Saturday, May 14, 2011

02. ਛੋਂਹਦਾ, ਛੱਡਦਾ ਜੀਵਨ

02. ਛੋਂਹਦਾ, ਛੱਡਦਾ ਜੀਵਨ

ਗਿਆਰਾਂ ਮਹੀਨੇ ਦੇ ਪੈਰੀ ਨੇ ਅੱਜ ਪਹਿਲਾ ਕਦਮ ਪੁੱਟਿਆ—ਆਪਣੇ ਆਪ ਨੂੰ ਸੰਭਾਲ ਨਹੀਂ ਸੀ ਸਕਿਆ ਉਹ—ਉਹ ਦੌੜੀ...ਬਸ ਉਹ ਡਿੱਗਣ ਹੀ ਲੱਗਾ ਸੀ ਕਿ ਮੈਂਡੀ ਨੇ ਅਹੁਲ ਕੇ ਉਸਨੂੰ ਆਪਣੀਆਂ ਬਾਹਾਂ ਵਿਚ ਬੋਚ ਲਿਆ; ਆਪਣੀ ਗੋਦ ਵਿਚ ਬਿਠਾ ਲਿਆ। ਅੱਜ ਪਹਿਲੀ ਵਾਰੀ ਉਸਨੇ ਮਹਿਸੂਸ ਕੀਤਾ ਕਿ ਉਹ ਪੈਰੀ ਦੀ ਮਾਂ ਹੈ। ਪੈਰੀ ਦੀ ਸੰਭਾਵਿਤ ਸੱਟ ਨੇ ਜਿਵੇਂ ਅੱਜ ਉਸਦੇ ਅੰਦਰਲੀ ਔਰਤ ਨੂੰ ਅਚਾਨਕ ਜਿਊਂਦਾ ਕਰ ਦਿੱਤਾ ਸੀ।
ਮੈਂਡੀ...ਯਾਨੀਕਿ ਮਨਦੀਪ ਬਰਾੜ! ਹਾਉਂਸਲੋ ਸੈਂਟਰਲ ਸਟੇਸ਼ਨ ਦੇ ਨਜ਼ਦੀਕ ਬੁਲਸਟ੍ਰੋਡ ਐਵੇਨਿਊ ਦੇ ਇਕ ਘਰ ਵਿਚ ਜੰਮੀ, ਪਲੀ ਤੇ ਵੱਡੀ ਹੋਈ। ਅੱਜ ਉਸੇ ਘਰ ਵਿਚ ਰਹਿ ਕੇ ਝੁਰਦੀ ਤੇ ਸੋਚਦੀ ਰਹਿੰਦੀ ਹੈ ਤੇ ਜ਼ਿੰਦਗੀ ਉਸਨੂੰ ਛੋਂਹਦੀ, ਛੱਡਦੀ ਹੋਈ ਅੱਗੇ ਵਧ ਗਈ ਹੈ। ਕਦੀ ਉਸਦੇ ਮਨ ਵਿਚ ਵੀ ਭਾਵਨਾਵਾਂ ਦਾ ਪ੍ਰਬਲ ਤੂਫ਼ਾਨ ਉਠਿਆ ਸੀ।
ਉਸ ਤੂਫ਼ਾਨ ਦਾ ਨਾਂ ਸੀ ਜੇਮਸ...ਉਸਦੇ ਆਪਣੇ ਭਰਾ ਕਮਲਜੀਤ ਦਾ ਦੋਸਤ। ਜੇਮਸ ਹਫ਼ਤੇ ਵਿਚ ਦੋ ਦਿਨ ਉਹਨਾਂ ਦੇ ਘਰ ਰਾਤ ਦਾ ਖਾਣਾ ਖਾਂਦਾ ਹੁੰਦਾ ਸੀ। ਭਾਰਤੀ ਚਟਪਟਾ ਖਾਣਾ ਉਸਦੀ ਕਮਜ਼ੋਰੀ ਸੀ। ਚੁੱਪ-ਚੁੱਪ ਰਹਿਣ ਵਾਲਾ ਜੇਮਸ, ਆਪਣੀਆਂ ਅਣ-ਆਖੀਆਂ ਗੱਲਾਂ ਨਾਲ ਵੀ ਮੈਂਡੀ ਦੇ ਦਿਲ ਨੂੰ ਬੜਾ ਕੁਝ ਕਹਿ ਜਾਂਦਾ। ਮੈਂਡੀ ਨੂੰ ਖ਼ੁਦ ਨੂੰ ਵੀ ਸਮਝ ਨਹੀਂ ਸੀ ਆਉਂਦੀ ਕਿ ਪਿਆਰ ਇਕ ਪਾਸੜ ਹੈ ਜਾਂ ਜੇਮਸ ਦੇ ਦਿਲ ਵਿਚ ਵੀ ਉਸਦੇ ਪ੍ਰਤੀ ਕੋਈ ਅਜਿਹੀ ਕੋਮਲ ਭਾਵਨਾ ਹੈ! ਜੇਮਸ ਨੇ ਕਦੀ ਵੀ ਮੈਂਡੀ ਸਾਹਵੇਂ ਸਪਸ਼ਟ ਨਹੀਂ ਕੀਤਾ ਕਿ ਉਸਦੇ ਮਨ ਵਿਚ ਕੀ ਹੈ।
ਮੈਂਡੀ ਦੇ ਮਨ ਦੀ ਗੱਲ ਮੈਂਡੀ ਦਾ ਦਿਲ, ਦਿਮਾਗ਼ ਤੇ ਆਤਮਾ ਸਾਰੇ ਹੀ ਸੁਣ ਚੁੱਕੇ ਸਨ। ਉਹ ਸ਼ਾਮ ਨੂੰ ਬਣ-ਠਣ ਕੇ ਜੇਮਸ ਦੀ ਉਡੀਕ ਕਰਦੀ ਜਿਵੇਂ ਕੋਈ ਸਜ-ਵਿਆਹੀ ਆਪਣੇ ਪਤੀ ਦੇ ਦਫ਼ਤਰੋਂ ਆਉਣ ਦੀ ਉਡੀਕ ਕਰਦੀ ਹੈ। ਪੜ੍ਹੀ-ਲਿਖੀ ਮਾਡਰਨ ਮੈਂਡੀ ਅਚਾਨਕ ਜੇਮਸ ਦੇ ਮਾਮਲੇ ਵਿਚ ਇਕ ਭਾਰਤੀ ਘਰੇਲੂ ਔਰਤ ਬਣ ਜਾਂਦੀ। ਮੇਜ਼ ਦੇ ਦੂਜੇ ਪਾਸਿਓਂ ਉਸਨੂੰ ਖਾਣਾ ਖਾਂਦਿਆਂ ਦੇਖਦੀ, ਨਿਰਖਦੀ ਤੇ ਅਲੌਕਿਕ ਸੁਖ ਦਾ ਆਨੰਦ ਮਾਣਦੀ ਰਹਿੰਦੀ।
ਜੇਮਸ ਮੈਂਡੀ ਦੇ ਮਨ ਦੀ ਗੱਲ ਸਮਝਿਆ ਜਾਂ ਨਹੀਂ, ਪਰ ਉਸਦੀ ਮਾਂ ਜ਼ਰੂਰ ਸਮਝ ਗਈ। “ਨੀਂ ਰੁੜ੍ਹ ਜਾਣੀਏ, ਮੈਂ ਤੇਰੇ ਸਾਰੇ ਚਾਲੇ ਦੇਖ ਰਹੀ ਆਂ। ਆਪਣੇ ਮਨ 'ਚੋਂ ਇਹ ਗੱਲ ਕੱਢ ਦੇਅ। ਮੈਂ ਤੇਰਾ ਵਿਆਹ ਉਸ ਗੋਰੇ ਨਾਲ ਨਹੀਂਓਂ ਕਰਨਾਂ। ਮੋਏ, ਖਸਮਾਂ-ਖਾਣੇ, ਗਾਂ ਦਾ ਮਾਸ ਖਾਂਦੇ ਨੇ। ਤੂੰ ਆਪੇ ਸੁਧਰ ਜਾਅ, ਨਹੀਂ ਤਾਂ ਕਿਸੇ ਦਿਨ ਤੇਰੀ ਗੁਤਨੀ ਘੁਮਾਅ ਛੱਡਾਂਗੀ।”
ਕਮਲਜੀਤ ਵੀ ਆਪਣੀ ਭੈਣ ਦੀਆਂ ਭਾਵਨਾਵਾਂ ਬਾਰੇ ਜਾਣਦਾ ਸੀ ਪਰ ਹੋਰਨਾਂ ਦੇ ਨਿੱਜੀ ਮਾਮਲੇ ਵਿਚ ਦਖ਼ਲ ਦੇਣਾ ਉਸਦੀ ਆਦਤ ਨਹੀਂ ਸੀ। ਕਈ ਵਾਰੀ ਤਾਂ ਮਾਂ ਨੂੰ ਹੀ ਸਮਝਾਉਣ ਬੈਠ ਜਾਂਦਾ। ਮੈਂਡੀ ਬਸ ਭਰਾ ਤੇ ਮਾਂ ਦੀ ਗੱਲਬਾਤ ਸੁਣਦੀ ਤੇ ਮੁਸਕੁਰਾਉਂਦੀ ਰਹਿੰਦੀ। ਉਸਨੇ ਕੁਝ ਖ਼ਾਮੋਸ਼ ਫੈਸਲੇ ਵੀ ਕਰ ਲਏ ਸਨ। ਲੋੜ ਪੈਣ 'ਤੇ ਉਹ ਉਹਨਾਂ ਫੈਸਲਿਆਂ 'ਤੇ ਅਮਲ ਕਰਨ ਲਈ ਵੀ ਤਿਆਰ ਸੀ। ਜਿਵੇਂ ਉਸਨੇ ਸੋਚ ਲਿਆ ਸੀ ਕਿ ਜੇ ਜੇਮਸ ਚਾਹੇ ਤਾਂ ਉਹ ਉਸ ਨਾਲ ਘਰ ਛੱਡ ਕੇ ਭੱਜ ਵੀ ਜਾਏਗੀ। ਪਰ ਜੇਮਸ ਲਈ ਮੈਂਡੀ ਦੀਆਂ ਭਾਵਨਾਵਾਂ ਦਾ ਕੋਈ ਅਰਥ ਨਹੀਂ ਸੀ। ਨਾ ਤਾਂ ਮੈਂਡੀ ਉਸਦੇ ਸੁਪਨਿਆਂ ਦੀ ਰਾਣੀ ਸੀ ਤੇ ਨਾ ਹੀ ਉਸਦੇ ਮਨ ਵਿਚ ਮੈਂਡੀ ਲਈ ਕੋਈ ਪ੍ਰੇਮ ਭਾਵਨਾ ਸੀ। ਕਹਿਣ ਨੂੰ ਉਸਦੀ ਆਪਣੀ ਇਕ ਗਰਲ-ਫਰੈਂਡ ਵੀ ਸੀ। ਪਰ ਉਸ ਲਈ ਵੀ ਪ੍ਰੇਮ ਵਰਗੀ ਕੋਮਲ ਭਾਵਨਾ ਉਸਦੇ ਦਿਲ ਵਿਚ ਨਹੀਂ ਸੀ। ਜੇਮਸ ਲਈ ਗਰਲ-ਫਰੈਂਡ ਦਾ ਅਰਥ ਸੀ ਸੈਕਸ...ਬਸ, ਸਿਰਫ ਸੈਕਸ! ਮੈਂਡੀ ਆਪਣੇ ਸੁਪਨ-ਨਗਰ ਵਿਚ ਖਾਸੀ ਅਗਾਂਹ ਨਿਕਲ ਗਈ ਸੀ। ਜੇਮਸ ਉਸ ਲਈ ਸਿਰਫ ਇਕ ਨਾਂ ਨਹੀਂ ਸੀ ਰਿਹਾ, ਉਹ ਉਸ ਲਈ ਜਿਊਣ ਦਾ ਆਧਾਰ ਬਣਦਾ ਜਾ ਰਿਹਾ ਸੀ।
ਟ੍ਰੈਕ ਸੂਟ ਪਾ ਕੇ ਮੈਂਡੀ ਬਾਯਰਨ ਪਾਰਕ ਵਿਚ ਜਾਗਿੰਗ ਕਰ ਰਹੀ ਸੀ। ਮਨ ਵਿਚ ਕਿਤੇ ਇਕ ਇੱਛਾ ਵੀ ਸੀ ਕਿ ਕਾਸ਼! ਹੁਣ ਕਿਧਰੇ ਜੇਮਸ ਮਿਲ ਪਏ ਤਾਂ ਸ਼ਾਮ ਕਿੰਨੀ ਰੰਗੀਨ ਬਣ ਸਕਦੀ ਹੈ। ਆਸਮਾਨ ਵਿਚ ਹਲਕੇ-ਹਲਕੇ ਬੱਦਲ, ਬਾਯਰਨ ਪਾਰਕ ਦੀ ਹਰਿਆਲੀ, ਰੁੱਖਾਂ ਦੇ ਪੱਤਿਆਂ ਵਿਚ ਪਤਝੜ ਦਾ ਸੁੰਦਰ ਰੰਗ ਤੇ ਉਸਦੇ ਹੱਥ ਵਿਚ ਜੇਮਸ ਦਾ ਹੱਥ!...ਕੀ ਰੋਮਾਂਸ ਦੇ ਅਰਥ ਇੰਜ ਕੁਝ ਵਧੇਰੇ ਰੋਮਾਂਟਿਕ ਨਹੀਂ ਹੋ ਜਾਣਗੇ?...ਨੇੜੇ ਹੀ ਕੁਝ ਮੁੰਡੇ ਫੁਟਬਾਲ ਖੇਡ ਰਹੇ ਸਨ। ਉਹ ਉਹਨਾਂ ਵਿਚ ਜੇਮਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਮਨ ਹੀ ਮਨ ਉਸਦੇ ਮਿਲ ਜਾਣ ਦੀ, ਵਾਹਿਗੁਰੂ ਨੂੰ, ਅਰਦਾਸ ਵੀ ਕਰ ਰਹੀ ਸੀ।
ਅਰਦਾਸ ਮੰਜ਼ੂਰ ਹੋ ਗਈ। ਸਾਹਮਣੇ ਪਾਰਕ ਦੇ ਗੇਟ ਵਿਚੋਂ ਜੇਮਸ ਅੰਦਰ ਆਉਂਦਾ ਹੋਇਆ ਨਜ਼ਰ ਆਇਆ। ਡੁੱਬਦੇ ਸੂਰਜ ਦੇ ਘੁਸਮੁਸੇ ਵਿਚ ਵੀ ਉਹ ਜੇਮਸ ਨੂੰ ਪਛਾਣ ਗਈ। ਯਕਦਮ ਗ੍ਰੀਕ-ਦੇਵਤਾ ਵਰਗਾ ਲੱਗ ਰਿਹਾ ਸੀ।...ਅਹੁਲੀ! “ਹਾਏ ਜੇਮਸ!”
“ਹਾਏ ਮੈਂਡੀ!” ਜੇਮਸ ਨੇ ਜ਼ਰਾ ਖੁੱਲ੍ਹੀ ਆਵਾਜ਼ ਵਿਚ ਕਿਹਾ। ਮੈਂਡੀ ਕੇ ਘਰ ਤਾਂ ਉਹ ਸ਼ਰਮਾਉਂਦਾ ਹੀ ਰਹਿੰਦਾ ਸੀ।
ਅੱਜ ਮੈਂਡੀ ਵੀ ਜਿਵੇਂ ਅਚਾਨਕ ਮਿਲੀ ਖੁਸ਼ੀ ਕਰਕੇ ਹਵਾ ਵਿਚ ਤੈਰ ਰਹੀ ਸੀ, “ਕੈਸੇ ਹੋ ਜੇਮਸ?”
“ਮੈਂ ਠੀਕ, ਪਰ ਤੂੰ ਏਥੇ ਕੀ ਕਰ ਰਹੀ ਏਂ?
“ਤੇਰਾ ਇੰਤਜ਼ਾਰ।” ਜ਼ਰਾ ਸ਼ਰਮਾ ਵੀ ਗਈ ਸੀ ਮੈਂਡੀ।
“ਰੀਅਲੀ!” (ਸੱਚੀਂ!)
ਹੁਣ ਕੀ ਕਹਿੰਦੀ ਮੈਂਡੀ। ਦੋਵੇਂ ਨਾਲ ਨਾਲ ਤੁਰਦੇ, ਪਾਰਕ ਦਾ ਚੱਕਰ ਲਾਉਣ ਲੱਗੇ। ਹੁਣ ਤਕ ਮੈਂਡੀ ਨੇ ਪਾਰਕ ਵਿਚ ਹੋ ਰਹੀ ਕਿਸੇ ਵੀ ਗਤੀ ਵਿਧੀ ਵੱਲ ਵਿਸ਼ੇਸ਼ ਧਿਆਨ ਨਹੀਂ ਸੀ ਦਿੱਤਾ, ਕਿਉਂਕਿ ਉਸਦੀਆਂ ਅੱਖਾਂ ਤਾਂ ਅਣਜਾਣੇ ਹੀ ਜੇਮਸ ਦੀ ਉਡੀਕ ਕਰ ਰਹੀਆਂ ਸਨ। ਜੇਮਸ ਦੇ ਆ ਜਾਣ ਪਿੱਛੋਂ ਉਸਦੀਆਂ ਨਿਗਾਹਾਂ ਪਾਰਕ ਵਿਚ ਹੋ ਰਹੀਆਂ ਹੋਰ ਗਤੀ-ਵਿਧੀਆਂ ਵੱਲ ਗਈਆਂ। ਅਚਾਨਕ ਇਕ ਛੋਟਾ ਜਿਹਾ ਹਵਾਈ ਜਹਾਜ਼ ਜੇਮਸ ਦੇ ਪੈਰਾਂ ਕੋਲ ਆਣ ਡਿੱਗਿਆ। ਜੇਮਸ ਤ੍ਰਬਕਿਆ। ਆਪਣੇ ਆਪ ਨੂੰ ਬਚਾਉਂਦਾ ਹੋਇਆ ਦੋ-ਚਾਰ ਪੈਰ ਪਿੱਛੇ ਹਟ ਗਿਆ। ਏਧਰ ਉਧਰ ਦੇਖਿਆ। ਇਕ ਕਾਲਾ ਮੁੰਡਾ ਹੱਥ ਵਿਚ ਰਿਮੋਟ ਕੰਟਰੋਲ ਫੜ੍ਹੀ ਉਸ ਵੱਲ ਆ ਰਿਹਾ ਸੀ। “ਵਟ ਦੀ ਫ਼ਕਸ ਵਾਜ਼ ਦੈਟ?” (ਕਿਆ ਬੇ-ਹੂਦਗੀ ਏ?) ਜੇਮਸ ਦਾ ਗੁੱਸਾ ਉਸਦੀ ਆਵਾਜ਼ ਵਿਚੋਂ ਸਾਫ ਝਲਕਿਆ ਸੀ।
ਉਸ ਕਾਲੇ ਮੁੰਡੇ ਨੇ ਖਾਸ ਜਮੈਕਨ ਲਹਿਜੇ ਵਿਚ ਜੇਮਸ ਨੂੰ ਕਿਹਾ, “ਸੌਰੀ ਮੈਨ, ਆਈ ਡਿਡੰਟ ਮੀਨ ਟੂ ਹਰਟ ਯੂ।” (ਮੇਰਾ ਮੰਸ਼ਾ ਤੁਹਾਨੂੰ ਨੁਕਸਾਨ ਪਹੁੰਚਾਉਣ ਦਾ ਨਹੀਂ ਸੀ) ਤੇ ਗੱਲ ਨੂੰ ਰਫ਼ਾਦਫ਼ਾ ਕਰ ਦਿੱਤਾ।
ਮੈਂਡੀ ਅਚਾਨਕ ਪੈਦਾ ਹੋਈ ਸਥਿਤੀ ਕਰਕੇ ਘਬਰਾ ਗਈ ਸੀ। ਡਰ ਰਹੀ ਸੀ ਕਿ ਕਿਤੇ ਜੇਮਸ ਉਸ ਕਾਲੇ ਮੁੰਡੇ ਨਾਲ ਭਿੜ ਹੀ ਨਾ ਜਾਏ। ਕਿਤੇ ਉਹਨਾਂ ਦੀ ਸ਼ਾਮ, ਇਸ ਹਾਦਸੇ ਦੀ ਭੇਂਟ ਨਾ ਹੋ ਜਾਏ। ਉਸਨੇ ਜੇਮਸ ਦੇ ਗੁੱਸੇ ਨੂੰ ਸ਼ਾਂਤ ਕੀਤਾ ਤੇ ਉਸਨੂੰ ਲੈ ਕੇ ਅੱਗੇ ਤੁਰ ਗਈ। ਅਜੇ ਤਕ ਮੈਂਡੀ ਸਹਿਜ ਨਹੀਂ ਸੀ ਹੋ ਸਕੀ। ਇਕ ਝਾੜੀ ਦੀ ਓਟ ਵਿਚ ਇਕ ਨੌਜਵਾਨ ਜੋੜਾ ਚੁੰਮਣ ਵਿਚ ਰੁੱਝਿਆ ਦਿਖਾਈ ਦਿੱਤਾ। ਮੈਂਡੀ ਦੇ ਸਾਰੇ ਸਰੀਰ ਵਿਚ ਇਕ ਧੁੜ-ਧੁੜੀ ਜਿਹੀ ਦੌੜ ਗਈ। ਅਚਾਨਕ ਉਸਦੇ ਹੱਥ ਦਾ ਦਬਾਅ ਜੇਮਸ ਦੇ ਹੱਥ ਉੱਤੇ ਵਧ ਗਿਆ। ਜੇਮਸ ਨੇ ਮੈਂਡੀ ਵੱਲ ਦੇਖਿਆ, ਉਹ ਸ਼ਰਮਾਅ ਗਈ।
ਦੋਵੇਂ ਨਾਲ-ਨਾਲ ਤੁਰਦੇ ਪਾਰਕ ਦੀ ਉਸ ਨੁੱਕਰ ਤੀਕ ਆ ਗਏ ਜਿਸ ਤੋਂ ਅੱਗੇ ਕਬਰਸਤਾਨ ਸ਼ੁਰੂ ਹੋ ਜਾਂਦਾ ਸੀ।
“ਜੇਮਸ ਇਹ ਜਗ੍ਹਾ ਰਾਤ ਵੇਲੇ ਕਿੰਨੀ ਡਰਾਵਨੀ ਲੱਗਦੀ ਏ, ਹੈ-ਨਾ?”
“ਵੈੱਲ, ਪਰ ਮੈਨੂੰ ਤਾਂ ਕਦੀ ਇੰਜ ਨਹੀਂ ਲੱਗਿਆ।...ਮੈਨੂੰ ਤਾਂ ਹਮੇਸ਼ਾ ਇੰਜ ਮਹਿਸੂਸ ਹੁੰਦਾ ਏ ਕਿ ਇੱਥੇ ਲੋਕ ਗੂੜ੍ਹੀ ਨੀਂਦ ਸੁੱਤੇ ਹੋਏ ਨੇ। ਤੇ ਕਿਸੇ ਵੀ ਤਰ੍ਹਾਂ ਦਾ ਸ਼ੋਰ-ਸ਼ਰਾਬਾ ਉਹਨਾਂ ਦੀ ਨੀਂਦ ਵਿਚ ਖਲਲ਼ ਨਹੀਂ ਪਾ ਸਕਦਾ।”
“ਤੂੰ ਕਦੀ ਇਸ ਕਬਰਸਤਾਨ ਦੇ ਅੰਦਰ ਗਿਆ ਏਂ?”
“ਹਾਂ, ਤਿੰਨ ਵਾਰੀ, ਪਰ ਦਿਨੇ-ਦਿਨੇ। ਆਪਣਿਆਂ ਨੂੰ ਗੂੜ੍ਹੀ ਨੀਂਦ ਸੁਆਉਣ।”
“ਆਈ ਫੀਲ ਸੋ ਰੁਮਾਂਟਿਕ ਅਬਾਊਟ ਇਟ। ਮੈਨੂੰ ਵੀ ਦਿਖਾਅ ਨਾ।” ਮੈਂਡੀ ਮਚਲ ਗਈ।
ਜੇਮਸ ਨੇ ਵਚਿੱਤਰ ਜਿਹੀਆਂ ਨਜ਼ਰਾਂ ਨਾਲ ਮੈਂਡੀ ਵੱਲ ਦੇਖਿਆ ਤੇ ਉਸਦਾ ਹੱਥ ਫੜ੍ਹ ਕੇ ਕਬਰਸਤਾਨ ਅੰਦਰ ਵੜ ਗਿਆ।
ਮੈਂਡੀ ਅਲੱਗ-ਅਲੱਗ ਕਬਰਾਂ ਉੱਤੇ ਲਿਖੇ ਨਾਂ ਤੇ ਇਬਾਰਤਾਂ ਪੜ੍ਹ ਰਹੀ ਸੀ। ਕਈ ਕਬਰਾਂ ਤਾਂ ਸਵਾ ਸੌ ਸਾਲ ਤੋਂ ਵੀ ਵੱਧ ਪੁਰਾਣੀਆਂ ਸਨ...ਕਈਆਂ ਉੱਤੇ ਫੁੱਲਾਂ ਦੇ ਗੁਲਦਸਤੇ ਪਏ ਸਨ। “ਜੇਮਸ ਕੀ ਇਹ ਸਾਰੇ ਲੋਕ ਇੱਥੇ ਦਫ਼ਨ ਨੇ, ਜਿਹਨਾਂ ਬਾਰੇ ਲਿਖਿਆ ਹੋਇਆ ਏ?”
“ਨੋ ਮੈਂਡੀ, ਕਦੀ ਕਦੀ ਇੱਥੇ ਸਿਰਫ ਪਲਾਕ ਲਾ ਦਿੱਤੇ ਜਾਂਦੇ ਨੇ। ਜਿਵੇਂ ਕਿਸੇ ਦੀ ਮੌਤ ਸਮੁੰਦਰ ਵਿਚ ਹੋ ਗਈ ਤੇ ਲਾਸ਼ ਨਹੀਂ ਮਿਲੀ ਤਾਂ ਦਫ਼ਨਾਉਣਾ ਸੰਭਵ ਨਹੀਂ ਹੁੰਦਾ ਨਾ...”
“ਹਾਊ ਰੋਮਾਂਟਿਕ ਜੇਮਸ! ਤੁਹਾਡੇ ਲੋਕਾਂ ਵਿਚ ਮਰਨ ਪਿੱਛੋਂ ਸੈਂਕੜੇ ਸਾਲ ਬਾਅਦ ਵੀ ਇਕ ਫੀਲਿੰਗ ਆਫ ਅਟੈਚਮੈਂਟ ਰਹਿੰਦੀ ਏ ਕਿ ਤੁਹਾਡਾ ਕੋਈ ਆਪਣਾ ਜ਼ਮੀਨ ਦੇ ਇਸ ਟੁਕੜੇ ਹੇਠ ਮੌਜ਼ੂਦ ਏ। ਸ਼ਾਇਦ ਇਸੇ ਲਈ ਤੁਹਾਡੇ ਆਤਮਾ ਦਾ ਕੰਸੈਪਟ ਬਹੁਤਾ ਆਥੈਂਟਿਕ ਲੱਗਦਾ ਏ। ਸਾਡੇ ਤਾਂ ਸਿੱਧਾ ਅੱਗ ਦੇ ਹਵਾਲੇ ਕਰ ਦੇਂਦੇ ਨੇ, ਤੇ ਦੋ ਮਿੰਟਾਂ ਵਿਚ ਹੀ ਸਭ ਕੁਝ ਸੜ ਕੇ ਰਾਖ਼!”
ਜੇਮਸ ਨੂੰ ਜਿਵੇਂ ਕੁਝ ਵੀ ਸੁਣਾਈ ਨਹੀਂ ਸੀ ਦੇ ਰਿਹਾ। ਉਹ ਕਿਸੇ ਹੋਰ ਸੋਚ ਵਿਚ ਡੁੱਬਿਆ ਹੋਇਆ ਸੀ।
ਮੈਂਡੀ ਉਸ ਤਿਤਲੀ ਨੂੰ ਦੇਖਦੀ ਰਹੀ, ਜਿਹੜੀ ਕਦੇ ਕਿਸੇ ਕਬਰ ਦੇ ਫੁੱਲ 'ਤੇ ਜਾ ਬੈਠਦੀ, ਕਦੀ ਕਿਸੇ ਹੋਰ 'ਤੇ ਚੱਕਰ ਲਾਉਣ ਲੱਗ ਪੈਂਦੀ। ਉਸਨੂੰ ਮਹਿਸੂਸ ਹੋ ਰਿਹਾ ਸੀ ਕਿ ਪਿਛਲੇ ਜਨਮ ਵਿਚ ਉਹ ਜ਼ਰੂਰ ਕਿਸੇ ਈਸਾਈ ਪਰਿਵਾਰ ਵਿਚ ਹੁੰਦੀ ਹੋਏਗੀ। ਉਸਨੂੰ ਅੱਗ ਤੋਂ ਹਮੇਸ਼ਾ ਬੜਾ ਡਰ ਲੱਗਦਾ ਹੈ। ਕਬਰ ਜੇ ਕਦੀ ਖੋਹਲੀ ਜਾਏ ਤਾਂ ਉਸਦੇ ਗਹਿਣਿਆਂ ਤੋਂ ਕੋਈ ਵੀ ਪਛਾਣ ਸਕਦਾ ਹੈ ਕਿ ਇਹ ਸੁੰਦਰ ਗਹਿਣੇ ਪਾਉਣ ਵਾਲੀ ਮਨਦੀਪ ਕੌਰ ਬਰਾੜ ਹੀ ਸੀ...! ਵਾਹ! ਹਾਓ ਗਰੇਟ!
“ਜੇਮਸ ਤੈਨੂੰ ਪਤਾ ਈ, ਆਗਰੇ ਦੇ ਤਾਜ਼ ਮਹਿਲ ਵਿਚ ਸ਼ਾਹਜਹਾਂ ਤੇ ਮੁਮਤਾਜ਼ ਮਹਲ ਨਾਲੋ-ਨਾਲ ਸੁੱਤੇ ਹੋਏ ਨੇ।...ਮੇਕਿੰਗ ਲਵ ਇਨ ਪ੍ਰੈਜ਼ੇਂਟ ਆਫ਼ ਦੀਜ਼ ਗ੍ਰੇਟ ਸੋਲਸ ਮਸਟ ਬੀ ਏ ਗ੍ਰੇਟ ਫੀਲਿੰਗ! (ਅੱਜ ਵੀ ਇਹਨਾਂ ਪ੍ਰੇਮ-ਪਰੁੱਚੀਆਂ ਰੂਹਾਂ ਬਾਰੇ ਸੋਚ ਕੇ ਬੜਾ ਚੰਗਾ-ਚੰਗਾ ਲੱਗਦਾ ਹੈ!) ਹੈ-ਨਾ?”
ਜੇਮਸ ਨੇ ਕੋਈ ਉਤਰ ਨਾ ਦਿੱਤਾ, ਬਸ ਉਸਦੇ ਹੱਥ ਦੀ ਪਕੜ ਮੈਂਡੀ ਦੇ ਹੱਥ ਉੱਪਰ ਹੋਰ ਸਖ਼ਤ ਹੋ ਗਈ।
“ਜੇਮਸ ਇਟ ਪੇਂਜ਼। ਮੈਨੂੰ ਦਰਦ ਹੋ ਰਿਹਾ ਏ।”
ਜੇਮਸ ਦੇ ਚਿਹਰੇ ਦੇ ਭਾਵਾਂ ਵਿਚ ਕੋਈ ਬਦਲ ਨਹੀਂ ਸੀ ਹੋਇਆ। ਹੈਰਾਨ ਖੜ੍ਹੀ ਮੈਂਡੀ ਨੂੰ ਹੁਣ ਡਰ ਲੱਗਣ ਲੱਗ ਪਿਆ ਸੀ। ਉਸਨੇ ਜੇਮਸ ਦਾ ਅਜਿਹਾ ਰੂਪ ਪਹਿਲਾਂ ਕਦੀ ਨਹੀਂ ਸੀ ਦੇਖਿਆ। ਜੇਮਸ ਉੱਤੇ ਜਿਵੇਂ ਇਕ ਵਹਿਸ਼ਤ ਸਵਾਰ ਸੀ। ਮੈਂਡੀ ਨੇ ਮਹਿਸੂਸ ਕੀਤਾ ਕਿ ਉਹ ਚਾਹ ਕੇ ਵੀ ਚੀਕ ਨਹੀਂ ਸੀ ਸਕਦੀ। ਉਹ ਕੋਸ਼ਿਸ਼ ਕਰ ਰਹੀ ਸੀ ਕਿ ਧਰੀਕ ਕੇ ਜੇਮਸ ਨੂੰ ਪਰ੍ਹੇ ਕਰ ਦਏ ਪਰ ਜੇਮਸ...
ਜੇਮਸ ਨੇ ਧੱਕੇ ਨਾਲ ਮੈਂਡੀ ਨੂੰ ਝਾੜੀਆਂ ਦੇ ਝੂੰਡ ਵਿਚ ਸੁੱਟ ਲਿਆ ਤੇ ਆਪ ਉਸ ਉੱਤੇ ਸਵਾਰ ਹੋ ਗਿਆ। ਉਸਦੇ ਹੱਥ ਮੈਂਡੀ ਦੀ ਸਕਰਟ ਤੇ ਬਲਾਊਜ਼ ਵਿਚ ਘੁਸਦੇ ਜਾ ਰਹੇ ਸਨ। ਮੈਂਡੀ ਮੁਸੀਬਤ ਵਿਚ ਫਸ ਗਈ ਸੀ।
ਉਸ ਤਕਲੀਫ਼ ਸਦਕਾ ਚੀਕ ਰਹੀ ਸੀ ਪਰ ਉਸ ਕਬਰਸਤਾਨ ਦੇ ਵਧੇਰੇ ਮੁਰਦੇ ਬ੍ਰਿਟਿਸ਼ ਰਾਜ ਦੇ ਲੋਕ ਸਨ ਜਿਹੜੇ ਇਸ ਗੱਲ ਦੇ ਸ਼ਾਇਦ ਆਦੀ ਸਨ ਕਿ ਇਕ ਗੋਰਾ ਨੌਜਵਾਨ ਇਕ ਭਾਰਤੀ ਮੂਲ ਦੀ ਕੁੜੀ ਨਾਲ ਮੌਜ-ਮਨਾਅ ਰਿਹਾ ਹੈ।
ਮੈਂਡੀ ਨੇ ਹਮੇਸ਼ਾ ਜੇਮਸ ਨਾਲ ਹਮ-ਬਿਸਤਰ ਹੋਣ ਦੇ ਸੁਪਨੇ ਦੇਖੇ ਸਨ। ਪਰ ਏਨੀ ਬੇ-ਹੂਦਗੀ ਨਾਲ ਨਹੀਂ। ਵਾਸਨਾ ਮੈਂਡੀ ਵਿਚ ਵੀ ਸੀ, ਪਰ ਪ੍ਰੇਮ ਭਿੱਜੀ। ਫੇਰ ਵੀ ਮੈਂਡੀ ਦੇ ਸਰੀਰ ਵਿਚ ਜੇਮਸ ਦੀ ਛੂਹ ਦੇ ਨਾਲ ਇਕ ਤਣਾਅ ਜਿਹਾ ਪੈਦਾ ਹੋਣ ਲੱਗ ਪਿਆ ਸੀ। ਬਸ ਕੁਝ ਪਲਾਂ ਵਿਚ ਹੀ ਸਭ ਕੁਝ ਸਮਾਪਤ ਹੋ ਗਿਆ। ਮੈਂਡੀ ਨੂੰ ਅਜੇ ਵੀ ਉਮੀਦ ਸੀ ਕਿ ਜੇਮਸ ਪਿਆਰ ਦੇ ਦੋ ਸ਼ਬਦ ਬੋਲੇਗਾ।
ਜੇਮਸ ਬੋਲਿਆ, “ਲੁੱਕ ਮੈਂਡੀ, ਕਿਸੇ ਨੂੰ ਕੁਛ ਨਾ ਦੱਸੀਂ...ਵਰਨਾ ਮੈਥੋਂ ਬੁਰਾ ਕੋਈ ਨਹੀਂ ਹੋਏਗਾ।” ਤੇ ਉਹ ਮੈਂਡੀ ਨੂੰ ਉਸੇ ਹਾਲਤ ਵਿਚ ਛੱਡ ਕੇ ਤੁਰ ਗਿਆ। ਮੈਂਡੀ ਸਿਲ-ਪੱਥਰ ਹੋਈ, ਪਈ ਰਹੀ। ਕਬਰਾਂ ਵਿਚ ਦਫ਼ਨ ਲਾਸ਼ਾਂ ਵਿਚਕਾਰ ਉਹ ਇਕੱਲੀ ਉਸ ਤਾਜ਼ੀ ਲਾਸ਼ ਵਾਂਗ ਪਈ ਸੀ, ਜਿਸਨੂੰ ਦਫ਼ਨ ਕਰਨ ਵਾਲਾ ਉੱਥੇ ਕੋਈ ਨਹੀਂ ਸੀ। ਉਸ ਉੱਤੇ ਫੁੱਲ ਚੜ੍ਹਾਉਣ ਵਾਲਾ ਕੋਈ ਨਹੀਂ ਸੀ।...ਬਸ ਉਸਦੀ ਮਿੱਟੀ ਖਰਾਬ ਕਰਕੇ ਜੇਮਸ ਉੱਥੋਂ ਤੁਰਦਾ ਹੋਇਆ ਸੀ।
ਸੁੱਜੀਆਂ ਅੱਖਾਂ ਲਈ ਮੈਂਡੀ ਆਪਣੇ ਘਰ ਪਹੁੰਚੀ। ਬੀਜੀ ਨੇ ਦੇਖਿਆ, “ਹਾਏ ਨੀਂ, ਤੈਨੂੰ ਕੀ ਹੋਇਆ?”
ਮੈਂਡੀ ਚੁੱਪ!
ਬੀਜੀ ਤਾੜ ਗਏ ਕਿ ਕੋਈ ਹਾਦਸਾ ਜ਼ਰੂਰ ਹੋਇਆ ਹੈ। ਕੁੜੀ ਗੁੰਮਸੁੰਮ ਜਿਹੀ ਹੋ ਗਈ ਏ। ਧੀ ਦੇ ਕੱਪੜਿਆਂ ਵੱਲ ਦੇਖਿਆ। ਉਸਦੇ ਚਿਹਰੇ ਤੇ ਗਲ਼ੇ ਉੱਤੇ ਵਲੂੰਧਰਾਂ ਦੇ ਨਿਸ਼ਾਨ...ਖ਼ੁਦ ਆਪਣੀ ਕਹਾਣੀ ਕਹਿ ਰਹੇ ਸਨ। ਮਾਂ ਬੇਚੈਨ ਹੋ ਗਈ। ਧੀ ਦਾ ਸੁਪਨਾ ਟੁੱਟ ਚੁੱਕਿਆ ਸੀ।
ਕਦੋਂ ਤਕ ਆਪਣੇ ਦੁੱਖ ਨੂੰ ਅੰਦਰ ਸਮੇਟੀ ਰੱਖਦੀ...ਰੋਣ ਨਿਕਲ ਗਿਆ ਤੇ ਮਾਂ ਫਟ ਪਈ, “ਨਮਕ ਹਰਾਮ! ਕਮੀਨਾ! ਵਾਹਿਗੁਰੂ ਦੀ ਮਾਰ ਪਏ ਓਸ ਕੰਜਰ 'ਤੇ।” ਮਾਂ ਦੁਚਿੱਤੀ ਵਿਚ ਸੀ ਕਿ ਪੁੱਤਰ ਨੂੰ ਦੱਸੇ ਜਾਂ ਨਾ ਦੱਸੇ। ਖੂਨ-ਖਰਾਬਾ ਨਾ ਹੋ ਜਾਏ। ਪਤੀ ਨੂੰ ਦੱਸਦੀ ਹੈ ਤਾਂ ਉਹ ਸਿੱਧਾ ਪੁਲਿਸ ਕੋਲ ਜਾਏਗਾ। ਇੱਥੋਂ ਦੇ ਕਾਨੂੰਨ ਉੱਪਰ ਅੰਧ-ਵਿਸ਼ਵਾਸ ਹੈ ਉਸਨੂੰ।
ਦਾਰ-ਜੀ ਘਰੇ ਹੀ ਸਨ। ਕਮਲਜੀਤ ਅਜੇ ਆਇਆ ਨਹੀਂ ਸੀ। ਮਾਂ ਦੀ ਆਵਾਜ਼ ਦਾਰ-ਜੀ ਤਕ ਵੀ ਪਹੁੰਚ ਗਈ। ਦਾਰ-ਜੀ ਵੀ ਕਮਰੇ ਵਿਚ ਆ ਗਏ। ਉਹਨਾਂ ਦੀਆਂ ਅਨੁਭਵੀ ਅੱਖਾਂ ਨੇ ਪਲ ਭਰ ਵਿਚ ਹੀ ਸਮਝ ਲਿਆ ਕਿ ਮਾਮਲਾ ਗੜਬੜ ਹੈ। ਪਤਨੀ ਵੱਲ ਸਵਾਲੀਆ ਅੱਖਾਂ ਨਾਲ ਦੇਖਿਆ। ਫੇਰ ਧੀ ਦੀ ਹਾਲਤ ਦੇਖੀ। ਜੇਮਸ ਦਾ ਨਾਂ ਤਾਂ ਉਹ ਸੁਣ ਹੀ ਚੁੱਕੇ ਸਨ।
“ਦੇਖੋ, ਏਥੇ ਇਸ ਮੁਲਕ ਵਿਚ ਕਾਨੂੰਨ ਨਾਂ ਦੀ ਚੀਜ਼ ਮੌਜ਼ੂਦ ਹੈ। ਕਾਕੇ ਨੂੰ ਕੁਝ ਦੱਸਣ ਦੀ ਲੋੜ ਨਹੀਂ। ਤੁਸੀਂ ਦੋਵੇਂ ਮੇਰੇ ਨਾਲ ਚੱਲੋ। ਯਾਦ ਰੱਖੋ ਜੇ ਅਸਾਂ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਅਸੀਂ ਜੇਮਸ ਨੂੰ ਕਦੀ ਵੀ ਸਜ਼ਾ ਨਹੀਂ ਦਿਵਾਅ ਸਕਾਂਗੇ। ਇਸ ਲਈ ਜ਼ਰੂਰੀ ਹੈ ਕਿ ਪਹਿਲਾਂ ਪੁਲਿਸ ਸਟੇਸ਼ਨ ਚੱਲ ਕੇ ਰਿਪੋਰਟ ਲਿਖਵਾਈ ਜਾਵੇ। ਕਾਕੇ ਨੂੰ ਉਸਦੇ ਪਿੱਛੋਂ ਹੀ ਦੱਸਿਆ ਜਾ ਸਕਦਾ ਏ।” ਦਾਰ-ਜੀ ਨੇ ਖੜ੍ਹੇ ਪੈਰੀਂ ਪਤਨੀ ਤੇ ਧੀ ਨੂੰ ਨਾਲ ਲਿਆ ਤੇ ਹਾਉਂਸਲੋ ਪੁਲਿਸ ਸਟੇਸ਼ਨ ਵੱਲ ਕਾਰ ਦੌੜਾ ਦਿੱਤੀ।
ਪੁਲਿਸ ਸਟੇਸ਼ਨ ਵਿਚ ਜਦੋਂ ਇੰਤਜ਼ਾਰ ਕਰਦਿਆਂ ਨੂੰ ਪੂਰਾ ਇਕ ਘੰਟਾ ਹੋ ਗਿਆ ਤੇ ਕਿਸੇ ਨੇ ਉਹਨਾਂ ਦੀ ਬਾਤ ਨਾ ਪੁੱਛੀ ਤਾਂ ਦਾਰ-ਜੀ ਦਾ ਵਿਸ਼ਵਾਸ ਵੀ ਡਗਮਗਾਉਣ ਲੱਗ ਪਿਆ। ਉਹ ਵਾਰੀ-ਵਾਰੀ ਉਠ ਕੇ ਕਾਊਂਟਰ ਉੱਤੇ ਬੈਠੇ ਪੁਲਿਸ ਕਾਂਸਟੇਬਲ ਨੂੰ ਰਿਪੋਰਟ ਲਿਖਣ ਲਈ ਕਹਿ ਰਹੇ ਸਨ। ਪਰ ਉਹ ਹਰ ਵਾਰੀ ਉਹਨਾਂ ਨੂੰ ਜ਼ਰਾ ਇੰਤਜ਼ਾਰ ਕਰਨ ਲਈ ਆਖ ਦੇਂਦਾ ਸੀ। ਜਦੋਂ ਦਾਰ-ਜੀ ਨੇ ਦੇਖਿਆ ਕਿ ਉਹਨਾਂ ਤੋਂ ਬਾਅਦ ਆਈ ਇਕ ਚਿੱਟੀ ਬਰਤਾਨਵੀ ਔਰਤ ਦੀ ਰਿਪੋਰਟ ਉਹਨਾਂ ਸਾਹਮਣੇ ਹੀ ਉਹਨਾਂ ਤੋਂ ਪਹਿਲਾਂ ਲਿਖ ਲਈ ਗਈ ਹੈ ਤਾਂ ਉਹਨਾਂ ਦਾ ਬਰਦਾਸ਼ਤ ਦਾ ਮਾਦਾ ਮੁੱਕ ਗਿਆ। ਉਹ ਉਠ ਕੇ ਅੰਗਰੇਜ਼ੀ ਵਿਚ ਲਗਭਗ ਚੀਕ ਹੀ ਪਏ ਸਨ, “ਆਫ਼ਿਸਰ, ਤੁਹਾਨੂੰ ਇੰਜ ਸਾਡੀ ਬੇਇੱਜ਼ਤੀ ਕਰਨ ਦਾ ਕੋਈ ਅਧਿਕਾਰ ਨਹੀਂ। ਅਸੀਂ ਵੀ ਇਸ ਦੇਸ਼ ਦੇ ਟੈਕਸ ਅਦਾਅ ਕਰਨ ਵਾਲੇ ਬਾਇੱਜ਼ਤ ਸ਼ਹਿਰੀ ਆਂ। ਮੈਂ ਵੀ ਕਾਊਂਸਿਲ ਵਿਚ ਉੱਚੇ ਪਦ 'ਤੇ ਕੰਮ ਕਰਦਾ ਵਾਂ। ਮੈਨੂੰ ਤੁਹਾਡੀ ਰਿਪੋਰਟ ਤੁਹਾਡੇ ਵੱਡੇ ਅਧਿਕਾਰੀਆਂ ਕੋਲ ਕਰਨੀ ਪਏਗੀ। ਤੁਹਾਡਾ ਇਹ ਰੇਸਿਸਟ ਐਟਿਟਯੂਡ ਹੀ ਪੁਲਿਸ ਦੀ ਬਦਨਾਮੀ ਦਾ ਬਾਯਸ (ਕਾਰਣ) ਏ।”
ਸਾਹਮਣੇ ਬੈਠਾ ਅਧਿਕਾਰੀ ਦਾਰ-ਜੀ ਦੀ ਅਚਾਨਕ ਫਿਟਕਾਰ ਤੋਂ ਘਬਰਾ ਗਿਆ। ਉਸਨੂੰ ਕਿਸੇ ਵੀ ਭਾਰਤੀ ਮੂਲ ਦੇ ਆਦਮੀ ਤੋਂ ਅਜਿਹੀ ਭਾਸ਼ਾ ਦੀ ਉਮੀਦ ਨਹੀਂ ਸੀ। ਉਹ ਦਾਰ-ਜੀ ਦੀ ਪੁਜੀਸ਼ਨ ਦੀ ਇੱਜ਼ਤ ਕਰਦਾ ਹੋਇਆ ਰਿਪੋਰਟ ਲਿਖਣ ਲੱਗਾ। ਮੈਂਡੀ ਦੇ ਮੈਡੀਕਲ ਚੈਕਅੱਪ ਲਈ ਉਸਨੂੰ ਹਸਪਤਾਲ ਭੇਜਿਆ ਗਿਆ। ਮੈਂਡੀ ਚੁੱਪ ਸੀ, ਬੀਜੀ ਪ੍ਰੇਸ਼ਾਨ ਤੇ ਦਾਰ-ਜੀ ਅੱਗੇ ਦੀ ਸੋਚ ਰਹੇ ਸਨ।
ਪੁਲਿਸ ਕੇਸ ਦਰਜ ਕਰ ਲਿਆ ਗਿਆ। ਹਸਪਤਾਲ ਦੀ ਰਿਪੋਰਟ ਨੇ ਸਾਫ ਕਰ ਦਿੱਤਾ ਸੀ ਕਿ ਇਹ ਕਰਤੂਤ ਜੇਮਸ ਦੀ ਹੀ ਹੈ। ਜੇਮਸ ਦਾ ਉਹੀ ਪੁਰਾਣਾ ਰਾਗ ਸੀ ਕਿ ਮੈਂਡੀ ਨੇ ਆਪਣੀ ਮਰਜ਼ੀ ਨਾਲ ਉਸ ਨਾਲ ਸੰਭੋਗ ਕੀਤਾ ਹੈ। ਕੇਸ ਅਦਾਲਤ ਪਹੁੰਚਣ ਵਾਲਾ ਸੀ। ਪੇਸ਼ੀ ਦੀ ਪਹਿਲੀ ਤਾਰੀਖ਼ ਵੀ ਨਿਸ਼ਚਿਤ ਹੋ ਗਈ ਸੀ।
ਮੈਂਡੀ ਲਈ ਹਾਉਂਸਲੋ, ਬਾਥ ਰੋਡ, ਹਾਈ ਸਟਰੀਟ ਸਭਨਾਂ ਦੇ ਅਰਥ ਬਦਲ ਗਏ ਸਨ। ਹੀਥ੍ਰੋਂ ਹਵਾਈ ਅੱਡੇ 'ਤੇ ਉਤਰਨ ਵਾਲੇ ਜਹਾਜ਼ ਅੱਜ ਵੀ ਉੱਥੋਂ ਨੀਵੇਂ ਹੋ ਕੇ ਲੰਘਦੇ ਸਨ...ਪਰ ਉਹਨਾਂ ਨੂੰ ਦੇਖ ਕੇ ਹੁਣ ਉਸਦੇ ਦਿਲ ਵਿਚ ਕੁਝ ਵੀ ਨਹੀਂ ਹੁੰਦਾ—ਦਿਲ ਧੜਕਦਾ ਹੈ ਪਰ ਜਿਊਂਦਾ ਮਹਿਸੂਸ ਨਹੀਂ ਹੁੰਦਾ। ਸੜਕ 'ਤੇ, ਸਟੋਰ ਵਿਚ, ਰੁੱਖਾਂ ਦੇ ਝੁੰਡ ਹੇਠ ਨੌਜਵਾਨ ਅੱਜ ਵੀ ਚੁੰਮਣ ਲੈਂਦੇ ਦਿਖਾਈ ਦਿੰਦੇ ਹਨ ਪਰ ਮੈਂਡੀ ਉੱਤੇ ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਮੈਂਡੀ ਦਾ ਚਹਿਕਣਾ ਬੰਦ ਹੋ ਗਿਆ ਸੀ। ਹੁਣ ਉਹ ਡਾਇਨਿੰਗ ਟੇਬਲ ਉੱਤੇ ਵੀ ਨਹੀਂ ਸੀ ਆਉਂਦੀ। ਬਸ ਆਪਣੇ ਕਮਰੇ ਵਿਚ ਚੁੱਪ-ਚੁਪੀਤੀ ਖਾਣਾ ਖਾ ਲੈਂਦੀ ਸੀ...।
ਸਮਾਂ ਬੀਤ ਰਿਹਾ ਸੀ ਪਰ ਮੈਂਡੀ ਚੁੱਪ ਸੀ, ਪ੍ਰੇਸ਼ਾਨ ਸੀ, ਕੁਝ ਸੁਝਦਾ ਹੀ ਨਹੀਂ ਸੀ ਉਸਨੂੰ। ਅੱਜ ਬੜੇ ਦਿਨਾਂ ਬਾਅਦ ਉਸਨੇ ਕੁਝ ਸੋਚਿਆ, 'ਜੇ ਜੇਮਸ ਉਸਨੂੰ ਪਿਆਰ ਨਾਲ ਇਹ ਸਭ ਕਰਨ ਲਈ ਕਹਿੰਦਾ ਤਾਂ ਉਹ ਕਿੰਨੀ ਆਸਾਨੀ ਨਾਲ ਤਿਆਰ ਹੋ ਜਾਂਦੀ। ਉਹ ਤਾਂ ਉਹਨਾਂ ਪਲਾਂ ਦੀ ਕਦੇ ਤੋਂ ਉਡੀਕ ਕਰ ਰਹੀ ਸੀ।...ਫੇਰ ਜੇਮਸ ਨੇ ਇੰਜ ਕਿਉਂ ਕੀਤਾ? ਕੀ ਇਹ ਉਸਦੇ ਪਿਆਰ ਕਰਨ ਦਾ ਅੰਦਾਜ਼ ਹੈ?...ਪਰ ਉਸਦੇ ਵਤੀਰੇ ਵਿਚ ਪਿਆਰ ਤਾਂ ਕਿਤੇ ਵੀ ਮਹਿਸੂਸ ਨਹੀਂ ਸੀ ਹੋ ਰਿਹਾ। ਉਹ ਤਾਂ ਇਕ ਵਹਿਸ਼ੀ ਦਰਿੰਦੇ ਵਾਂਗ ਸਲੂਕ ਕਰ ਰਿਹਾ ਸੀ। ਉਸ ਵਿਚ ਸਿਰਫ ਵਾਸਨਾ ਸੀ, ਜੇ ਪ੍ਰੇਮ ਹੁੰਦਾ ਤਾਂ ਉਹ ਮਹਿਸੂਸ ਨਾ ਕਰਦੀ! ਕਿਤੇ ਉਹ ਜੇਮਸ ਦੇ ਪ੍ਰਤੀ ਜ਼ਿਆਦਾ ਕਠੋਰ ਤਾਂ ਨਹੀਂ ਹੋ ਗਈ? ਕਿਤੇ ਉਹ ਆਪਣੇ ਮਾਤਾ-ਪਿਤਾ ਦੇ ਕਹਿਣੇ ਵਿਚ ਆ ਕੇ ਇਹ ਕਦਮ ਤਾਂ ਨਹੀਂ ਚੁੱਕ ਗਈ?...ਨਹੀਂ, ਇੰਜ ਨਹੀਂ। ਜਦੋਂ ਉਹ ਖ਼ੁਦ ਜਾਨਵਰ ਨਹੀਂ ਤਾਂ ਕਿਸੇ ਜਾਨਵਰ ਨੂੰ ਆਪਣੀ ਇੱਜ਼ਤ ਨਾਲ ਕਿਉਂ ਖੇਡਣ ਦਵੇ?'
ਕਮਲਜੀਤ ਲਈ ਆਪਣੇ ਆਪ ਨੂੰ ਰੋਕਣਾ ਬੜਾ ਔਖਾ ਹੋਇਆ ਹੋਇਆ ਸੀ। ਦਾਰ-ਜੀ ਨੂੰ ਬੜੀ ਮਿਹਨਤ ਕਰਨੀ ਪਈ ਉਸਨੂੰ ਸਮਝਾਉਣ ਲਈ, “ਕਾਕਾ, ਤੂੰ ਮੇਰੀ ਗੱਲ ਸੁਣ। ਜੇ ਤੂੰ ਉਸਨੂੰ ਮਾਰ ਦਵੇਂਗਾ, ਤੇ ਹੋਵੇਗਾ ਕੀ? ਤੈਨੂੰ ਵੀ ਜੇਲ੍ਹ ਹੋ ਜਾਵੇਗੀ! ਬਸ ਇਹੀ ਨਾ। ਪੁੱਤਰ ਤੂੰ ਦੇਖੀਂ, ਜੇਮਸ ਨੂੰ ਘੱਟੋਘੱਟ ਸਤ ਸਾਲ ਦੀ ਜੇਲ੍ਹ ਨਾ ਕਰਵਾਈ ਤਾਂ ਮੇਰਾ ਨਾਂ ਬਦਲ ਦਵੀਂ। ਉਸਦੇ ਨਾਂਅ ਅੱਗੇ ਸਾਰੀ ਉਮਰ ਲਈ ਲਿਖ ਦਿੱਤਾ ਜਾਵੇਗਾ ਕਿ ਓਹ ਕਰਿਮੀਨਲ ਹੈ।”
“ਦਾਰ-ਜੀ, ਇਟ ਇਜ਼ ਥਿੰਕਿੰਗ ਲਾਈਕ ਯੂਅਰਜ਼...ਜਿਹੜੀ ਕਿ ਏਹਨਾਂ ਗੋਰਿਆਂ ਨੂੰ ਜ਼ਿਆਦਾ ਸ਼ਹਿ ਦੇਂਦੀ ਏ। ਦੇ ਮਸਟ ਨੋ ਦੈਟ ਦੇ ਕੈਨਨਾਟ ਟੇਕ ਅਸ ਫ਼ਾਰ ਗ੍ਰਾਂਟੇਡ।”
“ਕਾਕਾ ਯਾਦ ਰੱਖੋ ਕਿ ਗੁੱਸੇ ਨਾਲ ਕਦੀ ਕੋਈ ਗੱਲ ਹੱਲ ਨਹੀਂ ਹੋਂਦੀ। ਬਸ ਆਪਣੀ ਭੈਣ ਦਾ ਧਿਆਨ ਰੱਖੋ। ਮਾਂ ਦੇ ਦੁੱਖ ਨੂੰ ਘੱਟ ਕਰੋ। ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ।”
ਮੈਂਡੀ ਫੇਰ ਸੋਚਾਂ ਵਿਚ ਡੁੱਬ ਗਈ ਹੈ। ਜੇਮਸ ਹੁਣ ਵੀ ਉਸਦੇ ਸੁਪਨਿਆਂ ਵਿਚ ਆਉਂਦਾ ਹੈ, ਉਸਨੂੰ ਪ੍ਰੇਸ਼ਾਨ ਕਰਦਾ ਹੈ, ਉਸ ਨਾਲ ਗੱਲਾਂ ਕਰਦਾ ਹੈ। ਮੈਂਡੀ ਪ੍ਰੇਸ਼ਾਨ ਇਸ ਲਈ ਵੀ ਹੈ ਕਿ ਅਸਲ ਜ਼ਿੰਦਗੀ ਵਿਚ ਤਾਂ ਜੇਮਸ ਨੇ ਕਦੀ ਉਸ ਨਾਲ ਗੱਲ ਨਹੀਂ ਕੀਤੀ। ਉਸਦੀ ਆਵਾਜ਼ ਵਿਚ ਬਸ ਉਸਦੀ ਇਕੋ ਗੱਲ ਮੈਂਡੀ ਦੇ ਦਿਲ ਉੱਤੇ ਛਾਈ ਹੋਈ ਹੈ...'ਲੁੱਕ ਮੈਂਡੀ, ਕਿਸੇ ਨੂੰ ਕੁਛ ਨਾ ਦੱਸੀਂ...ਵਰਨਾ ਮੈਥੋਂ ਬੁਰਾ ਕੋਈ ਨਹੀਂ ਹੋਏਗਾ।' ਇਹ ਆਵਾਜ਼ ਵਾਰੀ-ਵਾਰੀ ਮੈਂਡੀ ਨੂੰ ਝੰਜੋੜਦੀ ਰਹਿੰਦੀ ਹੈ। ਜੇ ਇਸਦੀ ਜਗ੍ਹਾ ਸਿਰਫ ਏਨਾ ਹੀ ਕਹਿ ਦੇਂਦਾ...'ਮੈਂਡੀ ਆਈ ਲਵ ਯੂ।' ਤਾਂ, ਮੈਂਡੀ ਤਾਂ ਉਸ ਉੱਤੋਂ ਵਾਰੀ-ਘੋਲੀ ਜਾਂਦੀ। 'ਜੇ ਉਹ ਹੁਣ ਵੀ ਮੈਨੂੰ ਮਨਾਉਣ ਲਈ ਆ ਜਾਏ ਤੇ ਮੈਥੋਂ ਪਿਆਰ ਕਰਨ ਦੀ ਇਜਾਜ਼ਤ ਮੰਗੇ ਤਾਂ ਕੀ ਮੈਂ ਨਾਂਹ ਕਰ ਸਕਾਂਗੀ?' ਕੀ ਸੋਚਾਂ ਦਾ ਕੋਈ ਅੰਤ ਨਹੀਂ ਹੁੰਦਾ?
ਜ਼ਰੂਰ ਹੁੰਦਾ ਹੋਏਗਾ। ਪਰ ਮੈਂਡੀ ਤਾਂ ਸੋਚ-ਸਮੁੰਦਰ ਵਿਚੋਂ ਬਾਹਰ ਆਉਣਾ ਹੀ ਨਹੀਂ ਚਾਹੁੰਦੀ—ਸੁਪਨਿਆਂ ਦੀ ਦੁਨੀਆਂ ਉਹਨੂੰ ਵਧੇਰੇ ਹੁਸੀਨ ਲੱਗਦੀ ਹੈ। ਉਸਨੂੰ ਹੁਣ ਵੀ ਉਮੀਦ ਹੈ ਕਿ ਸ਼ਾਇਦ ਜੇਮਸ ਉਸ ਤੋਂ ਮੁਆਫ਼ੀ ਮੰਗਣ ਆਏਗਾ। ਡਾਇਨਿੰਗ ਟੇਬਲ 'ਤੇ ਉਹ ਹੁਣ ਵੀ ਉਸ ਕੁਰਸੀ ਵੱਲ ਵਿੰਹਦੀ ਰਹਿੰਦੀ ਹੈ ਜਿਸ ਉੱਤੇ ਬੈਠ ਕੇ ਜੇਮਸ ਖਾਣਾ ਖਾਂਦਾ ਹੁੰਦਾ ਸੀ।
ਅੱਜ ਤਿੰਨ ਮਹੀਨੇ ਬਾਅਦ ਉਸ ਤੋਂ ਖਾਣਾ ਨਹੀਂ ਖਾਧਾ ਗਿਆ; ਜੀਅ ਕੱਚਾ-ਕੱਚਾ ਹੋ ਰਿਹਾ ਸੀ।
ਸਵੇਰੇ ਬਿਨਾਂ ਖਾਧੇ ਹੀ ਵੱਤ ਆਉਣ ਲੱਗ ਪਏ। ਬੀਜੀ ਨੇ ਦੇਖਿਆ। ਉਹਨਾਂ ਦਾ ਰੰਗ ਉਡ ਗਿਆ। ਝੱਟ ਕੁੜੀ ਨੂੰ ਕੁਰਸੀ 'ਤੇ ਬਿਠਾਇਆ, ਉਸਦੀ ਪਿੱਠ ਮਲੀ। “ਬੇਟਾ ਕੈਸੀ ਹੈ ਤਬੀਅਤ?...ਜੀਅ ਕਿੰਜ ਹੋ ਰਿਹੈ?” ਬੀਜੀ ਰਸੋਈ ਵਿਚ ਗਏ ਤੇ ਉੱਥੋਂ ਨਿੰਬੂ ਦਾ ਖੱਟਾ-ਮਿੱਠਾ ਆਚਾਰ ਲੈ ਆਏ। “ਥੋੜ੍ਹਾ ਖਾ ਲੈ ਬੇਟਾ, ਤਬੀਅਤ ਸੰਭਲ ਜਾਵੇਗੀ।” ਬੀਜੀ ਨੇ ਦੇਖਿਆ ਕਿ ਆਚਾਰ ਚੱਟਣ ਨਾਲ ਮੈਂਡੀ ਠੀਕ ਮਹਿਸੂਸ ਕਰਨ ਲੱਗ ਪਈ ਸੀ। “ਵਾਹਿਗੁਰੂ ਤੂੰ ਅਹਿ ਕੀ ਕਰ ਦਿੱਤਾ?”
ਰਾਤ ਦੇ ਖਾਣੇ ਪਿੱਛੋਂ ਬੀਜੀ ਨੇ ਦਾਰ-ਜੀ ਨਾਲ ਗੱਲ ਸ਼ੁਰੂ ਕੀਤੀ, “ਜੀ ਤੁਹਾਡੇ ਨਾਲ ਇਕ ਗੱਲ ਕਰਨੀ ਸੀ।”
“ਬੋਲ ਗੁਰਪ੍ਰੀਤ, ਕੀ ਹੋਇਆ?”
“ਜੋ ਨਹੀਂ ਹੋਣਾ ਚਾਹੀਦਾ ਸੀ, ਉਹ ਹੋ ਗਿਆ ਜੇ।”
“ਬੁਝਾਰਤਾਂ ਨਾ ਪਾ, ਸਿੱਧੀ ਸਿੱਧੀ ਗੱਲ ਕਰ।”
“ਕੁੜੀ ਨੂੰ ਉਲਟੀਆਂ ਆ'ਣ ਲੱਗ ਪਈਆਂ ਨੇ, ਤੇ ਖੱਟਾ ਖਾਣ ਨੂੰ ਜੀਅ ਕਰਨ ਲੱਗ ਪਿਆ ਜੇ।”
“ਫਟਾਫਟ ਅਬਾਰਸ਼ਨ ਕਰਵਾਨਾਂ ਪਏਗਾ। ਸਾਡੀ ਤਾਂ ਪਹਿਲਾਂ ਹੀ ਨੱਕ ਵੱਢੀ ਗਈ ਹੈ। ਹੁਣ ਜੇ ਬੱਚੇ ਦੀ ਖਬਰ ਵੀ ਫੈਲ ਗਈ, ਤਾਂ ਕਿਸੇ ਨੂੰ ਮੂੰਹ ਦਿਖਾ'ਣ ਦੇ ਕਾਬਲ ਨਹੀਂ ਰਹਾਂਗੇ।...ਤੂੰ ਜ਼ਰਾ ਮਨਦੀਪ ਨਾਲ ਗੱਲ ਕਰਕੇ ਵੇਖ। ਕੀ ਕਹਿੰਦੀ ਜੇ?”
ਮਨਦੀਪ ਆਪਣੀ ਹਾਲਤ ਵੱਲੋਂ ਅਣਜਾਣ ਸੁੱਤੀ ਪਈ ਸੀ। ਮਾਂ-ਪਿਓ ਦੀ ਨੀਂਦ ਸਿਰੇ ਤੋਂ ਗ਼ਾਇਬ ਸੀ। ਮਾਂ ਸਵੇਰ ਦੇ ਇੰਤਜ਼ਾਰ ਵਿਚ ਅੱਖਾਂ ਜਪੁਜੀ ਸਾਹਬ ਦੇ ਗੁਟਕੇ 'ਤੇ ਗੱਡੀ ਬੈਠੀ ਰਹੀ ਤੇ ਪਿਓ ਕੁਰਸੀ 'ਤੇ ਬੈਠਾ ਅਗਲੀ ਰਣਨੀਤੀ ਘੜਦਾ ਰਿਹਾ। ਮਨਦੀਪ ਦੀ ਚਿੰਤਾ ਨਾ ਜੇਮਸ ਨੂੰ ਸੀ, ਨਾ ਦਾਰ-ਜੀ ਤੇ ਬੀਜੀ ਨੂੰ। ਸਾਰਿਆਂ ਨੂੰ ਆਪੁ-ਆਪਣੀ ਚਿੰਤਾ ਸੀ।
ਸਵੇਰ ਦੇ ਆਉਣ ਦੇ ਨਾਲ ਹੀ ਬੀਜੀ ਮਨਦੀਪ ਦੇ ਆਸ-ਪਾਸ ਘੁੰਮਣ ਲੱਗੇ। “ਬੱਚੀਏ ਤੇਰੇ ਮੈਂਸਿਜ਼ ਆਇਆਂ ਕਾਫੀ ਦਿਨ ਹੋ ਗਏ। ਕੋਈ ਤਕਲੀਫ਼ ਤਾਂ ਨਹੀਂ ਨਾ ਤੈਨੂੰ?”
“ਹਾਂ ਬੀਜੀ, ਦੋ ਤਿੰਨ ਮਹੀਨਿਆਂ ਦੇ ਨਹੀਂ ਆਏ। ਮੈਂ ਕਦੀ ਸੋਚਿਆ ਈ ਨਹੀਂ ਸੀ।”
“ਦੇਖ ਧੀਏ, ਇਕ ਗੱਲ ਚੰਗੀ ਤਰ੍ਹਾਂ ਸਮਝ ਲੈ ਕਿ ਅਹਿ ਕੋਈ ਛੋਟੀ-ਮੋਟੀ ਗੱਲ ਨਹੀਂ। ਤੂੰ ਹਾਲੇ ਬੱਚਾ ਪੈਦਾ ਕਰਨ ਦੇ ਕਾਬਲ ਨਹੀਂ। ਹਾਲੇ ਤੇਰਾ ਵਿਆਹ ਕਰਨਾਂ ਏਂ ਅਸੀਂ।...ਪੁੱਤਰ ਇਹ ਹਮਲ ਤਾਂ ਤੈਨੂੰ ਗਿਰਾਉਣਾ ਹੀ ਪਵੇਗਾ।”
ਸੁੰਨ ਖੜ੍ਹੀ ਰਹਿ ਗਈ ਸੀ ਮਨਦੀਪ।...ਜੇਮਸ ਨਾਲ ਅਣਚਾਹਿਆ ਮਿਲਣ ਵੀ ਆਪਣੀ ਯਾਦ ਦੀ ਨਿਸ਼ਾਨੀ ਉਸਦੇ ਪੇਟ ਵਿਚ ਛੱਡ ਗਿਆ ਹੈ। “ਆਈ ਹੇਟ ਦੈਟ ਬਾਸਟਡ।” ਮਨਦੀਪ ਦੇ ਅੰਦਰੋਂ ਜੇਮਸ ਲਈ ਬਸ ਗਾਲ੍ਹਾਂ ਹੀ ਨਿਕਲ ਰਹੀਆਂ ਸਨ। ਉਸਨੇ ਬੀਜੀ ਦੀ ਕਿਸੇ ਗੱਲ ਦਾ ਵੀ ਜਵਾਬ ਨਹੀਂ ਸੀ ਦਿੱਤਾ। ਬਸ ਅੱਖਾਂ ਪਰਲ-ਪਰਲ ਵਗਦੀਆਂ ਰਹੀਆਂ; ਮੂੰਹੋਂ ਇਕ ਸ਼ਬਦ ਵੀ ਨਾ ਨਿਕਲਿਆ।
ਬੀਜੀ ਆਪਣੇ ਦੋਸਤਾਂ ਤੋਂ ਪਤਾ ਕਰਨ ਦੇ ਯਤਨ ਕਰਦੇ ਰਹੇ ਕਿ ਕਿਸੇ ਅਜਿਹੇ ਕਲੀਨਿਕ ਦਾ ਪਤਾ ਲੱਗ ਜਾਏ, ਜਿੱਥੇ ਜਾ ਕੇ ਚੁੱਪਚਾਪ ਅਬਾਰਸ਼ਨ ਕਰਵਾ ਦਿੱਤੀ ਜਾਏ। ਉਹਨਾਂ ਦੀ ਭੁੱਖ ਤੇ ਨੀਂਦ ਦੋਵੇਂ ਉਡ-ਪੁੱਡ ਗਈਆਂ ਸਨ। ਮੈਂਡੀ ਕੋਈ ਫੈਸਲਾ ਨਹੀਂ ਕਰ ਸਕੀ ਕਿ ਅਬਾਰਸ਼ਨ ਕਰਵਾਏ ਜਾਂ ਨਾ। ਮੇਰੇ ਪੇਟ ਵਿਚ ਜਿਹੜਾ ਬੱਚਾ ਪਲ ਰਿਹਾ ਹੈ ਉਹ ਜੇਮਸ ਦਾ ਹੈ, ਜਾਂ ਮੇਰਾ। ਬੜੀ ਅਹੁਜੜ ਵਿਚ ਸੀ ਉਹ।
ਜੇਮਸ ਦੇ ਪ੍ਰਤੀ ਉਸਦੀ ਨਫ਼ਤਰ ਵਧਦੀ ਜਾ ਰਹੀ ਸੀ। ਜੇ ਜੇਮਸ ਨੇ ਉਸ ਨਾਲ ਵਿਆਹ ਕੀਤਾ ਹੁੰਦਾ ਤੇ ਉਹ ਗਰਭਵਤੀ ਹੁੰਦੀ, ਤਾਂ ਦੋਵੇਂ ਗਰਭ ਠਹਿਰਣ ਤੋਂ ਪਹਿਲਾਂ ਤੇ ਬਾਅਦ ਵਿਚ ਬੱਚੇ ਬਾਰੇ ਕਿੰਨੀਆਂ ਗੱਲਾਂ ਕਰਦੇ। ਉਸ ਹੋਣ ਵਾਲੇ ਬੱਚੇ ਦੇ ਭਵਿੱਖ ਦੀ ਚਰਚਾ ਕਰਦੇ। ਫੇਰ ਇਹ ਬੱਚਾ ਅਣਚਾਹਿਆ ਬੱਚਾ ਨਾ ਹੁੰਦਾ। ਇਸ ਬੱਚੇ ਦੇ ਮਾਤਾ-ਪਿਤਾ ਬਣਨ ਦੀ ਚਾਹਤ ਇਸ ਬੱਚੇ ਲਈ ਪੈਦਾ ਹੋਣ ਤੋਂ ਪਹਿਲਾਂ ਹੀ ਉਸ ਲਈ ਕਿੰਨੀਆਂ ਦੁਆਵਾਂ ਤੇ ਸ਼ੁਭਕਾਮਨਾਵਾਂ ਦਾ ਮਾਹੌਲ ਸਿਰਜ ਦੇਂਦੇ। ਨਾਨਾ-ਨਾਨੀ ਕਿੰਨੀਆਂ ਰਸਮਾਂ ਕਰਦੇ!...ਗੁਰਦੁਆਰੇ ਲੈ ਜਾਂਦੇ, ਰਿਸ਼ਤੇਦਾਰ ਗੋਦ ਭਰਾਈ ਲਈ ਆਉਂਦੇ। ਅੱਜ ਸਭ ਕੁਝ ਕਿੰਨਾ ਉਲਟ ਹੈ; ਪੂਰੀ ਤਰ੍ਹਾਂ ਗਲਤ। ਮੈਂਡੀ ਲਈ ਜੇਮਸ ਅੱਜ ਸਭ ਤੋਂ ਵੱਡਾ ਦੋਖੀ ਹੈ...ਉਸਦਾ ਵੀ ਤੇ ਉਸਦੇ ਹੋਣ ਵਾਲੇ ਬੱਚੇ ਦਾ ਵੀ।
ਬੀਜੀ ਨੂੰ ਮਨਾਉਂਦਿਆਂ ਕਈ ਦਿਨ ਹੋ ਗਏ। ਹਾਲਾਂਕਿ ਮੈਂਡੀ ਦਾ ਪੇਟ ਅਜੇ ਬਹੁਤਾ ਵੱਡਾ ਨਹੀਂ ਦਿਖਾਈ ਦੇਂਦਾ, ਫੇਰ ਵੀ ਬੀਜੀ ਦੀ ਨਿਗਾਹ ਹਰ ਵੇਲੇ ਉੱਥੇ ਹੀ ਰਹਿੰਦੀ ਹੈ। ਅਖ਼ੀਰ ਮੈਂਡੀ ਡਾਕਟਰ ਨਾਲ ਮਿਲਣ ਲਈ ਰਾਜ਼ੀ ਹੋ ਗਈ। ਡਾਕਟਰ ਨੇ ਦੇਖਿਆ, ਟੈਸਟ ਕੀਤੇ। “ਮਿਸੇਜ ਬਰਾਰ, ਆਈ ਐਮ ਸਾਰੀ, ਹੁਣ ਬੜੀ ਦੇਰ ਹੋ ਚੁੱਕੀ...ਇਸ ਸਟੇਜ ਵਿਚ ਸਰਜਰੀ ਕਰਨ ਨਾਲ ਬੱਚੇ ਦੇ ਨਾਲ ਨਾਲ ਮਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਹੁਣ ਤਾਂ ਇਹ ਬੱਚਾ ਲੈਣਾ ਹੀ ਪਏਗਾ।”
ਹਾਰ ਕੇ ਬੈਠ ਗਏ ਸੀ ਬੀਜੀ। ਅੱਜ ਅਦਾਲਤ ਵਿਚ ਜੇਮਸ ਦਾ ਫੈਸਲਾ ਹੋਣ ਵਾਲਾ ਹੈ। ਮੈਂਡੀ ਨੂੰ ਹੁਣ ਵੀ ਉਮੀਦ ਹੈ ਕਿ ਜੇਮਸ ਉਸ ਤੋਂ ਮੁਆਫੀ ਮੰਗ ਲਏਗਾ ਤੇ ਸਭ ਕੁਝ ਠੀਕ-ਠਾਕ ਹੋ ਜਾਏਗਾ। ਪਰ ਜੇ ਜੇਮਸ ਨੇ ਮੁਆਫ਼ੀ ਹੀ ਮੰਗਣੀ ਹੁੰਦੀ ਤਾਂ ਹਾਲਾਤ ਏਥੇ ਤਕ ਪਹੁੰਚਦੇ ਹੀ ਕਿਉਂ?
ਬੀਜੀ ਆਪਣੀ ਬੇਟੀ ਨੂੰ ਲੈ ਕੇ ਆਖ਼ਰੀ ਮਹੀਨੇ ਲਈ ਬਰਮਿੰਗਮ ਵਿਚ ਆਪਣੀ ਇਕ ਸਹੇਲੀ ਦੇ ਘਰ ਰਹਿਣ ਲਈ ਚਲੇ ਗਏ।  ਚੰਚਲ ਖੰਨਾਂ ਉਹਨਾਂ ਦੀ ਬਚਪਨ ਦੀ ਸਹੇਲੀ ਸੀ। ਦੋਵਾਂ ਨੂੰ ਇਕ ਦੂਜੀ ਦੇ ਕਈ ਭੇਦ ਪਤਾ ਸਨ। ਫੇਰ ਇਹ ਕਿੰਜ ਗੁੱਝਾ ਰਹਿੰਦਾ! ਮੁੰਡਾ ਹੋਇਆ। ਮੈਂਡੀ ਨੇ ਉਸਨੂੰ ਦੇਖਣ ਤੋਂ ਵੀ ਇਨਕਾਰ ਕਰ ਦਿੱਤਾ। ਜੇਮਸ ਦੇ ਪ੍ਰਤੀ ਵਧਦੀ ਹੋਈ ਨਫ਼ਤਰ ਨੇ ਉਸਨੂੰ ਆਪਣੇ ਪੁੱਤਰ ਨਾਲੋਂ ਬੇਸਰੋਕਾਰ ਕਰ ਦਿੱਤਾ ਸੀ। ਚੰਚਲ ਨੇ ਹੀ ਮੁੰਡੇ ਦਾ ਨਾਂ ਰੱਖਿਆ...'ਪੈਰੀ।' ਚੰਚਲ ਕਹਿੰਦੀ, 'ਬੇਟਾ ਬੜਾ ਪਿਆਰਾ ਈ, ਇਨਬਿਨ ਪਿਆਰੇ ਮੋਹਨ ਵਰਗਾ...ਬ੍ਰਿਟੇਨ ਲਈ ਪੈਰੀ।'
ਪਰ ਮਨਦੀਪ ਦੇ ਮਨ ਵਿਚ ਉਸ ਬੱਚੇ ਲਈ ਨਾ ਤਾਂ ਕੋਈ ਅਪਣੱਤ ਸੀ ਤੇ ਨਾ ਹੀ ਕੋਈ ਮੋਹ। ਬੱਚਾ ਜੱਗ ਵਿਚ ਬੀਜੀ ਦੀ ਇੱਛਾ ਦੇ ਵਿਰੁੱਧ ਆਇਆ ਸੀ, ਪਰ ਉਸਦਾ ਸਾਰਾ ਕੰਮ ਬੀਜੀ ਨੂੰ ਹੀ ਕਰਨਾ ਪੈਂਦਾ ਸੀ। ਮਨਦੀਪ ਤਾਂ ਬਸ ਪਈ ਰਹਿੰਦੀ। ਉਠਦੀ, ਨਹਾਉਂਦੀ, ਰੋਟੀ ਖਾਂਦੀ ਤੇ ਬਸ, ਚੁੱਪਚਾਪ ਫੇਰ ਲੇਟ ਜਾਂਦੀ। ਜੇਮਸ ਨੂੰ ਹੋਈ ਸਜ਼ਾ ਵਿਚ ਵੀ ਉਸਨੂੰ ਕੋਈ ਰੁਚੀ ਨਹੀਂ ਸੀ। ਉਸ ਸਜ਼ਾ ਨੇ ਬੀਜੀ ਤੇ ਦਾਰ-ਜੀ ਨੂੰ ਜ਼ਰੂਰ ਤਸੱਲੀ ਦਿੱਤੀ, ਪਰ ਮਨਦੀਪ ਲਈ ਉਸਦਾ ਕੋਈ ਅਰਥ ਨਹੀਂ ਸੀ। ਹੁਣ ਜੇਮਸ ਦਾ ਜਿਊਂਦਾ ਹੋਣਾ ਜਾਂ ਨਾ ਹੋਣਾ ਮਨਦੀਪ ਲਈ ਕੋਈ ਅਰਥ ਹੀ ਨਹੀਂ ਸੀ ਰੱਖਦਾ। ਜੱਜ ਨੇ ਵੀ ਜੇਮਸ ਨੂੰ ਕਿਹਾ ਸੀ ਕਿ ਜੇ ਉਹ ਮਨਦੀਪ ਤੋਂ ਮੁਆਫ਼ੀ ਮੰਗ ਕੇ ਉਸ ਨੂੰ ਵਿਆਹ ਲਈ ਮਨਾਅ ਲਏ ਤਾਂ ਉਸਦੀ ਸਜ਼ਾ ਘੱਟ ਕੀਤੀ ਜਾ ਸਕਦੀ ਹੈ। ਜਾਂ ਫੇਰ ਕਮਿਊਨਿਟੀ ਸਰਵਿਸ ਨਾਲ ਹੀ ਸਜ਼ਾ ਪੂਰੀ ਹੋ ਸਕਦੀ ਹੈ। ਪਰ ਜੇਮਸ ਦੇ ਮਨ ਵਿਚ ਮਨਦੀਪ ਲਈ ਨਾ ਤਾਂ ਕੋਈ ਜਗ੍ਹਾ ਸੀ, ਨਾ ਚਾਹਤ।
ਪੈਰੀ ਦੇ ਰੋਣ, ਸੌਣ, ਖਾਣ ਜਾਂ ਪੀਣ ਵਿਚ ਮਨਦੀਪ ਨੂੰ ਕੋਈ ਦਿਲਚਸਪੀ ਨਹੀਂ ਸੀ। ਇਕ ਦਿਨ ਦਾਰ-ਜੀ ਨੇ ਵੀ ਕਹਿ ਦਿੱਤਾ ਸੀ, “ਅਹਿ ਮੁੰਡਾ ਸੋਹਣਾ ਡਾਢਾ ਏ!” ਪਰ ਮਨਦੀਪ ਨੇ ਕਦੀ ਕੋਈ ਧਿਆਨ ਨਹੀਂ ਸੀ ਦਿੱਤਾ।
ਸਾਰੇ ਪ੍ਰੇਸ਼ਾਨ ਸਨ ਕਿ ਅਜਿਹਾ ਕੀ ਕੀਤਾ ਜਾਏ ਜਿਸ ਨਾਲ ਮਨਦੀਪ ਦੇ ਮਨ ਵਿਚ ਜਿਊਣ ਦੀ ਇੱਛਾ ਮੁੜ ਪੈਦਾ ਹੋ ਜਾਏ।...ਸਾਰੇ, ਆਪਣੇ ਸਭੋ ਯਤਨਾਂ ਵਿਚ ਅਸਫਲ ਹੋ ਚੁੱਕੇ ਸਨ। ਪਰ ਅੱਜ ਜਦੋਂ ਪੈਰੀ ਬਸ ਡਿੱਗਣ ਹੀ ਲੱਗਿਆ ਸੀ ਤਾਂ ਮੈਂਡੀ ਨੇ ਨੱਸ ਕੇ ਉਸਨੂੰ ਆਪਣੀਆਂ ਬਾਹਾਂ ਵਿਚ ਬੋਚ ਲਿਆ...ਗੋਦੀ ਵਿਚ ਬਿਠਾ ਲਿਆ; ਆਪਣੀ ਹਿੱਕ ਨਾਲ ਲਾ ਲਿਆ। ਅੱਜ ਪਹਿਲੀ ਵਾਰੀ ਉਸਨੂੰ ਮਹਿਸੂਸ ਹੋਇਆ ਕਿ ਉਹ ਪੈਰੀ ਦੀ ਮਾਂ ਹੈ। ਪੈਰੀ ਦੀ ਸੰਭਾਵੀ ਸੱਟ ਨੇ ਉਸਦੇ ਅੰਦਰਲੀ ਔਰਤ ਨੂੰ ਜਿਵੇਂ ਮੁੜ ਜਿਊਂਦਾ ਕਰ ਦਿੱਤਾ ਸੀ।
ਤੇ ਪੈਰੀ ਨੇ ਮੁਸਕੁਰਾ ਕੇ ਮੈਂਡੀ ਦੀ ਗੱਲ੍ਹ ਨੂੰ ਚੁੰਮ ਲਿਆ ਸੀ।
--- --- ---

No comments:

Post a Comment