਪਾਟਿਲ ਮਣਯਾਤਲ ਮਲਾ।” (ਤੈਨੂੰ ਪਤੈ, ਪਾਟਿਲ ਕਹਿੰਦੇ ਆ ਮੈਨੂੰ।)
“ਮਿਸਟਰ ਸ਼ੁਕਲਾ, ਇਹ ਕੀ ਬਿਹੇਵੀਅਰ ਏ-ਜੀ। ਮਿਸਟਰ ਮੇਰਾ ਗਲ਼ਾ ਛੱਡੋ-ਜੀ।” ਨਾਯਰ ਪੂਰੀ ਤਰ੍ਹਾਂ ਘਬਰਾ ਗਿਆ ਸੀ।
“ਏਕਾਯੇਬੀ ਮਾਈਕਾਯਚ ਨਾਹੀਂ ਮਾਲਾ, ਸਮੰਦ ਸਾਮਾਨ ਅਨ ਤਲਾ ਫੇਕੂਨ ਦੇਈਨ ਖਾਲੀ।” (ਬਹੁਤੀ ਤਿੜ-ਫਿੜ ਕੀਤੀ ਤਾਂ ਸਾਮਾਨ ਸਮੇਤ ਥੱਲੇ ਸੁੱਟ ਦਿਆਂਗਾ।)
ਮੈਂ ਘਬਰਾ ਕੇ ਮਹੇਸ਼ ਨੂੰ ਵੱਖ ਕਰਨ ਦਾ ਯਤਨ ਕਰਦਾ ਆਂ। ਮਹੇਸ਼ ਮੇਰੇ ਉੱਤੇ ਨਾਰਾਜ਼ ਹੋਣ ਦਾ ਨਾਟਕ ਕਰਨ ਲੱਗ ਪੈਂਦਾ ਏ, “ਭਾਈ ਸਾ'ਬ, ਅਬੀ ਬੀਚ ਮੇਂ ਨਹੀਂ ਬੋਲਨੇ ਕਾ। ਮਾਂ ਕਸਮ, ਇਸ ਨੇ ਅਗਰ ਅੱਬੀ ਕਾ ਅੱਬੀ ਫਲੈਟ ਖਾਲੀ ਨਹੀਂ ਕੀਆ ਤੋ ਇਸਕਾ ਸਾਰਾ ਸਾਮਾਨ ਚੌਥੇ ਮਾਲੇ ਸੇ ਨੀਚੇ ਫੇਂਕ ਦੂੰਗਾ।” ਨਾਯਰ ਦੇ ਦਿਮਾਗ਼ ਵਿਚ ਤਾਂ ਇਹੋ ਸਕੀਮ ਉਡਾਨ ਭਰ ਰਹੀ ਸੀ ਕਿ ਕਿਸੇ ਤਰ੍ਹਾਂ ਫਲੈਟ ਹੜਪ ਲਿਆ ਜਾਏ। ਫਲੈਟ ਦਾ ਮਾਲਕ ਤਾਂ ਲੰਦਨ ਰਹਿੰਦਾ ਏ, ਭਲਾ ਉਸ ਦੇ ਕੋਲ ਸਮਾਂ ਕਿੱਥੇ ਕਿ ਬੰਬਈ ਆ ਕੇ ਪੰਗਿਆਂ-ਪੁਆੜਿਆਂ 'ਚ ਪਵੇ। ਉਸਨੂੰ ਪੂਰੀ ਉਮੀਦ ਸੀ ਕਿ ਉਹ ਫਲੈਟ ਹਥਿਆ ਲਏਗਾ। ਪਰ ਏਥੇ ਤਾਂ ਪੂਰਾ ਮਾਮਲਾ ਈ ਉਲਟ ਗਿਆ ਸੀ।
“ਸ਼ੁਕਲਾ ਜੀ ਤੁਸੀਂ ਜੈਂਟਲਮੈਨ ਆਦਮੀ ਓ-ਜੀ। ਆਈ ਰੇਸਪੈਕਟ ਯੂ। ਹੁਣ ਇਹ ਗੁੰਡੇ-ਮੁਵਾਲੀਆਂ ਵਾਂਗ ਗੱਲ ਕਰੇਗਾ ਤਾਂ ਫੇਰ ਠੀਕ ਨਹੀਂ ਜੀ।” ਨਾਯਰ ਦੇ ਸਾਹਾਂ ਦੀ ਗਤੀ ਤੇਜ਼ ਹੋ ਗਈ ਸੀ, ਚਿਹਰੇ 'ਤੇ ਬੇਚੈਨੀ ਛਾਈ ਹੋਈ ਸੀ ਤੇ ਮੈਂ ਖ਼ੁਦ ਮਹਿਸੂਸ ਕਰ ਰਿਹਾ ਸਾਂ ਕਿ ਨਾਯਰ ਦੀ ਸਥਿਤੀ ਕਈ ਥਾਂਵੀਂ ਪਤਲੀ ਪੈ ਰਹੀ ਏ।
ਮੈਨੂੰ ਆਪਣੀ ਖ਼ੁਦ ਦੀ ਸਹਿਨਸ਼ੀਲਤਾ ਉੱਤੇ ਹੈਰਾਨੀ ਹੋ ਰਹੀ ਸੀ। “ਦੋਖੋ ਮਿਸਟਰ ਨਾਯਰ, ਪਿਛਲੇ ਦੋ ਸਾਲ ਦੇ ਤੁਸੀਂ ਸਾਨੂੰ ਤੰਗ ਕਰ ਰਹੇ ਓ। ਜੇ ਪਹਿਲਾਂ ਈ ਸਾਡੀ ਗੱਲ ਮੰਨ ਲੈਂਦੇ, ਤਾਂ ਇਹ ਹਾਲਾਤ ਸਾਨੂੰ ਸਾਰਿਆਂ ਨੂੰ ਨਾ ਦੇਖਣੇ ਪੈਂਦੇ।” ਮੈਂ ਸ਼ਾਇਦ ਨਾਯਰ ਦੀ ਆਖੀ ਹੋਈ ਗੱਲ ਤੋਂ ਪ੍ਰਭਾਵਿਤ ਹੋ ਕੇ ਜੈਂਟਲਮੈਨ ਬਣਨ ਦਾ ਯਤਨ ਕਰ ਰਿਹਾ ਸਾਂ।
“ਸ਼ੁਕਲਾ ਜੀ, ਅਸੀਂ ਤੁਹਾਡੇ ਘਰ 'ਚ ਰਹਿਣਾ ਵੀ ਨਹੀਂ ਜੀ ਚਾਹੁੰਦੇ। ਸੱਚ ਪੁੱਛੋਂ ਤਾਂ, ਇਸ ਘਰ 'ਚ ਕੁਛ ਹੈ-ਜੀ, ਕੋਈ ਰਹਿੰਦਾ ਏ, ਬੜਾ ਤੰਗ ਕਰ ਰਿਹੈ ਜੀ। ਅਸੀਂ ਕਈ ਵਾਰ ਪੂਜਾ ਵੀ ਕਰਵਾਈ ਹੈ-ਜੀ, ਪਰ ਕੋਈ ਫਾਇਦਾ ਨਹੀਂ ਹੋਇਆ...ਰਾਤ ਨੂੰ ਜਦੋਂ ਬੈੱਡ-ਰੂਮ 'ਚ ਸੌਂਦੇ ਆਂ-ਜੀ ਤਾਂ ਜਿਵੇਂ ਕੋਈ ਗਲ਼ੇ 'ਤੇ ਆ ਬੈਠਦੈ। ਸਾਨੂੰ ਏਥੇ ਰਹਿਣ ਦਾ ਕੋਈ ਸ਼ੌਕ ਨਹੀਂ ਜੀ। ਇਸ ਘਰ 'ਚ ਬਾ-ਜ਼ਰੂਰ ਕੋਈ ਭੂਤ ਹੈ-ਜੀ।” ਨਾਯਰ ਨੇ ਬੈੱਡ-ਰੂਮ ਵੱਲ ਇਸ਼ਾਰਾ ਕਰਦਿਆਂ ਹੋਇਆਂ ਕਿਹਾ।
“ਓਇ ਨਾਯਰਾ, ਜਦੋਂ ਤੂੰ ਉਸ ਭੂਤ ਦੇ ਪਤੀ ਨੂੰ ਏਨਾ ਪ੍ਰੇਸ਼ਾਨ ਕੀਤਾ ਹੋਇਐ, ਤਾਂ ਫੇਰ ਉਹ ਭੂਤ ਤੈਨੂੰ ਕਿੰਜ ਛੱਡੂ ਬਈ?” ਪਤਾ ਨਹੀਂ ਇਹ ਗੱਲ ਅਚਾਨਕ ਮੇਰੇ ਮੂੰਹੋਂ ਕਿੰਜ ਨਿਕਲ ਗਈ। ਪਰ ਉਸ ਪਿੱਛੋਂ ਇਕ ਪਲ ਵੀ ਮੇਰਾ ਮਨ ਉੱਥੇ ਨਹੀਂ ਖਲੋ ਸਕਿਆ। ਰਸੋਈ ਦੇ ਦਰਵਾਜ਼ੇ ਵਿਚ ਭਿੱਜੀ ਬਿੱਲੀ ਦੀ ਗੋਦ ਵਿਚ ਡਰਿਆ-ਸਹਿਮਿਆਂ ਕੁੱਤਾ ਮੈਨੂੰ ਪ੍ਰੇਸ਼ਾਨ ਕਰਨ ਲੱਗ ਪਿਆ ਸੀ।
ਚਾਂਦਨੀ ਵੀ ਕਈ ਵਾਰੀ ਗੁਸਲਖ਼ਾਨੇ ਵਿਚੋਂ ਨਹਾ ਕੇ ਇੰਜ ਈ ਐਨ ਓਸੇ ਜਗ੍ਹਾ ਖਲੋ ਕੇ ਮੈਨੂੰ ਆਵਾਜ਼ ਮਾਰਦੀ ਹੁੰਦੀ ਸੀ। ਮੈਂ ਭਾਵੇਂ ਕਿੰਨਾ ਵੀ ਵਿਅਸਤ ਕਿਉਂ ਨਾ ਹੁੰਦਾ, ਉਸ ਆਵਾਜ਼ ਨੂੰ ਇਕ ਵਾਰ ਸੁਣ ਲੈਣ ਪਿੱਛੋਂ ਸਾਰੇ ਕੰਮ ਛੱਡ ਦੇਣਾ ਮਜ਼ਬੂਰੀ ਬਣ ਜਾਂਦੀ ਸੀ। ਚਾਂਦਨੀ ਮੇਰੇ ਜੀਵਨ ਵਿਚ ਹਕੀਕਤ ਦੀ ਖੁਸ਼ਬੂ ਭਰਨ ਵਾਲੀ ਚਾਂਦਨੀ। ਮੇਰੇ ਵਰਗੇ ਬੇਵਕੂਫ਼ ਇਨਸਾਨ ਦੇ ਜੀਵਨ ਵਿਚ ਅਕਲ ਦਾ ਚਿਰਾਗ਼ ਜਗਾਉਣ ਵਾਲੀ ਚਾਂਦਨੀ। ਸਿੰਘ ਰਾਸ਼ੀ ਦੀ ਉਸ ਮੋਹਨੀ-ਨਾਰ ਨੂੰ, ਕਰਕ-ਰੋਗ ਨੇ ਹੜਪ ਲਿਆ ਸੀ। ਐਨ ਉਸੇ ਜਗ੍ਹਾ ਮੇਰੀ ਗੋਦ ਵਿਚ ਚਾਂਦਨੀ ਨੇ ਮੌਤ ਦੀ ਹਿਚਕੀ ਲਈ ਸੀ, ਜਿੱਥੇ ਰਾਤੀਂ ਨਾਯਰ ਦੇ ਕਹਿਣ ਅਨੁਸਾਰ ਉਸਦੇ ਗਲ਼ੇ 'ਤੇ ਕੋਈ ਆ ਬੈਠਦਾ ਏ। ਉਹੀ ਅਗਿਆਤ ਸ਼ਕਤੀ, ਕਦੀ ਮੇਰੇ ਜੀਵਨ ਦੀ ਸੰਪੂਰਨ ਸ਼ਕਤੀ ਹੁੰਦੀ ਸੀ।
ਪੰਜ ਵਰ੍ਹਿਆਂ ਤਕ ਕੈਂਸਰ ਨਾਲ ਜੂਝਦੀ ਚਾਂਦਨੀ ਆਪਣੇ ਅੰਤਮ ਦਿਨਾਂ ਵਿਚ ਬਸ ਇਸੇ ਕਮਰੇ ਵਿਚ ਕੈਦ ਹੋ ਕੇ ਰਹਿ ਗਈ ਸੀ। ਹਸਪਤਾਲ 'ਚੋਂ ਉਸ ਲਈ ਐਡਜੈਸਟੇਬਲ ਬੈੱਡ ਲੈ ਆਂਦਾ ਗਿਆ ਸੀ। ਉਹ ਹਸਪਤਾਲ ਵਿਚ ਨਹੀਂ ਸੀ ਮਰਨਾ ਚਾਹੁੰਦੀ। ਘਰੇ ਈ ਆਕਸੀਜਨ, ਮਾਰਫੀਨ ਤੇ ਇਕੱਲਾਪਨ...ਉਹ ਸਾਰਾ ਸਮਾਂ ਕੰਧ ਉੱਤੇ ਲੱਗੀ ਕਾਲੇ ਰੰਗ ਦੀ ਘੜੀ ਵੱਲ ਦੇਖਦੀ ਰਹਿੰਦੀ। ਉਸ ਘੜੀ ਦੇ ਡਾਇਲ ਉੱਪਰ ਮੱਕੜੀ ਦਾ ਜਾਲ ਬਣਿਆ ਹੋਇਆ ਸੀ ਤੇ ਸੈਕਿੰਟਾਂ ਵਾਲੀ ਸੂਈ 'ਤੇ ਮੱਕੜੀ ਬਣੀ ਹੋਈ ਸੀ। ਉਸੇ ਮਕੜ-ਜਾਲ ਵਿਚ ਗਵਾਚੀ ਰਹਿੰਦੀ ਸੀ ਚਾਂਦਨੀ। ਸ਼ਾਇਦ ਉਸਨੂੰ ਅਹਿਸਾਸ ਹੋ ਚੁੱਕਿਆ ਸੀ ਕਿ ਉਹ ਕਿਸੇ ਵੀ ਪਲ ਸਾਡਾ ਸਾਥ ਛੱਡ ਕੇ ਚਲੀ ਜਾਣ ਵਾਲੀ ਏ।
ਇਕ ਦਿਨ ਉਹੀ ਚਾਂਦਨੀ ਤਸਵੀਰ ਬਣ ਕੇ ਕੰਧ-ਘੜੀ ਦੀ ਜਗ੍ਹਾ ਬਿਰਾਜਮਾਨ ਹੋ ਗਈ। ਕੀ ਉਹੀ ਨਾਯਰ ਨੂੰ ਚੈਨ ਨਾਲ ਜਿਊਣ ਨਹੀਂ ਸੀ ਦੇਂਦੀ ਪਈ?
“ਕਿੰਨੀ ਪੂਜਾ ਕਰਵਾਈ। ਕੇਰਲ ਤੋਂ ਪੁਜਾਰੀ ਪੰਡਿਤ ਬੁਲਵਾਏ, ਪਰ ਉਹ ਤਾਂ ਜਾਣ ਦਾ ਨਾਂਅ ਨਹੀਂ ਲੈਂਦੀ, ਸਾਰੇ ਘਰ 'ਚ ਤੁਰਦੀ-ਫਿਰਦੀ ਦਿਖਾਈ ਦੇਂਦੀ ਹੈ-ਜੀ।”
“ਤਾਂ ਘਰ ਖਾਲੀ ਕਿਉਂ ਨਹੀਂ ਕਰ ਦੇਂਦੇ? ਪੂਜਾ-ਪਾਠ ਦੇ ਚੱਕਰਾਂ 'ਚ ਕਿਉਂ ਪਏ ਹੋਏ ਓ?”
ਪੂਜਾ-ਪਾਠ ਤੋਂ ਚਿੰਤਤ ਹੋਏ ਸੂਰੀ ਸਾਹਬ ਦਾ ਫ਼ੋਨ ਈ ਲੰਦਨ ਆਇਆ ਸੀ, “ਓ ਸ਼ੁਕਲਾ ਜੀ, ਓਸ ਹਰਾਮੀ ਨੇ ਬੜਾ ਪ੍ਰੇਸ਼ਾਨ ਕੀਤਾ ਹੋਇਆ ਜੇ। ਟੈਮ 'ਤੇ ਕਿਰਾਇਆ ਨਹੀਂ ਦੇਂਦਾ, ਤੇ ਚੱਕਰ ਤੇ ਚੱਕਰ ਲਗਵਾ ਰਿਹਾ-ਜੇ। ਮਾਦਰ...ਨੇ ਲਿਵਿੰਗ ਰੂਮ ਵਿਚ ਛੇ ਬਾਈ ਛੇ ਦਾ ਇਕ ਮੰਦਰ ਬਣਵਾ ਲਿਆ-ਈ—ਤੇ ਰੋਜ਼ ਪੂਜਾ ਤੇ ਪੂਜਾ ਕਰੀ ਜਾਣ ਡਿਹਾ-ਜੇ।”
ਮੈਂ ਆਪਣੀਆਂ ਯਾਦਾਂ ਦੇ ਤਾਜ ਮਹਿਲ ਤੋਂ ਦੂਰ ਲੰਦਨ ਵਿਚ ਬੈਠਾ ਪ੍ਰੇਸ਼ਾਨ ਹੋ ਗਿਆ ਸਾਂ। ਓਥੋਂ ਦੀ ਠੰਡ ਵਿਚ ਵੀ ਪਸੀਨਾ ਆ ਗਿਆ ਸੀ। ਹੁਣ ਉਸਨੇ ਅਠਾਰਾਂ ਬਾਈ ਦਸ ਦੇ ਕਮਰੇ ਵਿਚ, ਛੇ ਬਾਈ ਛੇ ਦਾ, ਇਕ ਮੰਦਰ ਬਣਾ ਲਿਆ ਏ...ਤਾਂ ਮੇਰਾ ਲਿਵਿੰਗ ਰੂਮ ਲੱਗਣ ਕੈਸਾ ਲੱਗ ਪਿਆ ਹੋਏਗਾ? ਪਰ ਮੰਦਰ ਤਾਂ ਮੈਂ ਰਸੋਈ ਵਿਚ ਬਣਵਾਇਆ ਹੋਇਆ ਸੀ, ਛੋਟਾ ਜਿਹਾ ਲੱਕੜੀ ਦਾ ਮੰਦਰ ਜਨਾਰਦਨ ਤੋਂ ਬਣਵਾਇਆ ਸੀ...ਉਸ ਵਿਚ ਸ਼ੰਕਰ ਭਗਵਾਨ ਤੋਂ ਲੈ ਕੇ ਈਸਾ ਮਸੀਹ ਤੇ ਕਈ ਹੋਰਾਂ ਨੂੰ ਵੀ ਸਥਾਪਿਤ ਕੀਤਾ ਹੋਇਆ ਸੀ। ਫੇਰ ਨਾਯਰ ਨੂੰ ਏਡਾ ਵੱਡਾ ਢਾਂਚਾ, ਲਿਵਿੰਗ ਰੂਮ ਵਿਚ, ਬਣਵਾਉਣ ਦੀ ਕੀ ਲੋੜ ਆਣ ਪਈ ਸੀ?
ਸੁਨੇਤਿਰਾ ਮੇਰੀ ਵਰਤਮਾਨ ਪਤਨੀ ਤਾਂ ਸ਼ੁਰੂ ਤੋਂ ਈ ਘਰ ਕਿਰਾਏ 'ਤੇ ਦੇਣ ਦੇ ਖ਼ਿਲਾਫ਼ ਸੀ। ਉਹ ਵਰ੍ਹ ਈ ਪਈ, “ਤੁਸੀਂ ਨਾ ਬਸ, ਆਪਣੇ ਆਪ ਨੂੰ ਈ ਅਕਲਮੰਦ ਸਮਝਦੇ ਓ। ਉਹ ਚੰਦਰਕਾਂਤ ਆਪਣਾ ਸਕਾ ਹੋ ਗਿਆ...ਉਹ ਹੈ ਤਾਂ ਦਲਾਲ ਈ ਸੀ ਨਾ। ਪੂਰੇ ਅੱਸੀ ਹਜ਼ਾਰ ਖਾ ਗਿਆ ਸਾਡੇ। ਇਕ ਬਿਗਾਨੇ ਬੰਦੇ ਨੂੰ ਕਿਰਾਇਆ ਲੈਣ ਦੀ ਜ਼ਿੰਮੇਵਾਰੀ ਸੰਭਲਾ ਆਏ। ਸਾਨੂੰ ਤਾਂ ਪੂਰਾ ਇਕ ਲੱਖ ਦਾ ਫਟਕਾ ਲੱਗ ਗਿਆ ਨਾ। ਸੁਸਾਇਟੀ-ਚਾਰਜ ਦੋ ਹਜ਼ਾਰ ਰੁਪਏ ਮਹੀਨਾ ਪੱਲਿਓਂ ਗਏ ਤੇ ਅੱਸੀ ਹਜ਼ਾਰ ਉਪਰਲੇ। ਜਦੋਂ ਮੇਰੇ ਲਈ ਕੋਈ ਚੀਜ਼ ਖਰੀਦਨੀ ਹੁੰਦੀ ਏ ਤਾਂ ਬਜਟ ਯਾਦ ਆ ਜਾਂਦੈ ਥੁਹਾਨੂੰ।” ਉਹ ਚੰਦਰਕਾਂਤ, ਹੁਣ ਅਚਾਨਕ ਬਿਗਾਨਾ ਬੰਦਾ ਕਿੰਜ ਬਣ ਗਿਆ! ਜਦੋਂ ਚਾਂਦਨੀ ਜਿਊਂਦੀ ਸੀ ਤਾਂ 'ਭਾਬੀ ਜੀ, ਭਾਬੀ ਜੀ' ਕਹਿੰਦਾ ਨਹੀਂ ਸੀ ਥੱਕਦਾ ਹੁੰਦਾ। ਆਪਣੇ ਲੋਕ ਕਿੰਨੀ ਆਸਾਨੀ ਨਾਲ ਧੋਖਾ ਦੇ ਕੇ ਬਿਗਾਨੇ ਬਣ ਬਹਿੰਦੇ ਨੇ। ਇਹ ਫਲੈਟ ਵੀ ਉਸੇ ਨੇ ਦੁਆਇਆ ਸੀ। ਕੇਡਾ ਆਪਣਾ ਜਿਹਾ ਬਣ ਕੇ। ਸੂਰੀ ਸਾਹਬ ਉਸ ਸਮੇਂ ਬਿਲਡਿੰਗ ਦੇ ਸੈਕਟਰੀ ਹੁੰਦੇ ਸਨ। ਚੰਦਰਕਾਂਤ ਈ ਉਹਨਾਂ ਨਾਲ ਮਿਲਵਾਉਣ ਲੈ ਗਿਆ ਸੀ। ਕਿੰਨੀ ਵਾਰੀ ਤਾਂ ਰੋਟੀ ਵੀ ਸਾਡੇ ਨਾਲ ਈ ਖਾਂਦਾ ਹੁੰਦਾ ਸੀ। “ਓ-ਜੀ ਪੂਰੀਆਂ ਤਾਂ ਭਾਬੀ ਜੀ ਬਣਾਉਂਦੇ ਨੇ ਬਸ। ਤੇ ਨਾਲੇ ਕੱਦੂਆਂ ਦੀ ਸਬਜ਼ੀ। ਬਈ ਵਾਹ, ਕਮਾਲ ਹੀ ਕਰ ਦੇਂਦੇ ਨੇ ਭਾਬੀ ਜੀ।” ਚੰਦਰਕਾਂਤ ਖਾਂਦਾ ਵੀ ਰਹਿੰਦਾ ਤੇ ਚਾਂਦਨੀ ਦੀ ਤਾਰੀਫ਼ ਵੀ ਕਰੀ ਜਾਂਦਾ। ਸੂਰੀ ਸਾਹਬ ਹਮੇਸ਼ਾ ਕਹਿੰਦੇ ਸਨ, “ਸ਼ੁਕਲਾ ਜੀ, ਦਲਾਲਾਂ ਨੂੰ ਏਨਾ ਜ਼ਿਆਦਾ ਮੂੰਹ ਨਾ ਲਾਇਆ ਕਰੋ। ਦਲਾਲ ਪਹਿਲੋਂ ਦਲਾਲ ਤੇ ਫੇਰ ਕੁਝ ਹੋਰ ਹੋਂਦਾ-ਜੇ।”
ਤੇ ਮੈਂ ਸੂਰੀ ਸਾਹਬ ਨੂੰ ਖਿਸਕਿਆ ਹੋਇਆ ਮੰਨ ਲੈਂਦਾ ਸਾਂ। ਚੰਦਰਕਾਂਤ ਮੇਰੇ ਕਹੇ ਅਨੁਸਾਰ ਨਾਯਰ ਤੋਂ ਪੈਸੇ ਤਾਂ ਵਸੂਲ ਕਰਦਾ ਰਿਹਾ ਪਰ ਮੇਰੇ ਬੈਂਕ ਖਾਤੇ ਵਿਚ ਪਾਉਣ ਦੀ ਬਜਾਏ ਆਪਣੇ ਖਾਤੇ ਵਿਚ ਜਮ੍ਹਾਂ ਕਰਵਾਉਂਦਾ ਰਿਹਾ। ਮੈਂ ਜਦੋਂ ਵੀ ਲੰਦਨੋਂ ਫ਼ੋਨ ਕਰਕੇ ਪੁੱਛਦਾ, ਤਾਂ ਇਹੋ ਜਵਾਬ ਮਿਲਦਾ, “ਚਿੰਤਾ ਨਾ ਕਰਿਆ ਕਰੋ ਭਾਈ ਸਾਹਿਬ, ਭਾੜਾ ਮੈਂ ਲੈ ਆਇਆ ਸਾਂ।” ਝੂਠ ਵੀ ਤਾਂ ਨਹੀਂ ਸੀ ਬੋਲਦਾ। ਕਿਰਾਇਆ ਤਾਂ ਲੈ ਆਉਂਦਾ ਸੀ, ਪਰ ਖਾ ਆਪ ਜਾਂਦਾ ਸੀ। ਬੰਬਈ ਪ੍ਰਤੀ ਮੇਰੇ ਸਾਰੇ ਭਰਮ ਉਸਨੇ ਤੋੜ ਦਿੱਤੇ ਸਨ। ਮੈਂ ਤਾਂ ਘਰ ਕਿਰਾਏ 'ਤੇ ਦੇਣਾ ਵੀ ਨਹੀਂ ਸੀ ਚਾਹੁੰਦਾ। ਬਸ, ਚੰਦਰਕਾਂਤ ਨੇ ਈ ਫਸਾ ਦਿੱਤਾ ਸੀ, “ਭਾਈ ਸਾਹਬ, ਤੁਸੀਂ ਵੀ ਕਮਾਲ ਕਰਦੇ ਓ। ਸੁਣਿਆ ਨਹੀਂ 'ਖਾਲੀ ਘਰ, ਭੂਤਨ ਕਾ ਡੇਰਾ'। ਘਰ ਖਾਲੀ ਰਹੇ ਤਾਂ ਕੰਧਾਂ ਵੀ ਮੋਹ ਛੱਡ ਜਾਂਦੀਆਂ ਨੇ। ਕਿਰਾਏ 'ਤੇ ਦੇ ਦੇਨੇ ਆਂ। ਕਿਰਾਇਆ ਹਰ ਮਹੀਨੇ ਮੈਂ ਕੁਲੈਕਟ ਕਰਦਾ ਰਹਾਂਗਾ ਤੇ ਤੁਹਾਡੇ ਬੈਂਕ ਵਿਚ ਜਮ੍ਹਾਂ ਕਰਾ ਦਿਆ ਕਰਾਂਗਾ। ਘੱਟੋਘੱਟ ਸੁਸਾਇਟੀ ਦਾ ਖਰਚਾ ਤਾਂ ਨਿਕਲਦਾ ਈ ਰਹੇਗਾ ਨਾ...”
ਕਾਸ਼! ਇੰਜ ਹੋਇਆ ਹੁੰਦਾ। ਸੁਨੇਤਿਰਾ ਹਮੇਸ਼ਾ ਕਹਿੰਦੀ ਏ, “ਥੁਹਾਨੂੰ ਬੇਵਕੂਫ਼ ਬਨਾਉਣਾ ਤਾਂ ਬੜਾ ਈ ਆਸਾਨ ਏਂ, ਬਸ ਕੋਈ ਥੁਹਾਡੀ ਥੋੜ੍ਹੀ ਜਿਹੀ ਤਾਰੀਫ਼ ਕਰ ਦਵੇ ਕਿ ਤੁਸੀਂ ਕਿੰਨੇ ਚੰਗੇ ਓ, ਕਿੰਨੀਆਂ ਵਧੀਆ ਕਹਾਣੀਆਂ ਲਿਖਦੇ ਓ, ਬਸ ਹੋ ਗਏ ਤੁਸੀਂ ਉਸ ਉੱਤੇ ਫਿਦਾ! ਉਹ ਪੰਜ ਹਜ਼ਾਰ ਮੰਗੇ, ਝੱਟ ਫੜਾ ਦਿਓਗੇ।”
ਕੀ ਬਿਨਾਂ ਵਿਸ਼ਵਾਸ ਕੀਤਿਆਂ ਜ਼ਿੰਦਗੀ ਦੀ ਇਹ ਗੱਡੀ ਚੱਲ ਸਕਦੀ ਏ? ਜੀਵਨ ਵਿਚ ਕਿਤੇ ਨਾ ਕਿਤੇ, ਕਿਸੇ ਨਾ ਕਿਸੇ 'ਤੇ ਤਾਂ ਵਿਸ਼ਵਾਸ ਕਰਨਾ ਈ ਪੈਂਦਾ ਏ। ਕਿਸੇ ਵਿਸ਼ਵਾਸ ਨਾਲ ਈ ਤਾਂ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਸਕੂਲ ਦੇ ਅਧਿਆਪਕ ਦੇ ਹਵਾਲੇ ਕਰ ਦੇਂਦੇ ਆਂ। ਇਹ ਵੀ ਤਾਂ ਇਕ ਵਿਸ਼ਵਾਸ ਈ ਏ ਕਿ ਪਤੀ, ਪਤਨੀ ਇਕ ਦੂਜੇ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਨਹੀਂ ਕਰਨਗੇ। ਹਾਂ, ਜਦੋਂ ਵਿਸ਼ਵਾਸ ਨੂੰ ਠੇਸ ਲੱਗਦੀ ਏ ਤਾਂ ਦਰਦ ਬੜਾ ਭੈੜਾ ਹੁੰਦਾ ਐ, ਹੈ-ਨਾ!
ਅੱਜ ਤਾਂ ਆਲੋਕ ਵੀ ਇਹੋ ਕਹਿ ਰਿਹਾ ਏ, “ਤੁਸੀਂ ਵੀ ਕਮਾਲ ਕਰਦੇ ਓ। ਮੇਰੀ ਕਿਉਂ ਨਹੀਂ ਲਾਈ ਇਹ ਜ਼ਿੰਮੇਵਾਰੀ। ਮੈਨੂੰ ਕਿਹਾ ਹੁੰਦਾ ਤਾਂ ਘੱਟੋਘੱਟ ਇਹ ਦਿਨ ਤਾਂ ਨਾ ਦੇਖਣਾ ਪੈਂਦਾ।” ਆਲੋਕ ਚੰਦਰਕਾਂਤ ਨਹੀਂ ਬਣ ਜਾਏਗਾ, ਇਹ ਵੀ ਤਾਂ ਵਿਸ਼ਵਾਸ ਦੀ ਗੱਲ ਏ ਨਾ। ਇਸ ਮਾਮਲੇ ਵਿਚ ਵਿਸ਼ਵਾਸ ਤਾਂ ਕਰਨਾ ਈ ਪੈਂਦਾ ਏ। ਪਰ ਵਿਸ਼ਵਾਸ ਨਿਭਾਇਆ ਤਾਂ ਸੂਰੀ ਸਾਹਬ ਨੇ। ਛੜੇ-ਛਾਂਟ ਇਕੱਲੇ ਰਹਿੰਦੇ ਨੇ। ਮਜ਼ਾਲ ਏ ਕਿਸੇ ਦਾ ਅਹਿਸਾਨ ਰੱਖ ਲੈਣ। ਰਿਟਾਇਰਡ ਜੀਵਨ ਬਿਤਾਅ ਰਹੇ ਨੇ। ਘਰੇ ਬਸ ਇਕ ਨੌਕਰਾਣੀ ਏ। ਕਿਸੇ ਦੇ ਜੀਵਨ ਵਿਚ ਦਖ਼ਲ ਨਹੀਂ ਦੇਂਦੇ। ਆਪਣੇ ਕੰਮ ਨਾਲ ਕੰਮ ਰੱਖਦੇ ਨੇ। ਅੱਖਾਂ, ਕੰਨ ਖੁੱਲ੍ਹੇ ਰੱਖਦੇ ਨੇ। ਸਭ ਕੁਝ ਜਾਣਦੇ ਹੋਏ ਵੀ ਮਸਤ-ਮੌਲਾ ਬਣੇ ਰਹਿੰਦੇ ਨੇ। ਉਹਨਾਂ ਨਾਲ ਪਹਿਲੀ ਮੁਲਾਕਾਤ ਦੀ ਯਾਦ ਬੜੀ ਕੁਸੈਲੀ ਏ। ਚੇਤਾ ਨਹੀਂ ਕਦੋਂ ਦੇ ਮਿੱਤਰ ਤੋਂ ਘਰ ਦੇ ਮੈਂਬਰ ਜਿਹੇ ਬਣੇ ਹੋਏ ਨੇ। ਬਿਮਾਰ ਚਾਂਦਨੀ ਨੂੰ ਹਸਪਤਾਲ ਲੈ ਜਾਣ ਲੱਗਿਆਂ ਵੀ ਪਿੱਛੇ ਨਹੀਂ ਸੀ ਹਟਦੇ। ਸਹੀ ਠੁੱਕ-ਸ਼ਾਨ ਵਾਲੇ ਠੇਠ-ਪੰਜਾਬੀ ਬੰਦੇ ਨੇ। ਦਿਲ ਦੇ ਰਾਜੇ। ਉਹਨਾਂ ਦੀਆਂ ਕੌੜੀਆਂ-ਕੁਸੈਲੀਆਂ ਗੱਲਾਂ ਵਿਚ ਵੀ ਇਕ ਸੱਚਾਈ ਹੁੰਦੀ ਏ। ਉਹਨਾਂ ਦਾ ਵੀ ਇਹੋ ਕਹਿਣਾ ਸੀ ਕਿ ਜਦੋਂ ਬੰਬਈ ਛੱਡ ਕੇ ਲੰਦਨ ਵੱਸਣ ਜਾ ਰਹੇ ਓ ਤਾਂ ਘਰ ਵੇਚ ਕੇ ਜਾਓ। ਉਦੋਂ ਮੈਨੂੰ ਸੂਰੀ ਸਾਹਬ ਉੱਤੇ ਸ਼ੱਕ ਹੋਇਆ ਸੀ। ਕਿਉਂਕਿ ਫਲੈਟਾਂ ਦੀ ਦਲਾਲੀ ਈ ਉਹਨਾਂ ਦੀ ਆਮਦਨ ਦਾ ਮੁੱਖ ਸਾਧਨ ਸੀ। ਸ਼ਾਇਦ ਦਲਾਲੀ ਬਨਾਉਣ ਦੇ ਚੱਕਰ ਵਿਚ ਨੇ। ਉਦੋਂ ਚੰਦਰਕਾਂਤ ਆਪਣਾ ਖਾਸ ਲੱਗਿਆ ਸੀ। ਉਸਦਾ ਮਿੱਠਾ ਅਪਣਾਪਨ, ਸੂਰੀ ਸਾਹਬ ਦੇ ਕੌੜੇ, ਸੱਚੇ ਅਪਣੇਪਨ ਉੱਤੇ ਭਾਰੂ ਹੋ ਗਿਆ। ਤੇ ਪੁਰਸ਼ੋਤਮ ਨਾਯਰ ਆਣ ਬੈਠੇ ਮੇਰੇ ਘਰ, “ਜੀ, ਮੇਰੀ ਵਾਈਫ ਏ, ਦੋ ਬੱਚੇ ਨੇ। ਫ਼ਿਲਮਾਂ ਲਈ ਐਕਸਟ੍ਰਾ ਸਪਲਾਈ ਕਰਨ ਦੀ ਏਜੰਸੀ ਏ ਮੇਰੀ।”
ਫ਼ਿਲਮੀਂ ਲੋਕਾਂ ਨੂੰ ਫਲੈਟ ਕਿਰਾਏ 'ਤੇ ਦੇਣ ਦੇ ਮੈਂ ਸ਼ੁਰੂ ਤੋਂ ਈ ਵਿਰੁੱਧ ਸਾਂ। ਪਰ ਚੰਦਰਕਾਂਤ ਨੇ ਆਪਣੀ ਲੱਛੇਦਾਰ ਭਾਸ਼ਾ ਵਿਚ ਮੈਨੂੰ ਫਸਾ ਲਿਆ। ਬੰਬਈ ਤੋਂ ਵਿਦਾਅ ਹੋਣ ਸਮੇਂ ਆਪਣੀ ਮਾਰੂਤੀ ਵੈਨ ਲੈ ਆਇਆ ਸੀ। ਸਵੇਰੇ ਚਾਰ ਵਜੇ ਏਅਰਪੋਰਟ ਪਹੁੰਚਣਾ ਸੀ, ਉਹ ਰਾਤੀਂ ਤਿੰਨ ਵਜੇ ਈ ਘਰ ਪਹੁੰਚ ਗਿਆ, “ਕੋਈ ਚਿੰਤਾ ਨਹੀਂ ਕਰਨੀਂ ਭਾਈ ਸਾਹਬ, ਮੈਂ ਹਾਂ ਨਾ!”
ਮੈਨੂੰ ਕਿਸੇ ਕੰਮ ਦੇ ਸਿਲਸਿਲੇ ਵਿਚ ਸੱਤ ਮਹੀਨੇ ਬਾਅਦ ਲੰਦਨ ਤੋਂ ਬੰਬਈ ਵਾਪਸ ਆਉਣਾ ਪਿਆ। ਪਹਿਲਾ ਝਟਕਾ ਲੱਗਿਆ ਜਦੋਂ ਬੈਂਕ ਗਿਆ। ਚੰਦਰਕਾਂਤ ਨੇ ਬੈਂਕ ਵਿਚ ਇਕ ਵੀ ਰੁਪਈਆ ਜਮ੍ਹਾਂ ਨਹੀਂ ਸੀ ਕਰਵਾਇਆ। ਉਸ ਨਾਲ ਸੰਪਰਕ ਕੀਤਾ। ਫ਼ੋਨ ਉਸਦੀ ਪਤਨੀ ਨੇ ਚੁੱਕਿਆ, “ਓਇ ਹੋਇ! ਭਾਈ ਸਾਹਬ, ਕੈਸੇ ਹੋ ਤੁਸੀਂ? ਹੁਣ ਭਾਈ ਸਾਹਬ ਜੀ ਕੀ ਦੱਸੀਏ, ਧੰਦੇ ਵਿਚ ਅਜਿਹੀ ਪ੍ਰਾਬਲਮ ਆ ਗਈ ਸੀ ਕਿ ਤੁਹਾਡੇ ਪੈਸੇ ਘਰ ਵਿਚ ਹੀ ਖਰਚ ਹੋ ਗਏ। ਆਪਣੀ ਛੋਟੀ ਭੈਣ ਸਮਝ ਕੇ ਮੁਆਫ਼ ਕਰ ਦੇਣਾ। ਬਸ ਇਕ ਡੀਲ ਫਾਈਨਲ ਹੋਣ ਵਾਲੀ ਏ, ਸਭ ਤੋਂ ਪਹਿਲਾਂ ਤੁਹਾਡੇ ਪੈਸੇ ਹੀ ਵਾਪਸ ਕਰਾਂਗੇ।” ਮੈਂ ਅੱਜ ਤਕ ਨਹੀਂ ਸਮਝ ਸਕਿਆ ਕਿ ਉਸ ਅਣਦੇਖੇ ਚਿਹਰੇ ਦੀ ਆਵਾਜ਼ ਉੱਪਰ, ਨਾ ਚਾਹੁੰਦਿਆਂ ਹੋਇਆਂ ਵੀ, ਕਿੰਜ ਵਿਸ਼ਵਾਸ ਕਰ ਲਿਆ ਸੀ ਮੈਂ! ਵੈਸੇ ਇਹ ਵੀ ਤਾਂ ਸੱਚ ਹੈ ਕਿ ਮੇਰੇ ਕੋਲ ਹੋਰ ਕੋਈ ਚਾਰਾ ਵੀ ਤਾਂ ਹੈ ਨਹੀਂ ਸੀ। ਗਿਆਰਾਂ ਮਹੀਨੇ ਪੂਰੇ ਹੋਣ ਵਿਚ ਅਜੇ ਚਾਰ ਮਹੀਨੇ ਰਹਿੰਦੇ ਸਨ। ਜਾਂ ਤਾਂ ਚਾਰ ਮਹੀਨਿਆਂ ਦਾ ਕਿਰਾਇਆ ਭੁੱਲ ਕੇ ਕਿਸੇ ਹੋਰ 'ਤੇ ਵਿਸ਼ਵਾਸ ਕਰਦਾ। ਫੇਰ ਇਹ ਵੀ ਤਾਂ ਪ੍ਰੇਸ਼ਾਨੀ ਸੀ ਕਿ ਜਿਸ ਕਿਸੇ ਨੂੰ ਦੱਸਾਂਗਾ, ਉਹੀ ਮਜ਼ਾਕ ਉਡਾਏਗਾ। ਚੰਦਰਕਾਂਤ ਨੂੰ ਬੁਲਾ ਕੇ ਕੋਲ ਬਿਠਾਇਆ ਤੇ ਉਸਨੂੰ ਸਮਝਾਉਣ ਦੀ ਬੇਕਾਰ ਜਿਹੀ ਕੋਸ਼ਿਸ਼ ਕਰਨ ਲੱਗ ਪਿਆ। ਜਿਹਨਾਂ ਗੱਲਾਂ ਉੱਤੇ ਖ਼ੁਦ ਆਪਣੇ ਆਪ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ, ਭਲਾ ਉਹ ਚੰਦਰਕਾਂਤ ਨੂੰ ਕਿਵੇਂ ਸਮਝਾ ਸਕਦਾ ਸਾਂ?
ਲੰਦਨ ਵਿਚ ਰਹਿਣ ਕਰਕੇ ਮੇਰੀ ਸੋਚ ਵਿਚ ਥੋੜ੍ਹਾ ਅੰਤਰ ਆ ਗਿਆ ਸੀ। ਚੰਦਰਕਾਂਤ ਨੂੰ ਕਿਹਾ, “ਬਈ ਸਾਨੂੰ ਆਪਣੇ ਘਰ ਦੇ ਦਰਸ਼ਨ ਤਾਂ ਕਰਾ ਦਿਓ। ਜ਼ਰਾ ਪੁਰਸ਼ੋਤਮ ਨਾਯਰ ਨਾਲ ਅਪਾਇੰਟਮੈਂਟ ਤਾਂ ਪੱਕੀ ਕਰੋ।”
“ਲਓ ਤੁਸੀਂ ਵੀ ਕੈਸੀਆਂ ਗੱਲਾਂ ਕਰ ਰਹੇ ਓ ਭਾਈ ਸਾਹਬ। ਘਰ ਤੁਹਾਡਾ ਏ...ਸਾਲਾ ਬਹੁਤੀ ਚੂੰ-ਪੀਂ ਕਰੇਗਾ ਤਾਂ ਜੁੱਤੀਆਂ ਮਾਰ ਕੇ ਘਰੋਂ ਬਾਹਰ ਕੱਢ ਦਿਆਂਗਾ ਸਾਲੇ ਨੂੰ।”
ਫੇਰ ਵੀ ਮੈਂ ਨਹੀਂ ਮੰਨਿਆਂ ਤਾਂ ਪੁਰਸ਼ੋਤਮ ਨਾਯਰ ਨੂੰ ਫ਼ੋਨ ਕੀਤਾ ਤੇ ਚਾਰ ਵਜੇ ਦੀ ਅਪਾਇੰਟਮੈਂਟ ਲੈ ਕੇ ਘਰ ਦੀ ਹਾਲਤ ਦੇਖਣ ਜਾ ਪਹੁੰਚਿਆ। ਘਰ ਦੇ ਬਾਹਰ ਅੱਜ ਵੀ ਉਹੀ ਜਾਣਿਆ-ਪਛਾਣਿਆ ਸੁਰੱਖਿਆ ਗੇਟ ਲੱਗਿਆ ਹੋਇਆ ਸੀ। ਦਰਵਾਜ਼ੇ 'ਤੇ ਸਵਾਗਤ ਨਾਯਰ ਦੇ ਕੁੱਤੇ ਨੇ ਕੀਤਾ ਸੀ। ਚਾਂਦਨੀ ਵੀ ਤਾਂ ਹਮੇਸ਼ਾ ਈ ਆਪਣੇ ਕੁੱਤੇ ਸ਼ੇਰਾ ਦੀਆਂ ਗੱਲਾਂ ਕਰਦੀ ਹੁੰਦੀ ਸੀ। ਜਦੋਂ ਬਚਪਨ ਕਾਨ੍ਹਪਰ ਵਿਚ ਬਿਤਾ ਰਹੀ ਸੀ, ਓਹਨੀਂ ਦਿਨੀ ਘਰ ਦਾ ਇਕ ਜੀਅ ਹੁੰਦਾ ਸੀ ਸ਼ੇਰਾ ਵੀ। ਇਕ ਮਾਮਲੇ ਵਿਚ ਉਹ ਕੁੱਤਾ ਬੜਾ ਸਮਝਦਾਰ ਸੀ। ਪੂਰੇ ਪਰਿਵਾਰ ਵਿਚ ਉਹ ਚਾਂਦਨੀ ਤੇ ਉਸਦੇ ਪਿਤਾ ਨਾਲ ਈ ਸਭ ਤੋਂ ਵਧ ਜੁੜਿਆ ਹੋਇਆ ਸੀ। ਚਾਂਦਨੀ ਦੀਆਂ ਅੱਖਾਂ ਸਦਾ ਈ ਸ਼ੇਰੇ ਨੂੰ ਯਾਦ ਕਰਕੇ ਸਿੱਜਲ ਹੋ ਜਾਂਦੀਆਂ। ਸ਼ੇਰਾ, ਜਿਸਨੂੰ ਚਾਂਦਨੀ ਗੋਦੀ ਚੁੱਕ ਲੈਂਦੀ ਹੁੰਦੀ ਸੀ, ਕੁਝ ਦਿਨਾਂ ਵਿਚ ਏਨਾ ਵੱਡਾ ਹੋ ਗਿਆ ਸੀ ਕਿ ਚਾਂਦਨੀ ਨੂੰ ਆਪਣੀ ਪਿੱਠ 'ਤੇ ਬਿਠਾਅ ਕੇ ਪੂਰੇ ਘਰ ਵਿਚ ਘੁੰਮ-ਫਿਰ ਸਕਦਾ ਸੀ। ਅਲੀਸੇਸ਼ਿਅਨ ਕੁੱਤਾ ਸੀ, ਪੂਰਾ ਸਵਾਮੀ-ਭਗਤ।
ਪਰ ਇਹ ਕੁੱਤਾ ਤਾਂ ਵਚਿੱਤਰ ਈ ਸੀ। ਬਸ ਘਰੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਸੀ। ਪੂਰੇ ਸਰੀਰ ਉੱਤੇ ਏਨੇ ਵਾਲ ਸਨ ਕਿ ਚਿਹਰੇ ਤੇ ਪੂਛ ਦਾ ਅੰਤਰ ਈ ਸਮਾਪਤ ਹੋ ਗਿਆ ਸੀ। ਅਣਜਾਣ ਚਿਹਰੇ ਤੇ ਗੰਧ ਦੀ ਮੌਜ਼ੂਦਗੀ ਦੇ ਅਹਿਸਾਸ ਪਿੱਛੋਂ ਭੌਂਕਣਾ ਈ ਉਸਦਾ ਕੰਮ ਸੀ।  ਦਰਵਾਜ਼ਾ ਇਕ ਮੁਟਿਆਰ ਕੁੜੀ ਨੇ ਖੋਹਲਿਆ। ਭਰੇ-ਭਰੇ ਸਰੀਰ ਵਾਲੀ ਕੇਰਲ ਦੀ ਸੁੰਦਰਤਾ। ਮੋਟੀਆਂ-ਮੋਟੀਆਂ ਅੱਖਾਂ, ਖਿੜਿਆ ਹੋਇਆ ਰੰਗ। ਜ਼ਰੂਰ ਨਾਯਰ ਦੀ ਧੀ ਹੋਏਗੀ। “ਹੈਲੋ ਅੰਕਲ, ਆਓ, ਅੰਦਰ ਲੰਘ ਆਓ ਅੰਕਲ।” ਘਰ ਵਿਚ ਵੜਦਿਆਂ ਈ ਇਕ ਅਜੀਬ ਜਿਹੀ ਗੰਧ ਨਾਸਾਂ ਵਿਚ ਘੁਸ ਗਈ। ਅੰਕਲ ਸ਼ਬਦ ਸੁਣ ਕੇ ਥੋੜ੍ਹਾ ਜਿਹਾ ਝਟਕਾ ਵੀ ਲੱਗਿਆ। ਮੈਂ ਆਪਣੇ ਵਿਅਕਤੀਤਵ ਨੂੰ ਬੜਾ ਸੰਭਾਲ-ਸੰਭਾਲ ਰੱਖਦਾ ਆਂ। ਪਰ ਅੰਕਲ! ਨਾਯਰ ਵੀ ਘਰੇ ਈ ਸੀ। ਇਹ ਕੁੜੀ ਪਹਿਲਾਂ ਤਾਂ ਨਾਯਰ ਨਾਲ ਕਦੇ ਦਿਖਾਈ ਨਹੀਂ ਦਿੱਤੀ। ਸ਼ਾਇਦ ਉਸਦੀ ਬੇਟੀ ਹੋਏਗੀ। “ਜਾਨਕੀ। ਮੇਰੇ ਭਰਾ ਦੀ ਲੜਕੀ।” ਨਾਯਰ ਨੇ ਸ਼ਾਇਦ ਮੇਰੀਆਂ ਨਜ਼ਰਾਂ ਦੀ ਭਾਸ਼ਾ ਪੜ੍ਹ ਲਈ ਸੀ। “ਛੁੱਟੀਆਂ ਵਿਚ ਆਈ ਹੋਈ ਏ ਇੱਥੇ।”
ਏਨੇ ਵਿਚ ਇਕ ਕਾਲਾ-ਕਲੋਟਾ ਜਿਹਾ ਮੁੰਡਾ ਬੈੱਡ-ਰੂਮ ਵਿਚੋਂ ਬਾਹਰ ਆਇਆ। ਉਸਨੇ ਇਕ ਬੱਚੀ ਨੂੰ ਗੋਦੀ ਚੁੱਕਿਆ ਹੋਇਆ ਸੀ। ਇਕ ਔਰਤ...ਸ਼ਾਇਦ ਉਸਦੀ ਪਤਨੀ। ਇਕ ਬੁੱਢੀ ਔਰਤ, ਇਕ ਨੌਕਰ...ਇਕ ਡਰਾਈਵਰ। ਇਹ ਨਾਯਰ ਕਿਸ-ਕਿਸ ਨੂੰ ਸਾਡੇ ਘਰ ਵਾੜੀ ਬੈਠਾ ਏ। ਜਾਨਕੀ ਦੀਆਂ ਅੱਖਾਂ ਵਿਚ ਅਜੀਬ ਜਿਹਾ ਖੇੜਾ ਮੌਜ਼ੂਦ ਸੀ। ਉਸਨੇ ਲੋਅ-ਕੱਟ ਬਲਾਊਜ਼ ਤੇ ਪੇਟੀਕੋਟ ਪਾਇਆ ਹੋਇਆ ਸੀ। ਉਹ ਚਾਹ ਦਾ ਕੱਪ ਰੱਖਣ ਲਈ ਥੋੜ੍ਹਾ ਜਿਹਾ ਝੁਕੀ ਤਾਂ ਆਪਣਾ ਕੁਝ ਸਾਮਾਨ ਮੇਰੀਆਂ ਅੱਖਾਂ ਵਿਚ ਛੱਡ ਗਈ। ਭਰਿਆ ਪੂਰਾ ਸਾਮਾਨ। ਚਾਹ ਵਾਲਾ ਕੱਪ ਫੜਾਉਣ ਲੱਗਿਆਂ ਵੀ ਉਸਨੇ ਪਲੇਟ ਹੇਠੋਂ ਮੇਰਾ ਹੱਥ ਛੂਹ ਲਿਆ ਸੀ। ਉਸ ਛੋਹ ਵਿਚਲੀ ਇਕ ਵਚਿੱਤਰ ਜਿਹੀ ਸ਼ਰਾਰਤ ਮੇਰੇ ਤਨ ਮਨ ਵਿਚ ਕੁਤਕੁਤੀਆਂ ਕਰ ਗਈ ਸੀ।
“ਸ਼ੁਕਲਾ ਜੀ, ਇਸ ਫਲੈਟ ਨੂੰ ਪੇਂਟ ਕਰਵਾਉਣਾ ਪਏਗਾ ਜੀ। ਬੜਾ ਗੰਦਾ ਲੱਗ ਰਿਹੈ ਜੀ।” ਨਾਯਰ ਮੈਨੂੰ ਸੁਪਨ-ਸੰਸਾਰ ਵਿਚੋਂ ਧਰਤੀ ਉੱਤੇ ਲੈ ਆਇਆ।
“ਪੁਰਸ਼ੋਤਮ ਜੀ, ਹਾਲੇ ਦਸ ਮਹੀਨੇ ਪਹਿਲਾਂ ਤਾਂ ਪੇਂਟ ਕਰਵਾਇਆ ਸੀ।।ਹੁਣ ਘਰ ਵਿਚ ਕੁੱਤਾ ਹੋਏ, ਏਨੇ ਸਾਰੇ ਲੋਕ ਰਹਿੰਦੇ ਹੋਣ ਤੇ ਦੇਖਭਾਲ ਨਾ ਹੁੰਦੀ ਹੋਏ ਤਾਂ ਪੇਂਟ 'ਤੇ ਖਰਚਾ ਤਾਂ ਫੇਰ ਤੁਹਾਨੂੰ ਹੀ ਕਰਨਾ ਪਏਗਾ...।” ਮੈਨੂੰ ਖ਼ੁਦ ਆਪਣੀ ਭਾਸ਼ਾ ਉੱਤੇ ਯਕੀਨ ਨਹੀਂ ਸੀ ਆ ਰਿਹਾ ਕਿ ਮੇਰੇ ਵਰਗਾ ਆਮ-ਆਦਮੀ ਦਾ ਹਿਮਾਇਤੀ, ਅਚਾਨਕ ਪੂੰਜੀਵਾਦੀ ਭਾਸ਼ਾ ਕਿੰਜ ਬੋਲਣ ਲੱਗ ਪਿਆ ਸੀ!
“ਸ਼ੁਕਲਾ ਜੀ, ਰਾਤ ਦਾ ਖਾਣਾ ਏਥੇ ਈ ਖਾਣਾ ਏਂ ਜੀ। ਸਾਊਥ ਇੰਡੀਅਨ ਖਾਣਾ ਖਾ ਲੈਂਦੇ ਓ ਨਾ?”
“ਕਿਉਂ ਨਹੀਂ, ਲਾਜ਼ਮੀ ਖਾਵਾਂਗੇ ਕਦੀ ਪੁਰਸ਼ੋਤਮ ਭਰਾ। ਪਰ ਅੱਜ ਨਹੀਂ। ਅੱਜ ਤਾਂ ਕੁਛ ਕਾਗਜ਼ਾਤ ਕੱਢਣੇ ਨੇ। ਜੇ ਤੁਹਾਡੀ ਆਗਿਆ ਹੋਏ ਤਾਂ ਆਪਣੇ ਕਮਰੇ ਦਾ ਜ਼ਿੰਦਰਾ ਖੋਲ੍ਹ ਲਵਾਂ...”
“ਓ-ਜੀ, ਕਿਹੋ ਜਿਹੀਆਂ ਗੱਲਾਂ ਕਰਦੇ ਓ ਜੀ, ਸ਼ੁਕਲਾ ਜੀ। ਜਦੋਂ ਮਰਜ਼ੀ ਆਓ, ਜੋ ਚਾਹੋ ਲੈ ਜਾਓ ਨਾ।” ਚੰਦਰਕਾਂਤ ਨੇ ਮੇਰੇ ਵੱਲ ਇਕ ਜੇਤੂ ਮੁਸਕਾਨ ਉਛਾਲੀ...ਦੇਖਿਆ ਮੈਂ ਨਹੀਂ ਕਹਿੰਦਾ ਸੀ। ਉਸਦੀਆਂ ਅੱਖਾਂ ਵਿਚੋਂ ਇਹੀ ਸੰਦੇਸ਼ ਬਰਾਡਕਾਟ ਹੋ ਰਿਹਾ ਸੀ। ਫਲੈਟ ਕਿਰਾਏ 'ਤੇ ਦੇਣ ਵੇਲੇ ਮੈਂ ਇਹ ਸ਼ਰਤ ਰੱਖੀ ਸੀ ਕਿ ਇਕ ਬੈੱਡ-ਰੂਮ ਵਿਚ ਮੇਰਾ ਸਾਮਾਨ ਰਹੇਗਾ, ਤੇ ਉਸਨੂੰ ਮੇਰਾ ਜ਼ਿੰਦਰਾ ਲੱਗਿਆ ਰਹੇਗਾ। ਇਕ ਬੈੱਡ-ਰੂਮ ਤੇ ਇਕ ਲਿਵਿੰਗ-ਰੂਮ ਈ ਕਿਰਾਏ 'ਤੇ ਦਿਆਂਗੇ। ਹੋਇਆ ਵੀ ਇਵੇਂ। ਆਪਣੇ ਕਮਰੇ ਵੱਲ ਜਾਂਦਿਆਂ ਹੋਇਆਂ ਮੈਂ ਪੈਸੇਜ ਵਿਚ ਰੁਕ ਕੇ ਬਾਥ-ਰੂਮ ਦਾ ਮੁਆਇਨਾ ਕਰਨ ਲੱਗ ਪਿਆ। ਸਿੱਲ੍ਹ ਤੇ ਧੁੰਆਂਖ ਦੀ ਉਲਟੀ ਲਿਆ ਦੇਣ ਵਾਲੀ ਹਵਾੜ੍ਹ ਆ ਰਹੀ ਸੀ; ਟਇਲੇਟ-ਫਲਸ਼ ਦੀ ਜਿਵੇਂ ਸਦੀਆਂ ਤੋਂ ਸਫਾਈ ਨਾ ਹੋਈ ਹੋਵੇ। ਵਾਸ਼ਬੇਸਨ ਵੀ ਗੰਦਾ। ਬਾਥ-ਰੂਮ ਦੀਆਂ ਟਾਇਲਾਂ ਉੱਤੇ ਚੜ੍ਹੀ ਹੋਈ ਖਿਣ। ਜਾਨਕੀ ਮੇਰੇ ਪਿੱਛੇ ਆਣ ਖਲੋਤੀ ਸੀ। ਪਿੱਠ ਨੂੰ ਛੂਹ ਕੇ ਬੋਲੀ, “ਅੰਕਲ, ਜਦੋਂ ਵੀ ਦਿਲ ਕਰੇ, ਆ ਜਾਇਆ ਕਰੋ। ਓਧਰ ਲੰਦਨ 'ਚ ਬੜੀ ਠੰਡ ਹੁੰਦੀ ਏ ਨਾ?”
ਇਕ ਝੁਰਝੁਰੀ ਜਿਹੀ ਦੌੜ ਗਈ ਸੀ, ਮੇਰੇ ਸਾਰੇ ਸਰੀਰ ਵਿਚ। ਪਤਾ ਨਹੀਂ ਅੰਦਰੇ-ਅੰਦਰ ਕੀ ਬੁੜਬੁੜਾ ਕੇ ਚੁੱਪ ਹੋ ਗਿਆ ਸਾਂ। ਫੇਰ ਬਾਥ-ਰੂਮ ਵੱਲ ਦੇਖਿਆ। ਜਦੋਂ ਚਾਂਦਨੀ ਜਿਊਂਦੀ ਸੀ, ਉਸ ਬਾਥ-ਰੂਮ ਵਿਚੋਂ ਚੰਦਨ ਦੀ ਮਹਿਕ ਆਉਂਦੀ ਹੁੰਦੀ ਸੀ। ਚਾਂਦਨੀ ਸਿਰਫ ਚੰਦਨ ਵਾਲਾ ਸਾਬਨ ਈ ਵਰਤਦੀ ਸੀ। ਜਦੋਂ ਗਿੱਲੇ ਵਾਲ ਲਈ, ਚੰਦਨ ਦੀ ਮਹਿਕ ਖਿਲਾਰਦੀ, ਬਾਥ-ਰੂਮ ਵਿਚੋਂ ਬਾਹਰ ਨਿਕਲਦੀ ਤਾਂ ਲੱਗਦਾ ਜਿਵੇਂ ਜੱਨਤ, ਧਾਰਮਕ ਕਿਤਾਬਾਂ ਵਿਚੋਂ ਨਿਕਲ ਕੇ, ਅੱਖਾਂ ਸਾਹਵੇਂ ਸਾਕਾਰ ਹੋ ਗਈ ਹੋਵੇ!
ਆਪਣਾ ਬੈੱਡ-ਰੂਮ ਖੋਲ੍ਹਿਆ ਤਾਂ ਸੱਤ ਮਹੀਨਿਆਂ ਦੀ ਸਿੱਲ੍ਹ ਤੇ ਘੁਟਣ ਨੇ ਮੇਰਾ ਸਵਾਗਤ ਕੀਤਾ। ਮੈਂ ਤੁਰੰਤ ਈ ਸਾਰੀਆਂ ਖਿੜਕੀਆਂ ਖੋਲ੍ਹ ਦਿੱਤੀਆਂ, ਪਰਦੇ ਹਟਾਅ ਦਿੱਤੇ। ਸੂਰਜ ਦੀ ਰੌਸ਼ਨੀ ਨੇ ਕਮਰੇ ਵਿਚ ਪਰਵੇਸ਼ ਕੀਤਾ ਤਾਂ ਕਮਰੇ ਵਿਚ ਪਈਆਂ ਵਸਤਾਂ ਨੂੰ ਨਵੇਂ ਜੀਵਨ ਦਾ ਅਹਿਸਾਸ ਹੋਇਆ। ਮੁੜ ਕੇ ਦੇਖਿਆ ਤਾਂ ਜਾਨਕੀ ਹੁਣ ਵੀ ਸ਼ਰਾਰਤੀ ਅੱਖਾਂ ਨਾਲ ਮੇਰੇ ਵੱਲ ਦੇਖ, ਤੇ ਮੁਸਕਰਾ ਰਹੀ ਸੀ। ਅੱਗੇ ਵਧ ਕੇ ਮੇਰੇ ਨਾਲ ਐਨ ਢੁੱਕ ਕੇ ਖੜ੍ਹੀ ਹੋ ਗਈ। “ਅੰਕਲ, ਅੰਦਰ ਸਭ ਠੀਕ-ਠਾਕ ਏ ਨਾ?” ਇਹ ਕੈਸੀ ਪਰੀਖਿਆ ਲੈ ਰਹੀ ਐ ਜਾਨਕੀ ਤੇ ਕਿਉਂ? ਕਿਤੇ ਇਹ ਨਾਯਰ ਦੀ ਕੋਈ ਚਾਲ ਤਾਂ ਨਹੀਂ?
ਮੈਂ ਰਾਸ਼ਨ ਕਾਰਡ ਤੇ ਹੋਰ ਕਾਗਜ਼ ਕੱਢੇ, ਨਾਯਰ ਨੂੰ ਨਮਸਕਾਰ ਕੀਤਾ। ਜਾਨਕੀ ਦੀਆਂ ਅੱਖਾਂ ਨੂੰ ਦੱਸ ਦਿੱਤਾ ਕਿ ਉਹ ਮੈਨੂੰ ਚੰਗੀ ਲੱਗੀ ਏ।...ਤੇ ਕਿਚਨ, ਬਾਥ-ਰੂਮ ਦੀ ਚੀਕਣੀ-ਖਿਣ ਨੂੰ ਭੁੱਲਣ ਦੀ ਕੋਸ਼ਿਸ਼ ਕਰਦਾ ਹੋਇਆ, ਗੁਆਂਢੀ ਰੌਸ਼ਨ ਲਾਲ ਅਗਰਵਾਲ ਦਾ ਦਰਵਾਜ਼ਾ ਖੜਕਾਉਣ ਲੱਗ ਪਿਆ। ਉਹ ਅੱਜ-ਕਲ੍ਹ ਸੁਸਾਇਟੀ ਦਾ ਚੇਅਰਮੈਨ ਏ।
“ਯਾਰ ਸ਼ੁਕਲਾ ਜੀ, ਤੁਸੀਂ ਵੀ ਕਮਾਲ ਦੇ ਆਦਮੀ ਓ। ਕੈਸੇ ਲੋਕਾਂ ਨੂੰ ਭਾੜੇ 'ਤੇ ਦਿੱਤਾ ਹੋਇਆ ਈ ਮਕਾਨ! ਸੁਸਾਇਟੀ ਤਾਂ ਤੁਹਾਡੇ ਖ਼ਿਲਾਫ਼ ਰੈਜੋਲਯੂਸ਼ਨ ਪਾਸ ਕਰਨ ਲੱਗੀ ਸੀ, ਉਹ ਤਾਂ ਮੈਂ ਕਿਸੇ ਤਰ੍ਹਾਂ ਰੋਕ ਲਿਆ...ਤੁਹਾਡੇ ਨਾਲ ਪੁਰਾਣੀ ਦੋਸਤੀ ਜੋ ਹੋਈ।”
ਸਾਲਾ ਪਾਖੰਡੀ। ਮੈਨੂੰ ਬੇਵਕੂਫ਼ ਬਨਾਉਣ ਲੱਗੈ। ਪਰ ਮੈਂ ਤਾਂ ਗਲਤ ਸਾਬਤ ਹੋ ਈ ਚੁੱਕਿਆ ਸਾਂ।
ਚੰਦਰਕਾਂਤ ਤੇ ਨਾਯਰ ਮੈਨੂੰ ਗਧਾ ਸਿੱਧ ਕਰ ਚੁੱਕੇ ਸੀ। ਜਦੋਂ ਸੁਨੇਤਿਰਾ ਦੇ ਮੱਥੇ ਲੱਗਾਂਗਾ ਤਾਂ ਸ਼ਬਦਾਂ ਦੇ ਅਜਿਹੇ ਬਾਣ ਮਾਰੇਗੀ ਜਿਹੜੇ ਝੱਲਣੇ ਮੁਸ਼ਕਿਲ ਹੋ ਜਾਣਗੇ। ਪਰ ਮੁਸਕਰਾਉਣ ਦੇ ਸਿਵਾਏ ਮੇਰੇ ਕੋਲ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ।
“ਕਿਉਂ ਰੌਸ਼ਨ ਭਰਾ, ਐਸਾ ਕੀ ਹੋ ਗਿਆ?”
“ਓ ਬਈ ਚੰਗੇ ਧੰਦੇ ਵਾਲਿਆਂ ਨੂੰ ਫਲੈਟ ਭਾੜੇ 'ਤੇ ਦੇ ਦਿੱਤਾ ਈ ਤੁਸਾਂ।”
“ਹੋਰ ਕਿਸੇ ਵਿਹਲੜ੍ਹ ਨੂੰ ਦੇ ਦਿੰਦਾ? ਯਾਰ ਭਾੜਾ ਦੇਣ ਵਾਲੇ ਨੂੰ ਕੋਈ ਨਾ ਕੋਈ ਕੰਮ-ਧੰਦਾ ਤਾਂ ਕਰਨਾ ਈ ਪਏਗਾ?”
“ਤੁਸੀਂ ਵੀ ਕਮਾਲ ਕਰਦੇ ਓ ਸਾਹਬ। ਇਹ ਜਿਹੜੀ ਨਾਯਰ ਦੇ ਘਰ ਰਹਿੰਦੀ ਜੇ ਨਾ ਜਾਨਕੀ, ਸਾਲੀ ਧੰਦਾ ਕਰਦੀ ਜੇ। ਇਕ ਦਿਨ ਤਾਂ ਮੇਰੇ ਨਾਲ ਈ ਰਾਤ ਦਾ ਸੌਦਾ ਕਰਨ ਬੈਠ ਗਈ ਸੀ...ਜਾਣਦੀ ਨਹੀਂ, ਆਪਾਂ ਸ਼ਾਦੀਸ਼ੂਦਾ, ਸ਼ਰੀਫ਼ ਲੋਕ ਵਾਂ।”
ਆਖ਼ਰੀ ਗੱਲ ਉਸਨੇ ਆਪਣੀ ਪਤਨੀ ਵੱਲ ਦੇਖ ਕੇ ਆਖੀ ਸੀ। ਅਗਰਵਾਲ ਦੀ ਪਤਨੀ ਵੀ ਮੈਨੂੰ ਅੰਕਲ ਕਹਿੰਦੀ ਏ। “ਹੁਣ ਦੇਖੋ ਨਾ ਅੰਕਲ, ਸ਼ਰੀਫ਼ਾਂ ਦਾ ਤਾਂ ਬਿਲਡਿੰਗ ਵਿਚ ਰਹਿਣਾ ਈ ਮੁਹਾਲ ਹੋ ਗਿਆ ਜੇ।” ਤੇ ਮੇਰੀ ਜ਼ੁਬਾਨ ਠਾਕੀ ਗਈ...ਬਸ, ਉਸ ਔਰਤ ਵੱਲ ਦੇਖਦਾ ਰਹਿ ਗਿਆ ਸਾਂ ਜਿਹੜੀ ਅਗਰਵਾਲ ਨਾਲ ਘਰੋਂ ਨੱਸ ਕੇ ਆਈ ਸੀ।...ਤੇ ਅੱਜ ਸ਼ਰਾਫ਼ਤ ਦਾ ਢੋਲ ਵਜਾਅ ਰਹੀ ਸੀ। ਮੈਂ ਸ਼ਾਇਦ ਉਸਦੀ ਗੱਲ ਸਮਝਣ ਦਾ ਯਤਨ ਵੀ ਕਰਦਾ, ਪਰ ਅੰਕਲ ਸੁਣਨ ਪਿੱਛੋਂ ਤਾਂ ਗੁੱਸੇ ਉੱਪਰ ਕਾਬੂ ਰੱਖਣਾ ਈ ਬੜਾ ਮੁਸ਼ਕਿਲ ਹੋਇਆ ਹੋਇਆ ਸੀ।
ਚੌਥੀ ਮੰਜ਼ਿਲ ਤੋਂ ਹੇਠਾਂ ਉਤਰਦਿਆਂ ਹੋਇਆਂ ਚੰਦਰਕਾਂਤ ਆਪਣੀ ਡਫਲੀ ਵਜਾ ਰਿਹਾ ਸੀ, “ਭਾਈ ਸਾਹਬ, ਜੇ ਤੁਸੀਂ ਨਾਯਰ 'ਤੇ ਨਾਰਾਜ਼ ਹੋ ਤਾਂ ਉਸਨੂੰ ਕੱਢ ਕੇ ਬਾਹਰ ਕਰਦੇ ਆਂ, ਕੋਈ ਹੋਰ ਕਿਰਾਏਦਾਰ ਰੱਖ ਲਵਾਂਗੇ। ਤੁਸੀਂ ਤਾਂ ਜਾਣਦੇ ਓ ਕਿ ਆਪਣਾ ਕੰਮ ਤਾਂ ਯਕਦਮ ਪੱਕਾ ਹੁੰਦੈ।” ਹਰਾਮੀ ਕਿਰਾਇਆ ਤਾਂ ਸਾਲਾ ਖ਼ੁਦ ਖਾ ਗਿਆ। ਹੁਣ ਡਿਪਾਜ਼ਿਟ ਪੰਜਾਹ ਹਜ਼ਾਰ ਕਿੱਥੋਂ ਵਾਪਸ ਕਰਾਂਗਾ? ਲੰਦਨ ਵਾਪਸ ਜਾਣ ਤੋਂ ਪਹਿਲਾਂ ਧੜਕਦੇ ਦਿਲ ਨਾਲ ਸੂਰੀ ਸਾਹਬ ਨਾਲ ਵੀ ਗੱਲ ਕਰ ਈ ਲਈ, “ਓ ਯਾਰ ਸ਼ੁਕਲਾ ਜੀ। ਮੈਨੂੰ ਦੱਸਣਾ ਸੀ। ਮੈਂ ਮਾਯਹਵੇ ਦੇ ਗਲ਼ ਵਿਚੋਂ ਹੱਥ ਪਾ ਕੇ ਪੈਸੇ ਕਢਵਾ ਲੈਂਦਾ।”
ਬਸ ਤੈਅ ਹੋ ਗਿਆ ਕਿ ਸੂਰੀ ਸਾਹਬ ਹਰ ਮਹੀਨੇ ਪੁਰਸ਼ੋਤਮ ਨਾਯਰ ਤੋਂ ਪੈਸੇ ਲੈ ਕੇ ਮੇਰੇ ਬੈਂਕ ਦੇ ਖਾਤੇ ਵਿਚ ਜਮ੍ਹਾਂ ਕਰਵਾਉਂਦੇ ਰਹਿਣਗੇ। ਸੂਰੀ ਸਾਹਬ ਦੀ ਕੌੜੀ ਪਰ ਸੱਚੀ ਗੱਲ ਕੰਨ ਵਿਚ ਪਈ, “ਦੇਖੋ ਸ਼ੁਕਲਾ ਜੀ ਅੱਜ ਦੇ ਜ਼ਮਾਨੇ ਵਿਚ ਕੋਈ ਕੰਮ ਮੁਫ਼ਤ ਵਿਚ ਨਹੀਂ ਹੋਂਦਾ...ਸਾਡਾ ਹਿਸਾਬ ਅਹਿ ਰਹੇਗਾ ਕਿ ਮੈਂ ਤੁਹਾਡੇ ਘਰ ਦਾ ਪੂਰਾ ਖ਼ਿਆਲ ਰੱਖਾਂਗਾ, ਕਿਰਾਇਆ ਕੁਲੈਕਟ ਕਰਕੇ ਬੈਂਕ ਵਿਚ ਜਮ੍ਹਾਂ ਕਰਾਵਾਂਗਾ...ਤੋ ਓਸ ਦੇ ਬਦਲੇ ਪੰਜ ਸੌ ਰੁਪਈਆ ਮਹੀਨਾ ਮੈਂ ਚਾਰਜ ਕਰਾਂਗਾ।”
ਸੂਰੀ ਸਾਹਬ ਦਾ ਸਪਸ਼ਟਵਾਦੀ ਸੁਭਾਅ ਬੜਾ ਪਸੰਦ ਆਇਆ ਸੀ। ਉਹਨਾਂ ਨਾਲ ਹੱਥ ਮਿਲਾਇਆ ਤੇ ਵਾਪਸ ਲੰਦਨ ਆ ਗਿਆ। ਐਤਕੀਂ ਨਾ ਤਾਂ ਚੰਦਰਕਾਂਤ ਦੀ ਪਤਨੀ ਨੇ ਮੇਰੇ ਨਾਂਅ ਕੋਈ ਸੁਨੇਹਾ ਘੱਲਿਆ ਸੀ ਤੇ ਨਾ ਹੀ ਚੰਦਰਕਾਂਤ ਰਾਤ ਨੂੰ ਆਪਣੀ ਮਾਰੂਤੀ ਵੈਨ ਵਿਚ ਮੈਨੂੰ ਏਅਰਪੋਰਟ ਤਾਈਂ ਵਿਦਾਅ ਕਰਨ ਆਇਆ ਸੀ। ਆਲੋਕ ਅੱਜ ਵੀ ਆਸ ਲਾਈ ਬੈਠਾ ਸੀ ਕਿ ਮੈਂ ਘਰ ਦੀ ਜ਼ਿੰਮੇਵਾਰੀ ਉਸ ਉੱਤੇ ਛੱਡ ਕੇ ਜਾਵਾਂਗਾ। ਪਰ ਉਹ ਇਸ ਜ਼ਿੰਮੇਵਾਰੀ ਨੂੰ ਖ਼ੁਦ ਅੱਗੇ ਆ ਕੇ ਆਪਣੇ ਸਿਰ ਨਹੀਂ ਸੀ ਲੈਣਾ ਚਾਹੁੰਦਾ। ਮੈਂ, ਕਿਰਾਏ ਦੀ ਜ਼ਿੰਮੇਵਾਰੀ ਸੂਰੀ ਸਾਹਬ ਦੇ ਸਿਰ ਪਾ ਕੇ ਲੰਦਨ ਵਾਪਸ ਚਲਾ ਗਿਆ...ਤੇ ਹੁਣ ਪ੍ਰੇਸ਼ਾਨੀ ਸ਼ੁਰੂ ਹੋ ਗਈ ਪੁਰਸ਼ੋਤਮ ਨਾਯਰ ਲਈ। ਸੂਰੀ ਸਾਹਬ ਬਿਨਾਂ ਝਿਜਕ ਹਰ ਪਹਿਲੀ ਤਾਰੀਖ਼ ਨੂੰ ਕਿਰਾਇਆ ਵਸੂਲਣ ਲਈ ਜਾ ਪਹੁੰਚਦੇ ਸੀ ਨਾਯਰ ਕੋਲ। ਉਹ ਉਹਨਾਂ ਤੋਂ ਲੁਕਦਾ ਫਿਰਦਾ, ਬਹਾਨੇ ਲੱਭਦਾ, ਪਰ ਸੂਰੀ ਸਾਹਬ ਨੇ ਜਿਸ ਗੱਲ ਦੀ ਠਾਣ ਲਈ, ਤੋ ਠਾਣ ਲਈ। ਪਹਿਲੇ ਦੋ ਤਿੰਨ ਮਹੀਨੇ ਤਾਂ ਇਕ ਅੱਧਾ ਹਫਤਾ ਦੇਰ ਨਾਲ ਪੈਸੇ ਆਉਂਦੇ ਵੀ ਰਹੇ, ਪਿੱਛੋਂ ਸੂਰੀ ਸਾਹਬ ਵਰਗਾ ਧੱਕੜ-ਆਦਮੀ ਵੀ ਪ੍ਰੇਸ਼ਾਨੀ ਮਹਿਸੂਸ ਕਰਨ ਲੱਗ ਪਿਆ। ਉਹਨਾਂ ਦਾ ਮੱਥਾ ਓਦੋਂ ਠਣਕਿਆ ਜਦੋਂ ਉਹ ਕਿਰਾਇਆ ਵਸੂਲ ਕਰਨ ਲਈ ਘਰੇ ਪਹੁੰਚੇ ਤੇ ਉੱਥੇ ਲਿਵਿੰਗ-ਰੂਮ ਵਿਚ ਇਕ ਛੇ, ਸਾਢੇ ਛੇ ਫੁੱਟ ਦਾ ਨਵਾਂ ਖੜ੍ਹਾ ਕੀਤਾ ਢਾਂਚਾ ਦੇਖਿਆ। ਸੂਰੀ ਸਾਹਬ ਹੱਕੇ-ਬੱਕੇ ਰਹਿ ਗਏ...ਸੋਚੀਂ ਪੈ ਗਏ ਕਿ ਕੀ ਜਵਾਬ ਦਿਆਂਗਾ ਸ਼ੁਕਲਾ ਜੀ ਨੂੰ—ਭਲਾ ਇਕ ਵਿਵਾਦਿਤ ਢਾਂਚਾ ਘਰ ਦੇ ਅੰਦਰ ਕਿੱਦਾਂ?
“ਸੂਰੀ ਸਾਹਬ, ਇੱਧਰ ਘਰ 'ਚ ਭੂਤ-ਪ੍ਰੇਤ ਬੜਾ ਤੰਗ ਕਰਨ ਲੱਗ ਪਏ ਐ ਜੀ।।ਖਾਸ ਕੇਰਲ ਤੋਂ ਪੰਡਿਤ ਜੀ ਨੂੰ ਬੁਲਾਇਆ ਏ ਜੀ। ਇਕ ਮਹੀਨਾ ਤੱਕ ਪੂਜਾ-ਪਾਠ ਚੱਲੇਗਾ। ਇੱਧਰ ਤਾਂ ਰਹਿਣਾ ਹੀ ਮੁਸ਼ਕਿਲ ਹੋਇਆ ਹੋਇਆ ਏ ਜੀ।”
“ਤੇਰੀ ਮਾਂ...ਨਾਯਰਾ। ਪੂਜਾ ਲਈ ਘਰ ਵਿਚ ਏਸ ਤੋੜ-ਭੰਨ ਦਾ ਕੀ ਮਤਲਬ ਈ? ਢਾਅ ਸਾਲਿਆ ਇਸਨੂੰ ਹੁਣੇ। ਇਹੋ ਜਿਹਾ ਕੋਈ ਪੰਗਾ-ਪੁਆੜਾ ਨਹੀਂ ਖੜ੍ਹਾ ਹੋਣਾ ਚਾਹੀਦਾ ਇੱਥੇ।”
“ਓ-ਜੀ ਸੂਰੀ ਸਾਹਬ, ਘਰ ਤੁਹਾਡਾ, ਸ਼ੁਕਲਾ ਸਾਹਬ ਦਾ, ਅਸੀਂ ਤਾਂ ਜੀ ਪੂਜਾ-ਪਾਠ ਕਰਵਾਉਣ ਲੱਗੇ ਆਂ। ਕੋਈ ਰੰਡੀਬਾਜੀ ਤਾਂ ਨਹੀਂ ਨਾ ਕਰਾ ਰਹੇ ਜੀ...”
ਸੂਰੀ ਸਾਹਬ ਪ੍ਰੇਸ਼ਾਨ...ਉੱਲੂ ਦਾ ਪੱਠਾ ਨਾਯਰ...ਪੂਜਾ, ਪੰਡਿਤਾਂ 'ਤੇ ਤਾਂ ਖਰਚ ਕਰ ਸਕਦਾ ਈ, ਕਿਰਾਇਆ ਦੇਣ ਵੇਲੇ ਸਾਲੇ ਦੀ ਮਾਂ ਮਰ ਜਾਂਦੀ ਜੇ। ਹਵਨ-ਕੁੰਡ 'ਚੋਂ ਉਠ ਰਹੇ ਧੁੰਏਂ ਨੇ ਕਮਰੇ ਦੀ ਛੱਤ ਕਾਲੀ ਕਰ ਦਿੱਤੀ ਜੇ। ਜਗ੍ਹਾ-ਜਗ੍ਹਾ ਜਾਲੇ ਲਟਕਣ ਲੱਗ ਪਏ ਨੇ। ਕਿਚਨ ਦੇ ਪਲੇਟਫ਼ਾਰਮ ਉੱਤੇ ਮੈਲ ਦੀ ਮੋਟੀ ਪਰਤ ਜੰਮੀ ਹੋਈ ਜੇ। ਚਿੱਟਾ ਮਾਰਬਲ ਪੀਲਾ ਤੇ ਕਾਲਾ ਪੈਣ ਲੱਗ ਪਿਆ ਜੇ। ਅਲਮਾਰੀ ਦਾ ਸਨਮਾਈਕਾ ਥਾਂ-ਥਾਂ ਤੋਂ ਉੱਖੜ ਰਿਹਾ ਈ। ਬਾਥ-ਰੂਮ ਦਾ ਪਾਟ ਗੰਦਗੀ ਦੀ ਵੱਖਰੀ ਕਹਾਣੀ ਸੁਣਾ ਰਿਹਾ ਜੇ। ਸੂਰੀ ਸਾਹਬ ਉਡੀਕ ਵਿਚ ਨੇ ਕਿ ਸ਼ੁਕਲਾ ਜੀ ਦਾ ਫ਼ੋਨ ਕਦੋਂ ਆਏਗਾ। ਹੁਣ ਤਾਂ ਫਲੈਟ ਖਾਲੀ ਕਰਵਾਉਣਾ ਈ ਪਏਗਾ।
ਲੰਦਨੋਂ ਕਿਸੇ ਨੂੰ ਫ਼ੋਨ ਕਰਨ ਤੋਂ ਪਹਿਲਾਂ ਜੇ ਮੇਰਾ ਦਿਲ ਧੱਕ-ਧੱਕ ਕਰਨ ਲੱਗ ਪੈਂਦਾ ਸੀ...ਤਾਂ ਓਹ ਸਨ ਸੂਰੀ ਸਾਹਬ। ਡਰ ਲੱਗਿਆ ਰਹਿੰਦਾ ਸੀ ਕਿ ਪਤਾ ਨਹੀਂ ਫਲੈਟ ਬਾਰੇ ਕਿਹੜਾ ਅਸ਼ੁੱਭ ਸਮਾਚਾਰ ਸੁਣਨ ਨੂੰ ਮਿਲੇ। ਲਿਵਿੰਗ-ਰੂਮ ਵਿਚ ਮੰਦਰ ਬਾਰੇ ਸੁਣਨ ਪਿੱਛੋਂ ਤਾਂ ਸੁਨੇਤਿਰਾ ਲਈ ਬਰਦਾਸ਼ਤ ਕਰਨਾ ਹੋਰ ਵੀ ਅਸੰਭਵ ਹੋ ਗਿਆ ਸੀ। ਉਸਨੇ ਮੇਰੇ ਵੱਲ ਅਜਿਹੀਆਂ ਚੁਭਵੀਆਂ ਨਜ਼ਰਾਂ ਨਾਲ ਦੇਖਿਆ ਕਿ ਮੇਰੇ ਕੋਲ ਬੰਬਈ ਦਾ ਟਿਕਟ ਕਟਵਾਉਣ ਦੇ ਸਿਵਾਏ ਹੋਰ ਕੋਈ ਚਾਰਾ ਨਾ ਰਿਹਾ।
ਸੂਰੀ ਸਾਹਬ ਨੇ ਅਖ਼ੀਰ ਨਾਯਰ ਨੂੰ ਫਲੈਟ ਖਾਲੀ ਕਰਨ ਦਾ ਨੋਟਿਸ ਦੇ ਦਿੱਤਾ।
“ਕਿਉਂ, ਖਾਲੀ ਕਰਨ ਵਾਲੀ ਕੀ ਗੱਲ ਏ ਜੀ। ਤੁਸੀਂ ਕੀਮਤ ਦੱਸੋ, ਮੈਂ ਖਰੀਦ ਲਵਾਂਗਾ ਜੀ। ਅਜੇ ਤਾਂ ਮੈਂ ਕੇਰਲ ਜਾ ਰਿਹਾਂ। ਓਧਰ ਇਕ ਸ਼ਾਦੀ ਏ ਜੀ।” ਸੂਰੀ ਸਾਹਬ ਚੁੱਪ। ਇਹ ਵੀ ਨਹੀਂ ਪੁੱਛ ਸਕੇ ਕਿ ਸ਼ਾਦੀ ਹੈ ਕਿਸ ਦੀ? ਮੁੰਡੇ ਦੀ ਜਾਂ ਕੁੜੀ ਦੀ...
ਮੇਰੀ ਫਲਾਈਟ ਰਾਤ ਦੇ ਸਾਢੇ ਬਾਰ੍ਹਾਂ ਵਜੇ ਛਤਰਪਤੀ ਸ਼ਿਵਾਜੀ ਏਅਰਪੋਰਟ ਪਹੁੰਚੀ। ਪ੍ਰਕਾਸ਼ ਤੇ ਉਸਦੀ ਪਤਨੀ ਦੋਵੇਂ ਮੈਨੂੰ ਲੈਣ ਖਾਤਰ ਹਵਾਈ ਅੱਡੇ 'ਤੇ ਆਏ ਸਨ। ਪ੍ਰਕਾਸ਼ ਤੇ ਹਨੀ ਵਰਗੇ ਦੋਸਤਾਂ ਨੂੰ ਮੈਂ ਆਪਣੇ ਜੀਵਨ ਦੀਆਂ ਸਰਬ-ਉੱਤਮ ਪ੍ਰਾਪਤੀਆਂ ਵਿਚੋਂ ਇਕ ਮੰਨਦਾ ਆਂ। ਪ੍ਰਕਾਸ਼ ਵਰਗਾ ਪ੍ਰਤੀਬੱਧ ਮਿੱਤਰ ਜੇ ਅੰਗਰੇਜ਼ੀ ਵਿਚ ਆਖਿਆ ਜਾਏ ਤਾਂ ਇਕ ਅਨਡੇਂਜਰਡ ਸਪੀਸੀ ਏ। ਅਜਿਹੇ ਲੋਕ ਦੁਨੀਆਂ ਵਿਚ ਬੜੇ ਘੱਟ ਬਚੇ ਹੋਣਗੇ। ਪ੍ਰਕਾਸ਼ ਨੇ ਦੇਖਦਿਆਂ ਈ ਹੇਕ ਲਾਈ, “ਓਇ, ਕਾਲੀਆਂ ਮੁੱਛਾਂ ਤੇ ਚਿੱਟੇ ਵਾਲ, ਵੇਖੋ ਲੰਦਨ ਦੇ ਕੁੱਕੜ ਖਾਣੇ ਪੰਡਿਤ ਦਾ ਹਾਲ!”
ਉਹ ਮੈਨੂੰ ਆਪਣੇ ਘਰ ਲੈ ਗਿਆ। ਉਸਦੇ ਘਰ ਰਹਿਣ ਦਾ ਇਕ ਨਿੱਜੀ ਲਾਭ ਇਹ ਵੀ ਸੀ ਕਿ ਸਵੇਰੇ ਛੇ ਵਜੇ ਉੱਠ ਕੇ ਨਾਯਰ ਦੇ ਘਰ ਧਾਵਾ ਬੋਲਿਆ ਜਾ ਸਕਦਾ ਸੀ। ਹਨੀ ਨੇ ਸਵੇਰੇ-ਸਵਖਤੇ ਉੱਠ ਕੇ ਚਾਹ ਬਣਾ ਦਿੱਤੀ। ਪ੍ਰਕਾਸ਼, ਰਾਤ ਵਾਲੇ ਕੁੜਤੇ ਪਾਜਾਮੇਂ ਵਿਚ ਈ ਨਾਲ ਹੋ ਲਿਆ। ਪਹਿਲਾਂ ਅਸੀਂ ਸੂਰੀ ਸਾਹਬ ਦੇ ਘਰ ਪਹੁੰਚੇ। ਕੋਈ ਓਪਚਾਰਕਤਾ ਨਹੀਂ, ਉਹ ਬਸ ਨਾਲ ਹੋ ਲਏ। ਮੈਂ ਆਪਣੇ ਧੜਕਦੇ ਹੋਏ ਦਿਲ ਨੂੰ ਕਾਬੂ ਵਿਚ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਅਸੀਂ ਚੌਥੀ ਮੰਜ਼ਿਲ ਦੇ ਅੱਠਵੇਂ ਫਲੈਟ ਦਾ ਬੂਹਾ ਜਾ ਖੜਕਾਇਆ। ਕੁੰਡਾ ਜਾਨਕੀ ਨੇ ਈ ਖੋਲ੍ਹਿਆ। ਅੱਜ ਉਹ ਮੈਨੂੰ ਦੇਖ ਕੇ ਅਦਾਅ ਨਾਲ ਮੁਸਕਰਾਈ ਨਹੀਂ। ਫੇਰ ਵੀ ਚਿਹਰੇ ਉੱਤੇ ਅਸਫਲ ਹਾਸੀ ਲਿਆਉਂਦਿਆਂ ਹੋਇਆਂ ਬੋਲੀ, “ਅੰਕਲ, ਨਾਯਰ ਤਾਂ ਏਥੇ ਹੈ ਨਹੀਂ। ਸ਼ਾਦੀ ਕਰਵਾਉਣ ਗਏ ਨੇ ਕੇਰਲਾ। ਦੋ ਦਿਨਾਂ ਬਾਅਦ ਆਉਣਗੇ।”
ਯਾਨੀਕਿ ਜਾਨਕੀ ਨੂੰ ਵੀ ਪਤਾ ਏ ਕਿ ਮੈਂ ਲੰਦਨ ਤੋਂ ਖਾਸ ਤੌਰ 'ਤੇ ਘਰ ਖਾਲੀ ਕਰਵਾਉਣ ਲਈ ਆਇਆ ਆਂ।
ਹੁਣ ਸ਼ੁਰੂ ਹੋਇਆ ਨਾਟਕ ਦਾ ਪਹਿਲਾ ਭਾਗ। ਅਸੀਂ ਘਰ ਅੰਦਰ ਵੜੇ ਤੇ ਵੜਦਿਆਂ ਈ ਸੂਰੀ ਸਾਹਬ ਨੇ ਸ਼ੁਰੂਆਤ ਕੀਤੀ, “ਦੇਖੋ ਸ਼ੁਕਲਾ ਜੀ, ਮਾਯਾਵੇ ਨੇ ਪਿਓ ਵਾਲਾ ਮੰਦਰ ਖੜ੍ਹਾ ਕਰ-ਤਾ ਜੇ। ਮੈਂ ਕਹਿਣਾ ਪਹਿਲਾਂ ਤਾਂ ਕਾਰਪੇਂਟਰ ਬੁਲਾਓ, ਤੇ ਅਹਿ ਮੰਦਰ ਤੁੜਵਾਓ।” ਸੂਰੀ ਸਾਹਬ ਆਪਣੀ ਨੌਕਰਾਣੀ ਭਾਮਾ ਨੂੰ ਨਾਲ ਲਿਆਏ ਸਨ, “ਸ਼ੁਕਲਾ ਜੀ, ਨਾਲ ਜ਼ਨਾਨੀ ਹੋਣੀ ਜ਼ਰੂਰੀ ਹੋਂਦੀ ਜੇ। ਓਥੇ ਅਸੀਂ ਸਾਰੇ ਜੈਂਟਸ ਹੀ ਹੋਵਾਂਗੇ, ਤੋ ਕਿਸੇ ਵੀ ਤਰ੍ਹਾਂ ਦਾ ਬਲੇਮ ਲੱਗ ਸਕਦਾ ਜੇ।” ਓਥੋਂ ਈ ਹਨੀ ਨੂੰ ਫ਼ੋਨ ਕਰ ਦਿੱਤਾ ਗਿਆ। ਉਹ ਵੀ ਆ ਗਈ। ਕਾਰਪੇਂਟਰ ਆਇਆ—ਪੰਦਰਾਂ ਵੀਹ ਮਿੰਟਾਂ ਵਿਚ ਮੰਦਰ ਦਾ ਵਜੂਦ ਸਮਾਪਤ ਹੋ ਚੁੱਕਿਆ ਸੀ। ਮਨ ਵਿਚ ਕਿਤੇ ਅਪਰਾਧ-ਬੋਧ ਵੀ ਸੀ ਕਿ ਮੰਦਰ ਟੁੱਟ ਗਿਆ।...ਕਿਉਂ ਕਦੀ ਕੋਈ ਮਸਜਿਦ ਟੁੱਟਦੀ ਹੈ, ਤੇ ਕਦੀ ਮੰਦਰ! ਹੁੰਦੇ ਦੋਵੇਂ ਈ ਵਿਵਾਦਿਤ ਢਾਂਚੇ ਨੇ। ਪਰ ਸੱਚਮੁੱਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਸੀ ਕਿ ਜਾਨਕੀ ਨੇ ਜਾਂ ਨਾਯਰ ਦੇ ਡਰਾਈਵਰ ਨੇ ਇਸ ਮੁਹਿੰਮ ਵਿਚ ਕੋਈ ਰੁਕਾਵਟ ਨਹੀਂ ਸੀ ਪਾਈ।
“ਜਾਨਕੀ, ਨਾਯਰ ਤੇਰਾ ਕੀ ਲਗਦਾ ਏ?” ਮੈਥੋਂ ਪੁੱਛੇ ਬਿਨਾਂ ਰਿਹਾ ਨਾ ਗਿਆ।
“ਮੇਰੇ ਪਿਤਾ ਦਾ, ਦੂਰ ਦਾ ਭਰਾ ਏ।” ਜਾਨਕੀ ਦਾ ਦੋ ਟੁੱਕ ਜਵਾਬ ਹਾਜ਼ਰ ਸੀ। “ਅੰਕਲ, ਇਸ ਆਦਮੀ ਦੀ ਮੱਤ ਮਾਰੀ ਗਈ ਏ। ਏਨੇ ਪੈਸੇ ਪੁਜਾਰੀ ਲੋਕਾਂ 'ਤੇ ਖਰਚ ਕੀਤੇ। ਸਾਰੀ ਰਾਤ ਪੂਜਾ ਚੱਲਦੀ ਸੀ। ਦਾਰੂ, ਮਟਨ! ਪਤਾ ਨਹੀਂ ਕੀ ਕੀ ਹੁੰਦਾ ਸੀ। ਹੁਣ ਆਪਣੀ ਸ਼ਾਦੀ ਕਰਵਾਉਣ ਗਿਆ ਏ।”
“ਕੀ...ਭੈਨਚੋ ਆਪਣੀ ਸ਼ਾਦੀ ਕਰਵਾਣ ਗਿਆ ਜੇ?” ਹੁਣ ਸੂਰੀ ਸਾਹਬ ਦੇ ਹੈਰਾਨ ਹੋਣ ਦੀ ਵਾਰੀ ਸੀ।
“ਅੰਕਲ!” ਜਾਨਕੀ ਦੀਆਂ ਅੱਖਾਂ ਵਿਚ ਪਹਿਲੀ ਵਾਰੀ ਅਜੀਬ ਜਿਹੀ ਸੱਚਾਈ ਨਜ਼ਰ ਆਈ। “ਬਸ ਦੋ ਦਿਨਾਂ ਦੀ ਤਾਂ ਗੱਲ ਏ। ਸਾਨੂੰ ਹੁਣੇ ਘਰੋਂ ਨਾ ਕੱਢੋ। ਨਾਯਰ ਜਦੋਂ ਹੀ ਵਾਪਸ ਆਏ, ਮੈਂ ਤੁਰੰਤੇ ਚਲੀ ਜਾਵਾਂਗੀ। ਵੈਸੇ ਵੀ ਮੈਂ ਤਾਂ ਕਲ੍ਹ ਚਲੇ ਜਾਣਾ ਏਂ।”
ਮੈਂ ਸੂਰੀ ਸਾਹਬ ਵੱਲ ਦੇਖਿਆ। ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੇ, ਪ੍ਰਕਾਸ਼ ਬੋਲ ਪਿਆ, “ਠੀਕ ਐ ਕੁੜੀਏ, ਤੂੰ ਜਿਵੇਂ ਹੋਏ ਨਾਯਰ ਨੂੰ ਫ਼ੋਨ ਕਰ ਦੇਅ ਕਿ ਜੇ ਦੋ ਦਿਨਾਂ ਵਿਚ ਕੇਰਲੋਂ ਵਾਪਸ ਨਾ ਆਇਆ ਤਾਂ ਅਸੀਂ ਸਾਰਾ ਸਾਮਾਨ ਚੁੱਕ ਕੇ ਬਾਹਰ ਸੁੱਟ ਦਿਆਂਗੇ।”
ਜਾਨਕੀ ਨਾਲੋਂ ਵੱਧ ਹੈਰਾਨ ਤਾਂ ਮੈਂ ਸਾਂ ਕਿ ਕਿੰਜ ਪ੍ਰਕਾਸ਼ ਨੇ ਸਥਿਤੀ ਦੀ ਮੁਹਾਰ ਆਪਣੇ ਹੱਥ ਲੈ ਲਈ ਸੀ। ਮੈਂ ਇਕ ਵਾਰੀ ਫੇਰ ਆਪਣੇ ਬੈੱਡ-ਰੂਮ ਦਾ ਜ਼ਿੰਦਰਾ ਖੋਲ੍ਹਿਆ, ਕੰਧ 'ਤੇ ਲੱਗੀ ਚਾਂਦਨੀ ਦੀ ਫੋਟੋ ਨੂੰ ਸਾਫ ਕੀਤਾ, ਖਿੜਕੀਆਂ ਖੋਲ੍ਹੀਆਂ, ਕਮਰੇ ਨੂੰ ਚਾਨਣ ਦੇ ਘੁੱਟ ਪਿਆਏ ਤੇ ਇਹ ਵੀ ਤਸੱਲੀ ਕਰ ਲਈ ਕਿ ਸਾਮਾਨ ਨਾਲ ਕਿਸੇ ਤਰ੍ਹਾਂ ਦੀ ਛੇੜ-ਛਾੜ ਨਹੀਂ ਹੋਈ। ਸੂਰੀ ਸਾਹਬ ਵੀ ਪ੍ਰਕਾਸ਼ ਦੀ ਰੌਅ ਵੇਖ ਕੇ ਚੁੱਪ ਵੱਟ ਗਏ ਸਨ।
ਸਾਹਮਣੇ ਘਰ ਵਾਲੇ ਇਮਰਾਨ ਦੀ ਸ਼ਿਕਾਇਤ ਸਭ ਤੋਂ ਪਹਿਲਾਂ ਸੁਣਨ ਨੂੰ ਮਿਲੀ, “ਅਹਿ ਕੀ ਅੰਕਲ, ਕਿਹੋ ਜਿਹੇ ਬੰਦੇ ਨੂੰ ਘਰ ਕਿਰਾਏ 'ਤੇ ਦੇ ਦਿੱਤੈ। ਪਤਾ ਨਹੀਂ ਕਿਹੜੀ ਪੂਜਾ ਕਰਦੈ; ਚੂਹਿਆਂ ਦਾ ਖ਼ੂਨ ਕੱਢ ਕੇ ਚੜ੍ਹਾਉਂਦੈ।” ਮੈਂ ਸ਼ਾਇਦ ਇਮਰਾਨ ਦੀ ਆਖੀ ਗੱਲ ਨੂੰ ਹਿੰਦੂ-ਪੂਜਾ ਵਿਰੁੱਧ ਰੋਸ ਮੰਨ ਲੈਂਦਾ, ਪਰ ਘਰੇ ਭੱਜੇ ਫਿਰਦੇ ਚੂਹੇ ਆਪਣੀਆਂ ਅੱਖਾਂ ਨਾਲ ਦੇਖ ਕੇ ਆਇਆ ਸਾਂ।
“ਆਪਾਂ ਤਾਂ ਥੋਡੇ ਮੂੰਹ ਵੱਲ ਵੇਖਦੇ ਆਂ ਜੀ, ਨਹੀਂ ਤਾਂ ਮਾਰ ਈ ਛੱਡਣੈ ਸਾਲੇ ਨੂੰ ਕਿਸੇ ਦਿਨ। ਕਹਿ ਦੇਣਾ ਉਸਨੂੰ।”
ਇਹ ਸੁਣ ਕੇ ਮਨ ਵਿਚ ਇਕ ਨੀਚ ਵਿਚਾਰ ਆਇਆ। ਜੇ ਇਮਰਾਨ ਨਾਯਰ ਨੂੰ ਮਾਰ ਦਏ ਤਾਂ ਆਪਣਾ ਕੰਮ ਮੁਫ਼ਤ 'ਚ ਬਣ ਜਾਏ। ਵੈਸੇ ਇਮਰਾਨ ਦੇ ਤਾਂ ਅੰਡਰ-ਵਰਡ ਨਾਲ ਸਬੰਧ ਵੀ ਨੇ। ਕੀ ਇਮਰਾਨ ਸੱਚਮੁੱਚ ਇੰਜ ਕਰ ਸਕਦਾ ਏ? ਇਹ ਮੱਧ-ਵਰਗੀ ਵਿਚਾਰ ਜਿੰਨੀ ਤੇਜ਼ੀ ਨਾਲ ਦਿਮਾਗ਼ ਵਿਚ ਆਇਆ, ਉਸ ਤੋਂ ਦੁੱਗਣੀ ਗਤੀ ਨਾਲ ਬਾਹਰ ਵੀ ਨਿਕਲ ਗਿਆ। ਚੌਥੀ ਮੰਜ਼ਿਲ ਤੋਂ ਉਤਰਿਆ ਤਾਂ ਧੋਬੀ, ਐਸ.ਟੀ.ਡੀ. ਵਾਲਾ, ਕੇਬਲ ਵਾਲਾ, ਦੁੱਧ ਵਾਲਾ ਸਭ ਨੂੰ ਮੇਰੇ ਨਾਲ ਇਕੋ ਸ਼ਿਕਾਇਤ ਸੀ ਕਿ ਕੈਸਾ ਬੰਦਾ ਬਿਠਾਅ ਰੱਖਿਆ ਏ ਫਲੈਟ ਵਿਚ। ਸਾਰਿਆਂ ਨੇ ਨਾਯਰ ਤੋਂ ਪੈਸੇ ਲੈਣੇ ਸੀ। “ਸੇਠ ਸਾਹਬ, ਉਸਨੂੰ ਕੱਢਣ ਤੋਂ ਪਹਿਲਾਂ ਸਾਡੇ ਪੈਸੇ ਜ਼ਰੂਰ ਡਿਪਾਜਿਟ 'ਚੋਂ ਕੱਟ ਲੈਣੇ।”
ਡਿਪਾਜਿਟ, ਮਾਈ ਫੁੱਟ!
ਹੁਣ ਸਾਡੀ ਟੋਲੀ ਸੂਰੀ ਸਾਹਬ ਕੇ ਘਰ ਵੱਲ ਹੋ ਲਈ। ਉਹਨਾਂ ਦੀ ਨੌਕਰਾਣੀ ਭਾਮਾ ਚਾਹ ਬਣਾ ਲਿਆਈ। ਸਾਡਾ ਅਗਲਾ ਕਦਮ ਕੀ ਹੋਣਾ ਚਾਹੀਦਾ ਏ? ਜੇ ਨਾਯਰ ਵਾਪਸ ਨਾ ਆਇਆ, ਤਾਂ ਕੀ ਕਰਾਂਗੇ? ਆਖ਼ਰ ਮੈਂ ਹੋਰ ਕਿੰਨੇ ਦਿਨਾਂ ਲਈ ਛੁੱਟੀ ਵਧਵਾਅ ਸਕਾਂਗਾ? ਬੜੀ ਮੁਸ਼ਕਿਲ ਨਾਲ ਤਾਂ ਦਸ ਦਿਨਾਂ ਦੀ ਛੁੱਟੀ ਮੰਜ਼ੂਰ ਕਰਵਾਈ ਸੀ। ਮਾਂ ਨੂੰ ਮਿਲਣ ਜਗਰਾਵਾਂ ਵੀ ਜਾਣਾ ਸੀ। ਕੀ ਉੱਥੋਂ ਦਾ ਪ੍ਰੋਗਰਾਮ ਕੈਂਸਲ ਕਰ ਦਿਆਂ? ਸੁਨੇਤਿਰਾ ਬੜੀ ਨਾਰਾਜ਼ ਹੋਏਗੀ, ਜੇ ਮਾਂ ਨੂੰ ਮਿਲੇ ਬਿਨਾਂ ਵਾਪਸ ਚਲਾ ਗਿਆ। ਨਾਲੇ ਫੇਰ ਏਨੀ ਦੂਰੋਂ ਭਾਰਤ ਆ ਕੇ ਮਾਂ ਨੂੰ ਨਾ ਮਿਲਣਾ ਤਾਂ ਬਦਤਮੀਜ਼ੀ ਵੀ ਹੋਏਗੀ। ਸੂਰੀ ਸਾਹਬ ਨੇ ਸਲਾਹ ਦਿੱਤੀ, “ਦੋਖੋ ਸ਼ੁਕਲਾ ਜੀ, ਪਹਿਲੇ ਤੋ ਚੱਲ ਕੇ ਤੁਹਾਡੇ ਦਲਾਲ ਨੂੰ ਮਿਲੀਏ। ਓਸ ਦਾ ਕੰਮ ਜੇ ਘਰ ਖਾਲੀ ਕਰਵਾ ਕੇ ਦੇਣਾ। ਦੂਜਾ, ਜੇ ਤੁਸੀਂ ਪੁਲਿਸ ਦਾ ਮਾਮਲਾ ਸੰਭਾਲ ਸਕਦੇ ਓ, ਤਾਂ ਮੈਂ ਚਾਰ ਬੰਦੇ ਬੁਲਾਅ ਕੇ ਸਹੁਰੇ ਦਾ ਸਾਮਾਨ ਥੱਲੇ ਸੁੱਟਵਾ ਦੇਨਾਂ।”
ਨਹਾਅ ਧੋ ਕੇ ਤਿਆਰ ਹੋਏ। ਚੰਦਰਕਾਂਤ ਦੇ ਆਫ਼ਿਸ ਪਹੁੰਚੇ...ਪਹੁੰਚ ਕੇ ਆਪਣੀ ਕਿਸਮਤ 'ਤੇ ਰੋਣ ਆ ਗਿਆ। ਚੰਦਰਕਾਂਤ ਤਾਂ ਆਪਣਾ ਕੰਮ-ਧੰਦਾ ਬੰਦ ਕਰਕੇ ਮੀਰਾ ਰੋਡ ਚਲਾ ਗਿਆ ਸੀ। ਕਿਸੇ ਨੂੰ ਆਪਣਾ ਨਵਾਂ ਪਤਾ ਵੀ ਨਹੀਂ ਸੀ ਦੱਸ ਕੇ ਗਿਆ। ਇਹ ਵਿਚਾਰ ਤਾਂ ਸੁਪਨੇ ਵਿਚ ਵੀ ਨਹੀਂ ਸੀ ਆਇਆ ਕਿ ਚੰਦਰਕਾਂਤ ਆਫ਼ਿਸ ਨੂੰ ਜ਼ਿੰਦਰਾ ਮਾਰ ਕੇ ਨੱਠ ਜਾਏਗਾ। “ਤੁਹਾਨੂੰ ਕਿੰਨਾ ਥੁੱਕ ਲਾ ਗਿਆ ਜੀ?” ਸਾਹਮਣੇ ਵਾਲੇ ਦਾ ਸਵਾਲ ਸੁਣ ਕੇ ਹੋਰ ਝਟਕਾ ਲੱਗਿਆ। “ਏਥੇ ਤਾਂ ਜੋ ਵੀ ਪੁੱਛਣ ਆਉਂਦੈ...ਕਿਸੇ ਦਾ ਦਸ ਹਜ਼ਾਰ ਲੈ ਗਿਐ, ਕਿਸੇ ਦਾ ਪੰਦਰਾਂ। ਇਕ ਦੇ ਤਾਂ ਚਾਲ੍ਹੀ ਹਜ਼ਮ ਕਰ ਗਿਐ ਜੀ।” ਸਾਹਮਣੇ ਵਾਲੇ ਨੂੰ ਕੀ ਦੱਸਦਾ ਕਿ ਮੈਨੂੰ ਅੱਸੀਆਂ ਦਾ ਯੱਕਾ ਲਾ ਗਿਆ ਏ।
ਮੀਨਾਕਸ਼ੀ ਯਾਦ ਆ ਗਈ। ਉਸਦੀ ਪੁਲਸ ਵਿਚ ਚੰਗੀ ਜਾਣ-ਪਛਾਣ ਏਂ। ਹੁਣ ਮੀਨਾਕਸ਼ੀ ਨਾਲ ਡੀ ਐਨ ਨਗਰ ਪੁਲਸ ਸਟੇਸ਼ਨ। ਮਨ ਵਿਚ ਇਕ ਵਿਚਾਰ ਇਹ ਵੀ ਆ ਰਿਹਾ ਸੀ ਕਿ ਨਾਯਰ ਨੂੰ ਵਾਪਸ ਆ ਲੈਣ ਦਿਆਂ। ਇਹ ਵੀ ਤਾਂ ਹੋ ਸਕਦਾ ਏ ਕਿ ਉਹ ਆ ਕੇ ਖ਼ੁਦ ਈ ਫਲੈਟ ਖਾਲੀ ਕਰ ਦਵੇ। ਏਸੇ ਉੱਧਲ-ਚਿੱਤੀ ਵਿਚ ਮੀਨਾਕਸ਼ੀ ਨਾਲ ਢੰਗ-ਸਿਰ ਗੱਲ ਵੀ ਨਹੀਂ ਸੀ ਕਰ ਸਕਿਆ। ਉਹ ਮੇਰੀ ਹਾਲਤ ਨੂੰ ਚੰਗੀ ਤਰ੍ਹਾਂ ਸਮਝ ਰਹੀ ਸੀ। ਉਹ ਤਾਂ ਸਦਾ ਈ ਬਿਨਾਂ ਕਿਸੇ ਅੜਚਣ ਦੇ ਮੇਰੀ ਸਥਿਤੀ ਸਮਝਦੀ ਰਹੀ ਏ ਤੇ ਬਿਨਾਂ ਕਿਸੇ ਨਿੱਜੀ ਸਵਾਰਥ ਦੇ ਮੇਰੇ ਸਾਰੇ ਕੰਮ ਆਪਣੇ ਸਮਝ ਕੇ ਕਰਦੀ ਰਹੀ ਏ। ਕਈ ਵਾਰੀ ਸੋਚਦਾ ਆਂ ਕਿ ਪ੍ਰਕਾਸ਼, ਹਨੀ, ਮੀਨਾਕਸ਼ੀ, ਅਰੁਣ,ਕਮਲ, ਵਿਜੈ, ਕਰਣ ਕਿੰਨੇ ਨਾਂਅ ਨੇ ਜਿਹੜੇ ਬਿਨਾਂ ਕਿਸੇ ਸਵਾਰਥ ਦੇ ਮੇਰੇ ਕੰਮ ਆਏ ਨੇ। ਕੀ ਮੈਂ ਉਹਨਾਂ ਦੀਆਂ ਆਸਾਂ-ਉਮੀਦਾਂ ਉੱਤੇ ਪੂਰਾ ਉਤਰਿਆ ਹੋਵਾਂਗਾ? ਮੇਰੇ ਵਾਂਗ ਈ ਉਹ ਵੀ ਤਾਂ ਅਜਿਹੇ ਮਿੱਤਰ ਦੀ ਇੱਛਾ ਰੱਖਦੇ ਹੋਣਗੇ ਜਿਹੜਾ ਬਿਨਾਂ ਸਵਾਰਥ ਦੇ ਉਹਨਾਂ ਦੇ ਕੰਮ ਆਵੇ। ਕੀ ਮੈਂ ਸਿਰਫ ਆਤਮ-ਕੇਂਦਰਿਤ ਵਿਅਕਤੀ ਆਂ...
ਇੰਸਪੈਕਟਰ ਸ਼ੇਂਡੇ ਨੇ ਮੀਨਾਕਸ਼ੀ ਤੇ ਮੈਨੂੰ ਬਿਨਾਂ ਇੰਤਜ਼ਾਰ ਕਰਵਾਇਆਂ ਅੰਦਰ ਬੁਲਾ ਲਿਆ ਸੀ।
“ਦੇਖੋ ਮਿਸਟਰ ਸ਼ੁਕਲਾ, ਇਹ ਮਾਮਲਾ ਏ ਸਿਵਲ ਦਾ। ਨਾਯਰ ਨੇ ਤੁਹਾਡਾ ਜ਼ਿੰਦਰਾ ਤੋੜ ਕੇ ਉਸ ਉੱਤੇ ਕਬਜਾ ਤਾਂ ਨਹੀਂ ਕੀਤਾ ਨਾ! ਦੂਜਾ ਤੁਹਾਡੇ ਕੋਲ ਕੋਈ ਅਜਿਹਾ ਡਾਕੂਮੈਂਟ ਵੀ ਤਾਂ ਨਹੀਂ ਜਿਸ ਤੋਂ ਪਤਾ ਲੱਗੇ ਬਈ ਤੁਸੀਂ ਆਪਣਾ ਫਲੈਟ ਉਸਨੂੰ ਲੀਵ ਐਂਡ ਲਾਈਸੈਂਸ 'ਤੇ ਦਿੱਤਾ ਐ। ਪਿਛਲੇ ਸਾਲ ਤੋਂ ਇਸ ਬਾਰੇ ਵੀ ਨਵੇਂ ਕਾਨੂੰਨ ਬਣ ਗਏ ਨੇ। ਤੁਸੀਂ ਪੁਲਿਸ ਸਟੇਸ਼ਨ ਨੂੰ ਵੀ ਇਤਲਾਅ ਦੇਣੀ ਹੁੰਦੀ ਐ, ਲਾਈਸੈਂਸੀ ਦੀ ਫੋਟੋ ਵੀ ਜਮ੍ਹਾਂ ਕਰਵਾਉਣੀ ਹੁੰਦੀ ਐ ਤੇ ਫੀਸ ਵੀ ਭਰਨੀ ਹੁੰਦੀ ਐ। ਇਸ ਮਾਮਲੇ ਵਿਚ ਪੁਲਿਸ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੀ।”
ਮੈਂ ਬੇਵਕੂਫ਼ਾਂ ਵਾਂਗ ਕਦੀ ਮੀਨਾਕਸ਼ੀ ਤੇ ਕਦੀ ਪੁਲਸ ਇੰਸਪੈਕਟਰ ਵੱਲ ਦੇਖੀ ਜਾ ਰਿਹਾ ਸਾਂ। ਮੀਨਾਕਸ਼ੀ ਨੇ ਮਰਾਠੀ ਵਿਚ ਇੰਸਪੈਕਟਰ ਸ਼ੇਂਡੇ ਨੂੰ ਕਿਹਾ, “ਤੁਮਹਾਲਾ ਕਾਹੀਤਰੀ ਕਰਾਯਲਾਚ ਲਾਗੇਲ, ਸਾਹੇਬ।” (ਤੁਹਾਤੋਂ ਬਿਨਾਂ ਹੋਰ ਕਿਸ ਨੂੰ ਕਹੀਏ, ਸਾਹਬ।)
ਇੰਸਪੈਕਟਰ ਸ਼ੇਂਡੇ ਨੇ ਕਿਹਾ, “ਹਾਂ, ਅਸੀਂ ਆਫ ਦੀ ਰਿਕਾਰਡ ਇਕ ਮਦਦ ਕਰ ਸਕਦੇ ਆਂ। ਤੁਸੀਂ ਜਾ ਕੇ ਉਸਦਾ ਸਾਮਾਨ ਘਰੋਂ ਬਾਹਰ ਸੁੱਟ ਦਿਓ। ਉਹ ਸਾਡੇ ਕੋਲ ਰਿਪੋਰਟ ਲਿਖਵਾਉਣ ਆਏਗਾ...ਅਸੀਂ ਰਿਪੋਰਟ ਲਿਖਾਂਗੇ ਨਹੀਂ, ਉਲਟਾ ਉਸਨੂੰ ਕੁਛ ਦੇਰ ਥਾਣੇ ਵਿਚ ਬਿਠਾਈ ਰੱਖਾਂਗੇ ਤਾਂ ਕਿ ਤੁਹਾਨੂੰ ਤੁਹਾਡਾ ਆਪ੍ਰੇਸ਼ਨ ਪੂਰਾ ਕਰਨ ਦਾ ਮੌਕਾ ਮਿਲ ਜਾਏ। ਇਸ ਨਾਲੋਂ ਵੱਧ ਤੁਸੀਂ ਸਾਥੋਂ ਹੋਰ ਕੋਈ ਉਮੀਦ ਨਾ ਰੱਖਿਓ।”
ਮੈਂ ਵਾਪਸ ਸੂਰੀ ਸਾਹਬ ਦੇ ਘਰ! ਫੇਰ ਵਿਚਾਰ-ਵਟਾਂਦਰਾ ਸ਼ੁਰੂ...“ਦੇਖੋ ਸ਼ੁਕਲਾ ਜੀ, ਤੁਸੀਂ ਦੋ ਦਿਨ ਵੇਟ ਕਰੋ। ਨਾਯਰ ਦੀ ਐਬਸੈਂਸ ਵਿਚ ਉਸਦਾ ਸਾਮਾਨ ਸੁੱਟਾਂਗੇ, ਤੋ ਪੰਗਾ ਹੋ ਜਾਏਗਾ। ਤੁਹਾਡੇ ਕੋਲ ਇਕ ਕਮਰਾ ਹੈ ਈ ਜੇ। ਅਸੀਂ ਦਸ ਬੰਦੇ ਉੱਥੇ ਬੈਠ ਜਾਵਾਂਗੇ, ਤੋ ਓਸਦੀ ਯਹੀ-ਤਹੀ ਕਰ ਦਹਾਂਗੇ। ਚੱਲੋ ਤੁਹਾਨੂੰ ਪਾਟਿਲ ਕੋਲ ਲੈ ਚੱਲਨਾ ਸ਼ਿਵਸੈਨਾ ਦਾ ਬੰਦਾ ਜੇ, ਕੰਮ ਹੋ ਜਾਏਗਾ।”
ਮੁੰਨੇ ਸਿਰ ਵਾਲਾ ਪਾਟਿਲ ਮਿਲ ਗਿਆ। ਦੇਖਦਿਆਂ ਈ ਵਿਸ਼ਵਾਸ ਹੋ ਗਿਆ ਸੀ ਕਿ ਜੇ ਇਹ ਆਦਮੀ ਚਾਹੇ ਤਾਂ ਸਾਡਾ ਕੰਮ ਹੋ ਸਕਦਾ ਏ। ਕਹਿਣ ਨੂੰ ਤਾਂ ਵਿਸ਼ਵਾਸ ਪਾਟਿਲ ਫਲੈਟਾਂ ਦੀ ਦਲਾਲੀ ਕਰਦਾ ਏ, ਪਰ ਅੰਦਰ ਖਾਤੇ ਕੀ ਚੱਲਦੈ...ਰਾਮ ਜਾਣੇ। “ਅਪੁਨ ਕੌਨ ਸੀ ਬਿਲਡਿੰਗ ਮੇਂ ਰਹਨੇ ਕਾ?”
“ਗੰਗਾ ਭਵਨ, ਪਾਟਿਲ। ਆਪਣੀ ਹੀ ਬਿਲਡਿੰਗ ਵਿਚ।” ਸੂਰੀ ਸਾਹਬ ਨੇ ਜਵਾਬ ਦਿੱਤਾ।
“ਕੌਨਸਾ ਫਲੈਟ?
“ਚਾਰ ਸੌ ਤਿੰਨ...ਦੂਸਰੇ ਵਿੰਗ ਮੇਂ ਹੈ।”
“ਓਅ, ਵੋ ਵਾਲਾ। ਤੁਮਹਾਰੇ ਫਲੈਟ ਕੀ ਤੋ ਅਖੀ ਮਾਰਕੇਟ ਮੇਂ ਬਹੁਤ ਬਦਨਾਮੀ ਹੋ ਰਖੀ ਹੈ ਸੇਠ। ਉਸਮੇਂ ਤੋ ਧੰਧਾ ਇਚ ਚਲਤਾ ਹੈ।” ਪਾਟਿਲ ਨੇ ਇਕ ਅੱਖ ਨੱਪ ਕੇ ਕਿਹਾ।
“ਧੰਧਾ ਯਾਨੀ?” ਮੈਂ ਹੈਰਾਨੀ ਨਾਲ ਪਾਟਿਲ ਵੱਲ ਦੇਖ ਰਿਹਾ ਸਾਂ।
“ਧੰਧਾ ਨਹੀਂ ਸਮਝਤਾ ਕਿਆ ਸੇਠ? ਧੰਧਾ...ਯਾਨਿ ਕਿ ਧੰਦਾ।”
ਗੁਆਂਢੀ ਰੌਸ਼ਨ ਦੇ ਸ਼ਬਦ, ਇਕ ਵਾਰ ਫੇਰ, ਕੰਨਾਂ ਵਿਚ ਟੈਲੀਫ਼ੋਨ ਦੀ ਗਲਤ ਕਾਲ ਵਾਂਗ ਸੁਣਾਈ ਦੇਣ ਲੱਗ ਪਏ।
ਜਾਨਕੀ...ਧੰਦਾ...ਨਾਯਰ...ਫ਼ਿਲਮਾਂ ਲਈ ਮਾਡਲ ਤੇ ਐਕਸਟਰਾ ਸਪਲਾਯਰ! ਧੰਧਾ!!
ਚਾਂਦਨੀ ਦੇ ਮੰਦਰ ਵਰਗੇ ਘਰ ਦਾ ਨਾਂ ਧੰਦੇ ਨਾਲ ਕਿੰਜ ਜੁੜ ਗਿਆ? ਚਾਂਦਨੀ ਦੇ ਅੰਤਮ ਛਿਣਾ ਦੀਆਂ ਕੁਝ ਲੱਭ ਰਹੀਆਂ ਅੱਖਾਂ, ਮੈਥੋਂ ਜਵਾਬ ਮੰਗ ਰਹੀਆਂ ਨੇ। ਉਸਦੇ ਘਰ ਦੀ ਪਵਿੱਤਰਤਾ ਨੂੰ ਬਦਨਾਮ ਕਰਨ ਦੀ ਜਵਾਬ ਦੇਹੀ ਤਾਂ ਮੇਰੀ ਈ ਸੀ ਨਾ। ਚੰਦਨ ਦੇ ਸਾਬਨ ਨਾਲ ਨਹਾਤੀ...ਗੀਲੇ ਵਾਲਾਂ ਵਾਲੀ ਚਾਂਦਨੀ ਦੀਆਂ ਅੱਖਾਂ ਵਿਚ ਹੁਣ ਵੀ ਉਹੀ ਪ੍ਰਸ਼ਨ ਟੰਗਿਆ ਹੋਇਆ ਏ। ਇਹ ਕੀ ਹੋ ਗਿਆ...?
ਸੂਰੀ ਸਾਹਬ ਸਥਿਤੀ ਦੀ ਨਜਾਕਤ ਤਾੜ ਗਏ ਸਨ, “ਓ ਸ਼ੁਕਲਾ ਜੀ, ਘਬਰਾਉਣ ਵਾਲੀ ਕੋਈ ਗੱਲ ਨਹੀਂ ਜੇ। ਲੋਕਾਂ ਦਾ ਕੀ ਜੇ? ਲੋਕੀ ਤਾਂ ਭੌਂਕਦੇ ਈ ਰਹਿੰਦੇ ਨੇ...ਤੁਸੀਂ ਸੁਣੋ ਈ ਨਾ।”
ਮੈਂ ਕੀ ਨਾ ਸੁਣਦਾ? ਮੇਰਾ ਘਰ, ਜਿਸ ਵਿਚ ਸੱਦੇ ਜਾਣ 'ਤੇ ਯਾਰ-ਮਿੱਤਰ ਮਾਨ ਮਹਿਸੂਸ ਕਰਦੇ ਸਨ, ਅੱਜ ਉਹੀ ਘਰ ਧੰਦੇ ਨਾਲ ਜੁੜ ਕੇ ਬਦਨਾਮ ਹੋ ਚੁੱਕਿਆ ਏ। ਜਾਨਕੀ ਦੀ ਉਹ ਮੁਸਕੁਰਾਹਟ ਅੱਜ ਬੜੀ ਜ਼ਹਿਰੀਲੀ ਲੱਗ ਰਹੀ ਸੀ।
ਬਸ ਤੈਅ ਹੋ ਗਿਆ, ਨਾਯਰ ਦੇ ਵਾਪਸ ਆਉਂਦਿਆਂ ਈ, ਪਹਿਲਾਂ ਤਾਂ ਨਿਮਰਤਾ ਨਾਲ ਉਸ ਨਾਲ ਪੇਸ਼ ਆਉਂਦੇ ਆਂ, ਜੇ ਉਹ ਨਾ ਮੰਨਿਆਂ, ਤਾਂ ਪਾਟਿਲ ਦੇ ਆਦਮੀ ਆ ਕੇ ਉਸਦਾ ਸਾਮਾਨ ਚੁੱਕ ਕੇ ਬਾਹਰ ਸੁੱਟ ਦੇਣਗੇ ਬਸ। ਹਾਂ, ਇੰਸਪੈਕਟਰ ਸ਼ੇਂਡੇ ਨੂੰ ਜ਼ਰੂਰ ਇਤਲਾਹ ਕਰਨੀ ਪਏਗੀ। ਪਰ ਨਾਯਰ ਦੇ ਵਾਪਸ ਆਉਣ ਵਿਚ ਤਾਂ ਅਜੇ ਦੋ ਦਿਨ ਰਹਿੰਦੇ ਸਨ। ਸੂਰੀ ਸਾਹਬ ਦੀ ਗੱਲ ਦਿਲ ਲੱਗੀ ਕਿ ਜੇ ਬੰਬਈ ਵਿਚ ਰਿਹਾ ਤਾਂ ਪ੍ਰੇਸ਼ਾਨ ਈ ਰਹਾਂਗਾ, ਪੰਜਾਬ ਜਾ ਕੇ ਮਾਂ ਨੂੰ ਮਿਲ ਆਵਾਂ।। ਹੋ ਸਕਦਾ ਏ, ਮਾਂ ਦੇ ਅਸ਼ੀਰਵਾਦ ਨਾਲ ਈ ਕੋਈ ਚਮਤਕਾਰ ਹੋ ਜਾਏ।
ਮਾਂ ਨੂੰ ਵੀ ਕਦੋਂ ਖੁਸ਼ ਕਰ ਸਕਿਆ ਸਾਂ...ਉਸਦਾ ਉਲਾਂਭਾ ਸਿਰ 'ਤੇ ਸੀ ਕਿ ਇਹ ਆਉਣਾ ਵੀ ਕੋਈ ਆਉਣ ਹੋਇਆ? ਨਾ ਮਾਂ ਕੋਲ ਬਿੰਦ-ਝੱਟ ਬੈਠਿਆ, ਨਾ ਚਾਰ ਗੱਲਾਂ ਹੋਈਆਂ। ਭੈਣ ਵੱਖ ਨਾਰਾਜ਼। ਮਾਂ-ਭੈਣ ਨੂੰ ਨਾਰਾਜ਼ ਕਰਕੇ ਦੋ ਦਿਨਾਂ ਵਿਚ ਈ ਬੰਬਈ ਨੱਠ ਆਇਆ ਸਾਂ। ਸਾਹਮਣੇ ਫੇਰ ਜਾਨਕੀ ਸੀ। ਨਾਯਰ ਨੂੰ ਇਕ ਦਿਨ ਬਾਅਦ ਦੀ ਟਿਕਟ ਮਿਲੀ ਸੀ। ਨਾਯਰ ਰਾਤੀਂ ਪਹੁੰਚਿਆ...ਇਕ ਇਕ ਪਲ ਲੰਘਾਉਣਾ ਮੁਸ਼ਕਿਲ ਹੋ ਗਿਆ ਸੀ। ਸਾਰੀ ਰਾਤ ਬਿਸਤਰੇ 'ਤੇ ਪਿਆ ਪਾਸੇ ਪਰਤਦਾ ਰਿਹਾ। ਪ੍ਰਕਾਸ਼ ਮੇਰੀ ਪ੍ਰੇਸ਼ਾਨੀ ਨੂੰ ਸਹੀ ਢੰਗ ਨਾਲ ਸਮਝ ਰਿਹਾ ਸੀ। ਸ਼ਾਇਦ ਇਸੇ ਲਈ ਆਪਣੀ ਪਤਨੀ ਨਾਲ ਬੈੱਡ-ਰੂਮ ਵਿਚ ਨਾ ਪੈ ਕੇ, ਮੇਰੇ ਕੋਲ ਹੇਠਾਂ ਫਰਸ਼ 'ਤੇ ਈ ਬਿਸਤਰਾ ਵਿਛਾ ਕੇ ਲੇਟ ਗਿਆ ਸੀ। ਅਸੀਂ ਦੋਵੇਂ ਗੱਲਾਂ ਕਰਦੇ ਰਹੇ। ਕਈ ਵਾਰੀ ਇੰਜ ਵੀ ਹੋਇਆ ਪ੍ਰਕਾਸ਼ ਦੀ ਗੱਲ ਦਾ ਉਤਰ ਕਮਰੇ ਦੇ ਹਨੇਰੇ ਵਿਚ ਈ ਕਿੱਧਰੇ ਗਵਾਚ ਗਿਆ। ਮੈਂ ਪਿਆ ਪਿਆ ਚਾਂਦਨੀ ਦੇ ਅੰਤਮ ਦਿਨਾਂ ਬਾਰੇ ਸੋਚਦਾ ਰਿਹਾ। ਪ੍ਰਕਾਸ਼ ਨੇ ਮੈਨੂੰ ਬੰਬਈ ਤੋਂ ਵਿਦਾਅ ਕਰਨ ਸਮੇਂ ਕਿਹਾ ਸੀ, “ਪੰਡਿਤ ਜੀ, ਇਹ ਚੌਥੀ ਮੰਜ਼ਿਲ ਦਾ ਅੱਠਵਾਂ ਫਲੈਟ ਪਤਾ ਨਹੀਂ ਕਦੋਂ ਤੇ ਕਿੰਜ ਮੇਰਾ ਆਪਣਾ ਬਣ ਗਿਆ, ਉੱਕਾ ਹੀ ਤਾਂ ਯਾਦ ਨਹੀਂ।” ਉਸਦੀ ਗੱਲ ਦੀ ਗੂੰਜ ਮੈਨੂੰ ਲੰਦਨ ਵਿਚ ਵੀ ਸੁਣਾਈ ਦੇਂਦੀ ਰਹੀ ਸੀ। ਅੱਜ ਉਸੇ ਚੌਥੀ ਮੰਜ਼ਿਲ ਦੇ ਅੱਠਵੇਂ ਫਲੈਟ ਉੱਪਰ ਬਦਨਾਮੀ ਦੀ ਮੋਹਰ ਲਾ ਕੇ ਵੀ ਨਾਯਰ ਉੱਥੇ ਈ ਡਟਿਆ ਹੋਇਆ ਏ।
ਸਵੇਰ ਹੋਣੀ ਈ ਸੀ, ਸੋ ਉਹ ਵੀ ਹੋ ਗਈ। ਹਨੀ ਨੇ ਅੱਜ ਦਫ਼ਤਰੋਂ ਛੁੱਟੀ ਲੈ ਲਈ ਸੀ। ਸਵੇਰੇ ਸੱਤ ਵਜੇ ਆਪਣੇ ਈ ਘਰ ਦੀ ਘੰਟੀ ਬਿਗਾਨਿਆਂ ਵਾਂਗ ਵਜਾਈ। ਚਾਰ ਪੰਜ ਘੰਟੀਆਂ ਪਿੱਛੋਂ ਨਾਯਰ ਦੀ ਆਵਜ਼ ਸੁਣਾਈ ਦਿੱਤੀ। ਮਨ ਨੂੰ ਤਸੱਲੀ ਹੋਈ ਕਿ ਚੱਲੋ, ਆ ਤਾਂ ਗਿਆ ਏ। ਜੇ ਕੇਰਲਾ ਵਿਚ ਬੈਠਾ ਰਹਿੰਦਾ ਤਾਂ ਸਾਡੇ ਲਈ ਕਾਰਵਾਈ ਕਰਨਾ ਕਿੰਨਾ ਮੁਸ਼ਕਿਲ ਹੋ ਜਾਂਦਾ। ਦਰਵਾਜ਼ਾ ਖੁੱਲ੍ਹਿਆ, “ਸ਼ੁਕਲਾ ਜੀ! ਆਓ, ਆਓ।” ਸੂਰੀ ਸਾਹਬ ਨੇ ਮੈਨੂੰ ਬੋਲਣ ਦਾ ਮੌਕਾ ਨਾ ਦਿੱਤਾ, “ਹੁਣ ਬੋਲ ਭੈਨਚੋ...ਮੈਨੂੰ ਕਿਹਾ ਦੋ ਦਿਨਾਂ 'ਚ ਫਲੈਟ ਖਾਲੀ ਕਰ ਦਿਆਂਗਾ, ਤੇ ਬਿਨਾਂ ਦੱਸੇ ਕੇਰਲਾ ਨੱਠ ਗਿਆ...”
“ਇਹ ਕੈਸੀ ਲੈਂਗਵੇਜ਼ ਯੂਜ ਕਰਦੇ ਪਏ ਓ ਮਿਸਟਰ ਸੂਰੀ! ਤੁਸੀਂ ਕਿੰਨੇ ਵਾਰੀ ਸਾਡੇ ਘਰ ਆਏ। ਅਸੀਂ ਤੁਹਾਡੇ ਨਾਲ ਕਿੰਨੇ ਪ੍ਰੇਮ ਨਾਲ ਗੱਲਬਾਤ ਕੀਤੀ ਜੀ।”
“ਸ਼ੁਕਲਾ ਜੀ, ਤੁਸੀ ਹੁਣ ਏਸ ਕੋਲੋਂ ਪੁੱਛੋ ਕਿ ਮਾਯਾਵਾ ਮਿੰਨੂੰ ਝਾਂਸਾ ਦੇ ਕੇ ਗਾਇਬ ਕਿੰਜ ਹੋ ਗਿਆ ਸੀ।” ਸੂਰੀ ਸਾਹਬ ਦੀਆਂ ਨਾਸਾਂ ਫੁੱਲੀਆਂ ਹੋਈਆਂ ਸਨ।
ਮੈਂ ਸ਼ਰਮਿੰਦਗੀ ਨਾਲ ਥਾਵੇਂ ਗੱਡਿਆ ਖੜ੍ਹਾ ਸਾਂ। ਸੂਰੀ ਸਾਹਬ ਵੱਲ ਦੇਖਿਆ, “ਭਰਾ ਜੀ, ਇਕ ਮਿੰਟ, ਮੈਂ ਗੱਲ ਕਰ ਲਵਾਂ? ਮਿਸਟਰ ਨਾਯਰ, ਸਾਡੀਆਂ ਕੁਛ ਸ਼ਰਤਾਂ ਨੇ।”
“ਦੱਸੋ ਜੀ, ਸ਼ੁਕਲਾ ਜੀ। ਤੁਸੀਂ ਯਕਦਮ ਜੈਂਟਲਮੈਨ ਆਦਮੀ ਓ। ਮੈਂ ਤੁਹਾਡੀ ਬੜੀ ਰਿਸਪੈਕਟ ਕਰਦਾਂ ਜੀ।”
“ਮਿਸਟਰ ਨਾਯਰ, ਜਦੋਂ ਤੁਸੀਂ ਸਾਡਾ ਘਰ ਕਿਰਾਏ 'ਤੇ ਲਿਆ ਸੀ, ਓਦੋਂ ਤੁਸੀਂ ਕਿਹਾ ਸੀ ਕਿ ਫਲੈਟ ਵਿਚ ਤੁਸੀਂ, ਤੁਹਾਡੀ ਪਤਨੀ ਤੇ ਇਕ ਬੇਟੀ ਰਹੋਗੇ। ਏਥੇ ਤਾਂ ਪੂਰੀ ਬਾਰਾਤ ਦੇ ਨਾਲ ਇਕ ਕੁੱਤਾ ਵੀ ਰੱਖਿਆ ਹੋਇਆ ਏ।” ਏਨੇ ਵਿਚ ਕੁੱਤੇ ਨੇ ਕਸਮਸਾਉਣ ਤੇ ਭੌਂਕਣ ਦੇ ਵਿਚਕਾਰਲੀਆਂ ਆਵਾਜ਼ਾਂ ਕੱਢਨੀਆਂ ਸ਼ੁਰੂ ਕਰ ਦਿੱਤੀਆਂ। ਸ਼ਾਇਦ ਉਸਨੂੰ ਕੁੱਤਾ ਆਖਿਆ ਜਾਣਾ ਚੰਗਾ ਨਹੀਂ ਸੀ ਲੱਗਿਆ।
“ਓਹ ਤਾਂ ਸ਼ੁਕਲਾ ਜੀ, ਜਦੋਂ ਫੈਮਿਲੀ ਰਹੇਗੀ ਤਾਂ ਗੈਸਟ ਵੀ ਤਾਂ ਆਉਣਗੇ ਈ ਨਾ ਜੀ।”
“ਫੇਰ ਤੁਸੀਂ ਕਿਰਾਇਆ ਕਦੀ ਟਾਈਮ 'ਤੇ ਨਹੀਂ ਦਿੱਤਾ।”
“ਓ ਸਾਹਬ ਜੀ, ਜਦੋਂ ਚੰਦਰਕਾਂਤ ਆਉਂਦਾ ਸੀ, ਕਿਰਾਇਆ ਟਾਈਮ 'ਤੇ ਹੀ ਲੈ ਜਾਂਦਾ ਸੀ ਜੀ।”
ਮੈਂ ਨਾਯਰ ਦੀ ਚਾਲ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਸਾਂ। ਉਹ ਜਾਣਦਾ ਸੀ ਕਿ ਚੰਦਰਕਾਂਤ ਨਾਲ ਮੇਰੇ ਸਬੰਧ ਵਿਗੜ ਚੁੱਕੇ ਨੇ। “ਭੂਤਨੀ ਦਿਆ ਚੰਦਰਕਾਂਤ ਦੀ ਗੱਲ ਕੀ ਕਰਨ ਡਿਆ ਈਂ, ਮੇਰੇ ਨਾਲ ਗੱਲ ਕਰ। ਮਿਨੂੰ ਹੇਠਾਂ ਦੇਖ ਕੇ ਮੂੰਹ ਫੇਰ ਲੈਂਦਾ ਸੈਂ। ਘਰੇ ਲੁਕ ਕੇ ਬੈਠਾ ਹੁੰਦਾ ਸੈਂ ਤੇ ਮਿਨੂੰ ਮਿਲਣ ਤੋਂ ਸਾਫ ਮਨ੍ਹਾਂ ਕਰ ਦੇਂਦਾ ਸੈਂ...ਅਖੇ, ਘਰ ਮੇਂ ਨਹੀਂ ਹੈਨ ਜੀ। ਚੂਤੀਆ ਸਮਝ ਰੱਖਿਆ ਈ ਸਾਨੂੰ ਸਾਰਿਆਂ ਨੂੰ?” ਸੂਰੀ ਸਾਹਬ ਦਾ ਵੱਸ ਚੱਲਦਾ ਤਾਂ ਨਾਯਰ ਦੇ ਮੂੰਹ 'ਤੇ ਥੱਪੜ ਕੱਢ ਮਾਰਦੇ।
“ਜ਼ਰਾ ਹੌਲੀ ਗੱਲ ਕਰੋ ਨਾ ਮਿਸਟਰ ਸੂਰੀ। ਮੇਰੀ ਨਵੀਂ ਵਾਈਫ ਇਹ ਸਭ ਸੁਣੇਗੀ ਤਾਂ ਕੀ ਇੰਪ੍ਰੈਸ਼ਨ ਪਏਗਾ ਜੀ?”
“ਤੁਸੀਂ ਆਪਣੀ ਸ਼ਾਦੀ ਕਰਾਕੇ ਆਏ ਓ ਮਿਸਟਰ ਨਾਯਰ?” ਮੈਂ ਅਣਜਾਣ ਬਣਦਿਆਂ ਹੋਇਆਂ ਹੈਰਾਨੀ ਪ੍ਰਗਟ ਕੀਤੀ।
“ਸ਼ੁਕਲਾ ਜੀ, ਇਹੀ ਤਾਂ ਚੱਕਰ ਪੈ ਗਿਆ ਜੀ। ਮੈਨੂੰ ਅਚਾਨਕ ਸ਼ਾਦੀ ਕਰਨੀ ਪੈ ਗਈ ਜੀ।”
“ਸ਼ੁਕਲਾ ਜੀ, ਏਸ ਹਰਾਮੀ ਕੋਲੋਂ ਪੁੱਛੋ, ਆਪਣੀ ਮਾਂ ਵਾਲਾ ਮੰਦਰ ਕਿਸ ਕੋਲੋਂ ਪੁੱਛ ਕੇ ਬਣਵਾਇਆ ਸੀ?”
“ਮਿਸਟਰ ਨਾਯਰ, ਤੁਸੀਂ ਸਾਡੀ ਪਰਮਿਸ਼ਨ ਬਿਨਾਂ ਮੰਦਰ...”
“ਸ਼ੁਕਲਾ ਜੀ, ਬਹਿਸ ਬੰਦ ਕਰੋ ਜੀ। ਨਾਯਰ, ਫਲੈਟ ਕਦੋਂ ਖਾਲੀ ਕਰਨਾਂ ਈਂ?”
“ਅਜੇ ਤਾਂ ਸ਼ਾਦੀ ਕਰਾਕੇ ਆਇਆਂ ਜੀ। ਮੈਨੂੰ ਥੋੜ੍ਹਾ ਟਾਈਮ ਤਾਂ ਚਾਹੀਦਾ ਏ ਨਾ, ਇੰਤਜ਼ਾਮ ਕਰਨ ਵਾਸਤੇ।”
“ਮਿਸਟਰ ਨਾਯਰ, ਕਲ੍ਹ ਸ਼ਾਮੀਂ ਚਾਰ ਵਜੇ ਸਾਨੂੰ ਫਲੈਟ ਖਾਲੀ ਚਾਹੀਦਾ ਏ।” ਪ੍ਰਕਾਸ ਆਪਣਾ ਫੈਸਲਾ ਸੁਣਾ ਕੇ ਉਠ ਖੜ੍ਹਾ ਹੋਇਆ।
“ਐਂਜ ਕਿਵੇਂ ਹੋਏਗਾ ਜੀ। ਬਸ ਇਕੋ ਦਿਨ 'ਚ।” ਕੁਝ ਸੋਚਦਿਆਂ ਹੋਇਆਂ ਨਾਯਰ ਬੋਲਿਆ, “ਸਾਨੂੰ ਇਕ ਹਫਤੇ ਦਾ ਟਈਮ ਤਾਂ ਦਿਓ ਜੀ।”
“ਪਹਿਲਾਂ ਟਾਈਮ ਦਿੱਤਾ ਤਾਂ ਸ਼ਾਦੀ ਕਰਵਾਉਣ ਨੱਠ ਗਿਆ। ਹੁਣ ਟਾਈਮ ਮਿਲਿਆ ਤਾਂ ਬੱਚੇ ਪੈਦਾ ਕਰਨ ਟੁਰ ਜਾਏਂਗਾ...ਕਲ੍ਹ ਸ਼ਾਮ ਦੇ ਚਾਰ ਵਜੇ ਫਲੈਟ ਖਾਲੀ ਹੋਣਾ ਚਾਹੀਦਾ ਈ। ਸਮਝ ਗਿਆ ਨਾ!” ਸੂਰੀ ਸਾਹਬ ਵੀ ਉਠ ਖੜ੍ਹੇ ਹੋਏ।
ਮੇਰੀਆਂ ਨਜ਼ਰਾਂ ਹੁਣ ਵੀ ਜਾਨਕੀ ਨੂੰ ਲੱਭ ਰਹੀਆਂ ਸਨ। ਚੌਥੀ ਮੰਜ਼ਿਲ ਦੇ ਅੱਠਵੇਂ ਫਲੈਟ ਦੇ ਮੱਥੇ 'ਤੇ ਬਦਨਾਮੀ ਦਾ ਟਿੱਕਾ ਲਾਉਣ ਵਾਲੀ ਜਾਨਕੀ। ਸ਼ਾਇਦ ਉਹ ਪਹਿਲਾਂ ਈ ਹਾਲਾਤ ਨੂੰ ਤਾੜ ਗਈ ਸੀ ਇਸ ਲਈ ਨਾਯਰ ਦੇ ਆਉਣ ਤੋਂ ਪਹਿਲਾਂ ਈ ਚਲੀ ਗਈ ਸੀ ਜਾਂ ਫੇਰ ਹੋ ਸਕਦਾ ਏ ਕਿ ਸੁੱਤੀ ਪਈ ਹੋਏ। ਪਰ ਬੈੱਡ-ਰੂਮ ਵਿਚ ਤਾਂ ਨਾਯਰ ਦੀ ਨਵੀਂ ਪਤਨੀ ਸੁੱਤੀ ਹੋਏਗੀ। ਫੇਰ ਜਾਨਕੀ!...ਚਲੀ ਗਈ ਜਾਨਕੀ!
ਜਾਣ ਲਈ ਅਸੀਂ ਸਾਰੇ ਉਠ ਖੜ੍ਹੇ ਹੋਏ ਸਾਂ। ਕੁਝ ਫ਼ਿਲਮੀਂ ਦ੍ਰਿਸ਼ ਯਾਦ ਆ ਰਹੇ ਸੀ ਤੇ ਕੁਝ ਕਹਾਣੀਆਂ ਵੀ। ਮੇਰੀ ਹਮਦਰਦੀ ਹਮੇਸ਼ਾ ਈ ਕਿਰਾਏਦਾਰ ਨਾਲ ਰਹੀ ਸੀ। ਮਾਲਕ-ਮਕਾਨ ਤਾਂ ਹਮੇਸ਼ਾ ਮੇਰੇ ਲਈ ਪੂੰਜੀਵਾਦ ਦਾ ਪ੍ਰਤੀਕ ਰਿਹਾ ਏ। ਅੱਜ ਪਹਿਲੀ ਵਾਰੀ ਮਾਲਕ-ਮਕਾਨ ਦਾ ਦਰਦ ਸਮਝ ਵਿਚ ਆ ਰਿਹਾ ਸੀ, ਮਹਿਸੂਸ ਹੋ ਰਿਹਾ ਸੀ। ਸੱਚਮੁੱਚ ਬੜਾ ਭੈੜਾ ਦਰਦ ਹੁੰਦਾ ਏ। ਰਾਤਾਂ ਨੂੰ ਨੌਕਰੀਆਂ ਕਰ ਕਰਕੇ ਜੋੜੇ ਪੈਸਿਆਂ ਨਾਲ ਬਣਾਏ ਘਰ 'ਤੇ ਜੇ ਖਤਰੇ ਦੇ ਬੱਦਲ ਮੰਡਲਾਉਣ ਲੱਗ ਪੈਣ ਤਾਂ ਡਾਢਾ ਦੁੱਖ ਹੁੰਦਾ ਏ। ਮੇਰਾ ਕੱਚਾ-ਪੱਕਾ ਮਾਰਕਸਵਾਦ ਅੱਜ ਅਚਾਨਕ ਕਿਧਰੇ 'ਫੁੱਰ-ਰ' ਹੋ ਗਿਆ ਸੀ। ਏਨੇ ਤਣਾਅ ਭਰੇ ਮਾਹੌਲ ਵਿਚ ਵੀ ਮੈਂ ਮੁਸਕਰਾਏ ਬਿਨਾਂ ਨਹੀਂ ਸੀ ਰਹਿ ਸਕਿਆ, ਜਦੋਂ ਮੇਰੇ ਇਕ ਮਾਰਕਸਵਾਦੀ ਮਿੱਤਰ ਨੇ ਇਹ ਸਲਾਹ ਦਿੱਤੀ, “ਯਾਰ ਕਿਸੇ ਸ਼ਿਵਸੈਨਾ ਵਾਲੇ ਨੂੰ ਜਾਣਦਾ ਏਂ...ਬੰਬਈ ਵਿਚ ਤਾਂ ਓਹੀ ਬੇੜਾ ਪਾਰ ਲਾ ਸਕਦੇ ਨੇ।”
ਸ਼ਿਵ! ਸ਼ਿਵ!! ਕਰਦੀਆਂ ਹੋਈਆਂ ਘੜੀ ਦੀਆਂ ਸੂਈਆਂ ਅੱਗੇ ਖਿਸਕ ਰਹੀਆਂ ਸਨ। ਸ਼ਿਵਸੈਨਾ ਦੇ ਨਾਂ 'ਤੇ ਈ ਮਿਲਿੰਦ ਤੇ ਮਹੇਸ਼ ਯਾਦ ਆਏ ਸਨ। ਮਿਲਿੰਦ ਤਾਂ ਸ਼ਾਖਾ ਪ੍ਰਮੁੱਖ ਵੀ ਸੀ। ਛੇ ਫੁੱਟ ਤਿੰਨ ਇੰਚ ਲੰਮਾਂ ਮਹੇਸ਼ ਕਦੀ ਸਾਡਾ ਗੁਆਂਢੀ ਹੁੰਦਾ ਸੀ। ਲੋਕਲ ਐਮ.ਐਲ.ਏ. ਪਰਬ ਦਾ ਸੱਜਾ ਹੱਥ। ਉਸਨੂੰ ਫ਼ੋਨ ਮਿਲਾਇਆ ਤਾਂ ਮੇਰੀ ਆਸ ਦੇ ਬਿਲਕੁਲ ਉਲਟ ਯਕਦਮ ਨਾਲ ਚੱਲਣ ਲਈ ਤਿਆਰ ਹੋ ਗਿਆ।
ਮਿਥੇ ਸਮੇਂ ਅਨੁਸਾਰ ਸਾਡੀ ਸੈਨਾ, ਨਾਯਰ ਉੱਤੇ ਧਾਵਾ ਬੋਲਣ ਲਈ, ਸੋਸਾਇਟੀ ਵਿਚ ਦਾਖਲ ਹੋਈ। ਸੂਰੀ ਸਾਹਬ ਨੇ ਸੈਨਾਪਤੀ-ਪਦ ਸੰਭਾਲ ਲਿਆ। ਮਹੇਸ਼ ਨੇ ਗਾਂਡੀਵ ਚੁੱਕ ਲਿਆ। ਗੁਆਂਢੀ ਰਾਜੂ ਨੇ ਸ਼ੰਖ ਪੂਰ ਦਿੱਤਾ। ਪ੍ਰਕਾਸ਼, ਹਨੀ ਤੇ ਮੀਨਾਕਸ਼ੀ ਸੈਨਾ ਦੇ ਥਿੰਕ-ਟੈਂਕ ਬਣੇ ਖੜ੍ਹੇ ਸਨ। ਤੇ ਵਿਸ਼ਵਾਸ ਪਾਟਿਲ ਦੇ ਚਾਰ ਸੈਨਿਕ ਹੁਕਮ ਦੀ ਉਡੀਕ ਵਿਚ ਸਨ...ਇਹਨਾਂ ਸਭਨਾਂ ਵਿਚਕਾਰ ਮੇਰੀ ਭੂਮਿਕਾ ਕੀ ਸੀ?
ਅਸੀਂ ਥੋੜ੍ਹਾ ਠਿਠਕੇ। ਹੇਠਾਂ ਕੰਪਾਊਂਡ ਵਿਚ ਇਕ ਲੰਮਾਂ-ਝੰਮਾਂ, ਕਾਲਾ-ਸਿਆਹ, ਵੱਡੀਆਂ-ਵੱਡੀਆਂ ਮੁੱਛਾਂ ਵਾਲਾ ਆਦਮੀ, ਕਾਲੀ ਐਨਕ ਲਾਈ ਬੈਠਾ ਦਿਖਾਈ ਦਿੱਤਾ। “ਭਾਈ ਸਾਹਬ, ਸਾਲਾ ਪੂਰੀ ਤਿਆਰੀ ਕਰੀ ਬੈਠੈ।” ਰਮੇਸ਼ ਨੇ ਮੇਰੇ ਕੰਨ ਵਿਚ ਘੁਸਰ-ਮੁਸਰ ਕੀਤੀ।
ਉਸ ਕਾਲੇ ਆਦਮੀ ਨੇ ਅੰਗਰੇਜ਼ੀ ਵਿਚ ਪੁੱਛਿਆ, “ਡੂ ਯੂ ਰੇਕਗਨਾਈਜ਼ ਮੀ, ਮਿਸਟਰ ਸ਼ੁਕਲਾ?”
ਮੇਰੇ ਚਿਹਰੇ ਉੱਤੇ ਓਪਰੇਪਨ ਦੇ ਭਾਵ ਦੇਖ ਕੇ ਉਹ ਖ਼ੁਦ ਈ ਬੋਲਿਆ, ਪਰ ਏਸ ਵਾਰੀ ਹਿੰਦੀ ਵਿਚ, “ਮੈਂ ਕਾਂਬਲੇ। ਮੇਰਾ ਆਫ਼ਿਸ ਤੁਹਾਡੇ ਏਜੰਟ ਚੰਦਰਕਾਂਤ ਦੇ ਬਿਲਕੁਲ ਨਾਲ ਹੀ ਸੀ। ਤੁਸੀਂ ਓਧਰ ਆਉਂਦੇ ਸੌ, ਤਾਂ ਮੇਰੇ ਨਾਲ ਵੀ ਇੰਟਰੋਡਕਸ਼ਨ ਹੋਈ ਸੀ।”
“ਮੁਆਫ਼ ਕਰਨਾਂ। ਮੈਂ ਤੁਹਾਨੂੰ ਪਛਾਣਿਆ ਨਹੀਂ। ਤੁਸੀਂ ਏਥੇ ਕਿੱਦਾਂ?”
“ਕੁਛ ਨਹੀਂ, ਬਸ ਓਸ ਨਾਯਰ ਬਾਰੇ ਜ਼ਰਾ ਗੱਲਬਾਤ ਕਰਨੀ ਸੀ।”
ਮਹੇਸ਼ ਹੱਥਿਓਂ ਉੱਖੜ ਗਿਆ, “ਕਾਯ ਝਾਲਾ (ਕਿਉਂ ਭਾਅ)? ਤੁਮ ਕੋਈ ਗੁੰਡਾ ਮਵਾਲੀ ਹੈ ਜੋ ਹਮਕੋ ਅਪਨੇ ਫਲੈਟ ਮੇਂ ਜਾਨੇ ਸੇ ਰੋਕੇਗਾ?”
“ਅਰੇ, ਹਮ ਐਸਾ ਕਿਧਰ ਬੋਲਾ। ਅਪੁਨ ਤੋ ਬਸ ਇਨਸਾਨਿਯਤ ਕੀ ਖਾਤਿਰ ਬੋਲਾ ਕਿ ਉਸਕੋ ਦੂਸਰਾ ਜਗਹ ਖੋਜਨੇ ਕੇ ਲੀਏ ਥੋੜਾ ਬਖਤ ਦੇ ਦੀਜੀਏ।”
“ਹਮਕੋ ਲੇਕਚਰ ਨਹੀਂ ਮਾਂਗਤਾ। ਅਪੁਨ ਕਾ ਨਾਮ ਮਹੇਸ਼ ਦਲਵੀ। ਅਕਖਾ ਅੰਧੇਰੀ ਮੇਂ ਕਿਸੀ ਕੋ ਭੀ ਪੂਛ ਲੇਨੇ ਕਾ। ਸਮਝਾ?”
ਕਾਂਬਲੇ ਚੁੱਪ ਖੜ੍ਹਾ ਰਿਹਾ। ਕਾਂਬਲੇ ਨੇ ਇਕ ਵਾਰੀ ਕਾਲੀ ਐਨਕ ਲਾਹੀ, ਉਸਨੂੰ ਸਾਫ ਕੀਤਾ, ਫੇਰ ਅੱਖਾਂ 'ਤੇ ਲਾ ਲਈ। ਫ਼ਿਲਮੀ ਵਿਲਨ ਅਜੀਤ ਦੇ ਰਾਬਰਟ ਰੂਪ ਵਾਂਗ ਦਿਖਾਈ ਦੇਣ ਵਾਲਾ ਕਾਂਬਲੇ, ਮਹੇਸ਼ ਦੀ ਇਕੋ ਘੁਰਕੀ ਅੱਗੇ ਸਹਿਮ ਗਿਆ ਸੀ। ਉਹ ਸਾਡੀ ਸੈਨਾ ਦੇ ਨਾਲ ਚੌਥੀ ਮੰਜ਼ਿਲ ਦੇ ਅੱਠਵੇਂ ਫਲੈਟ ਵੱਲ ਤੁਰ ਪਿਆ।
ਪਹਿਲੀ ਵਾਰੀ ਨਾਯਰ ਘਬਰਾਇਆ ਹੋਇਆ ਲੱਗਿਆ, “ਸ਼ੁਕਲਾ ਜੀ, ਅਜੇ ਤਾਂ ਅਰੇਂਜਮੈਂਟ ਨਹੀਂ ਹੋਇਆ ਜੀ। ਅਮਕੋ ਇਕ ਹਫਤੇ ਦਾ ਟਾਈਮ ਹੋਰ ਦੇ ਦਿਓ ਜੀ। ਜਿੱਥੇ ਤੁਹਾਡੇ ਘਰ ਏਨਾਂ ਚਿਰ ਰਿਹਾਂ, ਇਕ ਹਫਤਾ ਹੋਰ ਜੀ, ਕੀ ਫਰਕ ਪੈਂਦੇ ਏ ਜੀ।”
ਮੇਰੀਆਂ ਅੱਖਾਂ ਸੂਰੀ ਸਾਹਬ ਵੱਲ ਮੁੜ ਗਈਆਂ। ਸੂਰੀ ਸਾਹਬ ਦਾ ਗੁੱਸਾ ਸੰਭਾਲਿਆਂ ਨਹੀਂ ਸੀ ਸੰਭਲ ਰਿਹਾ, “ਮਾਦਰ...! ਕੀ ਸਾਨੂੰ ਪਾਗਲ ਸਮਝ ਰੱਖਿਆ ਜੇ? ਤੇਰਾ ਇਹ ਨਾਟਕ ਹੁਣ ਹੋਰ ਚੱਲਣ ਵਾਲਾ ਨਹੀਂ। ਸਾਨੂੰ ਫਲੈਟ ਹੁਣੇ, ਏਸੇ ਵੇਲੇ ਖਾਲੀ ਚਾਹੀਦਾ ਈ।”
“ਸ਼ੁਕਲਾ ਜੀ ਤੁਸੀਂ ਜੈਂਟਲਮੈਨ ਆਦਮੀ ਓ। ਤੁਸੀਂ ਸੋਚੋ ਜੀ, ਯਕਦਮ ਨਵੀਂ ਵਾਈਫ ਨੂੰ ਲੈ ਕੇ ਸੜਕ-ਫੁਟਪਾਥ 'ਤੇ ਤਾਂ ਨਹੀਂ ਜਾ ਸਕਦਾ ਨਾ ਜੀ!” ਨਾਯਰ ਦਾ ਮਿੰਨਤਾਂ-ਤਰਲੇ ਕਰਨਾ, ਉਹ ਗਿੱਲੇ ਵਾਲਾਂ ਵਾਲੀ ਨਵੀਂ ਸੁਹਾਗਣ ਦੀਆਂ ਅੱਖਾਂ ਦੇ ਭੈ ਵਿਚ ਹੋਰ ਵਾਧਾ ਕਰ ਰਿਹਾ ਸੀ। ਉਸਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਅਗਲੇ ਕੁਝ ਪਲਾਂ ਵਿਚ ਕੀ ਕੁਝ ਵਾਪਰਨ ਵਾਲਾ ਏ।
ਨਾਯਰ ਕੁਝ ਯਾਦ ਕਰਕੇ ਇਕ ਫ਼ੋਨ ਹੋਰ ਮਿਲਾਉਂਦਾ ਏ। ਕਾਫੀ ਦੇਰ ਤਕ ਘੰਟੀ ਵੱਜਣ ਤੋਂ ਬਾਅਦ ਸ਼ਾਇਦ ਕਿਸੇ ਨੇ ਦੂਜੇ ਪਾਸੇ ਫ਼ੋਨ ਚੁੱਕਿਆ ਏ। ਗੱਲਬਾਤ ਮਲਿਆਲਮ ਵਿਚ ਹੋ ਰਹੀ ਏ। ਇਸ ਲਈ ਸਾਨੂੰ ਕੁਝ ਸਮਝ ਨਹੀਂ ਆ ਰਿਹਾ...ਪਰ ਭੈਭੀਤ ਅੱਖਾਂ ਨੂੰ ਹੁਣ ਸਥਿਤੀ ਦੀ ਠੀਕ ਸਮਝ ਆ ਗਈ ਜਾਪਦੀ ਏ। ਅਚਾਨਕ ਉਹ ਅੱਖਾਂ ਸਿੱਧੀਆਂ ਮੇਰੇ ਵੱਲ ਸਵਾਲ ਕਰਦੀਆਂ ਨਜ਼ਰਾਂ ਨਾਲ ਦੇਖਦੀਆਂ ਨੇ। ਚਾਂਦਨੀ, ਮੈਂ ਇਹਨਾਂ ਅੱਖਾਂ ਦੀ ਬੇਬਸੀ ਹੋਰ ਨਹੀਂ ਸਹਿ ਸਕਾਂਗਾ। ਜਦੋਂ ਤਕ ਨਾਯਰ ਨੇ ਫ਼ੋਨ ਰੱਖਿਆ, ਗਿੱਲੇ ਵਾਲਾਂ ਵਾਲੀ ਦੀਆਂ ਡਰੀਆਂ ਹੋਈਆਂ ਅੱਖਾਂ ਨਿਰਾਸ਼ਾ ਨਾਲ ਪੂਰੀ ਤਰ੍ਹਾਂ ਭਰ ਗਈਆਂ। ਹੁਣ ਮੈਂ ਮਨ ਈ ਮਨ ਪ੍ਰਾਰਥਨਾਂ ਕਰਨ ਲੱਗ ਪਿਆ ਸਾਂ ਕਿ ਕੋਈ ਚਮਤਕਾਰ ਹੋ ਜਾਏ ਤੇ ਨਾਯਰ ਨੂੰ ਝੱਟ ਕੋਈ ਦੂਜਾ ਮਕਾਨ ਕਿਰਾਏ ਤੇ ਮਿਲ ਜਾਏ।
ਸੂਰੀ ਸਾਹਬ ਨੇ ਆਪਣੇ ਸੈਨਕਾਂ ਨੂੰ ਹੁਕਮ ਦਿੱਤਾ ਏ। ਉਹ ਸਾਮਾਨ ਚੁੱਕਣ ਲੱਗ ਪਏ ਨੇ। ਮੇਰੀ ਨਿਗਾਹ ਸੋਫੇ ਦੇ ਪਾਟੇ ਹੋਏ ਕੱਪੜੇ ਉੱਤੇ ਟਿਕ ਗਈ ਏ। ਮਹੇਸ਼ ਤੋਂ ਭੈਭੀਤ ਨਾਯਰ ਹੁਣ ਸਮਝ ਚੁੱਕਿਆ ਏ ਕਿ ਸਥਿਤੀ ਉਸਦੇ ਵੱਸੋਂ ਬਾਹਰ ਹੋ ਚੁੱਕੀ ਏ। ਸੋਫਾ ਲਿਫ਼ਟ ਦੇ ਜ਼ਰੀਏ ਹੇਠਾਂ ਪਹੁੰਚ ਚੁੱਕਿਆ ਏ। ਨਾਯਰ ਦੇ ਸਾਹਾਂ ਦੀ ਗਤੀ ਤੇਜ਼ ਹੋ ਗਈ ਏ। ਮੇਰਾ ਉਸਦੀ ਪਤਨੀ ਵੱਲ ਦੇਖਣ ਦਾ ਹੌਸਲਾ ਨਹੀਂ ਹੋ ਰਿਹਾ। ਮੈਂ ਮਹੇਸ਼ ਨੂੰ ਇਕ ਕੋਨੇ ਵਿਚ ਲਿਜਾਅ ਕੇ ਕੁਝ ਸਮਝਾਉਣ ਦਾ ਯਤਨ ਕਰਦਾ ਆਂ। ਪਰ ਮੇਰੇ ਉਸ ਯਤਨ ਵਿਚ ਪ੍ਰਤੀਬੱਧਤਾ ਦੀ ਕਮੀ ਏ। ਮਹੇਸ਼ ਤੋਂ ਝਾੜ ਖਾ ਕੇ ਚੁੱਪ ਹੋ ਜਾਂਦਾ ਆਂ। ਨਾਯਰ ਦੀਆਂ ਅੱਖਾਂ ਹੰਝੂਆਂ ਨੂੰ ਰੋਕਣ ਦੀ ਕੋਸ਼ਿਸ਼ ਵਿਚ ਲਾਲ ਹੁੰਦੀਆਂ ਜਾ ਰਹੀਆਂ ਨੇ। ਮੈਂ ਅਜੇ ਵੀ ਸੋਚ ਰਿਹਾਂ ਕਿ ਜੇ ਨਾਯਰ ਸਮੇਂ ਸਿਰ ਕਿਰਾਇਆ ਦੇਂਦਾ ਤੇ ਸਭਿਅ-ਬੰਦਿਆਂ ਵਾਂਗ ਰਹਿੰਦਾ ਤਾਂ ਇਹ ਸਥਿਤੀ ਕਦੇ ਨਾ ਆਈ ਹੁੰਦੀ।
ਨਾਯਰ ਮੇਰੇ ਕੋਲ ਆਣ ਕੇ ਖੜ੍ਹਾ ਹੋ ਗਿਆ ਏ, “ਮਿਸਟਰ ਸ਼ੁਕਲਾ, ਆਪਣੇ ਆਦਮੀਆਂ ਨੂੰ ਰੋਕੋ ਪਲੀਜ਼। ਮੇਰੀ ਗੱਲ ਸੁਣੋ ਪਲੀਜ਼। ਥੋੜ੍ਹੀ ਦੇਰ ਠਹਿਰੋ। ਮੈਨੂੰ ਬੇਇੱਜ਼ਤ ਕਰਕੇ ਨਾ ਕੱਢੋ, ਮੈਂ ਆਪਣਾ ਸਾਮਾਨ ਖ਼ੁਦ ਲਾਹ ਲੈਂਦਾ ਆਂ। ਪਲੀਜ਼, ਮਿਸਟਰ ਸ਼ੁਕਲਾ।”
ਮੈਂ ਅਚਾਨਕ ਨੀਂਦ 'ਚੋਂ ਜਾਗਿਆ ਆਂ। ਸੂਰੀ ਸਾਹਬ ਤੇ ਮਹੇਸ਼ ਉਸਦੀ ਇਕ ਨਹੀਂ ਸੀ ਸੁਣ ਰਹੇ। ਨਾਯਰ ਆਪਣੇ ਦਿਲ 'ਤੇ ਹੱਥ ਰੱਖ ਕੇ ਫਰਸ਼ ਉੱਤੇ ਬੈਠ ਗਿਆ ਏ। ਹੁਣ ਉਹ ਸੋਢਾ ਮੰਗ ਰਿਹਾ ਏ। ਮੈਨੂੰ ਚਿੰਤਾ ਹੋਈ ਕਿਤੇ ਮਰ ਈ ਨਾ ਜਾਏ। ਉਸਦੀ ਪਤਨੀ ਦੀਆਂ ਅੱਖਾਂ ਮੇਰੇ ਉੱਤੇ ਪ੍ਰਸ਼ਨ ਬਣ ਕੇ ਚਿਪਕੀਆਂ ਹੋਈਆਂ ਨੇ। ਮੈਥੋਂ ਜਵਾਬ ਮੰਗ ਰਹੀਆਂ ਨੇ। ਮੈਂ ਆਪਣੀ ਬੇਵਕੂਫ਼ੀ ਨੂੰ ਰੋਕ ਨਾ ਸਕਿਆ, ਨਾਯਰ ਦੇ ਨੇੜੇ ਪਹੁੰਚ ਗਿਆ, “ਨਾਯਰ, ਤੈਨੂੰ ਮੇਰੀ ਇਕ ਗੱਲ ਮੰਨਣੀ ਪਏਗੀ।” ਨਾਯਰ ਦੇ ਕੁਝ ਸਮਝ ਨਹੀਂ ਆ ਰਿਹਾ। ਉਹ ਮੇਰੇ ਵੱਲ ਦੇਖ ਰਿਹਾ ਏ, ਬਸ ਦੇਖੀ ਜਾ ਰਿਹੈ...
“ਨਾਯਰ, ਤੂੰ ਆਪਣੀ ਵਾਈਫ ਨੂੰ ਦੱਸ ਕਿ ਅੱਜ ਜੋ ਕੁਝ ਹੋ ਰਿਹੈ, ਉਸ ਵਿਚ ਮੇਰਾ ਕੋਈ ਕਸੂਰ ਨਹੀਂ।”
“ਸ਼ੁਕਲਾ ਜੀ, ਮੈਂ ਤਾਂ ਬੜੀ ਵਾਰੀ ਕਿਹੈ ਕਿ ਤੁਸੀਂ ਤਾਂ ਜੈਂਟਲਮੈਨ ਆਦਮੀ ਓ।” ਨਾਯਰ ਮੈਨੂੰ ਆਪਣੀ ਪਤਨੀ ਕੋਲ ਲੈ ਗਿਆ। ਉਸਦੀ ਪਤਨੀ ਦੇ ਕਾਲੇ ਘੁੰਘਰਾਲੇ ਗਿੱਲੇ ਵਾਲ, ਚੰਦਨ ਦੇ ਸਾਬਨ ਦੀ ਮਹਿਕ!
“ਚਾਂਦਨੀ ਮੈਨੂੰ ਮਾਅਫ਼ ਕਰ ਦੇਅ।” ਮੇਰੇ ਬੁੱਲ੍ਹ ਬੜਬੜਾਏ।
ਨਾਯਰ ਮਲਿਆਲਮ ਵਿਚ ਆਪਣੀ ਪਤਨੀ ਨੂੰ ਕੁਝ ਕਹਿ ਰਿਹਾ ਏ। ਮੈਥੋਂ ਉਹਨਾਂ ਵੱਲ ਦੇਖਿਆ ਨਹੀਂ ਜਾ ਰਿਹਾ, ਬਸ ਸ਼ਬਦਾਂ ਦੀ ਧੁਨੀਂ ਸੁਣ ਰਿਹਾ ਆਂ ਮੈਂ...ਸ਼ਬਦ ਕਿਧਰੇ ਦੂਰ ਜਾ ਕੇ ਗਵਾਚ ਰਹੇ ਨੇ।
ਸਾਮਾਨ ਟੈਂਪੂ ਵਿਚ ਲੱਦਿਆ ਜਾ ਚੁੱਕਿਆ ਏ। ਰਾਜੂ, ਮਹੇਸ਼ ਤੇ ਸੂਰੀ ਸਾਹਬ ਖੁਸ਼ੀ ਮਨਾ ਰਹੇ ਨੇ। ਭਾਮਾ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਲ੍ਹ ਘਰ ਚੰਗੀ ਤਰ੍ਹਾਂ ਸਾਫ ਕਰਨਾ ਏਂ। ਮੈਂ ਆਪਣਾ ਪਰਸ ਜੇਬ ਵਿਚੋਂ ਕੱਢਦਾ ਆਂ। ਪੰਜ ਸੌ ਦੇ ਹਿਸਾਬ ਨਾਲ ਦੋ ਹਜ਼ਾਰ ਸੂਰੀ ਸਾਹਬ ਦੀ ਮਾਰਫ਼ਤ ਸੈਨਕਾਂ ਨੂੰ ਦੇਂਦਾ ਆਂ। ਮਹੇਸ਼ ਬੀਅਰ ਦੀ ਮੰਗ ਕਰ ਰਿਹਾ ਏ, ਸੂਰੀ ਸਾਹਬ ਤੇ ਰਾਜੂ ਸਕਾਚ ਦੀ। ਮੀਨਾਕਸ਼ੀ ਗਲ਼ੇ ਮਿਲ ਕੇ ਵਧਾਈ ਦੇ ਰਹੀ ਏ। ਹਨੀ ਬਸ ਨਜ਼ਰਾਂ ਨੂੰ ਇਕ ਵੱਖਰੇ ਕੋਨ 'ਤੇ ਝੁਕਾਅ ਕੇ ਵਧਾਈਆਂ ਕਹਿੰਦੀ ਏ। ਪ੍ਰਕਾਸ਼ ਸ਼ਾਇਦ ਮੇਰੀ ਸਥਿਤੀ ਨੂੰ ਸਮਝ ਰਿਹਾ ਹੋਏ, ਬਸ ਮੇਰਾ ਹੱਥ ਘੁੱਟ ਦੇਂਦਾ ਏ। ਤੇ ਮੈਂ ਇਸ ਅਪਰਾਧ-ਬੋਧ ਨਾਲ ਜੂਝ ਰਿਹਾ ਆਂ ਕਿ ਕੀ ਮੈਂ ਚਾਂਦਨੀ ਦੀਆਂ ਕੁਝ ਲੱਭਦੀਆਂ ਹੋਈਆਂ ਅੱਖਾਂ ਨੂੰ ਇਕ ਵਾਰੀ ਫੇਰ ਬੇਘਰ ਕਰ ਦਿੱਤਾ ਏ? --- --- ---

No comments:

Post a Comment