Saturday, May 14, 2011

09. ਭੰਵਰ

ਭਰਤ ਨੂੰ ਮਹਿਸੂਸ ਹੋਇਆ, ਸਿਰ ਦਰਦ ਅਸਹਿ ਹੁੰਦਾ ਜਾ ਰਿਹਾ ਹੈ। ਮੇਜ਼ ਦੀ ਦਰਾਜ਼ ਖੋਲ੍ਹੀ, ਇਕ ਪੈਰਾਸੀਟਾਮੋਲ ਦੀ ਗੋਲੀ ਕੱਢੀ ਤੇ ਬਿਨਾਂ ਪਾਣੀ ਦੇ ਹੀ ਨਿਗਲ ਲਈ। ਇਹ ਅਜੀਬ ਆਦਤ ਉਸਨੂੰ ਬਚਪਨ ਤੋਂ ਹੀ ਸੀ। ਦਵਾਈ ਦੀ ਕੌੜੀ ਤੋਂ ਕੌੜੀ ਗੋਲੀ ਨੂੰ ਬਿਨਾਂ ਪਾਣੀ ਦੇ ਨਿਗਲ ਜਾਂਦਾ ਸੀ।
ਪਰ ਕੀ ਇਸ ਖ਼ਬਰ ਦੀ ਕੁਸੈਲ ਨੂੰ ਵੀ ਉਸੇ ਆਸਾਨੀ ਨਾਲ ਨਿਗਲ ਸਕੇਗਾ ਉਹ! ਜਦੋਂ ਦਾ ਉਹ ਲੰਦਨ ਤੋਂ ਵਾਪਸ ਆਇਆ ਹੈ, ਇਕ ਵਚਿੱਤਰ ਜਿਹੇ ਅਹਿਸਾਸ ਹੇਠ ਦਬਿਆ ਹੋਇਆ ਹੈ। ਇਹ ਖ਼ਬਰ ਉਸਨੂੰ ਉੱਥੇ ਹੀ ਮਿਲੀ ਸੀ। ਰਮਾ ਨੇ ਫ਼ੋਨ 'ਤੇ ਹੀ ਦੱਸ ਦਿੱਤਾ ਸੀ, “ਮੈਂ ਮਾਂ ਬਣਨ ਵਾਲੀ ਆਂ।” ਤੇ ਉਦੋਂ ਦਾ ਹੁਣ ਤੀਕ ਭਰਤ ਸੋਚ-ਸਾਗਰ ਵਿਚ ਡੁੱਬਿਆ ਹੋਇਆ ਹੈ।
ਕੀ ਰਮਾ ਦਾ ਮਾਂ ਬਣਨਾ ਸਹੀ ਹੈ? ਉਸਦੇ ਪਤੀ ਦੀ ਕੀ ਪ੍ਰਤੀਕ੍ਰਿਆ ਹੋਈ ਹੋਵੇਗੀ, ਜਦੋਂ ਉਸਨੇ ਇਹ ਖ਼ਬਰ ਸੁਣੀ ਹੋਏਗੀ? ਰਮਾ ਤਾਂ ਬੜੀ ਖੁਸ਼ ਲੱਗ ਰਹੀ ਸੀ। ਫੇਰ ਉਹ ਕਿਉਂ ਸੋਚ-ਸੋਚ ਕੇ ਐਵੇਂ ਪ੍ਰੇਸ਼ਾਨ ਹੋ ਰਿਹਾ ਹੈ! ਦੁਨੀਆਂ ਵਿਚ ਸਭ ਦੇ ਬੱਚੇ ਹੁੰਦੇ ਨੇ। ਜੇ ਰਮਾ ਗਰਭਵਤੀ ਹੋ ਗਈ ਤਾਂ ਅਜਿਹੀ ਕਿਹੜੀ ਅਨੋਖੀ ਗੱਲ ਹੋ ਗਈ।
ਸਮਿਤਾ ਕਾਫੀ ਬਣਾ ਲਿਆਈ ਸੀ। ਅੱਠ ਸਾਲ ਹੋ ਗਏ ਉਹਨਾਂ ਦੀ ਸ਼ਾਦੀ ਨੂੰ। ਜਿਵੇਂ ਕਲ੍ਹ ਦੀ ਗੱਲ ਹੋਏ। ਹੁਣ ਦੋ-ਦੋ ਬੇਟੇ ਨੇ ਉਹਨਾਂ ਦੇ...ਮਿੰਕੂ ਤੇ ਚਿੰਕੂ; ਦੋਵਾਂ ਦੀ ਸ਼ਕਲ ਹੂ-ਬ-ਹੂ ਆਪਣੇ ਪਾਪਾ ਨਾਲ ਮਿਲਦੀ ਹੈ। ਉਹੀ ਨੀਲੀਆਂ ਅੱਖਾਂ, ਗੋਰਾ ਰੰਗ, ਤਿੱਖਾ ਨੱਕ। ਉਹਨਾਂ ਦੀਆਂ ਸ਼ਰਾਰਤਾਂ ਤੋਂ ਤੰਗ ਆ ਜਾਂਦੀ ਹੈ ਸਮਿਤਾ। ਹਰ ਦਿਨ ਕੁਝ ਨਾ ਕੁਝ ਟੁੱਟਦਾ ਹੀ ਰਹਿੰਦਾ ਹੈ ਘਰੇ।
ਬੜੇ ਪਿਆਰ ਨਾਲ ਸਮਿਤਾ ਨੇ ਕਾਫੀ ਵਾਲਾ ਪਿਆਲਾ ਅੱਗੇ ਵਧਾਇਆ। ਪਤਾ ਨਹੀਂ ਕਿਉਂ ਭਰਤ ਨੂੰ ਮਹਿਸੂਸ ਹੋਇਆ ਜਿਵੇਂ ਉਹ ਸਮਿਤਾ ਤੋਂ ਅੱਖਾਂ ਚੁਰਾ ਰਿਹਾ ਹੈ। ਕਾਫੀ ਪੀ ਕੇ ਵੀ ਚਿੱਤ ਥਾਵੇਂ ਨਹੀਂ ਸੀ ਆਇਆ। ਉਸਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਪਤਨੀ ਨੂੰ ਉਹ ਖਬਰ ਸੁਣਾਵੇ ਜਾਂ ਨਾ।
ਇਕ ਨਾ ਇਕ ਦਿਨ ਤਾਂ ਪਤਾ ਲੱਗ ਹੀ ਜਾਵੇਗਾ ਉਸਨੂੰ। ਤੇ ਜੇ ਫੇਰ ਰਮਾ ਨੇ ਹੀ ਚਿੱਠੀ ਵਿਚ ਲਿਖ ਦਿੱਤਾ, ਫੇਰ...! ਸਮਿਤਾ ਨੂੰ ਕੀ ਜਵਾਬ ਦਏਗਾ ਉਹ! ਸਮਿਤਾ ਨੇ ਪੁੱਛ ਹੀ ਲਿਆ, “ਏਸ ਵਾਰੀ ਲੰਦਨ 'ਚ ਰਮਾ ਤੇ ਇੰਦਰ ਮਿਲੇ?”
“ਹਾਂ।” ਭਰਤ ਸੋਚਾਂ ਵਿਚੋਂ ਬਾਹਰ ਨਿਕਲਿਆ, “ਇਕ ਚੰਗੀ ਖ਼ਬਰ ਏ। ਰਮਾ ਮਾਂ ਬਣਨ ਵਾਲੀ ਏ।”
“ਕੀ? ਪਰ ਰਮਾ ਤਾਂ ਕੁਛ ਹੋਰ ਈ ਕਹਿ ਰਹੀ ਸੀ ਆਪਣੇ ਪਤੀ ਬਾਰੇ।”
“ਜਦੋਂ ਆਪਣੇ ਏਥੇ ਖ਼ਾਨਦਾਨੀ-ਵੈਦ ਕਮਜ਼ੋਰੀ ਦਾ ਸ਼ਰਤੀਆਂ ਇਲਾਜ਼ ਕਰ ਦੇਂਦੇ ਨੇ ਤਾਂ ਲੰਦਨ 'ਚ ਤਾਂ ਵਧੀਆ ਤੋਂ ਵਧੀਆ ਡਾਕਟਰ ਪਏ ਨੇ।”
ਕਹਿਣ ਨੂੰ ਤਾਂ ਕਹਿ ਦਿੱਤਾ ਭਰਤ ਨੇ...ਪਰ ਉਸਨੂੰ ਲੱਗਿਆ ਜਿਵੇਂ ਸਮਿਤਾ ਦਾ ਸਵਾਲ ਉਸ ਨੂੰ ਸਿੰਨ੍ਹ ਕੇ ਕੀਤਾ ਗਿਆ ਸੀ। ਉਹ ਇਕ ਚੋਰ ਵਾਂਗ ਮਹਿਸੂਸ ਕਰ ਰਿਹਾ ਸੀ।
“ਉਸਨੂੰ ਪੁੱਛ ਆਉਂਦੇ, ਜੇ ਬੱਚੇ ਲਈ ਇੰਡੀਆ ਤੋਂ ਕੁਛ ਮੰਗਵਾਉਣਾ ਚਾਹੇ...।”
“ਪੁੱਛਿਆ ਸੀ। ਬੋਲੀ, ਕੁਛ ਮੰਗਵਾਉਣਾ ਹੋਇਆ ਤਾਂ ਸਮਿਤਾ ਨੂੰ ਫ਼ੋਨ ਕਰਕੇ ਦੱਸ ਦਿਆਗੀ।”
“ਖੁਸ਼ ਲੱਗ ਰਹੀ ਸੀ?”
“ਉਹ ਤਾਂ ਖਾਸੀ ਖੁਸ਼ ਲੱਗ ਰਹੀ ਸੀ। ਪਰ ਇੰਦਰ ਕਿੱਧਰੇ ਬਾਹਰ ਦੌਰੇ 'ਤੇ ਗਿਆ ਹੋਇਆ ਸੀ...ਸ਼ਾਇਦ ਆਸਟਰੀਆ। ਉਸ ਨਾਲ ਮੁਲਾਕਾਤ ਨਹੀਂ ਹੋ ਸਕੀ।”
“ਚਲੋ ਚੰਗਾ ਏ। ਵਿਚਾਰੀ ਦੀ ਜ਼ਿੰਦਗੀ ਸੈਟਲ ਹੋ ਜਾਏਗੀ...ਕਿੰਨੀ ਉਚਾਟ ਜਿਹੀ ਰਹਿਣ ਲੱਗ ਪਈ ਸੀ ਉਹ।”
ਭਰਤ ਇਕ ਵਾਰੀ ਫੇਰ ਸੋਚ-ਸਾਗਰ ਵਿਚ ਲੱਥ ਗਿਆ। ਸਮਿਤਾ ਨਾਲ ਉਸਦਾ ਵਿਆਹ, ਪ੍ਰੇਮ-ਵਿਆਹ ਹੀ ਕਿਹਾ ਜਾ ਸਕਦਾ ਹੈ। ਦੋਵੇਂ ਇਕੋ ਸਕੂਲ ਵਿਚ ਪੜ੍ਹਦੇ ਸਨ। ਸਮਿਤਾ ਉਸ ਨਾਲੋਂ ਦੋ ਕਲਾਸਾਂ ਪਿੱਛੇ ਸੀ। ਵਿਆਹ ਤੋਂ ਪਹਿਲਾਂ ਹੀ ਦੋਵੇਂ, ਪੂਰੇ ਪੰਦਰਾਂ ਸਾਲ ਤੋਂ, ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸੀ। ਏਨੀ ਪਿਆਰ ਕਰਨ ਵਾਲੀ ਪਤਨੀ ਕੋਲੋਂ, ਉਹ ਕਿੰਜ ਏਡੀ ਵੱਡੀ ਗੱਲ ਲੁਕਾਅ ਰਿਹਾ ਹੈ!
ਸਮਿਤਾ ਨੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਵੱਡਾ ਮਿੰਕੂ ਦੂਜੀ ਜਮਾਤ ਵਿਚ ਪੜ੍ਹਦਾ ਹੈ ਤੇ ਚਿੰਕੂ ਪਹਿਲੀ ਵਿਚ। ਸਮਿਤਾ ਦਾ ਸਾਰਾ ਦਿਨ ਬੱਚਿਆਂ ਦੇ ਕੰਮਾਂ ਵਿਚ ਹੀ ਬੀਤ ਜਾਂਦਾ ਹੈ। ਉਹਨਾਂ ਨੂੰ ਸਕੂਲ ਲਈ ਤਿਆਰ ਕਰਨਾ, ਰੋਟੀ ਬਣਾਉਣਾ, ਬਸ 'ਤੇ ਚੜ੍ਹਾਉਣ ਤੇ ਲੈਣ ਜਾਣਾ। ਕਦੀ-ਕਦੀ ਤਾਂ ਏਨੀ ਥੱਕ ਜਾਂਦੀ ਹੈ ਕਿ ਰਾਤ ਹੁੰਦਿਆਂ ਹੀ ਘੜੰਮ ਕਰਕੇ ਬਿਸਤਰੇ 'ਤੇ ਡਿੱਗਦੀ ਤੇ ਸੌਂ ਜਾਂਦੀ ਹੈ। ਬੜੀ ਵਾਰੀ ਭਰਤ ਸੁੱਤੀ ਹੋਈ ਸਮਿਤਾ ਦਾ ਚਿਹਰਾ ਵਿੰਹਦਾ ਰਹਿੰਦਾ ਹੈ। ਜਿਹੜੀ ਸੁੰਦਰਤਾ ਉਸਨੂੰ ਆਪਣੀ ਪਤਨੀ ਦੇ ਚਿਹਰੇ ਵਿਚ ਦਿਖਾਈ ਦੇਂਦੀ ਹੈ, ਉਹ ਕਦੀ ਵੀ ਆਪਣੇ ਨਾਲ ਕੰਮ ਕਰਨ ਵਾਲੀਆਂ ਸੈਂਕੜੇ ਏਅਰ ਹੋਸਟੇਸਾਂ ਵਿਚ ਦਿਖਾਈ ਨਹੀਂ ਦਿੱਤੀ।
ਇਸ ਅਰਸੇ ਵਿਚ ਕਈ ਵਾਰੀ ਉਸਦੇ ਕਦਮ ਲੜਖੜਾਏ। ਪਰ ਸਮਿਤਾ, ਬੱਚਿਆਂ ਤੇ ਘਰ ਦਾ ਖ਼ਿਆਲ ਹੀ ਉਸਨੂੰ ਡੋਲਣ ਤੋਂ ਬਚਾਈ ਰੱਖਦਾ ਰਿਹਾ।
ਕਾਲਜ ਦੇ ਦਿਨਾਂ ਤੋਂ ਹੀ ਭਰਤ ਕੁੜੀਆਂ ਵਿਚ ਖਾਸਾ ਚਰਚਿਤ ਰਿਹਾ ਸੀ। ਹਰ ਕੁੜੀ ਉਸਦੇ ਗੋਰੇ ਰੰਗ ਤੇ ਨੀਲੀਆਂ ਅੱਖਾਂ ਦੀ ਦੀਵਾਨੀ ਸੀ। ਸੋਨੇ 'ਤੇ ਸੁਹਾਗਾ, ਉਸਦੀ ਪ੍ਰਭਾਵਸ਼ਾਲੀ ਤੇ ਮਿੱਠੀ ਆਵਾਜ਼। ਸਾਰੇ ਲੋਕ ਸੋਚਦੇ ਕਿ ਭਰਤ ਨੂੰ ਫ਼ਿਲਮੀ ਹੀਰੋ ਹੋਣਾ ਚਾਹੀਦਾ ਹੈ! ਪਰ ਭਰਤ ਨੂੰ ਐਕਟਿੰਗ ਵਿਚ ਕਦੀ ਕੋਈ ਰੁਚੀ ਨਹੀਂ ਰਹੀ।
ਵਿਦੇਸ਼ ਜਾਣ ਦਾ ਸ਼ੌਕ ਭਰਤ ਨੂੰ ਬਚਪਨ ਤੋਂ ਹੀ ਸੀ। ਦਾਦਾ ਜੀ ਸੱਤਰ ਦੇ ਹੋ ਚੁੱਕੇ ਸਨ ਜਦੋਂ ਚਾਚਾ ਜੀ ਨੂੰ ਮਿਲਣ ਅਮਰੀਕਾ ਗਏ ਸਨ। ਵਾਪਸ ਆ ਕੇ ਬੋਲੇ ਸਨ, 'ਭਰਤ ਬੇਟਾ ਮੈਂ ਤਾਂ ਇਕੋ ਗੱਲ ਕਹਿਣਾ...ਜੇ ਅਮਰੀਕਾ ਨਹੀਂ ਦੇਖਿਆ ਤਾਂ ਕੁਛ ਵੀ ਨਹੀਂ ਦੇਖਿਆ। ਉੱਥੋਂ ਦੀ ਜ਼ਿੰਦਗੀ ਨੂੰ ਸ਼ਬਦਾਂ ਵਿਚ ਨਹੀਂ ਬਿਆਨ ਕੀਤਾ ਜਾ ਸਕਦਾ। ਸਵਰਗ ਏ ਸਵਰਗ।'
ਭਰਤ ਨੂੰ ਵੀ ਵਿਦੇਸ਼ੀ ਚੀਜ਼ਾਂ ਨਾਲ ਘੱਟ ਲਗਾਅ ਨਹੀਂ ਸੀ। ਪਰ ਪਰਿਵਾਰ ਦੀ ਆਰਥਕ ਸਥਿਤੀ ਨੇ ਉਸ ਉੱਤੇ ਅੰਕੁਸ਼ ਲਾਇਆ ਹੋਇਆ ਸੀ। ਪਿਤਾ ਜੀ ਦੀ ਸੀਮਿਤ ਕਮਾਈ ਨਾਲ ਜਿਵੇਂ ਤਿਵੇਂ ਕਰਕੇ ਘਰ ਦੀ ਗੱਡੀ ਰਿੜ੍ਹ ਰਹੀ ਸੀ। ਭਰਤ ਦਿਨੇਂ ਵੀ ਸੁਪਨੇ ਦੇਖਦਾ ਹੁੰਦਾ ਸੀ। ਸੁਪਨਿਆਂ ਵਿਚ ਹੀ ਕਦੀ ਅਮਰੀਕਾ ਤੇ ਕਦੀ ਯੂਰਪ ਘੁੰਮ ਆਉਂਦਾ ਸੀ ਉਹ।
ਬੈਂਕ ਵਿਚ ਪ੍ਰੋਬੇਸ਼ਨਰੀ ਅਫ਼ਸਰ ਸੀ ਭਰਤ। ਪਰ ਕੰਮ ਵਿਚ ਮਨ ਨਹੀਂ ਸੀ ਲੱਗਦਾ। ਕਦੀ ਵੀ ਨੌਕਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਬੈਂਕ ਅਫ਼ਸਰ ਨੂੰ ਉਹ ਸਦਾ ਹੀ 'ਗਲੋਰੀਫਾਈਡ ਕਲਰਕ' ਆਖਦਾ ਹੁੰਦਾ ਸੀ। ਮਨ ਵਿਚ ਹਰ ਪਲ ਭਟਕਣ ਰਹਿੰਦੀ।
ਏਅਰ ਲਾਈਨ ਦੀ ਨੌਕਰੀ ਮਿਲੀ ਤਾਂ ਉਸਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਰਹੀ। ਸਮਿਤਾ ਨੇ ਉਦੋਂ ਵੀ ਕਿਹਾ ਸੀ, 'ਭਰਤ, ਏਸ ਨੌਕਰੀ ਵਿਚ ਗਲੈਮਰ ਜ਼ਰੂਰ ਐ, ਪਰ ਸਟੇਟਸ ਨਹੀਂ। ਤੁਸੀਂ ਓ ਸੋਚੋ, ਬੈਂਕ ਵਿਚ ਤੁਸੀਂ ਕਿੱਥੋਂ ਦੇ ਕਿੱਥੇ ਪਹੁੰਚ ਸਕਦੇ ਓ। ਏਨੀ ਛੋਟੀ ਉਮਰ ਵਿਚ ਡਾਇਰੈਕਟ ਅਫ਼ਸਰ ਲੱਗੇ ਓ। ਓਥੇ ਤਾਂ ਫਲਾਈਟ ਪਰਸਰ ਹੀ ਰਿਟਾਇਰਡ ਹੋਵੋ ਸ਼ਾਇਦ।'
ਓਇ ਬੇਵਕੂਫ਼ੇ, ਰਤਾ ਸੋਚ, ਸਾਡਾ ਸੰਸਾਰ ਕਿੰਨਾ ਵੱਡਾ ਹੋ ਜਾਏਗਾ। ਅੱਜ ਅਮਰੀਕਾ ਤੇ ਕਲ੍ਹ ਯੌਰਪ। ਜਾਪਾਨ ਤੇ ਰੂਸ ਸਾਡੀ ਮੁੱਠੀ ਵਿਚ ਬੰਦ। ਬੈਂਕ ਦੀ ਨੌਕਰੀ ਵਿਚ ਤਾਂ ਮੈਂ ਤੈਨੂੰ ਕਦੀ ਵੀ ਵਿਦੇਸ਼ ਦੀ ਸੈਰ ਨਹੀਂ ਕਰਵਾ ਸਕਾਂਗਾ—ਏਅਰ ਲਾਈਨ ਜਵਾਇਨ ਕਰਦਿਆਂ ਹੀ ਸ਼ਾਦੀ ਕਰ ਲਵਾਂਗੇ।...ਤੈਨੂੰ ਤਾਂ ਕੋਈ ਸ਼ੌਕ ਈ ਨਹੀਂ। ਹੁਣੇ ਦਾਦੀ ਅੰਮਾਂ ਬਣੀ ਬੈਠੀ ਐਂ।'
ਏਅਰ ਲਾਈਨ ਦਾ ਫਲਾਈਟ ਪਰਸਰ...ਸ਼ੁਰੂ ਸ਼ੁਰੂ ਵਿਚ ਅਸਿਸਟੈਂਟ ਫਲਾਈਟ ਪਰਸਰ ਹੀ ਸੀ। ਟਰੇਨਿੰਗ ਵਿਚ ਦੱਸਿਆ ਗਿਆ ਕਿ ਜਹਾਜ਼ ਦੇ ਟਾਇਲੇਟ ਵੀ ਸਾਫ ਕਰਨੇ ਪੈਣਗੇ। ਬ੍ਰਾਹਮਣਾ ਦਾ ਮੁੰਡਾ ਤੇ ਜਮਾਦਾਰਾਂ ਵਾਲਾ ਕੰਮ। ਸਾਰਾ ਗਲੈਮਰ ਟਾਇਲੇਟ ਦੀ ਸੀਟ ਵਿਚ ਰੁੜ੍ਹ ਗਿਆ। ਪਰ ਵਿਦੇਸ਼ ਜਾਣ ਦੀ ਖੁਸ਼ੀ ਵਿਚ ਸਭ ਕੁਝ ਵਿੱਸਰ ਗਿਆ ਸੀ।
ਭਰਤ ਨੂੰ ਸ਼ੁਰੂ ਤੋਂ ਹੀ ਕੁੜੀਆਂ ਵਿਚ ਕੁਝ ਵਧੇਰੇ ਦਿਲਚਸਪੀ ਸੀ। ਲਿੰਡਾ ਗੁਡਮੇਨ ਦੀ ਕਿਤਾਬ ਵਿਚ ਉਸਨੇ ਪੜ੍ਹਿਆ ਸੀ, 'ਤੁਲਾ ਰਾਸ਼ੀ ਦੇ ਲੋਕਾਂ ਨੂੰ ਸੱਠ ਸਾਲ ਦੀ ਉਮਰ ਵਿਚ ਵੀ ਵਿਪਰੀਤ ਸੈਕਸ ਪ੍ਰਤੀ ਖਿੱਚ ਬਣੀ ਰਹਿੰਦੀ ਹੈ।' ਉਹ ਤਾਂ ਅਜੇ ਪੱਚੀ ਦਾ ਹੀ ਸੀ। ਤੋ ਉਸਦੀ ਖਿੱਚ ਤਾਂ ਸੁਭਾਵਿਕ ਹੀ ਸੀ। ਜਹਾਜ਼ ਵਿਚ ਉਹ ਜ਼ਨਾਨਾ ਯਾਤਰੀਆਂ ਦਾ ਕੁਝ ਵਧੇਰੇ ਹੀ ਖ਼ਿਆਲ ਰੱਖਦਾ।
ਸਮਿਤਾ ਆਪਣੇ ਪਤੀ ਦੀ ਇਸ ਕਮਜ਼ੋਰੀ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਪਰ ਸੁਭਾਅ ਅਨੁਸਾਰ ਇਸ ਵਿਸ਼ੇ ਉੱਪਰ ਵੀ ਉਸਨੇ ਕਦੀ ਤਕਰਾਰ ਨਹੀਂ ਸੀ ਕੀਤਾ। ਉਹ ਜਾਣਦੀ ਸੀ, ਉਸਦਾ ਪਤੀ ਇਕ ਡਰਪੋਕ ਪ੍ਰਵਿਤਰੀ ਦਾ ਆਦਮੀ ਹੈ। ਹੋਰ ਕੁੜੀਆਂ ਵਿਚ ਦਿਲਚਸਪੀ ਤਾਂ ਲੈ ਸਕਦਾ ਹੈ ਪਰ ਆਪਣਾ ਘਰ ਤੋੜਨ ਦਾ ਹੌਸਲਾ ਨਹੀਂ ਉਸ ਵਿਚ। ਔਰਤਾਂ ਨੂੰ ਪ੍ਰਭਾਵਿਤ ਕਰਨ ਦੀ ਆਪਣੇ ਪਤੀ ਦੀ ਆਦਤ ਉੱਤੇ ਸਮਿਤਾ ਨੂੰ ਕਦੀ ਹਾਸਾ ਆਉਂਦਾ, ਕਦੀ ਗੁੱਸਾ...ਤੇ ਕਦੀ ਦਯਾ। ਪਰ ਆਪਣੇ ਪਤੀ ਦੀ ਇਸ ਕਮਜ਼ੋਰੀ ਦਾ ਕਾਰਨ ਉਹ ਕਦੀ ਸਮਝ ਨਹੀਂ ਸੀ ਸਕੀ।
ਸਮਝ ਤਾਂ ਕਦੀ ਭਰਤ ਵੀ ਨਹੀਂ ਸੀ ਸਕਿਆ ਕਿ ਰਮਾ ਨਾਲ ਉਸਦੀ ਮੁਲਾਕਾਤ, ਨੇੜਤਾ ਵਿਚ ਕਿੰਜ ਬਦਲ ਗਈ ਸੀ...ਮੁਲਾਕਾਤ ਨੇੜਤਾ ਵਿਚ ਬਦਲੀ ਹੀ ਕਿਉਂ? ਰਮਾ ਉਸਦੀ ਜ਼ਿੰਦਗੀ ਦੀ ਪਹਿਲੀ ਕੁੜੀ ਤਾਂ ਨਹੀਂ ਸੀ, ਫੇਰ ਕਾਰਨ ਕੀ ਹੈ? ਉਹ ਏਨਾ ਬੇਚੈਨ ਕਿਉਂ ਹੈ?
ਦਿਮਾਗ਼ ਜਦੋਂ ਬੇ-ਲਗ਼ਾਮ ਸੋਚਣ ਲੱਗਦਾ ਹੈ ਤਾਂ ਪਤਾ ਨਹੀਂ ਕਿੱਥੇ ਕਿੱਥੇ ਨੱਠਿਆ ਫਿਰਦਾ ਹੈ? ਓਵੇਂ ਹੀ ਇਸ ਸਮੇਂ ਭਰਤ ਦਾ ਦਿਮਾਗ਼ ਕਰ ਰਿਹਾ ਸੀ। ਕਈ ਸਵਾਲ ਉਸਦੇ ਦਿਮਾਗ਼ ਵਿਚ ਭੜਥੂ ਪਾ ਰਹੇ ਸਨ।
ਏਡੇ ਵੱਡੇ ਜਹਾਜ਼ ਵਿਚ ਉਹ ਰਮਾ ਵੱਲ ਹੀ ਕਿਉਂ ਖਿੱਚਿਆ ਗਿਆ?
ਕੀ ਇਸ ਲਈ ਕਿ ਰਮਾ ਬੜੀ ਸੁੰਦਰ ਹੈ ਜਾਂ ਇਸ ਲਈ ਕਿ ਰਮਾ ਨੇ ਉਸਨੂੰ ਲਿਫਟ ਦਿੱਤੀ ਸੀ?
ਕੀ ਕੋਈ ਹੋਰ ਕੁੜੀ ਉਸਨੂੰ ਲਿਫਟ ਦੇਂਦੀ ਤਾਂ ਉਹ ਉਸ ਵੱਲ ਇਵੇਂ ਖਿੱਚਿਆ ਜਾਂਦਾ?
ਜੇ ਇੰਦਰ ਇਸ ਫਲਾਈਟ ਵਿਚ ਰਮਾ ਨਾਲ ਹੁੰਦਾ ਤਾਂ ਕੀ ਫੇਰ ਵੀ ਉਸ ਨਾਲ ਗੱਲਬਾਤ ਹੋ ਸਕਦੀ ਸੀ?
ਕੀ ਜੋ ਹੋਇਆ, ਸਹੀ ਹੋਇਆ? ਸਹੀ ਕੀ ਹੈ, ਗਲਤ ਕੀ?
ਭਰਤ ਦੇ ਦਿਮਾਗ਼ ਦੀਆਂ ਨਸਾਂ ਪਾਟਣ ਵਾਲੀ ਹੋ ਗਈਆਂ ਸਨ। ਲੱਗਿਆ ਜਿਵੇਂ ਸਾਰੇ ਸਵਾਲ ਨਿਰਅਰਥ ਨੇ। ਫੇਰ ਇਕ ਸਵਾਲ ਉਠਿਆ ਜਿਸਨੇ ਭਰਤ ਦੇ ਪੂਰੇ ਵਿਅਕਤੀਤਵ ਨੂੰ ਹਿਲਾਅ ਕੇ ਰੱਖ ਦਿੱਤਾ, 'ਕੀ ਉਹ ਪਛਤਾਅ ਰਿਹਾ ਹੈ? ਕੀ ਉਹ ਖ਼ੁਦ ਨੂੰ ਦੋਸ਼ੀ ਮਹਿਸੂਸ ਕਰ ਰਿਹਾ ਹੈ?
ਰਮਾ ਨੇ ਫਲਾਈਟ ਦੌਰਾਨ ਹੀ ਉਸਨੂੰ ਆਪਣੇ ਘਰ ਦਾ ਨੰਬਰ ਦੱਸ ਦਿੱਤਾ ਸੀ। ਉਸਨੂੰ ਘਰੇ ਆਉਣ ਦਾ ਸੱਦਾ ਵੀ ਦਿੱਤਾ ਸੀ...“ਅਸੀਂ ਲੰਦਨ ਦੇ ਸਾਉਥਹਾਲ ਵਿਚ ਵੀ ਪੰਜਾਬ ਵਾਂਗਰ ਈ ਰਹਿੰਦੇ ਆਂ...ਆਓਗੇ ਤਾਂ ਮੱਕੀ ਦੀ ਰੋਟੀ ਦੇ ਨਾਲ ਸਰੋਂ ਦਾ ਸਾਗ ਵੀ ਖੁਆਵਾਂਗੀ।”
ਰਮਾ ਨੇ ਪੀਲੀ ਸਲਵਾਰ ਦੇ ਨਾਲ ਹਰੀ ਕਮੀਜ਼ ਪਾਈ ਹੋਈ ਸੀ। ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ! ਪੰਜਾਬ ਦਾ ਲੋਕ ਗੀਤ ਭਰਤ ਦੇ ਦਿਮਾਗ਼ ਵਿਚ ਗੂੰਜਣ ਲੱਗਾ।...ਸੋਚਦਿਆਂ ਸੋਚਦਿਆਂ ਬੁੱਲ੍ਹਾਂ ਉੱਤੇ ਇਕ ਫਿਕੀ ਜਿਹੀ ਮੁਸਕਾਨ ਆ ਗਈ। ਦਿਮਾਗ਼ ਫੇਰ ਬੇ-ਲਗ਼ਾਮ ਹੋ ਗਿਆ।
ਰਮਾ ਨੂੰ ਪ੍ਰਭਾਵਿਤ ਕਰਨ ਲਈ ਉਸਨੇ ਇੰਦਰ ਦੇ ਬਹਾਨੇ ਸੈਂਪੇਨ ਦੀ ਇਕ ਬੋਤਲ ਵੀ ਉਹਨੂੰ ਭੇਟ ਕਰ ਦਿੱਤੀ ਸੀ। ਰਮਾ ਨੂੰ ਵੀ ਸ਼ੈਂਪੇਨ ਚੰਗੀ ਲੱਗਦੀ ਸੀ। ਉਹ ਕੋਈ ਹੋਰ ਨਸ਼ਾ ਤਾਂ ਕਰਦੀ ਨਹੀਂ ਸੀ। ਫਲਾਈਟ ਵਿਚ ਉਸਨੇ ਕਿਹਾ ਸੀ...“ਤੁਹਾਡੇ ਮਿਲਣ ਦੀ ਖੁਸ਼ੀ ਵਿਚ ਇਕ ਗ਼ਲਾਸ ਲੈ ਰਹੀ ਆਂ।...ਆਮ ਤੌਰ 'ਤੇ ਕਿਸੇ ਖੁਸ਼ੀ ਦੇ ਮੌਕੇ ਹੀ ਇਕ ਅੱਧਾ ਗ਼ਲਾਸ ਲੈਂਦੀ ਆਂ।”
ਰਮਾ ਦੇ ਵਿਅਕਤੀਤਵ ਦਾ ਖੁੱਲ੍ਹਾਪਨ ਉਸਨੂੰ ਬੜਾ ਚੰਗਾ ਲੱਗਿਆ ਸੀ। ਪਰ ਉਸਦੀਆਂ ਅੱਖਾਂ ਦੀ ਭਾਸ਼ਾ ਨੂੰ ਭਰਤ ਸਮਝ ਨਹੀਂ ਸੀ ਸਕਿਆ। ਇਕ ਵਚਿੱਤਰ ਜਿਹੀ ਭਾਸ਼ਾ ਸੀ ਉਹ, ਤੇ ਉਦੋਂ, ਉਹ ਉਸਦੀ ਤੈਅ ਤਕ ਨਹੀਂ ਸੀ ਪਹੁੰਚ ਸਕਿਆ। ਕੀ ਰਮਾ ਉਸਨੂੰ ਸਿਰਫ ਖਾਣੇ 'ਤੇ ਹੀ ਬੁਲਾਅ ਰਹੀ ਹੈ ਜਾਂ...ਕੁਛ ਹੋਰ ਵੀ ਹੈ। ਹੋਟਲ ਦੇ ਕਮਰੇ ਦੀ ਇਕੱਲ ਵਿਚ ਉਹ ਰਮਾ ਬਾਰੇ ਹੀ ਸੋਚਦਾ ਰਿਹਾ ਸੀ।...ਆਖ਼ਰ ਰਮਾ ਚਾਹੁੰਦੀ ਕੀ ਹੈ?...ਤੇ ਉਹ ਖ਼ੁਦ ਕੀ ਚਾਹੁੰਦਾ ਹੈ?
ਪਹੁੰਚ ਗਿਆ ਸੀ ਰਮਾ ਦੇ ਘਰ। ਉਸਦੇ ਹੋਟਲ ਕੋਲੋਂ ਚੱਲਦੀ ਬਸ ਨੰਬਰ 105 ਰਮਾ ਦੇ ਘਰ ਦੇ ਨੇੜੇ ਹੀ ਉਤਾਰਦੀ ਹੈ। ਰਸਤੇ ਵਿਚ 'ਬੂਦਸ' 'ਚੋਂ ਉਸਨੇ ਰਮਾ ਲਈ ਇਕ ਸ਼ੀਸ਼ੀ 'ਨੀਨਾ ਰੀਕੀਕੀ' ਦੀ ਵੀ ਲੈ ਲਈ ਸੀ। ਰਮਾ ਨੇ ਕਿਹਾ ਵੀ ਸੀ ਕਿ ਇਹ ਪਰਫ਼ਿਊਮ ਉਸਨੂੰ ਬੜਾ ਚੰਗਾ ਲੱਗਦਾ ਹੈ।
ਇੰਦਰ ਘਰ ਹੀ ਸੀ। ਉਸਨੇ ਆਪਣੇ ਲਈ ਬੀਅਰ ਪਾ ਲਈ ਸੀ, ਇਕ ਗ਼ਲਾਸ ਵਿਚ। ਹੈਰਾਨੀ ਤਾਂ ਉਸਨੂੰ ਓਦੋਂ ਹੋਈ ਜਦੋਂ ਭਰਤ ਨੇ ਕਿਹਾ ਕਿ ਉਹ ਸ਼ਰਾਬ ਨਹੀਂ ਪੀਂਦਾ...“ਓਇ ਬਈ, ਜੇ ਤੁਸੀਂ ਏਅਰ ਲਾਈਨ ਵਾਲੇ ਈ ਪੀਣੀ ਛੱਡ ਦਿਓਗੇ ਤਾਂ ਫੇਰ ਕੀ ਬਣੂੰ ਦੁਨੀਆਂ ਦਾ?”
“ਭਾਈ ਸਾਹਬ ਛੱਡੀ ਤਾਂ ਫੇਰ ਆਖੋਂ ਨਾ, ਜੇ ਕਦੀ ਫੜ੍ਹੀ ਹੋਵੇ। ਮੈਂ ਕਦੀ ਚੱਖੀ ਓ ਨਹੀਂ।”
ਇਹ ਕਹਿ ਕੇ ਭਰਤ ਨੇ ਰਮਾ ਵੱਲ ਦੇਖਿਆ। ਰਮਾ ਨੇ ਇਕ ਵਾਰੀ ਫੇਰ ਵਚਿੱਤਰ ਜਿਹੀਆਂ ਨਜ਼ਰਾਂ ਨਾਲ ਭਰਤ ਵੱਲ ਤੱਕਿਆ। ਰਾਤੀਂ ਦੇਰ ਤੱਕ ਤਿੰਨੇ ਗੱਲਾਂ ਕਰਦੇ ਰਹੇ। ਘਰੇ ਹੋਰ ਕੋਈ ਹੈ ਨਹੀਂ ਸੀ।
ਭਾਵੇਂ ਇੰਦਰ ਤੇ ਰਮਾ ਦੇ ਵਿਆਹ ਨੂੰ ਛੇ ਵਰ੍ਹੇ ਹੋ ਚੁੱਕੇ ਸਨ। ਪਰ ਕੋਈ ਬਾਲ-ਬੱਚਾ ਨਹੀਂ ਸੀ ਹੋਇਆ। ਭਰਤ ਵੀ ਸਾਰਿਆਂ ਨਾਲ ਬੜੀ ਛੇਤੀ ਘੁਲਮਿਲ ਜਾਂਦਾ ਹੈ ਤੇ ਮੂੰਹ ਫੱਟ ਵੀ ਹੋ ਜਾਂਦਾ ਹੈ...“ਓ ਭਲਿਓ ਲੋਕੋ, ਅਹਿ ਫੈਮਿਲੀ ਪਲਾਨਿੰਗ ਹਿੰਦੁਸਤਾਨ ਵਿਚ ਤਾਂ ਸਮਝ 'ਚ ਆਉਂਦੀ ਏ ਪਰ ਤੁਸਾਂ ਦੋਵਾਂ ਨੇ, ਇੱਥੇ ਵਲਾਇਤ ਵਿਚ, ਕਿਉਂ ਬਰੇਕਾਂ ਲਾਈਆਂ ਹੋਈਆਂ ਨੇ! ਸਾਨੂੰ ਦੇਖੋ, ਸ਼ਾਦੀ ਨੂੰ ਪੰਜ ਸਾਲ ਈ ਹੋਏ ਨੇ, ਦੋ-ਦੋ ਬੇਟਿਆਂ ਦੇ ਬਾਪ-ਜੀ ਬਣੇ ਹੋਏ ਆਂ।”
ਵਾਤਾਵਰਣ ਭਰਤ ਦੀ ਆਸ ਤੋਂ ਉਲਟ ਯਕਦਮ ਬੋਝਿਲ ਹੋ ਗਿਆ ਸੀ। ਇੰਦਰ ਕੁਝ ਸਮੇਂ ਲਈ ਬੇਚੈਨ ਜਿਹਾ ਨਜ਼ਰ ਆਇਆ ਸੀ ਤੇ ਫੇਰ ਛੇਤੀ ਹੀ ਸਹਿਜ ਵੀ ਹੋ ਗਿਆ ਸੀ। ਰਮਾ ਨੇ ਭਰਤ ਵੱਲ ਦੇਖਿਆ ਸੀ। ਉਹ ਅੱਖਾਂ ਸਿੱਜਲ ਸਨ।
ਦੋਵੇਂ ਰਾਤ ਨੂੰ ਭਰਤ ਨੂੰ ਛੱਡਣ ਆਏ। ਇੰਦਰ ਦੀ ਫੋਰਟ ਗੱਡੀ ਬੜੀ ਸੁੰਦਰ ਸੀ। ਭਰਤ ਨੂੰ ਵੀ ਆਪਣੀ ਸਿਕਸਟੀ ਟੂ ਮਾਡਲ ਫੀਅਟ ਗੱਡੀ ਚੇਤੇ ਆ ਗਈ। ਸਵੇਰੇ ਧੱਕਾ ਲੁਆ ਕੇ ਸਟਾਰਟ ਹੁੰਦੀ ਹੈ...ਉਸਦੀ ਜ਼ਿੰਦਗੀ ਵਿਚ ਵੀ ਚੋਖੇ ਧੱਕੇ ਤੇ ਹਿਚਕੋਲੇ ਲਿਖੇ ਹੋਏ ਜਾਪਦੇ ਸਨ।
ਭਰਤ ਦੋਵਾਂ ਨੂੰ ਆਪਣੇ ਹੋਟਲ ਦੇ ਕਮਰੇ ਵਿਚ ਲੈ ਗਿਆ। ਬਹਾਨਾ ਕਾਫੀ ਪਿਆਉਣ ਦਾ ਸੀ, ਪਰ ਮਨ ਹੀ ਮਨ ਉਹ ਦਿਖਾਉਣਾ ਵੀ ਚਾਹੁੰਦਾ ਸੀ ਕਿ ਲੰਦਨ ਵਿਚ ਵੀ ਪੰਜ ਸਿਤਾਰਾ ਹੋਟਲ ਵਿਚ ਰਹਿੰਦਾ ਹੈ ਉਹ। ਤੁਰਨ ਵੇਲੇ ਰਮਾ ਨੇ ਸਮਿਤਾ ਲਈ ਇਕ ਸਾੜ੍ਹੀ ਤੇ ਬੱਚਿਆਂ ਲਈ ਕੁਝ ਖਿਡੌਣੇ ਭਰਤ ਨੂੰ ਦਿੱਤੇ। ਭਰਤ ਕਹਿੰਦਾ ਰਹਿ ਗਿਆ...“ਓ ਰਮਾ ਜੀ, ਤੁਸੀਂ ਤਾਂ ਹਿੰਦੁਸਤਾਨੀ ਕਸਟਮਜ਼ ਵਾਲਿਆਂ ਨੂੰ ਜਾਣਦੇ ਈ ਓ। ਉਹ ਲੋਕ ਸਾਨੂੰ ਯੂਨੀਫਾਰਮ ਵਿਚ ਕੁਝ ਵੀ ਨਹੀਂ ਲਿਜਾਣ ਦੇਂਦੇ।”
ਜਵਾਬ ਵਿਚ ਰਮਾ ਨੇ ਏਨਾ ਹੀ ਕਿਹਾ ਸੀ...“ਕੀ ਮੇਰੀ ਖਾਤਰ, ਤੁਸੀਂ ਏਨਾ ਵੀ ਨਹੀਂ ਕਰ ਸਕਦੇ?”
ਚੁੱਪਚਾਪ ਉਹ ਪੈਕੇਟ ਭਰਤ ਨੇ ਆਪਣੇ ਸੂਟਕੇਸ ਵਿਚ ਰੱਖ ਲਿਆ ਸੀ। ਖਾਸੀ ਦੇਰ ਤਕ ਰਮਾ ਦੀਆਂ ਅੱਖਾਂ ਭਰਤ ਨੂੰ ਯਾਦ ਆਉਂਦੀਆਂ ਰਹੀਆਂ। ਉਹਨਾਂ ਅੱਖਾਂ ਵਿਚ ਕੀ ਸੀ? ਭਰਤ ਕਿਸੇ ਸਿੱਟੇ 'ਤੇ ਨਹੀਂ ਸੀ ਪਹੁੰਚ ਸਕਿਆ। ਪਰ ਉਹਨਾਂ ਵਿਚ ਕੁਝ ਅਜਿਹਾ ਸੀ, ਜਿਸਨੇ ਭਰਤ ਨੂੰ ਬੇਚੈਨ ਕੀਤਾ ਹੋਇਆ ਸੀ।
ਸਮਿਤਾ ਨੇ ਉਹ ਤੋਹਫੇ ਅਤੀ ਸਹਿਜ ਤਰੀਕੇ ਨਾਲ ਲੈ ਲਏ ਸਨ। ਰਮਾ ਤੇ ਇੰਦਰ ਬਾਰੇ ਪੁੱਛਦੀ ਤੇ ਸੁਣਦੀ ਰਹੀ। ਫੇਰ ਬੋਲੀ...“ਅਗਲੀ ਵਾਰੀ ਜਾਓਗੇ ਤਾਂ ਉਹਨਾਂ ਲਈ ਵੀ ਕੁਛ ਲੈ ਜਾਣਾ, ਇੰਜ ਦੂਜਿਆਂ ਦਾ ਅਹਿਸਾਨ ਚੜ੍ਹਦਾ ਏ।”
ਕੀ ਇਹੀ ਅਹਿਸਾਨ ਦੀ ਭਾਵਨਾ ਸੀ ਜਿਸ ਕਰਕੇ ਭਰਤ ਇਸ ਚੱਕਰਵਿਊ ਵਿਚ ਫਸ ਗਿਆ ਸੀ?...ਜਾਂ...ਸੱਚਮੁੱਚ ਉਸਨੂੰ ਰਮਾ ਚੰਗੀ ਲੱਗੀ ਸੀ? ਕਈ ਵਾਰੀ ਉਸਨੂੰ ਲੱਗਿਆ ਜਿਵੇਂ ਇੰਦਰ ਦਾ ਹੋਣਾ ਉਸਨੂੰ ਰੜਕਣ ਲੱਗਿਆ ਸੀ। ਉਹ ਚਾਹੁਣ ਲੱਗਾ ਕਿ ਰਮਾ, ਉਸਨੂੰ ਇਕੱਲੀ ਆਣ ਕੇ ਹੋਟਲ ਵਿਚ ਮਿਲੇ। ਰਮਾ ਦੀਆਂ ਅੱਖਾਂ ਦੇਖ ਕੇ ਭਰਤ ਨੂੰ ਲੱਗਦਾ, ਸ਼ਾਇਦ ਉਹ ਵੀ ਇਹੋ ਚਾਹੁੰਦੀ ਹੈ। ਉਹ ਰਮਾ ਦੇ ਮਨ ਦੀ ਥਾਹ ਨਹੀਂ ਸੀ ਪਾ ਸਕਿਆ।
ਜਾਣ-ਪਛਾਣ ਕਿੰਜ ਦੋਸਤੀ ਦੇ ਪੀਢੇ ਰਿਸ਼ਤੇ ਵਿਚ ਬਦਲ ਜਾਂਦੀ ਹੈ, ਇਸ ਦਾ ਸਾਕਸ਼ੀ ਸਿਰਫ ਸਮਾਂ ਹੁੰਦਾ ਹੈ। ਸਮੇਂ ਲਈ ਕਿਸੇ ਹੱਦਬੰਦੀ ਦਾ ਕੋਈ ਅਰਥ ਨਹੀਂ ਹੁੰਦਾ। ਉਸਨੂੰ ਕਦੀ ਵੀ, ਕਿਸੇ ਵੀ, ਪਾਸਪੋਰਟ ਜਾਂ ਵੀਜ਼ੇ ਦੀ ਲੋੜ ਨਹੀਂ ਪੈਂਦੀ। ਇਕ ਉਹੀ ਹੈ ਜਿਹੜਾ ਲੰਦਨ ਤੋਂ ਬੰਬਈ ਤੱਕ ਦੀ ਦੂਰੀ ਅੱਖ ਦੇ ਫੋਰੇ ਵਿਚ ਮੁਕਾਅ ਲੈਂਦਾ ਹੈ।
ਇਸ ਲਈ ਜਦੋਂ ਰਮਾ ਭਾਰਤ ਆਈ ਤਾਂ ਸਮਾਂ ਉਸ ਤੋਂ ਪਹਿਲਾਂ ਹੀ ਦਰਸ਼ਕ ਬਣ ਕੇ ਇੱਥੇ ਪਹੁੰਚ ਚੁੱਕਿਆ ਸੀ। ਰਮਾ ਆਈ ਸੀ, ਆਪਣੇ ਭਰਾ ਦੀ ਸ਼ਾਦੀ ਵਿਚ ਸ਼ਾਮਲ ਹੋਣ। ਸਮਿਤਾ ਲਈ ਤਾਂ ਤੋਹਫਿਆਂ ਦਾ ਢੇਰ ਹੀ ਲਾ ਦਿੱਤਾ ਸੀ ਉਸਨੇ। ਕੱਪੜੇ, ਮੇਕਅੱਪ ਦਾ ਸਾਮਾਨ, ਬੱਚਿਆਂ ਦੇ ਕੱਪੜੇ, ਇਕ ਮਾਈਕਰੋਵੇਵ ਓਵਨ। ਤੇ ਸਮਿਤਾ ਬੌਂਦਲ ਹੀ ਗਈ ਸੀ। ਉਸਨੇ ਭਰਤ ਨੂੰ ਕਿਹਾ ਵੀ...“ਐਨਾ ਸਾਮਾਨ, ਕਿੰਜ ਰੱਖ ਲਵਾਂ ਮੈਂ। ਅਸੀਂ ਤਾਂ ਐਨਾ ਕੁਝ ਕਰ ਵੀ ਨਹੀਂ ਸਕਦੇ।”
ਰਮਾ ਨੇ ਸੁਣ ਲਈ ਸੀ ਸਮਿਤਾ ਦੀ ਗੱਲ...“ਸਮਿਤਾ ਮੈਨੂੰ ਪਰਾਇਆ ਨਾ ਸਮਝ। ਤੁਹਾਡਾ ਲੋਕਾਂ ਦਾ ਸਾਥ ਮੈਨੂੰ ਬੜਾ ਚੰਗਾ ਲੱਗਦਾ ਏ। ਫੇਰ ਮੈਂ ਕਿਹੜਾ ਤੇਰੇ ਉੱਤੇ ਕੋਈ ਅਹਿਸਾਨ ਕਰ ਰਹੀ ਆਂ। ਤੇਰੀ ਦੋਸਤੀ ਤੇ ਪਿਆਰ ਜੋ ਮੈਨੂੰ ਤੁਹਾਥੋਂ ਮਿਲਿਆ ਏ, ਉਹ ਇਹਨਾਂ ਚੀਜ਼ਾਂ ਨਾਲੋਂ ਕਈ ਗੁਣਾ ਵੱਧ ਏ।”
ਰਮਾ ਦੇ ਅਹਿਸਾਨ ਵਧਦੇ ਰਹੇ ਤੇ ਭਰਤ ਉੱਤੇ ਇਕ ਬੋਝ ਵੀ।
ਉਸ ਵਾਰੀ ਭਰਤ ਨੇ ਰਮਾ ਨੂੰ ਲੰਦਨ ਪਹੁੰਚ ਕੇ ਫ਼ੋਨ ਕੀਤਾ ਤਾਂ ਉਸਨੇ ਉਸਨੂੰ ਘਰ ਆਉਣ ਦਾ ਸੱਦਾ ਨਹੀਂ ਦਿੱਤਾ, ਬਲਕਿ ਕਿਹਾ ਕਿ ਉਹ ਖ਼ੁਦ ਹੀ ਉਸਨੂੰ ਹੋਟਲ 'ਚ ਮਿਲਣ ਆ ਰਹੀ ਹੈ। ਭਰਤ ਮਨ ਹੀ ਮਨ ਖੁਸ਼ ਵੀ ਸੀ ਤੇ ਥੋੜ੍ਹਾ ਹੈਰਾਨ ਵੀ।
ਫੇਰ ਉਸਨੇ ਮੋਢੇ ਛੰਡੇ। ਸ਼ੀਸ਼ੇ ਵਿਚ ਆਪਣੇ ਆਪ ਨੂੰ ਦੇਖਿਆ ਤੇ ਮੁਸਕੁਰਾ ਪਿਆ। ਟੁੱਥ-ਪੇਸਟ ਨਾਲ ਦੰਦ ਸਾਫ ਕੀਤੇ ਤੇ ਸਰੀਰ ਉੱਤੇ ਕੋਲੋਨ ਦਾ ਛਿੜਕਾਅ ਕੀਤਾ। ਵਾਰੀ ਵਾਰੀ ਉਸਨੂੰ ਰਮਾ ਦੀਆਂ ਅੱਖਾਂ ਯਾਦ ਆ ਰਹੀਆਂ ਸਨ।...ਕੀ ਉਸਨੇ ਰਮਾ ਦੀਆਂ ਅੱਖਾਂ ਦੀ ਭਾਸ਼ਾ ਠੀਕ-ਠਾਕ ਪੜ੍ਹ ਲਈ ਸੀ...ਕੀ ਰਮਾ ਵੀ ਉਹੀ ਚਾਹੁੰਦੀ ਸੀ ਜੋ ਉਹ ਚਾਹੁੰਦਾ ਸੀ...ਕੀ ਅੱਜ ਦੀ ਸ਼ਾਮ ਰੰਗੀਨੀਆਂ ਦੇ ਸ਼ਿਖਰ ਤੀਕ ਪਹੁੰਚ ਜਾਏਗੀ?...ਤੇ ਸ਼ੈਂਪੇਨ ਦੀ ਬੋਤਲ ਫਰਿਜ਼ ਵਿਚ ਠੰਡੀ ਹੋਣ ਲਈ ਰੱਖ ਦਿੱਤੀ।
ਉਡੀਕ ਦੀਆਂ ਘੜੀਆਂ ਬੜੀਆਂ ਔਖੀਆਂ ਹੁੰਦੀਆਂ ਨੇ। ਤੇ ਫੇਰ ਅਜਿਹੇ ਵਾਤਾਵਰਣ ਵਿਚ, ਪਲ-ਪਲ ਕੱਟਣਾ ਔਖਾ ਹੋ ਜਾਂਦਾ ਹੈ। ਭਰਤ ਨੇ ਇਕ ਰਸਾਲਾ ਚੁੱਕ ਲਿਆ...ਸਫੇ ਉਲਟੇ-ਪਲਟੇ। ਪਰ ਚਿੱਤ ਇਕਾਗਰ ਨਾ ਹੋ ਸਕਿਆ। ਫੇਰ ਸਫੇ ਉਲਟੇ-ਪਲਟੇ। ਕੰਘੀ ਨਾਲ ਆਪਣੇ ਵਾਲ ਠੀਕ ਕਰਕੇ ਵਾਹੇ।...ਬਿਸਤਰੇ ਨੂੰ ਇਕ ਵਾਰ ਫੇਰ ਠੀਕ ਕਰਕੇ ਵਿਛਾਇਆ। ਸੋਚ ਰਿਹਾ ਸੀ ਰਮਾ ਕਿੱਥੇ ਬੈਠੇਗੀ?...ਉਸ ਨਾਲ ਗੱਲ ਕਿੰਜ ਸ਼ੁਰੂ ਕਰੇਗਾ? ਝੁੰਜਲਾਹਟ ਹੋਈ...ਐਵੇਂ ਹੀ ਏਨਾ ਪ੍ਰੇਸ਼ਾਨ ਹੋ ਰਿਹਾਂ, ਕੀ ਅੱਜ ਪਹਿਲੀ ਵਾਰੀ ਉਸ ਨੂੰ ਮਿਲ ਰਿਹਾਂ!...ਪਰ ਨਹੀਂ, ਅੱਜ ਏਨੇ ਵਰ੍ਹਿਆਂ ਵਿਚ ਪਹਿਲੀ ਵਾਰੀ ਦੋਵੇਂ ਇਕੱਲ ਵਿਚ ਮਿਲ ਰਹੇ ਸਨ।...ਲੱਗਿਆ, ਜਿਵੇਂ ਗਲ਼ਾ ਸੁੱਕ ਰਿਹਾ ਹੈ। ਉਠ ਕੇ ਪਾਣੀ ਪੀਤਾ।...ਟੀ.ਵੀ. ਚਲਾ ਦਿੱਤਾ। ਕੋਈ ਫ਼ਿਲਮ ਚੱਲ ਰਹੀ ਸੀ, ਗਾਣਾ ਆ ਰਿਹਾ ਸੀ, 'ਆਈ ਜਸਟ ਕਾਲਡ ਟੂ ਸੇ, ਆਈ ਲਵ ਯੂ' ਪਤਨੀ ਦੀ ਯਾਦ ਆ ਗਈ। ਉੱਥੋਂ, ਕਮਰੇ 'ਚੋਂ, ਹੀ ਫ਼ੋਨ ਚੁੱਕਿਆ। ਘਰ ਦਾ ਨੰਬਰ ਮਿਲਾਉਣ ਲੱਗ ਪਿਆ। ਫੇਰ ਸੋਚਿਆ ਪੰਦਰਾਂ ਪਾਊਂਡ ਦਾ ਬਿੱਲ ਤਾਂ ਫ਼ੋਨ ਦਾ ਹੀ ਹੋ ਜਾਏਗਾ...ਏਨੇ ਪੈਸਿਆਂ ਵਿਚ ਤਾਂ ਸਮਿਤਾ ਲਈ ਇਕ ਚੰਗਾ ਤੋਹਫ਼ਾ ਖ਼ਰੀਦਿਆ ਜਾ ਸਕਦਾ ਹੈ। ਰਸੀਵਰ ਕੈਰੀਅਰ 'ਤੇ ਰੱਖ ਦਿੱਤਾ। ਯਕਦਮ ਵਿਚਾਰਾਂ ਦੀ ਕੜੀ ਟੁੱਟੀ...ਕਿਤੇ ਇੰਦਰ ਨਾਲ ਨਾ ਹੋਵੇ। ਪਰ ਰਮਾ ਨੇ ਤਾਂ ਅਜਿਹਾ ਕੁਝ ਨਹੀਂ ਸੀ ਕਿਹਾ...ਨਹੀਂ, ਇਕੱਲੀ ਹੀ ਆ ਰਹੀ ਹੋਏਗੀ। ਸਰੀਰ ਦਾ ਤਣਾਅ ਵਧਦਾ ਹੀ ਜਾ ਰਿਹਾ ਸੀ।
ਬੂਹਾ ਖੜਕਿਆ। ਕੰਬਦੇ ਹੱਥਾਂ ਨਾਲ ਭਰਤ ਨੇ ਦਰਵਾਜ਼ਾ ਖੋਹਲਿਆ। ਸਾਹਮਣੇ ਰਮਾ ਖੜ੍ਹੀ ਸੀ—ਇਕੱਲੀ। ਕਿਸੇ ਲਾੜੀ ਵਾਂਗ ਸਜੀ ਹੋਈ। ਲੱਗਦਾ ਸੀ, ਜਿਵੇਂ ਅੱਜ ਉਹ ਭਰਤ ਦਾ ਇਮਾਨ ਡੁਲਾਉਣ ਦੀ ਪੂਰੀ ਤਿਆਰੀ ਕਰਕੇ ਆਈ ਸੀ। ਭਰਤ ਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਉਸਦੇ ਸਾਹਮਣੇ ਉਹੀ ਰਮਾ ਖੜ੍ਹੀ ਹੈ, ਜਿਸਨੂੰ ਉਹ ਪਹਿਲਾਂ ਵੀ ਕਈ ਵਾਰੀ ਮਿਲ ਚੁੱਕਿਆ ਹੈ। ਬੌਂਦਲ ਜਿਹਾ ਗਿਆ ਤੇ ਇਕਟੱਕ ਰਮਾ ਵੱਲ ਦੇਖਦਾ ਰਿਹਾ।
ਰਮਾ ਮੁਸਕੁਰਾਈ, “ਅੰਦਰ ਨਹੀਓਂ ਬੁਲਾਉਣਾ?”
ਭਰਤ ਜਿਵੇਂ ਨੀਂਦ 'ਚੋਂ ਜਾਗਿਆ। ਰਮਾ ਨੂੰ ਅੰਦਰ ਬਿਠਾਇਆ ਤੇ ਆਪਣੇ ਆਪ ਉੱਤੇ ਕਾਬੂ ਕਰਨ ਲੱਗਾ। ਆਤਮ-ਵਿਸ਼ਵਾਸ ਪੂਰੀ ਤਰ੍ਹਾਂ ਡਗਮਗਾ ਗਿਆ ਸੀ। ਥੋੜ੍ਹੀ ਦੇਰ ਦੋਵੇਂ ਚੁੱਪ ਬੈਠੇ ਰਹੇ।
ਅਖ਼ੀਰ ਰਮਾ ਨੇ ਹੀ ਚੁੱਪ ਤੋੜੀ, “ਹੈਰਾਨੀ ਤਾਂ ਹੋਈ ਹੋਏਗੀ ਕਿ ਅਚਾਨਕ ਤੁਹਾਡੇ ਹੋਟਲ ਵਿਚ ਇਕੱਲੀ ਕਿਉਂ ਆਈ ਆਂ?”
ਭਰਤ ਨੇ ਸਿਰਫ ਸਿਰ ਹਿਲਾ ਦਿੱਤਾ।
“ਏਨੇ ਚੁੱਪ-ਚੁੱਪ ਕਿਉਂ ਬੈਠੇ ਓ, ਕੋਈ ਗੱਲ ਕਰੋ ਨਾ।”
“... ... ...”
“ਤੁਸੀਂ ਤਾਂ ਚੁੱਪ ਰਹਿਣ ਵਾਲਿਆਂ ਵਿਚ ਨਹੀਂ।” ਭਰਤ ਅਜੇ ਵੀ ਚੁੱਪ ਸੀ। ਫੇਰ ਯਕਦਮ ਬੋਲਿਆ, “ਇੰਦਰ ਨਹੀਂ ਆਏ? ਕਿਤੇ ਬਾਹਰ ਗਏ ਹੋਏ ਨੇ ਕਿ?”
“ਹਾਂ, ਆਸਟਰੀਆ ਗਏ ਹੋਏ ਨੇ...ਤੂ...ਤੁਸੀਂ ਤਾਂ ਏਥੇ ਤਿੰਨ ਦਿਨ ਰੁਕੋਗੇ ਨਾ?”
“ਤੂੰ ਈ ਠੀਕ ਐ, ਤੁਸੀਂ ਦੀ ਲੋੜ ਨਹੀਂ।”
“ਮੇਰੇ ਸਵਾਲ ਦਾ...”
“ਹਾਂ, ਤਿੰਨ ਦਿਨ ਰੁਕਾਂਗਾ।”
ਰਮਾ ਇਕ ਵਾਰੀ ਫੇਰ ਸੋਚਾਂ ਵਿਚ ਪੈ ਗਈ, ਜਿਵੇਂ ਸਮਝ ਨਾ ਆ ਰਿਹਾ ਹੋਵੇ ਕਿ ਗੱਲ ਕਿੱਥੋਂ ਸ਼ੁਰੂ ਕਰੇ।
ਹੁਣ ਤਕ ਭਰਤ ਦਾ ਆਤਮ-ਵਿਸ਼ਵਾਸ ਪਰਤ ਆਇਆ ਸੀ। ਉਹ ਰਮਾ ਦੇ ਕਾਫੀ ਨੇੜੇ ਹੋ ਕੇ ਬੈਠ ਗਿਆ। ਰਮਾ ਦਾ ਮੂੰਹ ਉੱਪਰ ਚੁੱਕਿਆ ਤੇ ਉਸਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਣ ਲੱਗਾ। ਰਮਾ ਨੇ ਵੀ ਮਨ੍ਹਾਂ ਨਹੀਂ ਕੀਤਾ। ਦੋਵਾਂ ਦੀਆਂ ਅੱਖਾਂ ਵਿਚ ਲਾਲ ਡੋਰੇ ਤੈਰਨ ਲੱਗੇ। ਭਰਤ ਨੇ ਆਪਣੇ ਬੁੱਲ੍ਹ ਰਮਾ ਦੇ ਬੁੱਲ੍ਹਾਂ ਵੱਲ ਵਧਾ ਦਿੱਤੇ; ਰਮਾ ਤ੍ਰਬਕ ਕੇ ਪਿੱਛੇ ਹਟ ਗਈ।
“ਭਰਤ ਮੈਂ ਏਸੇ ਵਿਸ਼ੇ 'ਤੇ ਤੇਰੇ ਨਾਲ ਗੱਲ ਕਰਨੀ ਚਾਹੁੰਦੀ ਆਂ। ਮੈਂ ਹਮੇਸ਼ਾ ਹੀ ਤੇਰੀਆਂ ਅੱਖਾਂ ਵਿਚ, ਆਪਣੇ ਲਈ, ਇਕ ਵਿਸ਼ੇਸ਼ ਭਾਵਨਾ ਮਹਿਸੂਸ ਕੀਤੀ ਏ। ਇਹ ਵੀ ਜਾਣਦੀ ਆਂ, ਇਸ ਸਮੇਂ ਤੈਨੂੰ ਰਮਾ ਦੀ ਨਹੀਂ ਉਸਦੇ ਸਰੀਰ ਦੀ ਵਧੇਰੇ ਤਾਂਘ ਏ।...ਇਹ ਵੀ ਜਾਣੀ ਆਂ, ਕਿ ਇਹ ਸਮਿਤਾ ਪ੍ਰਤੀ ਅੰਨਿਆਂ ਹੋਏਗਾ।...ਪਰ ਮੈਂ ਆਪਣੇ ਤੇ ਤੇਰੇ ਸੰਬੰਧਾਂ ਨੂੰ ਕਿਸੇ ਫਾਈਵ ਸਟਾਰ ਹੋਟਲ ਦੀ ਇਕ ਰੰਗੀਨ ਰਾਤ ਬਣਾ ਕੇ ਬਦਨਾਮ ਨਹੀਂ ਹੋਣ ਦਿਆਂਗੀ।...ਤੂੰ ਮੈਨੂੰ ਬੜਾ ਚੰਗਾ ਲੱਗਦਾ ਏਂ।...ਪਰ ਮੈਂ ਜਾਣਦੀ ਆਂ, ਕਿ ਮੇਰਾ ਨਹੀਂ ਹੋ ਸਕਦਾ। ਮੈਂ ਤੇਰੇ ਉੱਤੇ ਹੱਕ ਵੀ ਨਹੀਂ ਜਤਾਅ ਸਕਦੀ।...ਤੂੰ ਸਮਿਤਾ ਦਾ ਏਂ ਤੇ ਆਪਣੇ ਬੱਚਿਆਂ ਦਾ ਏਂ।... ਆਪਣੇ ਕਾਰਨ, ਆਪਣੇ ਮਤਲਬ ਕਾਰਨ, ਮੈਂ ਤੁਹਾਡੇ ਪਰਿਵਾਰ ਨੂੰ ਨਹੀਂ ਟੁੱਟਣ ਦਿਆਂਗੀ...ਪਰ ਨਾਲ ਹੀ ਇਹ ਵੀ ਸੱਚ ਹੈ ਕਿ ਇੰਦਰ ਨਾਲ ਰਹਿੰਦੀ ਹੋਈ ਵੀ ਮੈਂ ਬੜੀ ਇਕੱਲੀ ਆਂ...ਪਰ...ਪਰ...” ਤੇ ਰਮਾ ਦਾ ਰੋਣ ਨਿਕਲ ਗਿਆ।
ਭਰਤ ਨੇ ਅੱਗੇ ਹੋ ਕੇ ਰਮਾ ਨੂੰ ਛਾਤੀ ਨਾਲ ਲਾ ਲਿਆ। ਉਹ ਅਜੇ ਵੀ ਰਮਾ ਦੇ ਸਰੀਰ ਦੀ ਗਰਮੀ ਵਿਚ ਰੁੱਝਿਆ ਜਾਪਦਾ ਸੀ। ਰਮਾ ਦੀ ਪ੍ਰੇਸ਼ਾਨੀ ਨਾਲ ਅਜੇ ਤਕ ਰਚ-ਮਿਚ ਨਹੀਂ ਸੀ ਸਕਿਆ। “ਰੋ ਨਾ ਰਮਾ, ਮੈਨੂੰ ਦੱਸ ਕੀ ਦਿੱਕਤ ਏ ਤੈਨੂੰ। ਇੰਦਰ ਪ੍ਰਤੀ ਕੀ ਸ਼ਿਕਾਇਤ ਐ...ਤੇਰੇ ਜੀਵਨ ਵਿਚ ਕਿਸ ਗੱਲ ਦੀ ਕਮੀ ਏਂ?”
“ਕਮੀ ਹੈ ਭਰਤ, ਇਕ ਬੜੀ ਵੱਡੀ ਕਮੀ ਏਂ।...ਇਕ ਅਜੀਬ ਜਿਹਾ ਖਾਲੀਪਨ। ਇੰਦਰ ਮੈਨੂੰ ਜ਼ਿੰਦਗੀ ਦੇ ਸਾਰੇ ਸੁਖ ਦੇ ਸਕਦੇ ਨੇ, ਪਰ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਸੁਖ ਨਹੀਂ ਦੇ ਸਕਦੇ...ਉਹ ਮੈਨੂੰ ਸੰਤਾਨ ਦਾ ਸੁਖ ਨਹੀਂ ਦੇ ਸਕਦੇ...ਉਹ ਮੈਨੂੰ ਮਾਂ ਨਹੀਂ ਬਣਾ ਸਕਦੇ...”
ਪਹਿਲੀ ਵਾਰੀ ਭਰਤ ਨੂੰ ਰਮਾ ਨਾਲ ਹਮਦਰਦੀ ਹੋਈ। ਫੇਰ ਵੀ ਉਸਨੇ ਪੁੱਛ ਹੀ ਲਿਆ, “ਕਿਸੇ ਚੰਗੇ ਡਾਕਟਰ ਨੂੰ ਦਿਖਾਇਆ।” ਉਸਨੂੰ ਆਪਣੀ ਆਵਾਜ਼ ਦਾ ਖੋਖਲਾਪਨ ਮਹਿਸੂਸ ਹੋ ਰਿਹਾ ਸੀ।
“ਕਿੱਥੇ ਕਿੱਥੇ ਨਹੀਂ ਦਿਖਾਇਆ...ਏਥੇ ਲੰਦਨ ਵਿਚ, ਜਰਮਨੀ ਵਿਚ, ਇੰਡੀਆ ਵਿਚ। ਪਰ ਕੁਛ ਨਹੀਂ, ਕੁਛ ਨਹੀਂ ਹੋ ਸਕਿਆ। ਭਰਤ ਮੇਰੀ ਇਕ ਗੱਲ ਮੰਨੇਗਾ?”
ਭਰਤ ਥੋੜ੍ਹਾ ਸੰਭਲ ਗਿਆ।
“ਦੱਸ, ਮੰਨੇਗਾ...”
“ਓ ਬਈ, ਦੱਸ ਵੀ, ਪਤਾ ਤਾਂ ਲੱਗੇ ਕੀ ਮੰਨਣਾ ਏਂ।”
“ਮੈਂ ਤੈਥੋਂ ਅੱਜ ਤਾਈਂ ਕਦੀ ਕੁਛ ਨਹੀਂ ਮੰਗਿਆ, ਨਹੀਂ ਮੰਗਿਆ ਨਾ?...ਭਰਤ ਮੈਨੂੰ ਇਕ ਚੀਜ਼ ਦੇ ਦੇ...ਬਸ ਇਕੋ ਚੀਜ਼...ਇਕ ਬੱਚਾ...ਆਪਣੀ ਨਿਸ਼ਾਨੀ। ਮੈਂ ਉਸਨੂੰ ਆਪਣੀ ਜਾਨ ਤੋਂ ਵੀ ਵਧ ਪਿਆਰ ਨਾਲ ਪਾਲਾਂਗੀ।”
ਭਰਤ ਸਿਲ-ਪੱਥਰ ਹੋ ਗਿਆ। ਉਸਨੂੰ ਕੋਈ ਜਵਾਬ ਨਾ ਸੁੱਝਿਆ। ਸਮਿਤਾ, ਮਿੰਕੂ, ਚਿੰਕੂ ਦੇ ਚਿਹਰੇ ਉਸਦੇ ਦਿਮਾਗ਼ ਵਿਚ ਰਲਗਡ ਹੋ ਰਹੇ ਸਨ।
ਰਮਾ ਨੇ ਫੇਰ ਭਰਤ ਦੀਆਂ ਅੱਖਾਂ ਵਿਚ ਅੱਖਾਂ ਪਾ ਦਿੱਤੀਆਂ। ਅੱਜ ਭਰਤ ਨੂੰ ਉਹਨਾਂ ਅੱਖਾਂ ਦੀ ਵਚਿੱਤਰ ਭਾਸ਼ਾ ਦਾ ਅਰਥ ਸਮਝ ਆਇਆ ਸੀ। ਆਪਣੇ ਆਪ ਉੱਤੇ ਖਿਝ ਚੜ੍ਹਨ ਲੱਗ ਪਈ। ਖ਼ੁਦ ਨੂੰ ਮਹਾਂ-ਮੂਰਖ ਮਹਿਸੂਸ ਕਰ ਰਿਹਾ ਸੀ ਉਹ।
ਰਮਾ ਫੇਰ ਬੋਲਣ ਲੱਗ ਪਈ, “ਪਰ ਇਕ ਗੱਲ ਯਾਦ ਰੱਖੀਂ ਭਰਤ, ਇਸ ਪਿੱਛੋਂ ਮੈਨੂੰ ਆਪਣੀ ਰਖੈਲ ਨਾ ਸਮਝ ਲਵੀਂ; ਨਾ ਹੀ ਮੈਨੂੰ ਦੁਬਾਰਾ ਹੋਟਲ ਦੇ ਕਮਰੇ ਵਿਚ ਇਕੱਲੀ ਆਉਣ ਲਈ ਆਖੀਂ। ਤੂੰ ਚਾਹ ਕੇ ਵੀ ਮੈਨੂੰ ਨਹੀਂ ਪਾ ਸਕੇਂਗਾ। ਸਾਡੇ ਸਰੀਰ ਮਿਲਣਗੇ ਤਾਂ ਸਿਰਫ ਇਸ ਲਈ ਕਿ ਮੈਨੂੰ ਤੇਰਾ ਬੱਚਾ ਚਾਹੀਦਾ ਏ...ਇਸ ਪਿੱਛੋਂ ਆਪਣੇ ਸੰਬੰਧਾਂ ਦੀ ਮਰਿਆਦਾ ਬਣਾਈ ਰੱਖਾਂਗੇ ਅਸੀਂ।...ਤੇ ਹਾਂ, ਇਹ ਸਭ ਏਥੇ ਹੋਟਲ ਵਿਚ ਨਹੀਂ ਹੋਏਗਾ...ਇਹ ਹੋਏਗਾ ਮੇਰੇ ਘਰ। ਮੈਂ ਇਸਨੂੰ ਇਕ ਪਾਪ ਵਾਂਗ ਨਹੀਂ ਕਰਨਾ ਚਾਹੁੰਦੀ। ਮੈਂ ਆਪਣੇ ਬੱਚੇ ਦੇ ਸਾਹਵੇਂ ਅਪਰਾਧੀ ਨਹੀਂ ਬਣਨਾ ਚਾਹੁੰਦੀ...ਤੇ ਮੇਰੇ ਘਰੇ ਵੀ ਇੰਦਰ ਦੇ ਬਿਸਤਰੇ ਵਿਚ ਨਹੀਂ...ਇਕ ਵੱਖਰੇ ਕਮਰੇ ਵਿਚ, ਇਕ ਨਵੇਕਲੀ ਸਜਾਵਟ ਦੇ ਨਾਲ...ਇਹ ਵਿਸ਼ੇਸ਼ ਕਾਰਜ...ਬੋਲ ਤੈਨੂੰ ਮੰਜ਼ੂਰ ਏ?”
ਰਮਾ ਨੇ ਭਰਤ ਦਾ ਹੱਥ ਫੜਿਆ ਤੇ ਆਪਣੀ ਕਾਰ ਵੱਲ ਲੈ ਤੁਰੀ। ਭਰਤ ਅਜੇ ਤੀਕ ਸਮਝ ਨਹੀਂ ਸੀ ਸਕਿਆ ਕਿ ਉਹ ਕੀ ਕਰਨ ਜਾ ਰਿਹਾ ਹੈ। ਸਹੀ, ਗ਼ਲਤ ਦੇ ਭੰਵਰ ਵਿਚ ਫਸਿਆ ਹੋਇਆ ਸੀ ਉਹ। ਭੰਵਰ ਡੂੰਘਾ ਹੁੰਦਾ ਜਾ ਰਿਹਾ ਸੀ। ਉਹ ਭੰਵਰ ਵਿਚ ਡੁੱਬਦਾ ਜਾ ਰਿਹਾ ਸੀ। ਉਸ ਵਿਚੋਂ ਬਾਹਰ ਨਿਕਲ ਸਕਣਾ ਸੰਭਵ ਨਹੀਂ ਸੀ ਹੁਣ।
ਸਮਿਤਾ ਨੇ ਭਰਤ ਦੇ ਮੋਢੇ 'ਤੇ ਹੱਥ ਰੱਖਿਆ ਤਾਂ ਉਹ ਸੋਚਾਂ ਵਿਚੋਂ ਬਾਹਰ ਨਿਕਲ ਆਇਆ। ਮਿੰਕੂ ਤੇ ਚਿੰਕੂ ਸੌਂ ਚੁੱਕੇ ਸਨ। ਸਮਿਤਾ ਨਾਇਟੀ ਪਾ ਕੇ ਸੌਣ ਦੀ ਤਿਆਰੀ ਕਰ ਰਹੀ ਸੀ। ਉਸਨੇ ਬੜੀਆਂ ਪਿਆਰ ਭਰੀਆਂ ਨਜ਼ਰਾਂ ਨਾਲ ਭਰਤ ਵੱਲ ਦੇਖਿਆ। ਭਰਤ ਦੇ ਅੰਦਰ ਇਕ ਝੁਰਝੁਰੀ ਜਿਹੀ ਦੌੜ ਗਈ। ਦਿਮਾਗ਼ ਵਿਚ ਇਕ ਧਮਾਕਾ ਹੋਇਆ, 'ਜੇ ਰਮਾ ਦੇ ਬੱਚੇ ਦੀਆਂ ਅੱਖਾਂ ਵੀ ਨੀਲੀਆਂ ਹੋਈਆਂ, ਜੇ ਉਸਦਾ ਚਿਹਰਾ-ਮੋਹਰਾ ਵੀ ਭਰਤ ਨਾਲ ਮਿਲਦਾ ਹੋਇਆ...ਕੀ ਉਹ ਕਦੀ ਵੀ ਸਮਿਤਾ ਦਾ ਸਾਹਮਣਾ ਕਰ  ਸਕੇਗਾ?'
ਇਸ ਧਮਾਕੇ ਦੀ ਕੰਬਣੀ ਨੂੰ ਭਰਤ ਬਰਦਾਸ਼ਤ ਨਹੀਂ ਕਰ ਸਕਿਆ ਤੇ ਅੱਖਾਂ ਮੀਚ ਕੇ ਸੌਣ ਦਾ ਅਸਫਲ ਯਤਨ ਕਰਨ ਲੱਗਾ।
--- --- ---

1 comment:

  1. What are the best casinos to play in 2021?
    Which casinos offer slots? — Casino Sites. Best casino sites are those ventureberg.com/ that allow players to try https://tricktactoe.com/ a game casinosites.one from anywhere. gri-go.com The most common online slots kadangpintar

    ReplyDelete