Saturday, May 14, 2011

08. ਗੰਦਗੀ ਦਾ ਬਕਸਾ

08. ਗੰਦਗੀ ਦਾ ਬਕਸਾ

ਲੰਦਨ ਵਿਚ ਬਰਫ਼ ਪੈਣੋ ਹਟਿਆਂ ਇਕ ਅਰਸਾ ਬੀਤ ਚੁੱਕਿਆ ਹੈ। ਇੱਥੋਂ ਦੇ ਵਾਸੀ ਹੁਣ ਬਰਫ਼ ਦੇਖਣ ਲਈ ਸਕਾਟਲੈਂਡ ਜਾਂ ਹੋਰ ਸ਼ਹਿਰਾਂ ਵੱਲ ਜਾਂਦੇ ਨੇ। ਸਫ਼ੈਦ ਕਰਿਸਮਿਸ ਤਾਂ ਬਸ ਕਿਤਾਬਾਂ, ਕਾਰਡਾਂ ਜਾਂ ਲੋਕਾਂ ਦੀਆਂ ਯਾਦਾਂ ਵਿਚ ਹੀ ਦਿਖਾਈ ਦੇਂਦੀ ਹੈ। ਪਰ ਜਯਾ ਤੇ ਦਲੀਪ ਦੇ ਰਿਸ਼ਤੇ ਵਿਚ ਜਿਹੜੀ ਠਾਰੀ ਵੱਸ ਚੁੱਕੀ ਹੈ, ਉਹ ਜੰਮੀ ਹੋਈ ਬਰਫ਼ ਨਾਲੋਂ ਕਿਤੇ ਵੱਧ ਯੱਖ ਤੇ ਭਿਆਨਕ ਹੈ।
ਅੱਜ ਲਗਭਗ ਦੋ ਵਰ੍ਹੇ ਹੋਣ ਵਾਲੇ ਹੋ ਗਏ ਨੇ...ਦਲੀਪ ਨੇ ਕੰਮ-ਧੰਦਾ ਬਿਲਕੁਲ ਛੱਡਿਆ ਹੋਇਆ ਹੈ...ਘਰੇ ਵੀ ਸ਼ਰਾਬ ਤੇ 'ਪੱਬ' ਵਿਚ ਵੀ ਸ਼ਰਾਬ। ਨਾਸ਼ਤੇ ਤੇ ਖਾਣੇ ਵਿਚ—ਬਸ, ਸ਼ਰਾਬ ਹੀ ਸ਼ਰਾਬ। ਅਜਿਹਾ ਕਿਹੜਾ ਦੁੱਖ ਹੈ ਦਲੀਪ ਨੂੰ? ਉਹ ਸਮਝਦਾ ਕਿਉਂ ਨਹੀਂ ਕਿ ਉਸਦੇ ਇਸ ਵਤੀਰੇ ਕਰਕੇ ਜਯਾ ਕਿੰਨੀ ਦੁੱਖੀ ਹੁੰਦੀ ਹੈ? ਉਹ ਵਿਚਾਰੀ ਸਾਰਾ ਦਿਨ ਨੌਕਰੀ ਕਰਦੀ ਹੈ, ਘਰ ਆ ਕੇ ਆਪਣੀ ਬੇਟੀ ਪਲਕ ਨੂੰ ਸਕੂਲ ਦਾ ਕੰਮ ਕਰਵਾਉਂਦੀ ਹੈ, ਤੇ ਰਾਤ ਦਾ ਖਾਣਾ ਬਣਾ ਕੇ ਦਲੀਪ ਨੂੰ ਉਡੀਕਦੀ ਰਹਿੰਦੀ ਹੈ। ਹੁਣ ਤਾਂ ਉਡੀਕਣਾ ਵੀ ਬੰਦ ਕਰ ਦਿੱਤਾ ਹੈ ਉਸਨੇ...।
'ਮੋਹ ਮਾਇਆ ਨੂੰ ਤਿਆਗ ਦਿਓ! ਜੀਵਨ ਦਾ ਇਕ ਉਦੇਸ਼ ਬਣਾ ਲਓ ਕਿ ਜਾਣ-ਬੁੱਝ ਕੇ ਕਦੀ ਕਿਸੇ ਵੀ ਪ੍ਰਾਣੀ ਦਾ ਦਿਲ ਨਹੀਂ ਦੁਖਾਓਗੇ। ਬਸ ਸਦ-ਕਰਮ ਕਰਦੇ ਰਹੋ। ਫਲ ਦੀ ਚਿੰਤਾ ਵਿਚ ਸਮੇਂ ਨੂੰ ਵਿਅਰਥ ਨਾ ਗੰਵਾਓ। ਕਾਮ ਤੇ ਵਾਸਨਾ ਦੇ ਪਿੱਛੇ ਦੌੜਨਾਂ ਛੱਡ ਦਿਓ। ਇਹ ਸਰੀਰ ਗੰਦਗੀ ਦਾ ਬਕਸਾ ਹੈ। ਪ੍ਰਕ੍ਰਿਤੀ ਨੇ ਭੋਗ-ਵਿਲਾਸ ਲਈ ਵਰਤੇ ਜਾ ਰਹੇ ਅੰਗਾਂ ਨੂੰ ਮਲ-ਮੂਤਰ ਨਿਕਾਸ ਦਾ ਰਸਤਾ ਬਣਾਇਆ ਹੈ। ਗੰਦਗੀ ਤੋਂ ਬਚੋ। ਨੇਕ ਕਰਮ ਕਰੋ। ਚੰਗੇ ਕੰਮ ਕਦੀ ਵਿਅਰਥ ਨਹੀਂ ਜਾਂਦੇ।' ਗੁਰੂਜੀ ਦੀਆਂ ਗੱਲਾਂ, ਜਯਾ ਦੇ ਦਿਮਾਗ਼ ਨੂੰ ਮਥਦੀਆਂ ਰਹਿੰਦੀਆਂ।
ਅੱਜਕਲ੍ਹ ਜਯਾ ਸਵਾਧਿਆਏ (ਵੇਦਾਂ ਦਾ ਨਿਯਮ ਅਨੁਸਾਰ, ਪੂਰਾ ਤੇ ਠੀਕ ਅਧਿਅਨ ਕਰਨ ਕਰਵਾਉਣ ਵਾਲੀ ਇਕ ਸੰਸਥਾ-ਅਨੁ.) ਦੇ ਸਤਸੰਗ ਵਿਚ ਚਲੀ ਜਾਂਦੀ ਹੈ। ਕੁਝ ਚਿਰ ਲਈ ਹੀ ਸਹੀ, ਸਰੀਰ ਤੇ ਉਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਤਾਂ ਛੁਟਕਾਰਾ ਮਿਲ ਜਾਂਦਾ ਹੈ। 'ਜੋ ਸੁਖ ਮੇਂ ਸੁਮਰਿਨ ਕਰੇ ਤੋ ਦੁਖ ਕਾਹੇ ਕੋ ਹੋਏ?' ਇਸ ਗੱਲ ਦਾ ਜਯਾ ਕੋਲ ਕੋਈ ਉਤਰ ਨਹੀਂ। ਜੀਵਨ ਦੀ ਗਤੀ ਸ਼ੁਰੂ-ਸ਼ੁਰੂ ਵਿਚ ਏਨੀ ਤੀਬਰ ਸੀ ਕਿ ਉਸ ਕੋਲ ਸਥੂਲ ਕਾਰਜਾਂ ਦੇ ਇਲਾਵਾ ਕਿਸੇ ਵੀ ਵਿਚਾਰ ਲਈ ਸਮਾਂ ਹੀ ਨਹੀਂ ਸੀ ਹੁੰਦਾ। ਸੂਖਮ ਨੂੰ ਜਾਣਨ ਤੇ ਸਮਝਣ ਦੀ ਵਿਹਲ ਹੀ ਕਿੱਥੇ ਸੀ?
ਰਾਜ ਹੀ ਇਕ ਅਜਿਹਾ ਆਦਮੀ ਹੈ ਜਿਸ ਨਾਲ ਉਹ ਹਰੇਕ ਵਿਸ਼ੇ ਉੱਤੇ ਗੱਲਬਾਤ ਕਰ ਲੈਂਦੀ ਹੈ। ਵਿਸ਼ਾ ਭਾਵੇਂ ਸੂਖਮ ਹੋਏ ਜਾਂ ਸਥੂਲ, ਰਾਜ ਕੋਲ ਪਹਿਲਾਂ ਹੀ ਸਾਰੇ ਪ੍ਰਸ਼ਨਾਂ ਦੇ ਉਤਰ ਮੌਜ਼ੂਦ ਹੁੰਦੇ ਨੇ। ਉਹ ਕਈ ਵਾਰੀ ਸੋਚਦੀ ਹੈ ਕਿ ਜੇ ਦਲੀਪ ਤੇ ਉਸ ਦੇ ਵਿਚਕਾਰ ਇਹ ਪਾੜਾ ਨਾ ਹੁੰਦਾ ਤਾਂ ਕੀ ਕਦੀ ਰਾਜ ਉਸਦੀ ਸੋਚ ਦੇ ਦਾਇਰੇ ਵਿਚ ਪੈਰ ਰੱਖ ਸਕਦਾ ਸੀ...? ਰਾਜ ਸ਼ਰਾਬ ਨਹੀਂ ਪੀਂਦਾ, ਮਾਸ ਨਹੀਂ ਖਾਂਦਾ, ਸਿਗਰਟ ਤੋਂ ਵੀ ਪ੍ਰਹੇਜ਼, ਫੇਰ ਜਰਦੇ-ਤਮਾਕੂ ਦਾ ਤਾਂ ਸਵਾਲ ਹੀ ਕੀ ਪੈਦਾ ਹੋਣਾ ਸੀ। ਕੀ ਇਹੀ ਕਾਰਨ ਹੈ ਕਿ ਜਯਾ ਰਾਜਨ ਨਾਲ ਥੋੜ੍ਹਾ ਸਮਾਂ ਬਿਤਾਅ ਕੇ ਜ਼ਰਾ ਹਲਕਾ ਮਹਿਸੂਸ ਕਰ ਲੈਂਦੀ ਹੈ? ਸਿਰਫ ਇਹੋ ਕਾਰਨ ਵੀ ਨਹੀਂ ਹੋ ਸਕਦਾ। ਜਯਾ ਹਮੇਸ਼ਾ ਹੀ ਦਲੀਪ ਵਿਚ ਇਕ ਮਿੱਤਰ ਲੱਭਦੀ ਰਹੀ, ਪਰ ਉਹ ਮਿੱਤਰ ਉਸਨੂੰ ਰਾਜ ਵਿਚ ਮਿਲਿਆ। ਪਤੀ ਪਤਨੀ ਇਕ ਦੂਜੇ ਦੇ ਮਿੱਤਰ ਬਣ ਕੇ ਕਿਉਂ ਨਹੀ ਰਹਿ ਸਕਦੇ? ਪਰ ਜਯੋਤੀ ਤੇ ਦਕਸ਼ਾ ਦੇ ਵੀ ਤਾਂ ਪ੍ਰੇਮ ਵਿਆਹ ਹੀ ਹੋਏ ਸਨ। ਜਦੋਂ ਵੀ ਉਹਨਾਂ ਨਾਲ ਗੱਲ ਕਰਦੀ ਹੈ ਤਾਂ ਉਹਨਾਂ ਦੇ ਮਨ ਵਿਚ ਵੀ ਇਹੋ ਪ੍ਰੇਸ਼ਾਨੀ ਦਿਖਾਈ ਦੇਂਦੀ ਹੈ ਕਿ ਵਿਆਹ ਪਿੱਛੋਂ ਉਹਨਾਂ ਦੇ ਪਤੀ, ਸਿਰਫ ਪਤੀ ਬਣ ਕੇ ਹੀ ਰਹਿ ਗਏ ਨੇ...ਮਿੱਤਰ ਪਤਾ ਨਹੀਂ ਕਿੱਧਰ ਗਵਾਚ ਗਏ ਸੀ। ਪਰ ਉਹਨਾਂ ਦੋਵਾਂ ਦੇ ਪਤੀ ਤਾਂ ਆਪੋ-ਆਪਣੇ ਕਾਰੋਬਾਰ ਵਿਚ ਰੁੱਝੇ ਹੋਏ ਹੋਣ ਕਰਕੇ ਆਪਣੀਆਂ ਪਤਨੀਆਂ ਦੇ ਮਿੱਤਰ ਨਹੀਂ ਬਣ ਸਕੇ। ਦਲੀਪ ਵਾਂਗ ਸਮੇਂ ਨੂੰ ਸ਼ਰਾਬ ਵਿਚ ਤਾਂ ਨਹੀਂ ਰੋੜ੍ਹਦੇ ਪਏ ਉਹ।
ਜਯਾ ਨੇ ਰਾਜ ਕੋਲੋਂ ਵੀ ਇਹੋ ਸਵਾਲ ਪੁੱਛਿਆ ਸੀ, 'ਰਾਜ, ਕੀ ਸੱਚਮੁੱਚ ਜਿਊਂਦੇ ਜੀਅ, ਮੋਹ-ਮਾਇਆ ਤੋਂ ਮੁਕਤੀ ਮਿਲ ਸਕਦੀ ਹੈ? ਤੂੰ ਕਿੰਜ, ਏਨੀ ਆਸਾਨੀ ਨਾਲ, ਆਪਣੇ ਜੀਵਨ ਦੀਆਂ ਲੋੜਾਂ ਨੂੰ ਏਨਾ ਸੀਮਿਤ ਕੀਤਾ ਹੋਇਆ ਏ?...ਤੇ ਮੈਂ ਕਿਉਂ ਇੰਜ ਨਹੀਂ ਕਰ ਸਕਦੀ?'
'ਜਯਾ, ਮੈਂ ਰਾਜੇ ਜਨਕ ਦੇ ਜੀਵਨ ਦੀ ਇਕ ਘਟਨਾ ਕਿਤੋਂ ਪੜ੍ਹੀ ਹੈ। ਉਹ ਰਾਜਾ ਹੁੰਦਾ ਹੋਇਆ ਵੀ ਇਕ ਸੰਨਿਆਸੀ ਸੀ। ਰਾਜਸ਼ਾਹੀ ਦੇ ਬਾਵਜੂਦ ਉਸਦੇ ਦਰਬਾਰ ਵਿਚ ਵਧੇਰੇ ਕਰਕੇ ਲੋਕਤੰਤਰ ਨਜ਼ਰ ਆਉਂਦਾ ਸੀ। ਉਸਦੇ ਦਰਬਾਰ ਵਿਚ ਕਿਸੇ ਨੇ ਸਵਾਲ ਕੀਤਾ ਕਿ 'ਹੇ ਰਾਜਨ, ਤੁਸੀਂ ਸੰਸਾਰ ਦੇ ਸਾਰੇ ਸੁਖ ਭੋਗ ਰਹੋ ਹੋ, ਰਾਜਾ ਹੋ, ਚਾਂਦੀ ਦੇ ਬਰਤਨਾਂ ਵਿਚ ਭੋਜਨ ਕਰਦੇ ਓ, ਸੋਨੇ ਦੇ ਪਲੰਘ ਉਪਰ ਸੌਂਦੇ ਹੋ ਤੇ ਫੇਰ ਵੀ ਚਾਹੁੰਦੇ ਹੋ ਕਿ ਅਸੀਂ ਮੰਨ ਲਈਏ ਬਈ ਤੁਸੀਂ ਮੂਲ-ਰੂਪ ਵਿਚ ਸੰਨਿਆਸੀ ਦਾ ਜੀਵਨ ਜਿਊਂ ਰਹੇ ਓ? ਇਹ ਕੈਸੀ ਰਾਜਨੀਤੀ ਹੈ?'
ਰਾਜਾ ਜਨਕ ਕੁਝ ਚਿਰ ਲਈ ਸੋਚਾਂ ਵਿਚ ਡੁੱਬ ਗਏ। ਯਕਦਮ ਉਹਨਾਂ ਆਦੇਸ਼ ਦਿੱਤਾ ਕਿ ਐਸਾ ਪ੍ਰਸ਼ਨ ਕਰਨ ਵਾਲੇ ਆਦਮੀ ਨੂੰ ਦੋ ਦਿਨ ਬਾਅਦ ਫਾਹੇ ਲਾ ਦਿੱਤਾ ਜਾਏ। ਭਲਾ ਰਾਜੇ ਦੀ ਆਗਿਆ ਦਾ ਉਲੰਘਣ ਕਿੰਜ ਹੋ ਸਕਦਾ ਸੀ। ਉਸਨੂੰ ਜੇਲ ਭੇਜ ਦਿੱਤਾ ਗਿਆ। ਪਰ ਅੰਦਰ ਉਸਨੂੰ ਮਖ਼ਮਲੀ ਬਿਸਤਰਾ ਦਿੱਤਾ ਗਿਆ, ਖਾਣ ਲਈ ਕਈ ਤਰ੍ਹਾਂ ਦੇ ਪਕਵਾਨ ਭੇਜੇ ਗਏ, ਪ੍ਰਚਾਰਕਾਵਾਂ ਉਸਨੂੰ ਵਟਨਾਂ ਮਲ ਕੇ ਨੁਹਾਉਣ ਆਈਆਂ। ਜੀਵਨ ਦਾ ਹਰ ਸੁਖ ਜੋ ਹਰ ਵਿਅਕਤੀ ਸੋਚ ਤਾਂ ਸਕਦਾ ਏ ਪਰ ਮਾਣ ਨਹੀਂ ਸਕਦਾ ਉਸ ਲਈ ਹਾਜ਼ਰ ਕੀਤਾ ਗਿਆ। ਤੇ ਦੋ ਦਿਨ ਬਾਅਦ ਉਸਨੂੰ ਰਾਜੇ ਜਨਕ ਦੇ ਦਰਬਾਰ ਵਿਚ ਲਿਆਂਦਾ ਗਿਆ। ਰਾਜੇ ਜਨਕ ਨੇ ਉਸ ਵਿਆਕਤੀ ਤੋਂ ਪੁੱਛਿਆ, 'ਕਿਉਂ ਸ਼੍ਰੀਮਾਨ, ਤੁਹਾਨੂੰ ਫਾਂਸੀ ਤਾਂ ਹੁਣ ਦੇ ਹੀ ਦਿੱਤੀ ਜਾਏਗੀ, ਪਰ ਮੈਂ ਤੁਹਾਨੂੰ ਇਕ ਸਵਾਲ ਪੁੱਛਦਾ ਹਾਂ...ਪਿੱਛਲੇ ਦੋ ਦਿਨਾਂ ਵਿਚ ਤੁਸੀਂ ਜੀਵਨ ਦਾ ਹਰ ਸੁਖ ਭੋਗਿਆ, ਕੀ ਤੁਹਾਨੂੰ ਯਾਦ ਏ ਕਿ ਭੋਜਨ ਵਿਚ ਤੁਸਾਂ ਕੀ-ਕੀ ਖਾਧਾ ਸੀ? ਕੀ ਤੁਹਾਨੂੰ ਯਾਦ ਏ ਕਿ ਉਸ ਮਖ਼ਮਲੀ ਚਾਦਰ ਦਾ ਰੰਗ ਕਿਹੜਾ ਸੀ...ਜਿਸ ਉਂਤੇ ਤੁਸੀਂ ਸੰਵੇਂ ਸੌਂ? ਉਸ ਪ੍ਰਚਾਰਕਾ ਦਾ ਚਿਹਰਾ ਜਾਂ ਨਾਂਅ ਚੇਤੇ ਹੈ, ਜਿਸ ਨੇ ਤੁਹਾਨੂੰ ਵਟਨਾਂ ਮਲ ਕੇ ਇਸ਼ਨਾਨ ਕਰਵਾਇਆ ਸੀ?' ਉਹ ਆਦਮੀ ਅੱਖਾਂ ਭੋਏਂ ਗੱਡੀ ਖਲੋਤਾ ਸੀ, ਬੋਲਿਆ, 'ਰਾਜਨ ਮੇਰੇ ਉੱਪਰ ਮੌਤ ਦੀ ਤਲਵਾਰ ਲਟਕ ਰਹੀ ਸੀ। ਭਲਾ ਮੈਂ ਉਹਨਾਂ ਸੁਖਾਂ ਦਾ ਆਨੰਦ ਕਿਵੇਂ ਮਾਣ ਸਕਦਾ ਸਾਂ?'
ਰਾਜੇ ਜਨਕ ਨੇ ਸ਼ਾਂਤ ਆਵਾਜ਼ ਵਿਚ ਉਤਰ ਦਿੱਤਾ, 'ਮੇਰੇ ਮਿੱਤਰ, ਐਨ ਇਵੇਂ ਹੀ ਮੈਂ ਵੀ ਇਹਨਾਂ ਸੁਖਾਂ ਨੂੰ ਭੋਗ ਨਹੀਂ ਸਕਦਾ। ਮੈਂ ਵੀ ਮੌਤ ਦੇ ਭੈ ਵਿਚ ਹਾਂ, ਜਨਤਾ ਦੇ ਦੁਖਾਂ ਕਾਰਨ ਪੀੜਤ ਹਾਂ। ਮੇਰੇ ਲਈ ਇਹਨਾਂ ਸੁਖਾਂ ਦਾ ਕੋਈ ਅਰਥ ਨਹੀਂ।' ਇਹ ਕਹਿ ਕੇ ਰਾਜੇ ਨੇ ਉਸ ਆਦਮੀ ਦੀ ਫਾਂਸੀ ਦੀ ਸਜ਼ਾ ਵੀ ਮੁਆਫ਼ ਕਰ ਦਿੱਤੀ।'
ਜਯਾ ਇਕਾਗਰ ਚਿੱਤ ਹੋ ਕੇ ਰਾਜ ਦੀਆਂ ਗੱਲਾਂ ਸੁਣੀ ਜਾ ਰਹੀ ਸੀ।  ਕਿੰਨੇ ਸੁੰਦਰ ਢੰਗ ਨਾਲ ਉਸਦੀ ਹਰੇਕ ਗੱਲ ਦਾ ਜਵਾਬ ਦੇਂਦਾ ਹੈ ਇਹ ਇਨਸਾਨ! ਕਿੰਨਾ ਸਰਲ ਪਰ ਕਿੰਨਾ ਉਲਝਿਆ ਹੋਇਆ ਸੀ ਉਸਦਾ ਸਵਾਲ! ਤੇ ਰਾਜ ਨੇ ਉਸ ਸਵਾਲ ਦਾ ਜਵਾਬ ਦੇਣ ਲਈ ਆਪਣੀ ਸੰਸਕ੍ਰਿਤੀ ਵਿਚੋਂ ਹੀ ਇਕ ਕਥਾ ਲੱਭ ਲਈ ਸੀ। ਉਹ ਰਾਜ ਨੂੰ ਪੁੱਛ ਬੈਠਦੀ, 'ਕਿਉਂ ਰਾਜ, ਤੂੰ ਆਪਣਾ ਇਕ ਆਸ਼ਰਮ ਕਿਉਂ ਨਹੀਂ ਖੋਹਲ ਲੈਂਦੋਂ? ਜਿੰਨੀਆਂ ਚੰਗੀਆਂ ਗੱਲਾਂ ਕਰ ਲੈਂਦਾ ਏਂ, ਜਿੰਨਾਂ ਆਪਣੇ ਆਪ ਉਪਰ ਕੰਟਰੋਲ ਏ ਤੇਰਾ, ਉਸ ਹਿਸਾਬ ਨਾਲ ਤਾਂ ਤੈਨੂੰ ਕੋਈ ਸਵਾਮੀਜੀ ਹੋਣਾ ਚਾਹੀਦਾ ਏ। ਤੈਨੂੰ, ਸੰਸਾਰ ਨੂੰ ਆਪਣਾ ਸਾਰਾ ਗਿਆਨ ਵੰਡ ਦੇਣਾ ਚਾਹੀਦਾ ਏ।' ਰਾਜ ਸਿਰਫ ਮੁਸਕਰਾਂਦਾ ਰਹਿੰਦਾ।
ਮੁਸਕਾਨ ਹੀ ਤਾਂ ਜਯਾ ਦੇ ਜੀਵਨ ਵਿਚੋਂ ਅਲੋਪ ਹੋ ਗਈ ਹੈ। ਦਲੀਪ ਨਾਲ ਵਿਆਹ, ਆਪਣੇ ਆਪ ਵਿਚ, ਉਸਦੇ ਜੀਵਨ ਦੀ ਇਕ ਮਹੱਤਵਪੂਰਨ ਘਟਨਾ ਸੀ। ਉਸਦਾ ਚਾਰ ਫੁੱਟ ਦਸ ਇੰਚ ਦਾ ਪਤਲੂ ਜਿਹਾ ਸਰੀਰ, ਸਪਾਟ ਸੀਨਾ, ਕਹਿਣ ਲਈ ਵੀ ਗਲੈਮਰ ਦਾ ਕਿੱਧਰੇ ਨਾਂਅ-ਨਿਸ਼ਾਨ ਤਕ ਨਹੀਂ। ਉਸ ਉੱਪਰ ਪੜ੍ਹਾਈ-ਲਿਖਾਈ ਦੇ ਸ਼ੌਕ ਨੇ ਬਚਪਨ ਵਿਚ ਹੀ ਅੱਖਾਂ ਉੱਤੇ ਐਨਕ ਲਵਾ ਦਿੱਤੀ ਸੀ। ਮਾਪਿਆਂ ਨੂੰ ਬਸ ਇਕੋ ਚਿੰਤਾ ਸੀ ਕਿ ਇਸ ਬੱਚੀ ਦਾ ਵਿਆਹ ਹੋਏਗਾ ਤਾਂ ਕਿੱਦਾਂ! ਜਯਾ ਨੂੰ ਵਾਰੀ-ਵਾਰੀ ਅਹਿਸਾਸ ਕਰਵਾਇਆ ਜਾਂਦਾ ਕਿ ਉਸਦੀ ਸਾਧਾਰਣ ਸ਼ਕਲ-ਸੂਰਤ ਕਰਕੇ ਹੀ ਦੇਖਣ ਵਾਲੇ ਨਾਪਸੰਦ ਕਰ ਜਾਂਦੇ ਨੇ ਉਹਨੂੰ। ਘਰ ਦੀ ਐਲਬਮ ਵਿਚੋਂ ਜਯਾ ਦੀਆਂ ਸਾਰੀਆਂ ਤਸਵੀਰਾਂ ਇਕ ਇਕ ਕਰਕੇ ਮੁੰਡੇ ਵਾਲਿਆਂ ਦੇ ਘਰੀਂ ਪਹੁੰਚ ਗਈਆਂ ਸਨ। ਹੁਣ ਤਾਂ ਉਸਨੂੰ ਫ਼ੋਟੋਗ਼੍ਰਾਫ਼ਰ ਦੀ ਦੁਕਾਨ ਤੀਕ ਜਾਣਾ ਵੀ ਰੜਕਣ ਲੱਗ ਪਿਆ ਸੀ। ਦਲੀਪ ਨੇ ਤਾਂ ਉਸਨੂੰ ਬਿਨਾਂ ਦੇਖੇ, ਬਿਨਾਂ ਮਿਲੇ ਹੀ ਵਿਆਹ ਲਈ ਹਾਂ ਕਹਿ ਦਿੱਤੀ ਸੀ। ਜਯਾ ਨੇ ਵੀ ਮਨ ਹੀ ਮਨ ਫੈਸਲਾ ਕਰ ਲਿਆ ਸੀ ਕਿ ਸਾਰੀ ਉਮਰ ਅਜਿਹੇ ਪਤੀ ਦੀ ਸੇਵਾ ਕਰੇਗੀ, ਜਿਸਨੇ ਉਸਨੂੰ ਆਪਣੇ ਹੀ ਪਰਿਵਾਰ ਦੀਆਂ ਚੁਭਵੀਂਆਂ ਨਜ਼ਰਾਂ ਤੇ ਵਿਅੰਗ-ਵਾਕਾਂ ਤੋਂ ਬਚਾਅ ਲਿਆ ਹੈ।...ਤੇ ਉਹ ਸਿਰਫ ਆਪਣੇ ਦਲੀਪ ਨਾਲ ਹੀ ਫ਼ੋਟੋਆਂ ਖਿਚਵਾਇਆ ਕਰੇਗੀ।
ਫ਼ੋਟੋਆਂ ਵੀ ਸਮੇਂ ਨਾਲ ਧੁੰਦਲੀਆਂ ਪੈ ਜਾਂਦੀਆਂ ਨੇ। ਹਰ ਸਮੇਂ ਦੀ ਆਪਣੀ ਇਕ ਸੱਚਾਈ ਹੁੰਦੀ ਹੈ। ਜਯਾ ਨੂੰ ਵੀ ਹੌਲੀ ਹੌਲੀ ਪਤਾ ਲੱਗ ਗਿਆ ਕਿ ਦਲੀਪ ਨੇ ਉਸਨੂੰ ਬਿਨਾਂ ਮਿਲੇ, ਬਿਨਾਂ ਵੇਖੇ ਵਿਆਹ ਕਿਉਂ ਕਰਵਾ ਲਿਆ ਸੀ। ਉਸ ਸੱਚਾਈ ਨੇ ਉਸਦੇ ਜੇਠੇ ਸੁਪਨਿਆਂ ਨੂੰ ਜ਼ਖ਼ਮੀ ਕਰ ਦਿੱਤਾ...ਦਲੀਪ ਨੂੰ ਵਿਨੋਦਨੀ ਦੇ ਮਾਤਾ ਪਿਤਾ ਨੇ ਸਵੀਕਾਰ ਨਹੀਂ ਸੀ ਕੀਤਾ। ਵਿਨੋਦਨੀ ਨੇ ਘਰੋਂ ਭੱਜ ਕੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ।...ਤੇ ਜੇ ਵਿਨੋਦਨੀ ਨਹੀਂ, ਤਾਂ ਕੋਈ ਵੀ ਸਹੀ; ਮਾਂ ਨੂੰ ਹੀ ਤਾਂ ਖ਼ੁਸ਼ ਕਰਨਾ ਸੀ ਨਾ। ਇਸੇ ਲਈ ਤਾਂ ਜਯਾ ਤੇ ਦਲੀਪ ਦੇ ਰਿਸ਼ਤੇ ਵਿਚ ਕੋਈ ਕੋਮਲ ਤੰਦ ਨਹੀਂ ਸੀ ਜੁੜ ਸਕੀ। ਉਹਨਾਂ ਦਾ ਮਿਲਣ ਸਿਰਫ ਸਰੀਰਕ ਸੀ...ਆਤਮਾਵਾਂ ਕਦੀ ਇਕ ਨਾ ਹੋ ਸਕੀਆਂ। ਸਰੀਰਕ ਮਿਲਾਪ ਦੇ ਸਿੱਟੇ ਵਜੋਂ ਪਲਕ ਜੰਮ ਪਈ। ਪਰ ਦਲੀਪ ਨੂੰ ਨਾ ਤਾਂ ਜਯਾ ਵਿਚ ਕੋਈ ਵਿਸ਼ੇਸ਼ ਰੁਚੀ ਸੀ ਤੇ ਨਾ ਹੀ ਪਲਕ ਵਿਚ।
ਪਲਕ ਅਜੇ ਇਕ ਵਰ੍ਹੇ ਦੀ ਸੀ ਕਿ ਦਲੀਪ ਦੇ ਭਾਈ ਸਾਹਬ ਨੇ ਉਹਨਾਂ ਨੂੰ ਲੰਦਨ ਆ ਕੇ ਵੱਸ ਜਾਣ ਦਾ ਸੱਦਾ ਦਿੱਤਾ। ਦਲੀਪ ਨੂੰ ਇਸ ਵਿਚ ਵੀ ਕੋਈ ਦਿਲਚਸਪੀ ਨਹੀਂ ਸੀ। ਪਰ ਜਯਾ ਨੂੰ ਇੰਜ ਲੱਗਿਆ ਕਿ ਸ਼ਾਇਦ ਲੰਦਨ ਜਾ ਕੇ ਦਲੀਪ ਦਾ ਰਵੱਈਆ ਬਦਲ ਜਾਏ। ਦਲੀਪ ਦਾ ਰਵੱਈਆ ਤਾਂ ਪਹਿਲਾਂ ਹੀ ਬਦਲਿਆ ਹੋਇਆ ਸੀ...ਪਤਾ ਨਹੀਂ ਪ੍ਰਮਾਤਮਾ ਨੂੰ ਕੀ ਮੰਜ਼ੂਰ ਹੈ!
'ਪਰਮ ਪਿਤਾ ਪ੍ਰਮਾਤਮਾ ਵਿਚ ਵਿਸ਼ਵਾਸ ਦੀਆਂ ਤਿੰਨ ਸਥਿਤੀਆਂ ਨੇ। ਹਰ ਬੰਦਾ ਆਪਣੇ ਸੰਸਕਾਰਾਂ ਦੇ ਹਿਸਾਬ ਨਾਲ ਪ੍ਰਮਾਤਮਾ ਵਿਚ ਵਿਸ਼ਵਾਸ ਕਰਦਾ ਹੈ। ਇਕ ਈਸਾਈ ਜਦ ਕਦੀ ਪ੍ਰਭੂ ਬਾਰੇ ਸੋਚੇਗਾ ਤਾਂ ਆਪ-ਮੁਹਾਰੇ ਯੀਸ਼ੂ ਦਾ ਚਿਹਰਾ ਉਸਦੀਆਂ ਅੱਖਾਂ ਸਾਹਵੇਂ ਆ ਜਾਏਗਾ। ਇਕ ਮੁਸਲਮਾਨ ਅੱਲਾ ਤੋਂ ਬਿਨਾਂ ਹੋਰ ਕਿਸੇ ਪ੍ਰਮਾਤਮਾ ਬਾਰੇ ਸੋਚ ਹੀ ਨਹੀਂ ਸਕਦਾ। ਹਿੰਦੂ ਵੀ ਸ਼ੰਕਰ, ਵਿਸ਼ਨੂੰ, ਰਾਮ ਤੇ ਕ੍ਰਿਸ਼ਨ ਵਿਚ ਆਪਣਾ ਭਗਵਾਨ ਖੋਜਦਾ ਹੈ। ਜੇ ਆਰੀਆ ਸਮਾਜੀ ਹੈ ਤਾਂ 'ਓਮ' ਵਿਚ ਆਪਣਾ ਪ੍ਰਭੂ ਲੱਭੇਗਾ। ਪਰ ਇਹਨਾਂ ਵਿਚੋਂ ਕੋਈ ਵਿਰਲਾ ਹੀ ਅਜਿਹਾ ਹੋਏਗਾ ਜਿਹੜਾ ਆਪਣੇ ਸੰਸਕਾਰਾਂ ਦੇ ਦਾਇਰੇ ਵਿਚੋਂ ਬਾਹਰ ਨਿਕਲ ਕੇ ਪ੍ਰਮਾਤਮਾ ਬਾਰੇ ਸੋਚ ਸਕੇ। 'ਤ' ਦੀ ਦ੍ਰਿਸ਼ਟੀ ਨਾਲ ਸੋਚਿਆ ਜਾਏ ਤਾਂ ਧਰਮ ਮਨੁੱਖ ਦੀ ਸੋਚ ਨੂੰ ਸੀਮਿਤ ਕਰ ਦਿੰਦਾ ਹੈ; ਉਸਨੂੰ ਅਧਿਆਤਮ ਦੀ ਰਾਹ ਉੱਪਰ ਜਾਣ ਵਾਲੇ ਹੋਰ ਸਭ ਮਾਰਗਾਂ ਨਾਲੋਂ ਤੋੜ ਦਿੰਦਾ ਹੈ।'
'ਪਰ ਰਾਜ ਇਸ ਵਿਚ ਗਲਤ ਹੀ ਕੀ ਏ। ਜਿਹੜਾ ਬੰਦਾ ਜਿਸ ਰਸਤੇ ਦਾ ਜਾਣੂ ਏਂ, ਉਹ ਉਹੀ ਰਸਤਾ ਚੁਣੇਗਾ।'
ਸਵਾਲ ਰਸਤਾ ਚੁਣਨ ਦਾ ਨਹੀਂ ਜਯਾ। ਦੁਖਾਂਤ ਤਾਂ ਇਹੋ ਹੈ ਕਿ ਮਨੁੱਖ ਉਸ 'ਰਸਤੇ' ਦਾ ਪੁਜਾਰੀ ਬਣ ਕੇ ਰਹਿ ਜਾਂਦਾ ਹੈ, ਜਿਹੜਾ ਉਸਨੂੰ ਸਿਰਫ ਪ੍ਰਮਾਤਮਾ ਤੀਕ ਪਹੁੰਚਣ ਲਈ ਦੱਸਿਆ ਜਾਂਦਾ ਹੈ...ਤੇ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ। ਧਰਮ ਤੇ ਅਧਿਆਤਮਵਾਦ ਦੋ ਵੱਖੋ-ਵੱਖਰੀਆਂ ਚੀਜ਼ਾਂ ਨੇ। ਮਹੱਤਵਪੂਰਨ ਗੱਲ ਹੈ, ਪ੍ਰਮਾਤਮਾ ਵਿਚ ਵਿਸ਼ਵਾਸ। ਰੀਤੀ-ਰਿਵਾਜ਼ ਤੇ ਆਡੰਬਰ ਪ੍ਰਮਾਤਮਾ ਤੋਂ ਦੂਰ ਤਾਂ ਲੈ ਜਾ ਸਕਦੇ ਨੇ...ਕਦੀ ਵੀ ਪ੍ਰਮਾਤਮਾ ਨਾਲ ਮੇਲ ਨਹੀਂ ਕਰਵਾ ਸਕਦੇ।'
'ਤੂੰ ਵਿਸ਼ਵਾਸ ਦੀਆਂ ਤਿੰਨ ਸਥਿਤੀਆਂ ਦੀ ਗੱਲ ਕਰ ਰਿਹਾ ਸੈਂ।' ਜਯਾ ਨੂੰ ਫੇਰ ਰਾਜ ਦੀਆਂ ਗੱਲਾਂ ਵਿਚੋਂ ਉਹ ਸੁਖ ਮਿਲ ਰਿਹਾ ਸੀ ਜਿਸ ਲਈ ਦਲੀਪ ਨਾਲ ਬਾਈ ਵਰ੍ਹੇ ਰਹਿ ਕੇ ਵੀ ਤਰਸਦੀ ਰਹੀ ਸੀ ਉਹ।
'ਦੇਖ ਜਯਾ ਤੈਨੂੰ ਇਕ ਉਦਾਹਰਣ ਦੇਨਾਂ...ਇਕ ਆਦਮੀ ਇਕ ਰੈਸਟੋਰੇਂਟ ਵਿਚ ਖਾਣਾ ਖਾਣ ਜਾਂਦਾ ਏ। ਉਹ ਇਕ ਟੇਬਲ 'ਤੇ ਜਾ ਬੈਠਦੈ...ਸਭ ਤੋਂ ਪਹਿਲਾਂ ਵੇਟਰ ਉਸ ਕੋਲ ਆ ਕੇ ਮੀਨੂੰ ਕਾਰਡ ਰੱਖ ਜਾਂਦੈ। ਉਹ ਉਸ ਮੀਨੂੰ ਕਾਰਡ ਨੂੰ ਪੜ੍ਹਦਾ ਹੈ...ਤੇ ਪਕਵਾਨਾਂ ਦੇ ਨਾਂਅ ਪੜ੍ਹ ਕੇ ਹੀ ਉਸਨੂੰ ਮਹਿਸੂਸ ਹੋਣ ਲਗ ਪੈਂਦੈ ਬਈ ਉਸਨੂੰ ਬੜਾ ਸਵਾਦੀ ਭੋਜਨ ਮਿਲਨ ਵਾਲਾ ਹੈ। ਉਸਦੇ ਮੂੰਹ ਵਿਚ ਪਾਣੀ ਆਉਣ ਲੱਗ ਪੈਂਦੈ। ਉਸਦੀ ਸਥਿਤੀ ਐਨ ਉਸੇ ਵਿਅਕਤੀ ਵਰਗੀ ਹੁੰਦੀ ਏ ਜਿਸ ਨੂੰ ਸਿਰਫ ਦੱਸਿਆ ਗਿਆ ਹੁੰਦਾ ਹੈ ਕਿ ਭਗਵਾਨ ਵਿਚ ਵਿਸ਼ਵਾਸ ਕਰੋ...ਜੇ ਉਸ ਵਿਚ ਵਿਸ਼ਵਾਸ ਕਰੋਗੇ ਤਾਂ ਸਵਰਗ ਮਿਲੇਗਾ, ਨਹੀਂ ਤਾਂ ਨਰਕਾਂ ਵਿਚ ਸੜਨਾਂ ਪਏਗਾ। ਉਹ ਵਿਅਕਤੀ ਜਾਂ ਤਾਂ ਡਰ ਕਾਰਨ ਭਗਵਾਨ ਵਿਚ ਵਿਸ਼ਵਾਸ ਕਰਦਾ ਹੈ ਜਾਂ ਫੇਰ ਸਵਰਗ ਦੇ ਲਾਲਚ ਵੱਸ। ਉਸਨੇ ਖ਼ੁਦ ਭਗਵਾਨ ਦੀ ਹੋਂਦ ਨੂੰ ਮਹਿਸੂਸ ਨਹੀਂ ਕੀਤਾ ਹੁੰਦਾ। ਦੂਜੀ ਸਥਿਤੀ ਉਸ ਵਿਅਕਤੀ ਦੀ ਹੈ ਜਿਹੜਾ ਰੈਸਟੋਰੇਂਟ ਵਿਚ ਬੈਠੇ ਹੋਰਨਾਂ ਗਾਹਕਾਂ ਨੂੰ ਖਾਣਾ ਖਾਂਦਿਆਂ ਵੇਖਦਾ ਹੈ ਤੇ ਉਹਨਾਂ ਦੇ ਚਿਹਰੇ ਦੇ ਹਾਵ-ਭਾਵ ਦੇਖ ਕੇ ਅੰਦਾਜ਼ਾ ਲਾ ਰਿਹਾ ਹੁੰਦਾ ਹੈ ਕਿ ਖਾਣਾ ਕਿੰਨਾ ਕੁ ਸਵਾਦੀ ਹੋਏਗਾ। ਯਾਨੀਕਿ ਉਹ ਆਪਣੇ ਆਸ-ਪਾਸ ਦੇ ਲੋਕਾਂ ਨੂੰ ਪ੍ਰਮਾਤਮਾ ਦੀ ਪੂਜਾ ਕਰਦਿਆਂ ਤੇ ਆਤਮਕ ਆਨੰਦ ਮਾਣਦਿਆਂ ਦੇਖਦਾ ਹੈ। ਤੀਜੀ ਤੇ ਸਭ ਨਾਲੋਂ ਮਹੱਤਵਪੂਰਨ ਸਥਿਤੀ ਉਸ ਮਨੁੱਖ ਦੀ ਹੁੰਦੀ ਹੈ ਜਿਹੜਾ ਖਾਣਾ ਖਾ ਕੇ, ਖ਼ੁਦ, ਖਾਣੇ ਦੇ ਆਨੰਦ ਨੂੰ ਮਾਣ ਰਿਹਾ ਹੁੰਦਾ ਹੈ। ਯਾਨੀਕਿ ਉਹ ਖ਼ੁਦ ਪ੍ਰਮਾਤਮਾ ਨਾਲ ਆਤਮਸਾਤ ਹੋ ਕੇ ਪ੍ਰਭੂ ਦੀ ਹੋਂਦ ਦਾ ਗਿਆਨ ਪ੍ਰਾਪਤ ਕਰਦਾ ਹੈ ਤੇ ਉਸਨੂੰ ਜੋ ਸੁਖ ਪ੍ਰਾਪਤ ਹੁੰਦਾ ਹੈ...ਉਹੀ ਸਦੀਵੀਂ ਤੇ ਅਲੌਕਿਕ ਸੁਖ ਹੈ। ਉਸ ਸੁਖ ਨੂੰ ਸ਼ਬਦਾਂ ਵਿਚ ਬਿਆਨ ਕਰ ਸਕਣਾ ਲਗਭਗ ਅਸੰਭਵ ਹੈ।'
'ਰਾਜ ਤੂੰ ਆਪਣੇ ਗਿਆਨ ਨੂੰ ਲੋਕਾਂ ਵਿਚ ਕਿਉਂ ਨਹੀਂ ਵੰਡਦਾ? ਸੰਸਾਰ ਨੂੰ ਹੱਕ ਹੈ ਕਿ ਸਭ ਤੇਰੀ ਬੁੱਧੀ, ਤੇਰੇ ਗਿਆਨ ਦਾ ਲਾਭ ਉਠਾਉਣ।'
'ਅਜੇ ਤਾਂ ਮੈਂ ਆਪ ਹੀ ਅਗਿਆਨ ਦੇ ਹਨੇਰੇ ਵਿਚ ਭਟਕ ਰਿਹਾਂ। ਮੈਂ ਖ਼ੁਦ ਪ੍ਰਮਾਤਮਾ ਨਾਲ ਆਪਣਾ ਤਾਲਮੇਲ ਨਹੀਂ ਬਣਾ ਸਕਿਆ...ਭਲਾ ਮੈਂ ਕਿੰਜ ਕਿਸੇ ਨੂੰ ਜੀਵਨ ਦਾ ਰਾਹ ਵਿਖਾਅ ਸਕਦਾਂ...?
ਰਸਤੇ ਤੋਂ ਤਾਂ ਭਟਕ ਗਈ ਸੀ ਜਯਾ ਦੀ ਪਲਕ। ਦਲੀਪ ਦੇ ਗ਼ੈਰ-ਜ਼ਿੰਮੇਵਾਰਾਨਾ ਵਤੀਰੇ ਹੱਥੋਂ ਤੰਗ ਆਈ ਜਯਾ ਨੂੰ, ਇਕ ਪਲਕ ਹੀ ਤਾਂ ਸੀ ਜਿਸ ਦੇ ਹੁੰਦਿਆਂ ਜਿਊਂਦੇ ਰਹਿਣ ਦਾ ਬਹਾਨਾ ਮਿਲਿਆ ਹੋਇਆ ਸੀ। ਅੱਜ ਉਹ ਵੀ ਜਯਾ ਨੂੰ ਦੁੱਖ ਦੇਣ 'ਤੇ ਉਤਰ ਆਈ ਸੀ...ਘੱਟੋਘੱਟ ਜਯਾ ਤਾਂ ਇਹੀ ਸੋਚ ਰਹੀ ਸੀ। ਪਲਕ ਇਕ ਮੁਸਲਮਾਨ ਮੁੰਡੇ ਨਾਲ ਪ੍ਰੇਮ ਕਰ ਬੈਠੀ ਸੀ। ਜਯਾ ਦੀ ਸਾਰੀ ਦੁਨੀਆਂ ਡੋਲ ਗਈ ਸੀ। ਜਯਾ ਦੇ ਦਿਮਾਗ਼ ਵਿਚ ਮੁਸਲਮਾਨਾਂ ਪ੍ਰਤੀ ਬਹੁਤ ਸਾਰੀਆਂ ਗੰਢਾਂ ਬੱਝੀਆਂ ਹੋਈਆਂ ਸਨ। ਲੰਦਨ ਦੇ ਸਨਰਾਈਜ਼ ਰੇਡੀਓ ਉੱਪਰ ਜਦੋਂ ਵੀ ਕਦੀ ਅਪਰਾਧ ਦੇ ਸਮਾਚਾਰ ਆਉਂਦੇ ਨੇ ਤਾਂ ਉਹਨਾਂ ਵਿਚ ਵਧੇਰੇ ਕਰਕੇ ਮੁਸਲਮਾਨ ਮੁੰਡਿਆਂ ਦੇ ਨਾਂਅ ਹੀ ਸੁਣਾਈ ਦੇਂਦੇ ਨੇ। ਜਯਾ ਦੀ ਆਪਣੀ ਮਮੇਰੀ ਭੈਣ ਮੁੰਬਈ ਵਿਚ ਇਕ ਮੁਸਲਮਾਨ ਮੁੰਡੇ ਨਾਲ ਵਿਆਹ ਕਰਾ ਕੇ, ਘਰੋਂ ਭੱਜ ਗਈ ਸੀ। ਸਾਰਾ ਪਰਿਵਾਰ ਸਿਲ-ਪੱਥਰ ਹੋ ਗਿਆ ਸੀ। ਉਹਨਾਂ ਦੇ ਇਲਾਕੇ ਵਿਚ ਦੰਗਾ ਹੁੰਦਾ ਹੁੰਦਾ ਬਚਿਆ ਸੀ। ਸ਼ਿਵ-ਸੈਨੀਆਂ ਤੇ ਮੁਸਲਿਮ ਲੀਗੀਆਂ ਵਿਚਕਾਰ ਠਣ ਗਈ ਸੀ। ਰਾਜਨੇਤਾਵਾਂ ਦੇ ਵਿਚਕਾਰ ਪੈਣ ਕਰਕੇ ਦੰਗਾ ਤਾਂ ਟਲ ਗਿਆ ਸੀ, ਪਰ ਮਾਮਾ ਜੀ ਇਹ ਸਦਮਾਂ ਨਹੀਂ ਸੀ ਸਹਿ ਸਕੇ। ਮਾਮੀ 'ਆਪਣੇ ਪਤੀ ਦੀ ਹੱਤਿਆਰਨ' ਨਾਲ ਅੱਜ ਤੀਕ ਗੱਲ ਨਹੀਂ ਕਰਦੀ...ਮੁਆਫ਼ ਕਰ ਦੇਣ ਵਾਲੀ ਗੱਲ ਤਾਂ ਬੜੀ ਦੂਰ ਦੀ ਹੋ ਕੇ ਰਹਿ ਗਈ ਸੀ।
ਦਲੀਪ ਨਾਲ ਗੱਲ ਕਰੇ ਜਾਂ ਨਾ ਕਰੇ। ਕਿਤੇ ਸ਼ਰਾਬ ਦੇ ਨਸ਼ੇ ਵਿਚ ਕੋਈ ਬੇਵਕੂਫ਼ੀ ਹੀ ਨਾ ਕਰ ਬੈਠੇ। ਜਵਾਨ ਕੁੜੀ ਦਾ ਮਾਮਲਾ ਏ। ਕਿਸ ਨਾਲ ਸਲਾਹ ਕਰੇ? ਪਲਕ ਨੂੰ ਵੀ ਸਮਝਾਇਆ; ਪਰ ਜਵਾਨੀ ਕਦੋਂ ਸਮਝਦਾਰੀ ਦਾ ਸਬੂਤ ਦੇਂਦੀ ਹੈ? ਜਦੋਂ ਖ਼ੂਨ ਵਿਚ ਗਰਮੀ ਹੁੰਦੀ ਹੈ, ਸਾਰੇ ਰਿਸ਼ਤੇ ਠੰਡੇ ਪੈ ਜਾਂਦੇ ਨੇ। ਪਲਕ ਦੀ ਸਮਝ ਵਿਚ ਤਾਂ ਇਹ ਵੀ ਨਹੀਂ ਸੀ ਆ ਰਿਹਾ ਕਿ ਇਮਰਾਨ ਵਿਚ ਕਮੀ ਕਿਸ ਗੱਲ ਦੀ ਹੈ!...ਉਸਦੇ ਪਿਤਾ ਡਾਕਟਰ ਨੇ; ਮਾਂ ਬੈਂਕ ਵਿਚ ਕੰਮ ਕਰਦੀ ਹੈ, ਤੇ ਇਮਰਾਨ ਖ਼ੁਦ ਆਪਣੇ ਕਾਲਜ ਦਾ ਹੋਣਹਾਰ ਵਿਦਿਆਰਥੀ ਹੈ। ਫੇਰ ਅੜਿੱਕਾ ਕਿਸ ਗੱਲ ਦਾ ਹੈ?
ਉਹ ਕਿਉਂ ਨਹੀਂ ਸਮਝਦੀ ਕਿ ਇਮਰਾਨ ਮੁਸਲਮਾਨ ਤਾਂ ਹੈ ਹੀ, ਪਾਕਿਸਤਾਨੀ ਵੀ ਹੈ। 'ਪਰ ਮੰਮੀ, ਇਮਰਾਨ ਪਾਕਿਸਤਾਨੀ ਕਿਵੇਂ ਹੋ ਸਕਦਾ ਏ? ਉਹ ਤਾਂ ਇੱਥੇ ਲੰਦਨ ਵਿਚ ਹੀ ਪੈਦਾ ਹੋਇਆ ਏ। ਜਿਵੇਂ...ਮੈਂ ਇੰਡੀਅਨ ਕਿਵੇਂ ਹੋ ਸਕਦੀ ਆਂ! ਮੈਂ ਤਾਂ ਬ੍ਰਿਟਿਸ਼ ਹਾਂ ਤੇ ਇਮਰਾਨ ਵੀ ਬ੍ਰਿਟਿਸ਼ ਏ। ਤਾਂ ਜਦੋਂ ਦੋ ਬ੍ਰਿਟਿਸ਼ ਸ਼ਾਦੀ ਕਰਨਾ ਚਾਹੁੰਦੇ ਨੇ ਤਾਂ ਪ੍ਰਾਬਲਮ ਕੀ ਏ? ਆਈ ਡੋਂਟ ਕੇਅਰ ਕਿ ਇਮਰਾਨ ਕਿਸ ਧਰਮ ਨੂੰ ਮੰਨਦਾ ਏ। ਹੀ ਇਜ ਨਾਟ ਆਸਕਿੰਗ ਮੀ ਟੂ ਚੇਂਜ਼ ਮਾਈ ਰਿਲੀਜ਼ਨ। ਤੇ ਫੇਰ ਮੈਂ ਤੇ ਇਮਰਾਨ ਨੇ ਕਿਹੜਾ ਉਸਦੇ ਮੰਮੀ ਪਾਪਾ ਨਾਲ ਰਹਿਣਾ ਏਂ। ਅਸੀਂ ਲੋਕ ਆਪਣੇ ਘਰ ਵਿਚ ਰਹਾਂਗੇ।'
ਕਿੰਨਾਂ ਆਸਾਨ ਹੈ ਪਲਕ ਲਈ ਪਲਕਾਂ ਝਪਕਾਉਂਦਿਆਂ ਹੋਇਆਂ ਕਹਿ ਦੇਣਾ ਕਿ 'ਦੇ ਆਰ ਬ੍ਰਿਟਿਸ਼ਰਸ'...ਬੇਵਕੂਫ਼ ਕੁੜੀ! ਐਨਾਂ ਵੀ ਨਹੀਂ ਸਮਝਦੀ ਕਿ ਵੱਡੇ ਵੱਡੇ ਯੁੱਧ ਜਿੱਤ ਲੈਣਾ ਆਸਾਨ ਹੁੰਦੇ ਨੇ, ਪਰ ਛੋਟੇ ਛੋਟੇ ਮਹਾਂਯੁੱਧ ਲੜਨਾਂ ਇਕ ਵੱਖਰੀ ਹੀ ਸਮੱਸਿਆ ਹੈ। ਪ੍ਰੇਮੀ ਜੋੜੇ ਕਿੰਨੇ ਘੱਟ ਸਮੇਂ ਵਿਚ ਹਿੰਦੂ ਜਾਂ ਮੁਸਲਮਾਨ ਵਿਚ ਬਦਲ ਜਾਂਦੇ ਨੇ, ਇਸ ਦਾ ਪਤਾ ਹੀ ਨਹੀਂ ਲੱਗਦਾ। ਕੋਈ ਵੀ ਆਦਮੀ ਆਪਣੇ ਬੂਤੇ ਵੱਡਾ ਨਹੀਂ ਹੋ ਸਕਦਾ। ਧਰਮ, ਸਾਡੀਆਂ ਨਸਾਂ ਵਿਚ ਲਹੂ ਦੇ ਗੇੜ ਦਾ ਇਕ ਅਣਿਖੜਵਾਂ ਅੰਸ਼ ਬਣ ਕੇ ਕਦੋਂ ਵਹਿਣਾ ਸ਼ੁਰੂ ਹੋ ਜਾਂਦਾ ਹੈ। ਸਾਡੇ ਸੋਚਣ ਸਮਝਣ ਦੇ ਢੰਗ ਨੂੰ ਕਦੋਂ ਉਸਨੇ ਕੀਲਿਆ ਹੈ...ਸਾਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ। ਆਜ਼ਾਨ ਦੀ ਆਵਾਜ਼ ਸੁਣ ਕੇ ਇਕ ਮੁਸਲਮਾਨ ਮਨ ਹੀ ਮਨ ਨਮਾਜ਼ ਪੜ੍ਹਨ ਲੱਗ ਪੈਂਦਾ ਹੈ ਤੇ ਕਿਤੇ ਦੂਰੋਂ ਕਿਸੇ ਮੰਦਰ ਵਿਚੋਂ ਆ ਰਹੀ ਆਰਤੀ ਦੀ ਆਵਾਜ਼ ਕਿਸੇ ਵੀ ਹਿੰਦੂ ਦਾ ਦਿਲ ਸ਼ਰਧਾ ਨਾਲ ਭਰ ਦੇਂਦੀ ਹੈ। ਸਾਡੇ ਸੋਚਣ, ਖਾਣ-ਪੀਣ ਤੇ ਮਰਨ ਦੇ ਢੰਗ ਵੀ ਵੱਖੋ-ਵੱਖਰੇ ਨੇ, ਜ਼ਾਹਿਰ ਹੈ, ਸਿਰਫ ਪਲਕ ਦੇ ਕਹਿ ਦੇਣ ਨਾਲ ਹੀ ਕੋਈ ਮੁਸਲਮਾਨ ਬ੍ਰਿਟਿਸ਼ਰ ਨਹੀਂ ਬਣ ਜਾਂਦਾ।
ਹਰ ਸਮੱਸਿਆ ਪਤਾ ਨਹੀਂ ਕਿਉਂ ਰਾਜ ਕੋਲ ਜਾ ਕੇ ਸਾਹ ਲੈਂਦੀ ਹੈ। ਇਕ ਵਾਰ ਫੇਰ ਰਾਜ ਜਯਾ ਦੇ ਸਾਹਮਣੇ ਹੈ। ਜੇ ਦਲੀਪ ਉਸ ਨਾਲ ਸੁਰ ਵਿਚ ਹੁੰਦਾ ਤਾਂ ਕੀ ਉਹ ਕਦੀ ਰਾਜ ਕੋਲ ਜਾਂਦੀ? ਸ਼ਾਇਦ ਉਸ ਬਾਰੇ ਸੋਚਦੀ ਵੀ ਨਾ। ਪਰ ਵਰਸ਼ਾ ਦੀ ਧੀ ਨੇ ਵੀ ਤਾਂ ਇਕ ਈਰਾਨੀ ਮੁਸਲਮਾਨ ਨਾਲ ਵਿਆਹ ਕਰਵਾਇਆ ਹੋਇਆ ਹੈ...ਫੇਰ ਉਸਦੀ ਆਪਣੀ ਪਲਕ ਇੰਜ ਕਿਉਂ ਨਹੀਂ ਕਰ ਸਕਦੀ ਭਲਾ? ਪਰ ਮੁਸਲਮਾਨ ਤੇ ਪਾਕਿਸਤਾਨ ਦੇ ਮੁਸਲਮਾਨ ਵਿਚ ਵੀ ਤਾਂ ਅੰਤਰ ਹੁੰਦਾ ਹੈ ਨਾ! ਜਿਸ ਦਿਨ ਭਾਰਤ ਤੇ ਪਾਕਿਸਤਾਨ ਦੇ ਸੰਬੰਧਾਂ ਵਿਚ ਤਣਾਅ ਪੈਦਾ ਹੁੰਦਾ ਹੈ, ਓਸੇ ਦਿਨ ਪਤੀ ਤੇ ਪਤਨੀ ਦੇ ਸੰਬੰਧਾਂ ਵਿਚ ਕੁਸੈਲ ਘੁਲ ਜਾਂਦੀ ਹੈ।
ਪਰ ਵਰਸ਼ਾ ਦੀ ਧੀ ਵੀ ਤਾਂ ਹੁਣ ਹਰ ਪਾਰਟੀ ਵਿਚ ਇਕੱਲੀ ਹੀ ਦਿਖਾਈ ਦਿੰਦੀ ਹੈ। ਉਸਦਾ ਈਰਾਨੀ ਪਤੀ ਪਤਾ ਨਹੀਂ ਅਚਾਨਕ ਕਿੱਥੇ ਅਲੋਪ ਹੋ ਗਿਆ ਹੈ। 'ਇਹ ਪਾਕਿਸਤਾਨੀ ਵੀ ਪਤਾ ਨਹੀਂ ਕਦੋਂ ਤੀਕ ਸਾਡੀ ਜ਼ਿੰਦਗੀ ਵਿਚ ਕੁਸੈਲ ਘੋਲਦੇ ਰਹਿਣਗੇ? ਭਗਵਾਨ ਵਿਚ ਵਿਸ਼ਵਾਸ ਰੱਖਣ ਵਾਲੇ ਪਰਿਵਾਰਾਂ ਦੀਆਂ ਧੀਆਂ-ਭੈਣਾ ਉੱਤੇ ਨਜ਼ਰਾਂ ਗੱਡੀ ਰੱਖਦੇ ਨੇ।' ਜਯਾ ਦੇ ਦਿਮਾਗ਼ ਵਿਚ ਮੰਥਨ ਜਾਰੀ ਹੈ। ਉਸਨੂੰ ਡਰ ਹੈ ਕਿ ਹੁਣ ਭਾਰਤੀ ਸੰਸਕ੍ਰਿਤੀ ਨਹੀਂ ਬਚਣੀ। ਇੱਥੇ ਪੈਦਾ ਹੋਏ ਬੱਚੇ ਭਲਾ ਕਿਵੇਂ ਭਾਰਤੀ ਸੰਸਕਾਰਾਂ ਨੂੰ ਜਿਊਂਦਾ ਰੱਖ ਸਕਣਗੇ!
ਮੈਨੂੰ ਸਮਝ ਨਹੀਂ ਆਉਂਦਾ ਬਈ ਤੁਹਾਡੀ ਸੰਸਕ੍ਰਿਤੀ ਨੂੰ ਏਨੀ ਛੇਤੀ ਖਤਰਾ ਕਿੰਜ ਹੋ ਜਾਂਦਾ ਏ! ਤੁਹਾਡੀ ਪ੍ਰੇਸ਼ਾਨੀ ਇਹ ਹੈ ਕਿ ਤੁਸੀਂ ਜੀਵਨ ਨੂੰ ਵਿਆਪਕ ਰੂਪ ਵਿਚ ਨਹੀਂ ਵੇਖ ਸਕਦੇ। ਜੇ ਦੁਨੀਆਂ ਦੇ ਸਾਰੇ ਲੋਕ ਮੁਸਲਮਾਨ ਬਣ ਜਾਣ ਜਾਂ ਈਸਾਈ ਬਣ ਜਾਣ...ਤਾਂ ਉਸ ਨਾਲ ਕੀ ਫਰਕ ਪਏਗਾ? ਇਹ ਰਿਸ਼ਤਿਆਂ ਦਾ ਮੋਹ, ਇਹ ਵੱਖਰੀ-ਪਛਾਣ, ਇਹ ਸੰਸਕ੍ਰਿਤੀ ਕੋਈ ਜੜ੍ਹ-ਵਸਤੂ ਨਹੀਂ; ਪ੍ਰੀਵਰਤਨਸ਼ੀਲ ਹੈ ਬਈ। ਇਸ ਧਰਤੀ ਉੱਤੇ ਕੁਝ ਵੀ ਸਦੀਵੀਂ ਜਾਂ ਸਥਾਈ ਨਹੀਂ। ਹੁਣ ਤੂੰ ਵੇਖ ਬਈ, ਕਿ ਕੀ ਸਾਰੇ ਮੁਸਲਮਾਨ ਇਕ ਨੇ? ਨਹੀਂ ਨਾ... ਕੋਈ ਸ਼ੀਆ ਹੈ ਤੇ ਕੋਈ ਸੁੰਨੀ, ਕੋਈ ਅਹਿਮਦੀਆ ਹੈ ਤੇ ਕੋਈ ਬੇਰੀ, ਫੇਰ ਆਵਾਖ਼ਾਨੀ ਵੀ ਨੇ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ। ਤੈਨੂੰ ਤਾਂ ਸਿਰਫ ਏਸੇ ਗੱਲ 'ਤੇ ਖ਼ੁਸ਼ ਹੋ ਜਾਣਾ ਚਾਹੀਦਾ ਏ ਕਿ ਦੋ ਇਨਸਾਨ ਆਪਸ ਵਿਚ ਪਿਆਰ ਕਰਦੇ ਨੇ ਤੇ ਬਾਕੀ ਦਾ ਜੀਵਨ ਇਕੱਠੇ ਬਿਤਾਉਣਾ ਚਾਹੁੰਦੇ ਨੇ।...ਤੇ ਜਦ ਇਹ ਜੀਵਨ ਹੀ ਸਦੀਵੀਂ ਨਹੀਂ, ਤਾਂ ਫੇਰ ਮਨੁੱਖ ਦੀ ਬਣਾਈ ਵਿਆਹ ਸ਼ਾਦੀਆਂ ਦੇ ਨਿਯਮਾਂ ਵਾਲੀ ਸੰਸਥਾ ਕਿੰਜ ਸਥਾਈ ਹੋ ਸਕਦੀ ਏ?' ਰਾਜ ਪਲਕ ਦੀ ਵਕਾਲਤ ਕਰਦਾ ਨਜ਼ਰ ਆ ਰਿਹਾ ਸੀ ਤੇ ਜਯਾ ਦੀ ਪ੍ਰੇਸ਼ਾਨੀ ਦਾ ਕੋਈ ਹੱਲ ਲੱਭਦਾ ਨਜ਼ਰ ਨਹੀਂ ਸੀ ਆ ਰਿਹਾ।
ਜਯਾ ਅੰਦਰੋਂ ਭੁਰ ਰਹੀ ਹੈ। ਦਲੀਪ ਵਿਚ ਕੋਈ ਤਬਦੀਲੀ ਆਉਂਦੀ ਨਜ਼ਰ ਨਹੀਂ ਆ ਰਹੀ। ਸ਼ਰਾਬ, ਸ਼ਰਾਬ ਤੇ ਬਸ ਹੋਰ ਸ਼ਰਾਬ। ਹੁਣ ਤਾਂ ਜਯਾ ਨੂੰ ਕੁੱਟਣ-ਮਾਰਨ ਵੀ ਲੱਗ ਪਿਆ ਹੈ ਉਹ। ਬੈਂਕ ਅਕਾਂਊਂਟ ਵਿਚੋਂ ਪੈਸੇ ਗਾਇਬ ਹੋ ਜਾਂਦੇ ਨੇ। ਮਕਾਨ ਦੀ ਮਾਰਗੇਜ ਦੀ ਕਿਸ਼ਤ ਜਾਣੀ ਬੰਦ ਹੋ ਗਈ ਹੈ। ਬਿਲਡਿੰਗ ਸੁਸਾਇਟੀ ਦੀ ਚਿੱਠੀ ਵੀ ਆਈ ਹੋਈ ਹੈ ਕਿ ਕਿਸ਼ਤਾਂ ਨਾ ਭਰੀਆਂ ਗਈਆਂ ਤਾਂ ਕੁਰਕੀ ਕਰਵਾ ਦੇਣਗੇ। ਜਯਾ ਦਾ ਬਲੱਡ ਪਰੈਸ਼ਰ ਵੱਧ ਰਹਿਣ ਲੱਗ ਪਿਆ ਹੈ। ਦਲੀਪ ਦੇ ਭਰਾ ਨੇ ਵੀ ਕੰਨੀ ਬਚਾਅ ਲਈ ਹੈ। ਉਹ ਵਿਚਾਰਾ ਵੀ ਕੀ ਕਰੇ।
ਜਯਾ ਨੇ ਹੌਸਲਾ ਕਰਕੇ ਦਲੀਪ ਨਾਲ ਗੱਲ ਤੋਰੀ, 'ਮਾਰਗੇਜ ਦੀ ਕਿਸ਼ਤ ਨਹੀਂ ਭਰੀ ?'
'ਇਸ ਵਾਰੀ ਹੱਥ ਜ਼ਰਾ ਤੰਗ ਹੋ ਗਿਆ ਸੀ।'
'ਬਾਰ ਵਾਲਿਆਂ ਨੂੰ ਦੇਣ ਲਈ ਪੈਸੇ ਹੁੰਦੇ ਨੇ ਤੇ ਮਾਰਗੇਜ ਲਈ ਹੱਥ ਤੰਗ ਹੋ ਗਿਆ ਸੀ। ਜੇ ਘਰ ਹੱਥੋਂ ਨਿਕਲ ਗਿਆ ਤਾਂ ਜਵਾਨ ਕੁੜੀ ਨਾਲ ਸੜਕ 'ਤੇ ਰਹਿਣਾ ਪਏਗਾ।'
'ਕਿਹਾ ਨਾ ਹੱਥ ਤੰਗ ਸੀ।'
'ਸ਼ਰਾਬ ਪੀਣ ਲਈ ਪੈਸੇ ਹੁੰਦੇ ਨੇ, ਮਾਰਗੇਜ ਲਈ ਹੱਥ ਤੰਗ ਹੋ ਜਾਂਦਾ ਏ।'
ਸ਼ਟ ਅੱਪ ਯੂ ਬਿੱਚ!' ਤੇ ਸ਼ਰਾਬ ਦੇ ਨਸ਼ੇ ਵਿਚ ਟੁੰਨ ਦਲੀਪ ਦੇ ਹੱਥ ਵਾਲਾ ਗ਼ਲਾਸ ਜਯਾ ਦੇ ਚਾਰ ਫੁੱਟੇ ਮੋਢੇ ਉੱਤੇ ਵੱਜਿਆ।
ਪਤਾ ਨਹੀਂ ਅਚਾਨਕ ਜਯਾ ਵਿਚ ਕਿੱਥੋਂ ਏਨੀ ਤਾਕਤ ਆ ਗਈ ਕਿ ਉਸਨੇ ਨੇੜੇ ਪਿਆ ਕੋਰਡਲੈੱਸ ਟੈਲੀਫ਼ੋਨ ਚੁੱਕ ਕੇ ਦਲੀਪ ਦੇ ਮਾਰਿਆ। ਦਲੀਪ ਨੇ ਜਯਾ ਨੂੰ ਵਾਲਾਂ ਤੋਂ ਧੂ ਕੇ ਸੋਫੇ ਉਂੱਤੇ ਸੁੱਟ ਦਿੱਤਾ। ਤੇ ਉਸ ਪਿੱਛੋਂ ਤਾਂ ਜਯਾ ਉੱਤੇ ਘਸੁੰਨਾਂ ਤੇ ਲੱਤਾ ਦੀ ਵਾਛੜ ਹੀ ਸ਼ੁਰੂ ਹੋ ਗਈ ਸੀ। ਚੀਕਾ-ਰੌਲੀ ਸੁਣ ਕੇ ਪਲਕ ਕਮਰੇ ਵਿਚ ਆ ਗਈ। ਮਾਂ ਦੀ ਕੁਟਾਈ ਹੁੰਦੀ ਦੇਖ ਕੇ ਘਬਰਾ ਗਈ। ਸਿੱਧਾ ਪੁਲਿਸ ਨੂੰ ਫ਼ੋਨ ਕਰ ਦਿੱਤਾ। ਤੇ ਪੁਲਿਸ ਆ ਕੇ ਦਲੀਪ ਨੂੰ ਆਪਣੇ ਨਾਲ ਲੈ ਗਈ। ਮਾਂ ਨਿੱਕੇ ਨਿਆਣੇ ਵਾਂਗ ਸਿਸਕ ਰਹੀ ਸੀ ਤੇ ਪਲਕ ਯਕਦਮ ਮਾਂ ਬਣ ਗਈ ਸੀ; ਜਯਾ ਦੇ ਵਾਲਾਂ ਵਿਚ ਹੱਥ ਫੇਰ ਰਹੀ ਸੀ ਉਹ। ਸਵੇਰ ਨੇ ਹੋਣਾ ਸੀ, ਸੋ ਹੋ ਗਈ। ਨਸ਼ਾ ਲੱਥਣ ਪਿੱਛੋਂ ਪੁਲਿਸ ਨੇ ਦਲੀਪ ਨੂੰ ਛੱਡ ਦਿੱਤਾ।
'ਏਨਾ ਸਭ ਹੋ ਗਿਆ, ਤੂੰ ਮੈਨੂੰ ਫ਼ੋਨ ਤਕ ਨਹੀਂ ਕੀਤਾ ?' ਰਾਜ ਜਯਾ ਲਈ ਚਿੰਤਤ ਸੀ।
ਪੰਜਾਹਵੇਂ ਜਨਮ ਦਿਨ ਉੱਪਰ ਜਯਾ ਖ਼ੁਸ਼ੀ ਦੀ ਜਗ੍ਹਾ ਵਿਲਕ ਰਹੀ ਸੀ। ਮੁੰਬਈ ਦਾ ਜੀਵਨ ਬਸ ਇਕ ਫ਼ਿਲਮ ਵਾਂਗ ਉਸਦੀਆਂ ਅੱਖਾਂ ਸਾਹਵੇਂ ਘੁੰਮ ਰਿਹਾ ਸੀ। ਮਾਂ-ਬਾਪ ਦੇ ਪਿਆਰ ਤੋਂ ਲੈ ਕੇ ਦਲੀਪ ਦੀ ਮਾਰ ਤਕ ਦੀ ਹਰੇਕ ਘਟਨਾ ਚੇਤੇ ਆ ਰਹੀ ਸੀ ਉਸਨੂੰ। ਰਾਜ ਨੇ ਜਯਾ ਦਾ ਚਿਹਰਾ ਆਪਣੇ ਹੱਥਾਂ ਵਿਚ ਲੈ ਕੇ ਉਸਦੀਆਂ ਅੱਖਾਂ ਵਿਚ ਤੱਕਿਆ। ਜਯਾ ਉਸਦੇ ਮੋਢੇ ਨਾਲ ਸਿਰ ਜੋੜ ਕੇ ਉਸ ਨਾਲ ਲਿਪਟ ਗਈ।
ਇਹ ਸਰੀਰ ਗੰਦਗੀ ਦਾ ਬਕਸਾ ਹੈ। ਵਾਸਨਾ ਨੂੰ ਤਿਆਗ ਦਿਓ।'...ਗੁਰੂਜੀ ਦੇ ਸਾਰੇ ਸ਼ਬਦ ਜਿਵੇਂ ਕਿਸੇ ਖੂਹ ਦੀ ਡੂੰਘਾਈ ਵਿਚੋਂ ਆ ਰਹੇ ਮਹਿਸੂਸ ਹੋਏ। ਡੂੰਘਾਈ! ਹਾਂ ਉਹ ਪੂਰੀ ਡੂੰਘਾਈ ਤੀਕ ਰਾਜ ਨਾਲ ਉੱਤਰ ਜਾਣਾ ਚਾਹੁੰਦੀ ਹੈ। ਜੀਵਨ ਨੇ ਉਸਨੂੰ ਸਿਵਾਏ ਦੁੱਖਾਂ ਤੇ ਤਕਲੀਫਾਂ ਦੇ ਹੋਰ ਕੁਝ ਨਹੀਂ ਦਿੱਤਾ। ਅੱਜ ਰਾਜ ਉਸਦੇ ਹਰ ਦੁੱਖ ਨੂੰ ਚੂਸ ਕੇ ਆਪਣੇ ਅੰਦਰ ਜਜ਼ਬ ਕਰ ਲਏਗਾ। ਅੱਜ ਦੋਵੇਂ ਦਿਮਾਗ਼ੀ ਤੇ ਕਿਤਾਬੀ ਗੱਲਾਂ ਨਹੀਂ ਕਰਨਗੇ, ਬਸ ਦੋਵਾਂ ਦੇ ਦਿਲ ਦੀ ਧੜਕਨ ਬੋਲੇਗੀ।
ਸਰੀਰਕ ਸੁਖ ਕੀ ਹੁੰਦਾ ਹੈ, ਇਹ ਜਯਾ ਨੂੰ ਜ਼ਿੰਦਗੀ ਵਿਚ ਪਹਿਲੀ ਵਾਰੀ ਆਪਣੇ ਪੰਜਾਹਵੇਂ ਜਨਮ ਦਿਨ ਉੱਤੇ ਮਹਿਸੂਸ ਹੋਇਆ।
--- --- ---

No comments:

Post a Comment