Saturday, May 14, 2011

06. ਇਕ ਵਾਰ ਫੇਰ ਹੋਲੀ! / एक बार फिर होली

06. ਇਕ ਵਾਰ ਫੇਰ ਹੋਲੀ !
06. एक बार फिर होली !

ਨਜਮਾ ਦੀ ਜ਼ਿੰਦਗੀ ਦੇ ਵਰਤਮਾਨ ਰੰਗ ਹੋਲੀ ਦੇ ਰੰਗਾਂ ਵਾਂਗ ਰਲਗਡ ਹੋਏ ਪਏ ਨੇ। ਪਰਸੋਂ ਉਹ ਭਾਰਤ ਵਾਪਸ ਜਾ ਰਹੀ ਹੈ...ਇਕ ਪਾਕਿਸਤਾਨੀ ਫੌਜੀ ਦੀ ਵਿਧਵਾ ਹੈ ਉਹ।
ਕਰਾਚੀ ਦੇ ਇਕ ਬੰਗਲੇ ਵਿਚ ਗੁੰਮ-ਸੁੰਮ ਬੈਠੀ ਨਜਮਾ ਅੱਜ ਤੀਕ ਆਪਣੇ ਜੀਵਨ ਦੇ ਭੁੱਲ-ਭੁਲਾਵਿਆਂ ਨੂੰ ਨਹੀਂ ਸਮਝ ਸਕੀ। ਇਸ ਸ਼ਹਿਰ ਵਿਚ, ਇਸ ਦੇਸ਼ ਵਿਚ, ਉਹ ਕਿੰਨੀ ਵੇਰ ਪੀੜੀ ਗਈ ਹੈ; ਕਿੰਨੀ ਦੇਰ ਉਸਨੇ ਉਸ ਮੌਤ ਨੂੰ ਗਲ਼ੇ ਲਾਈ ਰੱਖਿਆ ਹੈ ਜਿਸ ਵਿਚ ਇਨਸਾਨ ਦਾ ਸਰੀਰ ਤਾਂ ਨਹੀਂ ਮਰਦਾ ਪਰ ਆਤਮਾ ਕਈ-ਕਈ ਮੌਤਾਂ ਮਰਦੀ ਹੈ! ਅੱਜ ਵੀ ਉਹ ਆਪਣੀ ਛਲਨੀ ਹੋਈ ਆਤਮਾ ਨੂੰ ਆਪਣੇ ਇਸ ਸਰੀਰ ਵਿਚ ਢੋਅ ਰਹੀ ਹੈ ਜਿਸ ਵਿਚ ਆਪਣੇ ਹੀ ਉੱਤੇ ਚੜਾਏ ਹੋਏ ਖੋਲ ਨੂੰ ਲਾਹ ਸੁੱਟਣ ਦੀ ਤਾਕਤ ਨਹੀਂ।
ਇਹ ਸੱਚ ਹੈ ਕਿ ਉਸਨੇ ਇਮਰਾਨ ਨੂੰ ਕਦੀ ਆਪਣਾ ਸ਼ੌਹਰ (ਪਤੀ) ਨਹੀਂ ਮੰਨਿਆਂ। ਵੈਸੇ ਨਿਕਾਹ ਸਮੇਂ ਕਾਜੀ ਸਾਹਬ ਦੇ ਪੁੱਛਣ ਉੱਤੇ, ਉਸਨੇ ਵੀ 'ਹਾਂ' ਹੀ ਆਖੀ ਸੀ। ਪਰ ਜੇ ਅੰਮਾਂ ਆਪਣੀ ਮੌਤ ਦਾ ਦਾਬਾ ਦੇ ਕੇ ਸੌਹਾਂ ਪਾ ਦਵੇ, ਤੇ ਅੱਬਾ ਮੀਆਂ ਇਸਲਾਮ ਦੇ ਖ਼ਤਰੇ ਵਿਚ ਪੈ ਜਾਣ ਦੇ ਡਰਾਵੇ ਦੇਣ ਲੱਗ ਪੈਣ, ਤਾਂ ਉਹ ਵਿਚਾਰੀ 'ਹਾਂ' ਦੇ ਸਿਵਾਏ ਹੋਰ ਆਖ ਵੀ ਕੀ ਸਕਦੀ ਸੀ? ਇੰਜ ਬੁਲੰਦ ਸ਼ਹਿਰ ਵਿਚ ਜੰਮੀ ਨਜਮਾ ਪਾਕਿਸਤਾਨੀ ਸੈਨਾ ਦੇ ਕੈਪਟਨ ਇਮਰਾਨ ਨਾਲ ਵਿਆਹ ਕਰਵਾ ਕੇ ਕਰਾਚੀ ਆਣ ਵੱਸੀ ਸੀ।
ਕਰਾਚੀ ਇਕ ਵੱਖਰੀ ਕਿਸਮ ਦਾ ਸ਼ਹਿਰ ਸੀ। ਬੁਲੰਦ ਸ਼ਹਿਰ ਤੇ ਲਖ਼ਨਊ ਨਾਲੋਂ ਅੱਲਗ-ਥੱਲਗ ਤਾਂ ਹੈ ਹੀ ਸੀ, ਦਿੱਲੀ ਨਾਲੋਂ ਵੀ ਬਿਲਕੁਲ ਵੱਖਰੀ ਕਿਸਮ ਦਾ ਸੀ। ਨਜਮਾ ਨੇ ਸਮੁੰਦਰ ਕਦੀ ਨਹੀਂ ਸੀ ਵੇਖਿਆ। ਹਵਾ ਵਿਚ ਪਾਣੀ ਦੀ ਸਲੂਣੀ ਸਿੱਲ੍ਹ ਕਦੀ ਨਹੀਂ ਸੀ ਭੋਗੀ। ਪਿੰਡ ਦੀ ਖੁੱਲ੍ਹੀ ਹਵਾ ਵਿਚ ਪਲੀ ਨਜਮਾ ਲਈ ਫੌਜੀ ਛਾਉਣੀ ਦਾ ਮਾਹੌਲ ਵੀ ਖਾਸਾ ਦਮਘੋਟੂ ਸੀ। ਮਲੀਰ ਕੈਂਟ ਦਾ ਇਲਾਕਾ ਵੀ ਅਜੀਬ ਜਿਹਾ ਸੀ। ਕਰਾਚੀ ਦੀ ਮੁੱਖ ਸੜਕ ਸ਼ਾਹ ਫ਼ੈਜ਼ਲ ਰੋਡ ਵਿਚੋਂ ਇਕ ਸ਼ਾਖ ਵਾਂਗ ਨਿਕਲੀ ਇਕ ਸਿੱਧੀ ਸੜਕ ਮਲੀਰ ਕੈਂਟ ਵਿਚ ਜਾ ਵੜਦੀ ਸੀ। ਨਾਂਅ ਤਾਂ 'ਸ਼ਹਰ-ਏ-ਗ਼ੁਲਸ਼ਨ' ਸੀ ਉਸਦਾ, ਪਰ ਲੈ ਵੜਦੀ ਸੀ ਇਕ ਵੀਰਾਨੇ ਵਿਚ। ਇਕ ਲੰਮੀ, ਸੁੰਨਸਾਨ ਤੇ ਭੈ-ਭਰਪੂਰ ਸੜਕ...ਨਜਮਾ ਉਸ ਸੜਕ ਉੱਤੇ ਆਪਣੇ ਆਪ ਨੂੰ ਕਦੀ ਵੀ ਸੁਰੱਖਿਅਤ ਮਹਿਸੂਸ ਨਹੀਂ ਸੀ ਕਰਦੀ ਹੁੰਦੀ।
ਘਰ ਵਿਚ ਵੀ ਨਜਮਾ ਕੁਰਸੀਆਂ ਦੇ ਕੁਸ਼ਨ ਤੇ ਕੁਰਸੀਆਂ ਹੀ ਸਿੱਧੀਆਂ ਕਰਦੀ ਰਹਿੰਦੀ; ਹਰ ਕਮਰੇ ਵਿਚ ਵਿਛੇ ਮਹਿੰਗੇ ਪਾਕਿਸਤਾਨੀ ਕਾਲੀਨਾਂ ਤੋਂ ਧਾਗੇ ਤੇ ਕੁੜਾ ਬੁਹਾਰਦੀ। ਤਿੰਨ ਕਮਰਿਆਂ ਦਾ ਘਰ...ਤੇ ਘਰ ਦੇ ਅੰਦਰ ਪਸਰੀ ਚੁੱਪ ਤੇ ਬਾਹਰ ਵੱਸਿਆ ਸੁੰਨ-ਮਸਾਨ। ਬੁਲੰਦ ਸ਼ਹਿਰ ਵਾਲੀ ਆਪਣੀ ਉਹ ਵੱਡੀ ਸਾਰੀ ਹਵੇਲੀ ਤੇ ਉਸ ਵਿਚ ਕੰਮ ਕਰਨ ਵਾਲੇ ਗਰੀਬ ਮੁਲਾਜ਼ਮਾਂ ਦੇ ਬੱਚਿਆਂ ਦੀ ਦੋਸਤੀ ਉਸ ਦੀਆਂ ਯਾਦਾਂ ਨੂੰ ਸਿੱਲ੍ਹਿਆਂ ਕਰਦੇ ਰਹਿੰਦੇ।...ਇੱਥੇ ਇਸ ਘਰ ਦੀਆਂ ਉੱਚੀਆਂ ਕੰਧਾਂ ਉਸਨੂੰ ਆਪਣੇ ਘਰ ਵਿਚ ਹੀ ਕੈਦ ਹੋਣ ਦਾ ਅਹਿਸਾਸ ਕਰਵਾਉਂਦੀਆਂ ਰਹਿੰਦੀਆਂ। ਡਰਾਇੰਗ-ਰੂਮ, ਡਾਇਨਿੰਗ-ਰੂਮ ਤੇ ਰਸੋਈ ਵਿਚ...ਹਰੇਕ ਜਗ੍ਹਾ, ਨੀਲੇ ਥੋਥੇ ਵਾਲੀ ਚਿੱਟੀ ਕਲੀ ਫੇਰੀ ਹੋਈ ਸੀ। ਹਰ ਕਮਰੇ ਵਿਚ ਟਾਹਲੀ ਦੀ ਲੱਕੜ ਦਾ ਭਾਰਾ ਫਰਨੀਚਰ ਰੱਖਿਆ ਸੀ। ਬਾਹਰ ਬਗ਼ੀਚੇ ਵਿਚ ਟੋਕਰਿਆਂ ਵਰਗੀਆਂ ਕੁਰਸੀਆਂ ਰੱਖੀਆਂ ਜਾਂਦੀਆਂ ਸਨ...ਦੋ ਚਾਰ ਨਹੀਂ, ਪੂਰੀਆਂ ਇਕ ਦਰਜਨ। ਜਦੋਂ ਕਦੀ ਮਹਿਮਾਨ ਸ਼ਾਮ ਬਿਤਾਅ ਕੇ ਵਾਪਸ ਜਾਂਦੇ ਤਾਂ ਇਮਰਾਨ ਦਾ ਬੈਟਮੈਨ ਵਿਚਾਰਾ ਉਹਨਾਂ ਭਾਰੀਆਂ-ਭਾਰੀਆਂ ਕੁਰਸੀਆਂ ਨੂੰ ਵਾਪਸ ਰੱਖਦਾ ਹੋਇਆ ਹੌਂਕਣ ਲੱਗ ਪੈਂਦਾ।
ਗੁਸਲਖ਼ਾਨੇ ਦੀ ਛੱਤ ਤੇ ਕੰਧਾਂ ਵੀ ਬੜੀਆਂ ਉੱਚੀਆਂ ਸਨ। ਦਿੱਲੀ ਦੇ ਮੁਕਾਬਲੇ ਕਰਾਚੀ ਵਿਚ ਠੰਡ ਤਾਂ ਨਾ ਦੇ ਬਰਾਬਰ ਪੈਂਦੀ ਸੀ, ਪਰ ਇੱਥੇ ਹਮੇਸ਼ਾ ਸਾਰੇ ਲੋਕ ਗਰਮ ਪਾਣੀ ਨਾਲ ਹੀ ਨਹਾਉਂਦੇ ਸਨ। ਘਰ ਵਿਚ ਹਰ ਵੇਲੇ ਇਕੋ ਚਰਚਾ ਛਿੜੀ ਹੁੰਦੀ...ਨਾਸ਼ਤੇ ਵਿਚ ਕੀ ਬਣੇਗਾ, ਦੁਪਹਿਰ ਦੇ ਖਾਣੇ ਦਾ ਕੀ ਮੀਨੂੰ ਹੋਏਗਾ ਤੇ ਫੇਰ ਰਾਤ ਦੇ ਪਕਵਾਨ ਕਿਹੜੇ ਹੋਣਗੇ। ਨਾਸ਼ਤੇ ਵਿਚ ਮੀਟ, ਲੰਚ ਵਿਚ ਵੀ ਮੀਟ ਤੇ ਡਿਨਰ ਤਾਂ ਬਿਰਯਾਨੀ ਦੇ ਬਿਨਾਂ ਹੋ ਹੀ ਨਹੀਂ ਸੀ ਸਕਦਾ। ਦਾਲ ਤਾਂ ਫੇਰ ਵੀ ਕਦੀ ਕਦੀ ਬਣ ਜਾਂਦੀ ਸੀ, ਪਰ ਸਬਜ਼ੀ ਖਾਧਿਆਂ ਨਜਮਾ ਨੂੰ ਕਈ ਕਈ ਦਿਨ ਹੋ ਜਾਂਦੇ। ਅਜੇ ਨਜਮਾ ਨੇ ਬੜੀਆਂ ਗੱਲਾਂ ਸਿੱਖਣੀਆਂ-ਸਮਝਣੀਆਂ ਸਨ। ਫੌਜੀਆਂ ਦੇ ਤੌਰ-ਤਰੀਕੇ ਹੁੰਦੇ ਵੀ ਤਾਂ ਅਜੀਬ ਨੇ ਨਾ...ਪਿਆਰ ਤੇ ਲੜਾਈ ਵਿਚ ਕੋਈ ਖਾਸ ਅੰਤਰ ਮਹਿਸੂਸ ਨਹੀਂ ਹੁੰਦਾ। ਫੌਜੀ ਲੋਕ, ਸਿਵਲੀਅਨਾਂ ਨੂੰ ਸ਼ਾਇਦ ਇਨਸਾਨ ਵੀ ਨਹੀਂ ਸਮਝਦੇ।
ਇਮਰਾਨ ਵੀ ਖਾਸਾ ਜ਼ਿੱਦੀ ਸੁਭਾਅ ਦਾ ਆਦਮੀ ਸੀ...“ਵੇਖ ਨਜਮਾ, ਹੁਣ ਤੂੰ ਮੇਰੀ ਬੇਗ਼ਮ ਏਂ...ਯੂ ਹੈਵ ਨੋ ਚੋਆਇਸ।”
“ਸੁਣੋ ਵੀ, ਏਨੀ ਵੀ ਕੀ ਜਲਦੀ ਏ? ਮੈਂ ਹੌਲੀ-ਹੌਲੀ ਆਪਣੇ ਆਪ ਨੂੰ ਤਿਆਰ ਕਰ ਲਵਾਂਗੀ।”
“ਮੈਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦਾ ਕਿ ਮੇਰੀ ਬੀਵੀ ਕੋਲ ਹਿੰਦੁਸਤਾਨ ਦਾ ਪਾਸਪੋਰਟ ਹੋਏ। ਜੇ ਕਿਸੇ ਨੂੰ ਪਤਾ ਲੱਗ ਗਿਆ ਤਾਂ ਲੋਕ ਕੀ ਕਹਿਣਗੇ। ਮੇਰੇ 'ਤੇ ਤਾਂ ਸਾਰੀ ਜ਼ਿੰਦਗੀ ਲਈ ਇਕ ਬਦਨੁਮਾ ਦਾਗ਼ ਲੱਗ ਜਾਏਗਾ।”
“ਤੁਸੀਂ ਸੋਚੋ, ਏਨੀ ਜ਼ਿੰਦਗੀ ਇਕ ਹਿੰਦੁਸਤਾਨੀ ਬਣ ਕੇ ਬਿਤਾਈ ਏ। ਯਕਦਮ ਆਪਣੇ ਵਜੂਦ ਨੂੰ ਕਿੰਜ ਬਦਲ ਲਵਾਂ? ਤੁਸੀਂ ਤਾਂ ਜਾਣਦੇ ਈ ਓ, ਮੈਂ ਥੋੜ੍ਹੀ ਸੇਂਸਿਟਿਵ ਨੇਚਰ ਦੀ ਲੜਕੀ ਆਂ। ਮੈਨੂੰ ਤਾਂ ਸੁਹਾਗਰਾਤ ਮਨਾਉਣ ਵਿਚ ਹੀ ਕਿੰਨਾ ਵਕਤ ਲੱਗ ਗਿਆ ਸੀ।”
“ਦੇਖ ਬੇਗ਼ਮ, ਅੱਲ੍ਹਾ ਤੋਂ ਡਰ, ਕੁਰਾਨੇ-ਪਾਕ ਵੀ ਕਹਿੰਦੀ ਏ ਬਈ ਬੀਵੀ ਨੂੰ ਸ਼ੋਹਰ ਦੀ ਗੱਲ ਮੰਨਣੀ ਚਾਹੀਦੀ ਏ। ਇਸ ਮਾਮਲੇ ਵਿਚ ਆਪਾਂ ਤੇਰੀ ਇਕ ਨਹੀਓਂ ਸੁਣਨੀ। ਅੱਜ ਹੀ ਪਾਕਿਸਤਾਨੀ ਪਾਸਪੋਰਟ ਲਈ ਅਰਜ਼ੀ ਭਰ ਦੇਅ। ਇਸ ਗੱਲ ਨੂੰ ਲੈ ਕੇ ਮੈਂ ਤੇਰੇ ਨਾਲ ਹੋਰ ਬਹਿਸ ਨਹੀਂ ਕਰਨੀ ਚਾਹੁੰਦਾ।”
ਪੂਰੀ ਰਾਤ ਰੋਂਦੀ ਰਹੀ ਸੀ ਨਜਮਾ। ਸਿਰਹਾਣਾ ਭਿੱਜਦਾ ਰਿਹਾ ਸੀ ਤੇ ਇਮਰਾਨ ਪਾਸਾ ਪਰਤ ਕੇ ਸੁੱਤਾ ਰਿਹਾ ਸੀ। ਸਵੇਰ ਨੂੰ ਰੋਕਿਆ ਜਾ ਸਕਦਾ, ਤਾਂ ਨਜਮਾ ਜ਼ਰੂਰ ਉਸਨੂੰ ਰੋਕ ਲੈਂਦੀ। ਪਰ ਸਵੇਰ ਹੋਈ ਤੇ ਸਵੇਰ ਹੋਣ ਦੇ ਨਾਲ ਹੀ ਸ਼ੁਰੂ ਹੋ ਗਿਆ ਇਮਰਾਨ ਦਾ ਪਾਸਪੋਰਟ-ਰਾਗ। ਨਜਮਾ ਦੀਆਂ ਰੋਂਦੀਆਂ ਹੋਈਆਂ ਅੱਖਾਂ ਦਾ ਇਮਰਾਨ ਦੇ ਫੈਸਲੇ ਉੱਤੇ ਕੋਈ ਅਸਰ ਨਹੀਂ ਸੀ ਹੋਇਆ। ਇਮਰਾਨ ਦੀ ਅੰਮੀ ਤੇ ਦੋਵੇਂ ਭੈਣਾ ਇੰਜ ਚੁੱਪਚਾਪ ਕੰਮ ਕਰ ਰਹੀਆਂ ਸਨ ਜਿਵੇਂ ਉਹਨਾਂ ਦਾ ਇਸ ਮਾਮਲੇ ਨਾਲ ਕੋਈ ਲਾਗਾ-ਦੇਗਾ ਹੀ ਨਾ ਹੋਵੇ। ਜ਼ੁਬੇਦਾ ਨੇ ਤਾਂ ਆ ਕੇ ਪੁੱਛ ਵੀ ਲਿਆ, “ਇਮਰਾਨ ਭਾਈ, ਨਾਸ਼ਤਾ ਤਾਂ ਕਰਕੇ ਹੀ ਜਾਓਗੇ ਨਾ ਤੁਸੀਂ ਦੋਵੇਂ? ਵੈਸੇ ਆਲੂਆਂ ਵਾਲੇ ਪਰੌਂਠੇ ਬਣਾ ਦਿੱਤੇ ਨੇ।”
ਨਜਮਾ ਨੇ ਕਹਿ ਦਿੱਤਾ ਕਿ ਉਸਦੀ ਤਬੀਅਤ ਠੀਕ ਨਹੀਂ, ਉਹ ਨਹੀਂ ਕਰੇਗੀ ਨਾਸ਼ਤਾ। ਇਮਰਾਨ ਉੱਤੇ ਇਸ ਦਾ ਵੀ ਕੋਈ ਅਸਰ ਨਹੀਂ ਸੀ ਹੋਇਆ। ਨਜ਼ਮਾ ਹੈਰਾਨ ਸੀ ਕਿ ਕਿਸ ਮਿੱਟੀ ਦਾ ਬਣਿਆ ਹੋਇਆ ਏ ਇਮਰਾਨ; ਏਨਾ ਬੇਰਹਿਮ ਕਿਉਂ ਏ?
ਇਮਰਾਨ ਮੀਆਂ ਨੇ ਆਮ ਵਾਂਗ ਬੈਠ ਕੇ ਆਲੂ ਵਾਲੇ ਦੋ ਪਰੌਂਠੇ ਦਹੀਂ ਨਾਲ ਖਾਧੇ। ਪਿੱਛੋਂ ਮਸਾਲੇ ਵਾਲੀ ਚਾਹ ਨੂੰ, ਬਿਲਕੁਲ ਫੌਜੀਆਂ ਵਾਂਗ, ਪਲੇਟ ਵਿਚ ਠਾਰ-ਠਾਰ ਪੀਤਾ।
ਨਜਮਾ ਤੋਂ ਰਿਹਾ ਨਾ ਗਿਆ, “ਸੁਣਨਾ, ਤੁਸੀਂ ਖ਼ੁਦ ਹੀ ਫਾਰਮ ਵਗ਼ੈਰਾ ਭਰ ਦਿਓ, ਮੈਂ ਸਾਈਨ ਕਰ ਦਿਆਂਗੀ। ਮੈਥੋਂ ਨਹੀਂ ਭਰਿਆ ਜਾਣਾ।” ਤੇ ਲਗਭਗ ਦੌੜਦੀ ਹੋਈ ਬਾਥਰੂਮ ਵਿਚ ਜਾ ਕੇ, ਅੰਦਰੋਂ ਦਰਵਾਜ਼ਾ ਬੰਦ ਕਰਕੇ, ਖੁੱਲ੍ਹ ਕੇ ਰੋਈ ਸੀ ਉਹ। ਉਸਨੂੰ ਆਪਣੀ ਸਹੇਲੀ ਚਿੱਤਰਾ ਦੀਆਂ ਆਖੀਆਂ ਹੋਈਆਂ ਗੱਲਾਂ ਚੇਤੇ ਆ ਰਹੀਆਂ ਸਨ, 'ਦੇਖ ਨਜਮਾ, ਇਹ ਜਿਹੜਾ ਸੰਕਟਮੋਚਨ ਦਾ ਮੰਦਰ ਏ ਨਾ, ਇਸ ਦੀ ਬੜੀ ਮਾਨਤਾ ਏ। ਇੱਥੇ ਜਿਹੜਾ ਵੀ ਆ ਕੇ, ਜੋ ਵੀ, ਮੰਨਤ ਮੰਗਦਾ ਏ, ਉਹ ਜ਼ਰੂਰ ਪੂਰੀ ਹੁੰਦੀ ਹੈ। ਮੰਗਲਵਾਰ ਨੂੰ ਸੰਕਟਮੋਚਨ ਦੇ ਵਰਤ ਰੱਖਣੇ ਪੈਂਦੇ ਨੇ। ਹਨੂਮਾਨ ਜੀ ਬੜੇ ਭੋਲੇ ਨੇ, ਜਲਦੀ ਹੀ ਸਭ ਦੀ ਇੱਛਾ ਪੂਰੀ ਕਰ ਦਿੰਦੇ ਨੇ।' ਉਸਨੇ ਕਿੰਨੇ ਹੀ ਮੰਗਲਵਾਰ ਜਾ ਕੇ ਸੰਕਟਮੋਚਨ ਦੇ ਮੰਦਰ ਵਿਚੋਂ ਪ੍ਰਸ਼ਾਦ ਦੇ ਰੂਪ ਵਿਚ  ਮਠਿਆਈ ਖਾਧੀ ਹੈ। ਅੱਜ ਮੰਗਲ ਨਹੀਂ; ਤੇ ਭਲਾ ਜੁਮੇਰਾਤ ਨੂੰ ਹਨੂਮਾਨ ਜੀ ਕਿੰਜ ਮੇਰੀ ਗੱਲ ਸੁਣ ਲੈਂਣਗੇ? ਪਰ ਨਜਮਾ ਮਨ ਹੀ ਮਨ ਦੁਆ ਮੰਗਦੀ ਰਹੀ ਸੀ, 'ਹੇ ਸੰਕਟਮੋਚਨ ਮੈਨੂੰ ਇਸ ਹਾਲਤ ਤੋਂ ਬਚਾਅ ਲਓ, ਅੱਜ ਦਫ਼ਤਰ ਬੰਦ ਹੋ ਜਾਏ। ਮੈਨੂੰ ਪਾਸਪੋਰਟ ਦੇਣ ਤੋਂ ਅਫ਼ਸਰ ਇਨਕਾਰ ਕਰ ਦੇਣ। ਮੈਂ ਜਦੋਂ ਵੀ ਵਾਪਸ ਆਪਣੇ ਮੁਲਕ ਆਵਾਂਗੀ, ਤੁਹਾਡੇ ਮੰਦਰ ਵਿਚ ਚੜਾਵਾ ਚੜਾਉਣ ਜ਼ਰੂਰ ਆਵਾਂਗੀ।' ਪਰ ਜੁਮੇਰਾਤ ਨੂੰ ਮਸਜਿਦ ਦੀ ਅਜ਼ਾਨ ਸਾਹਮਣੇ ਸੰਕਟਮੋਚਨ ਨੂੰ ਕੀਤੀ ਹੋਈ ਫਰਿਆਦ ਨਹੀਂ ਸੀ ਸੁਣੀ ਗਈ।
ਤੇ ਥੋੜ੍ਹੀ ਦੇਰ ਵਿਚ ਆਵਾਜ਼ ਵੀ ਆ ਗਈ ਸੀ, “ਸੁਣਦੀ ਪਈ ਏਂ ਬੇਗ਼ਮ, ਅਹਿ ਫਾਰਮ ਪੂਰਾ ਕਰ ਦਿੱਤੈ, ਇਸ 'ਤੇ ਸਾਈਨ ਕਰ ਦੇਅ ਆ ਕੇ।” ਤੇ ਨਜ਼ਮਾ ਨੇ ਆਪਣੇ ਡੈੱਥ ਵਾਰੰਟ ਉੱਤੇ ਖ਼ੁਦ ਹੀ ਆਪਣੇ ਦਸਤਖ਼ਤ ਕਰ ਦਿੱਤੇ ਸਨ।
ਸਮੇਂ ਨੇ ਨਜਮਾ ਦੇ ਜ਼ਖ਼ਮਾਂ ਦੇ ਦਰਦ ਨੂੰ ਘਟ ਕਰ ਦਿੱਤਾ ਸੀ। ਪਰ ਉਹਨਾਂ ਦੇ ਨਿਸ਼ਾਨ ਉਸਦੀ ਆਤਮਾ ਉੱਤੇ ਸਥਾਈ ਰੂਪ ਵਿਚ ਉੱਕਰੇ ਗਏ ਸਨ। ਉਹ ਜੀਵਨ ਭਰ ਆਪਣੇ ਪਤੀ ਦੇ ਇਸ ਧੱਕੇ ਨੂੰ ਮੁਆਫ਼ ਨਹੀਂ ਸੀ ਕਰ ਸਕੀ। ਤੇ ਇਮਰਾਨ ਨੂੰ ਕੋਈ ਫਰਕ ਨਹੀਂ ਸੀ ਪਿਆ। ਉਹ ਹਮੇਸ਼ਾ ਜਾਣ-ਬੁਝ ਕੇ ਨਜਮਾ ਸਾਹਮਣੇ ਹਿੰਦੁਸਤਾਨ ਦੀਆਂ ਬੁਰਾਈਆਂ ਕਰਦਾ ਰਿਹਾ। ਨਜਮਾ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਉਸਦੀਆਂ ਕਵਿਤਾਵਾਂ ਵਿਚ ਹਮੇਸ਼ਾ ਦੋਹਰੇ ਅਰਥ ਛਿਪੇ ਹੁੰਦੇ ਸਨ। ਉਹ ਕਦੀ ਵੀ ਇਕਹਿਰੇ ਅਰਥਾਂ ਵਾਲੀ ਕਵਿਤਾ ਨਹੀਂ ਸੀ ਲਿਖਦੀ। ਆਪਣੀਆਂ ਕਵਿਤਾਵਾਂ ਰਾਹੀਂ ਆਪਣੇ ਦੇਸ਼, ਆਪਣੀਆਂ ਸਹੇਲੀਆਂ, ਆਪਣੇ ਪਰਿਵਾਰ, ਆਪਣੇ ਵਜੂਦ ਨੂੰ ਯਾਦ ਕਰਦੀ ਰਹਿੰਦੀ। ਇਕ ਵਾਰੀ ਨਜਮਾ ਨੇ ਆਪਣੀ ਕਵਿਤਾ ਨੂੰ ਇੰਜ ਸ਼ੁਰੂ ਕੀਤੀ...:
 'ਮਨ ਕਰੇ ਮੱਥੇ ਤੇ ਲਾਵਾਂ ਮੈਂ ਵਤਨ ਦੀ ਖ਼ਾਕ ਨੂੰ,
 ਕਰਕੇ ਸਜਦੇ ਸਿਰ ਝੁਕਾਵਾਂ ਉਸ ਜ਼ਮੀਨੇ ਪਾਕ ਨੂੰ।'
ਜ਼ੁਬੇਦਾ ਨੇ ਝੱਟ ਕਿਹਾ ਸੀ, “ਭਾਬੀ ਜਾਨ ਇਹ 'ਉਸ' ਜ਼ਮੀਨੇ ਪਾਕ ਨਹੀਂ 'ਇਸ' ਜ਼ਮੀਨੇ ਪਾਕ ਹੋਣਾ ਚਾਹੀਦਾ ਏ।” ਇਮਰਾਨ ਦੇ ਅੰਦਰਲੀ ਕੁਸੈਲ ਉਸਦੀ ਆਵਾਜ਼ ਵਿਚ ਸਾਕਾਰ ਹੋ ਉੱਠੀ ਸੀ, “ਜ਼ੁਬੇਦਾ, ਮੈਂ ਸਾਰੀ ਜ਼ਿੰਦਗੀ ਇੰਤਜ਼ਾਰ ਕਰਦਾ ਰਹਾਂ, ਤਦ ਵੀ ਤੇਰੀ ਭਾਬੀ ਜਾਨ ਇਸ ਜ਼ਮੀਨ ਨੂੰ ਪਾਕ ਨਹੀਂ ਕਹੇਗੀ। ਇਹ ਤਾਂ ਮੁਹਾਜ਼ਰਾਂ ਨਾਲੋਂ ਵੀ ਗਈ-ਗੁਜ਼ਰੀ ਏ।”
'ਮੁਹਾਜ਼ਰਾਂ ਨਾਲੋਂ ਗਈ-ਗੁਜ਼ਰੀ!'...ਇਹ ਕਹਿਣ ਵਾਲਾ ਮੇਰਾ ਆਪਣਾ ਪਤੀ ਹੈ! ਪਰ ਨਜਮਾ ਕੁਝ ਵੀ ਕਹਿਣ ਦੀ ਸਥਿਤੀ ਵਿਚ ਨਹੀਂ ਸੀ। ਓਪਰਾ ਦੇਸ਼, ਓਪਰੇ ਲੋਕ। ਆਪਣਾ ਪਤੀ ਵੀ ਹਮੇਸ਼ਾ ਓਪਰਾ-ਓਪਰਾ ਹੀ ਲੱਗਦਾ ਰਿਹਾ ਸੀ ਉਸਨੂੰ। ਗਿਰਝਾਂ ਦਾ ਇਕ ਟੋਲਾ ਤੇ ਨਿਮਾਣੀ ਜਿੰਦ ਨਜਮਾ! ਪਰ ਜੀਵਨ ਤਾਂ ਜਿਊਣਾ ਹੀ ਪੈਂਦਾ ਹੈ। ਨਜਮਾ ਨੇ ਵੀ ਆਪਣੇ ਆਸ-ਪਾਸ ਦੇ ਮਾਹੌਲ ਵਿਚ ਰੁਚੀ ਲੈਣੀ ਸ਼ੁਰੂ ਕਰ ਦਿੱਤੀ। ਮਲੀਰ ਕੈਂਟ ਪੂਰੀ ਤਰ੍ਹਾਂ ਫੌਜੀ ਖੇਤਰ ਹੋਣ ਕਰਕੇ ਇਸ ਵਿਚ ਰਹਿਣ ਵਾਲੇ ਸਾਰੇ ਲੋਕ ਫੌਜੀ ਸਨ। ਸਾਰੇ ਇਕ ਦੂਜੇ ਦੀ ਸਹਾਇਤਾ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ।
ਆਪਣੇ ਪਤੀ ਨਾਲ ਨਜਮਾ ਕਿਸੇ ਫੌਜੀ ਪਾਰਟੀ ਵਿਚ ਜਾਂਦੀ ਤਾਂ ਉਸਦੀਆਂ ਨਣਦਾਂ ਉਸਨੂੰ ਕਰਾਚੀ ਦੇ ਉੱਚ-ਮੱਧਵਰਗੀ ਮਾਹੌਲ ਵਿਚ ਲਈ ਫਿਰਦੀਆਂ। ਪਤੀ ਇਮਰਾਨ ਨੂੰ ਬਸ ਇਕੋ ਰਟ ਲੱਗੀ ਹੁੰਦੀ, “ਕਸ਼ਮੀਰ ਆਜ਼ਾਦ ਕਰਵਾ ਕੇ ਰਹਾਂਗੇ।”
ਨਜਮਾ ਦੀ ਸਮੱਸਿਆ ਇਹੀ ਸੀ ਕਿ ਉਸਦਾ ਸਰੀਰ, ਆਤਮਾ ਤੇ ਦਿਮਾਗ਼ ਪੂਰੀ ਤਰ੍ਹਾਂ ਭਾਰਤੀ ਰੰਗ ਵਿਚ ਰੰਗਿਆ ਹੋਇਆ ਸੀ। ਉਸਨੂੰ ਪਾਕਿਸਤਾਨ ਦੀ ਮਿੱਟੀ ਉੱਤੇ ਬਾਰਿਸ਼ ਦੀ ਹਲੀਕੀ ਫੁਆਰ ਪੈਣ ਪਿੱਛੋਂ ਕਦੀ ਵੀ ਓਹੋ-ਜਿਹੀ ਸੁਹਾਵੀ ਮਹਿਕ ਨਹੀਂ ਸੀ ਆਉਂਦੀ ਹੁੰਦੀ, ਜਿਹੋ-ਜਿਹੀ ਆਪਣੇ ਪਿੰਡ ਦੀ ਮਿੱਟੀ ਵਿਚੋਂ ਆਉਂਦੀ ਸੀ। ਲਖ਼ਨਊ ਯੂਨੀਵਰਸਟੀ ਵਿਚ ਬਿਤਾਇਆ ਇਕ ਇਕ ਪਲ ਪਰੇਸ਼ਾਨ ਕਰਦਾ ਹੈ। ਉੱਥੇ ਹੀ ਉਸ ਦੀ ਮੁਲਾਕਾਤ ਇਕ ਨੌਜਵਾਨ ਚੰਦਰ ਪ੍ਰਕਾਸ਼ ਨਾਲ ਹੋਈ ਸੀ। ਸਾਰੇ ਉਸਨੂੰ ਚੰਦਰ ਕਹਿ ਕੇ ਬੁਲਾਉਂਦੇ ਹੁੰਦੇ ਸਨ। ਕੁਝ ਦਿਨਾਂ ਵਿਚ ਹੀ ਨਜਮਾ ਚੰਦਰ ਦੇ ਰੰਗ ਵਿਚ ਇਸ ਤਰ੍ਹਾਂ ਰੰਗੀ ਗਈ ਸੀ ਕਿ ਹੋਰ ਵਿਦਿਆਰਥੀ ਉਹਨਾਂ ਨੂੰ ਚੰਦ-ਤਾਰਾ ਆਖ ਕੇ ਬੁਲਾਉਣ ਲੱਗ ਪਏ ਸਨ। ਬਸ ਦੂਰੋਂ ਹੀ ਇਕ ਦੂਜੇ ਨੂੰ ਵੇਖ ਕੇ ਖਿੜ-ਪੁੜ ਜਾਣ ਵਾਲੇ ਚੰਦਰ ਤੇ ਨਜਮਾ ਨੇ ਹੌਲੀ-ਹੌਲੀ ਭਵਿੱਖ ਦੇ ਸੁਪਨੇ ਬੁਣਨੇ ਸ਼ੁਰੂ ਕਰ ਦਿੱਤੇ ਸਨ। ਚੰਦਰ ਵੈਸੇ ਤਾਂ ਡਾਕਟਰ ਬਣਨਾ ਚਾਹੁੰਦਾ ਸੀ ਪਰ ਉਸਦੇ ਮਨ ਵਿਚ ਇਕ ਕਵੀ ਪਹਿਲੋਂ ਹੀ ਬਿਰਾਜਮਾਨ ਸੀ। ਕ੍ਰਿਸ਼ਨ ਤੇ ਰਾਧਾ ਦੀ ਹੋਲੀ ਦੇ ਭਜਨ ਉਹ ਏਨੀ ਲਗਨ ਨਾਲ ਗਾਉਂਦਾ ਕਿ ਨਜਮਾ ਮੰਤਰ-ਮੁਘਧ ਹੋ ਜਾਂਦੀ। ਉਸਨੂੰ ਹੌਲੀ ਦੇ ਤਿਉਹਾਰ ਦੀ ਉਡੀਕ ਰਹਿੰਦੀ। ਆਪਣੀਆਂ ਸਹੇਲੀਆਂ ਨਾਲ ਮਿਲ ਕੇ ਹੋਲੀ ਖੇਡਦੀ ਤੇ ਆਪਣੀ ਮਾਂ ਦੀਆਂ ਝਾੜਾਂ ਖਾਂਦੀ। ਉਸਦਾ ਹੋਲੀ ਦੇ ਰੰਗਾਂ ਵਿਚ ਰੰਗੇ ਜਾਣਾ ਉਸਦੀ ਆਵਾਰਗੀ ਦਾ ਪ੍ਰਤੀਕ ਸੀ। ਪਰ ਮਾਂ ਨੂੰ ਉਹਨਾਂ ਰੰਗਾਂ ਦਾ ਗਿਆਨ ਹੀ ਕਿੱਥੇ ਸੀ ਜਿਹੜੇ ਨਜਮਾ ਦੇ ਵਿਅਕਤੀਤਵ ਉੱਤੇ ਚੜ੍ਹ ਰਹੇ ਸਨ। ਨਜਮਾ ਹੁਣ ਚੰਦਰ ਦੀ ਸੁਧਾ ਬਣਨ ਲਈ ਬੇਚੈਨ ਸੀ।
ਕਰਾਚੀ ਦੇ ਚਿਪਚਿਪੇ ਮੌਸਮ ਵਿਚ ਉਸਨੂੰ ਯਾਦ ਆਉਂਦਾ ਰਹਿੰਦਾ ਆਪਣਾ ਸ਼ਹਿਰ, ਆਪਣਾ ਦੇਸ਼। ਜਦੋਂ ਨਜਮਾ ਛੋਟੀ ਹੁੰਦੀ ਸੀ ਤਾਂ ਸ਼ਾਮ ਨੂੰ ਜਿਉਂ ਹੀ ਹਨੇਰੇ ਦੀ ਪਤਲੀ ਜਿਹੀ ਚਾਦਰ ਫੈਲਦੀ, ਚਿੜੀਆਂ ਬੇਚੈਨ ਹੋ ਕੇ ਆਸਮਾਨ ਵਿਚ ਝੁੰਡ ਬਣਾ-ਬਣਾ ਕੇ ਉੱਡਣ ਲੱਗ ਪੈਂਦੀਆਂ ਤੇ ਚੀਕਾ-ਰੌਲੀ ਪਾ ਦੇਂਦੀਆਂ। ਪੂਰਾ ਹਨੇਰਾ ਹੁੰਦਿਆਂ ਹੀ ਚੁੱਪ ਵਾਪਰ ਜਾਂਦੀ ਸੀ...ਕਿਤੇ ਕਿਤੇ ਬੀਂਡੇ ਦੀ ਆਵਾਜ਼ ਸੁਣਾਈ ਦੇਂਦੀ ਤੇ ਕੋਈ ਕੋਈ ਜੁਗਨੂੰ ਆਪਣੀ ਰੌਸ਼ਨੀ ਖਿਲਾਰਦਾ ਹੋਇਆ ਉੱਡਿਆ ਜਾ ਰਿਹਾ ਹੁੰਦਾ। ਫੇਰ ਹੌਲੀ ਹੌਲੀ ਚੰਦ-ਤਾਰਿਆਂ ਦੀ ਰੌਸ਼ਨੀ ਫੈਲਣ ਲੱਗਦੀ। ਨਜਮਾ ਘਰ ਦੇ ਵਿਹੜੇ ਵਿਚ ਪਈ ਇਹ ਤਮਾਸ਼ਾ ਦੇਖਦੀ ਤੇ ਆਨੰਦ ਮਾਣਦੀ ਰਹਿੰਦੀ। ਕਦੀ ਕਦੀ ਜਦੋਂ ਸਵੇਰੇ-ਸਵਖ਼ਤੇ ਅੱਖ ਖੁੱਲ੍ਹ ਜਾਂਦੀ ਤਾਂ ਨਜਮਾ ਨੂੰ ਮਹਿਸੂਸ ਹੁੰਦਾ ਕਿ ਚੰਦ ਆਪਣੀ ਠੰਡੀ ਠੰਡੀ ਰੌਸ਼ਨੀ ਨਾਲ ਧਰਤੀ ਨੂੰ ਠਾਰ ਕੇ ਡੁੱਬਣ ਦੀਆਂ ਤਿਆਰੀਆਂ ਕਰ ਰਿਹਾ ਹੈ; ਕੋਈ ਤਾਰਾ ਟੁੱਟ ਕੇ ਜ਼ਮੀਨ ਦੀ ਗੋਦ ਵਿਚ ਡਿੱਗਿਆ ਤੇ ਗਵਾਚ ਗਿਆ ਹੈ। ਸਵੇਰੇ ਉੱਠ ਕੇ ਨਜਮਾ ਉਸ ਦਿਸ਼ਾ ਵੱਲ ਟੁੱਟੇ ਹੋਏ ਤਾਰੇ ਨੂੰ ਲੱਭਣ ਜ਼ਰੂਰ ਜਾਂਦੀ ਸੀ। ਉਸਨੂੰ ਅੱਜ ਵੀ ਇਵੇਂ ਲੱਗਦਾ ਹੈ ਜਿਵੇਂ ਆਪਣੇ ਹਿੱਸੇ ਦੇ ਸਾਰੇ ਤਾਰੇ-ਸਿਤਾਰੇ ਆਪਣੀ ਜਨਮਭੂਮੀ ਨੂੰ ਸੌਂਪ ਕੇ ਇੱਥੇ ਆ ਗਈ ਹੈ ਉਹ। ਕਰਾਚੀ ਦਾ ਮਹਾਨਗਰੀ ਜੀਵਨ ਕਦੀ ਵੀ ਉਸਦੇ ਛੋਟੇ ਜਿਹੇ ਸ਼ਹਿਰ, ਬੁਲੰਦ ਸ਼ਹਿਰ, ਦੀਆਂ ਯਾਦਾਂ ਨੂੰ ਢਕ ਨਹੀਂ ਸੀ ਸਕਿਆ। ਆਪਣੇ ਪਿੰਡ ਦੀ ਹੋਲੀ ਅੱਜ ਵੀ ਜਿਸਮ ਵਿਚ ਕੁਤਕੁਤੀਆਂ ਕਰਨ ਲੱਗ ਪੈਂਦੀ ਹੈ।
ਹੋਲੀ ਖੇਡਣ ਦੀ ਆਦਤ, ਸਹੇਲੀਆਂ ਨਾਲ ਮੌਜ-ਮਸਤੀ ਦਾ ਆਨੰਦ...ਨਜਮਾ ਦਾ ਵੱਸ ਚੱਲਦਾ ਤਾਂ ਸਾਰਾ ਸਾਲ ਹੋਲੀ ਹੀ ਖੇਡਦੀ ਰਹਿੰਦੀ। ਪਰ ਬੰਗਲਾ ਦੇਸ਼ ਦੇ ਜਨਮ ਪਿੱਛੋਂ ਆਈ ਪਹਿਲੀ ਹੋਲੀ ਨਜਮਾ ਦੇ ਜੀਵਨ ਦੀ ਆਖ਼ਰੀ ਹੋਲੀ ਬਣ ਗਈ ਸੀ। ਪਹਿਲੀ ਵਾਰ ਚੰਦਰ ਨੇ ਆਪਣੇ ਹੱਥੀਂ ਨਜਮਾ ਦੀਆਂ ਕੁਆਰੀਆਂ ਗੱਲ੍ਹਾਂ ਉੱਤੇ ਗੁਲਾਲ ਮਲਿਆ ਸੀ। ਗੁਲਾਲ ਤੋਂ ਪਹਿਲਾਂ ਹੀ ਨਜ਼ਮਾ ਦੇ ਸੰਗਾਲੂ ਸੁਭਾਅ ਨੇ ਉਸਦੀਆਂ ਗੱਲ੍ਹਾਂ ਉੱਪਰ ਜਿਹੜੀ ਲਾਲੀ ਪੋਚ ਦਿੱਤੀ ਸੀ, ਉਸ ਸਾਹਮਣੇ ਗੁਲਾਲ ਦਾ ਰੰਗ ਵੀ ਖਾਸਾ ਫਿੱਕਾ ਲੱਗਣ ਲੱਗ ਪਿਆ ਸੀ...ਤੇ ਉਹਨਾਂ ਗੱਲ੍ਹਾਂ ਨੂੰ ਲਾਲ ਹੁੰਦਿਆਂ ਵੇਖ ਲਿਆ ਸੀ, ਦੁਰਗਾ ਮਾਸੀ ਨੇ। ਦੁਰਗਾ ਮਾਸੀ ਆਪਣੀ ਭਾਣਜੀ ਸੁਪਰਣਾ ਨਾਲ ਚੰਦਰ ਦੇ ਵਿਆਹ ਦੇ ਸੁਪਨੇ ਵਿਊਂਤ ਰਹੀ ਸੀ। ਨਜਮਾ ਦੀਆਂ ਲਾਲ ਹੁੰਦੀਆਂ ਗੱਲ੍ਹਾਂ ਨੇ ਦੁਰਗਾ ਮਾਸੀ ਉੱਤੇ ਲਾਲ ਭਖ਼ਦੇ ਲੋਹੇ ਦੀ ਛੜ ਬਣ ਕੇ ਵਾਰ ਕੀਤਾ...ਤੇ ਸ਼ਾਮ ਹੁੰਦਿਆਂ ਹੁੰਦਿਆਂ ਇਸਲਾਮ ਖ਼ਤਰੇ ਵਿਚ ਪੈ ਗਿਆ; ਨਜਮਾ ਦਾ ਕਾਲਜ ਜਾਣਾ ਬੰਦ ਹੋ ਗਿਆ। ਅਚਾਨਕ ਪੂਰਾ ਘਰ ਮਨਹੂਸ ਹੋ ਗਿਆ ਸੀ, “ਮੈਂ ਤਾਂ ਉਦੋਂ ਈ ਕਹਿੰਦੀ ਸਾਂ ਬਈ ਜਦੋਂ ਸਾਰੇ ਲੋਕ ਪਾਕਿਸਤਾਨ ਜਾ ਰਹੇ ਨੇ, ਤਾਂ ਅਸੀਂ ਹੀ ਕਿਉਂ ਇੱਥੇ ਰਹੀਏ...ਉਦੋਂ ਮੇਰੀ ਕਿਸੇ ਨੇ ਨਹੀਂ ਸੁਣੀ। ਇਸ ਮਨਹੂਸ ਨੂੰ ਪੂਰੇ ਸ਼ਹਿਰ ਵਿਚ ਇਕ ਵੀ ਮੁਸਲਮਾਨ ਮੁੰਡਾ ਨਹੀਂ ਲੱਭਿਆ, ਜੋ ਕਾਫ਼ਰ ਦੇ ਘਰ ਜਾਣ ਲਈ ਤਿਆਰ ਬੈਠੀ ਏ। ਔਤਰੀਏ, ਅਸੀਂ ਅੱਲ੍ਹਾ ਪਾਕ ਨੂੰ ਕਿੰਜ ਮੂੰਹ ਵਿਖਾਵਾਂਗੇ...?”
ਅੰਮਾਂ ਉਬਲ ਰਹੀ ਸੀ ਤੇ ਅੱਬਾ ਗੁੱਸੇ ਵਿਚ ਰਿੱਝੀ ਜਾ ਰਹੇ ਸਨ। ਇਸ ਤੋਂ ਪਹਿਲਾਂ ਕਿ ਨਜਮਾ ਕੁਝ ਸਮਝ ਸਕਦੀ, ਉਸਨੂੰ ਜਹਾਜ਼ ਵਿਚ ਚੜ੍ਹਾ ਕੇ ਕਰਾਚੀ ਭੇਜ ਦਿੱਤਾ ਗਿਆ ਸੀ...ਇਮਰਾਨ ਮੀਆਂ ਕੇ ਘਰ। ਐੱਮ.ਏ. ਹਿੰਦੀ ਵਿਚੇ ਰਹਿ ਗਈ ਸੀ, ਸਰੀਰ ਉੱਤੇ ਇਮਰਾਨ ਦੀ ਮੋਹਰ ਲੱਗ ਗਈ ਸੀ—ਪਰ ਦਿਲ ਤੇ ਆਤਮਾ ਉੱਤੇ ਚੰਦਰ ਦਾ ਕਬਜ਼ਾ ਸੀ। ਹੋਲੀ ਦੇ ਰੰਗ ਵਿਚ ਰੰਗੀ ਚੰਦਰ ਦੀ ਸੂਰਤ ਹੀ ਚੰਦਰ ਦੀ ਅੰਤਮ ਤਸਵੀਰ ਸੀ ਜਿਹੜੀ ਨਜਮਾ ਦੇ ਦਿਲ ਵਿਚ ਵੱਸੀ ਉਸਦੇ ਨਾਲ ਹੀ ਕਰਾਚੀ ਆ ਗਈ ਸੀ।
“ਜ਼ੁਬੇਦਾ ਤੈਨੂੰ ਪਤਾ ਈ, ਪਾਕਿਸਤਾਨ ਵਿਚ ਮਹਿੰਜੋਦੜੋ ਤੇ ਹੜਪਾ ਕਿੱਥੇ ਨੇ?”
“ਉਹ ਕੀ ਹੁੰਦਾ ਏ ਭਾਬੀ ਜਾਨ?”
“ਓ ਬਈ, ਤੂੰ ਇਹ ਨਾਂਅ ਕਦੀ ਨਹੀਂ ਸੁਣੇ? ਸਾਡੇ ਹਿੰਦੁਸਤਾਨ ਵਿਚ ਤਾਂ ਸਕੂਲਾਂ ਦੇ ਬੱਚੇ ਵੀ ਜਾਣਦੇ ਨੇ ਇਹਨਾਂ ਬਾਰੇ।”
“ਨਹੀਂ ਜੀ। ਵੈਸੇ ਭਾਬੀ ਜਾਨ ਤੁਸੀਂ ਵਾਰੀ-ਵਾਰੀ ਹਿੰਦੁਸਤਾਨ ਦੇ ਗੁਣਗਾਉਣੇ ਘੱਟ ਕਰ ਦਿਓ। ਭਾਈ ਜਾਨ ਨੂੰ ਇਹ ਉੱਕਾ ਈ ਪਸੰਦ ਨਹੀਂ।”
ਹੈਰਾਨ, ਚੁੱਪ ਨਜਮਾ ਆਪਣੀ ਨਣਦ ਨੂੰ ਕਹਿੰਦੀ ਤਾਂ ਕੀ ਕਹਿੰਦੀ! ਪਰ ਜ਼ੁਬੇਦਾ ਨੇ ਉਸਦੀ ਮੁਸ਼ਕਿਲ ਵਿਚ ਵਾਧਾ ਕਰ ਦਿੱਤਾ, “ਭਾਈ ਜਾਨ ਇਹ ਮੋਹਨਜੋਦੜੋ ਤੇ ਹੜੱਪਾ ਕਿੱਥੇ ਨੇ ਪਾਕਿਸਤਾਨ ਵਿਚ?”
“ਤੂੰ ਕੀ ਕਰਨਾ ਏਂ ਉੱਥੇ ਜਾ ਕੇ?”
“ਭਾਬੀ ਜਾਨ ਪੁੱਛ ਰਹੇ ਸੀ।”
“ਕਿਉਂ ਨਜਮਾ ਸਾਹਿਬਾ ਕੀ ਤੁਹਾਡੇ ਹਿੰਦੁਸਤਾਨ ਵਾਲੇ ਮੋਹਿਨਜੋਦੜੋ ਤੇ ਹੜਪਾ ਨੂੰ ਵੀ ਕਸ਼ਮੀਰ ਵਾਂਗ ਹੜਪ ਜਾਣਾ ਚਾਹੁੰਦੇ ਨੇ? ਉਹਨਾਂ ਨੂੰ ਕਹਿ ਦਵੀਂ ਕਿ ਇੱਥੇ ਤਕਸ਼ਿਲਾ ਵੀ ਹੈ। ਉਹਨਾਂ ਦੀ ਵਾਹ ਚੱਲਦੀ ਤਾਂ ਉਸਨੂੰ ਵੀ ਬੰਨ੍ਹ ਕੇ ਆਪਣੇ ਨਾਲ ਲੈ ਜਾਂਦੇ। ਇਹਨਾਂ ਸਾਰੇ ਸ਼ਹਿਰਾਂ ਦਾ ਸਾਡੇ ਇਸਲਾਮ ਨਾਲ ਕੁਛ ਸਾਂਝਾ ਨਹੀਂ। ਫੇਰ ਤੁਸੀਂ ਉੱਥੇ ਜਾ ਕੇ ਕੀ ਲੈਣੈ ਬੇਗ਼ਮ ਸਾਹਿਬਾ? ਜੇ ਤੁਸਾਂ ਕਿਧਰੇ ਚੱਲਣਾ ਈ ਏਂ ਤਾਂ ਚੱਲੋ ਮੱਕੇ-ਮਦੀਨੇ ਹੋ ਆਈਏ, ਸ਼ਾਇਦ ਅੱਲ੍ਹਾ ਮੀਆਂ ਤੁਹਾਡਾ ਵੀ ਕੁਛ ਭਲਾ ਕਰ ਦੇਣ।”
ਚੁਭਵੀਆਂ ਗੱਲਾਂ, ਨੁਕੀਲੇ ਵਾਕ, ਹਰ ਵੇਲੇ ਯਾਦ ਕਰਵਾਇਆ ਜਾਣਾ ਕਿ ਉਹ ਹਿੰਦੁਸਤਾਨ ਦੀਆਂ ਯਾਦਾਂ ਤੋਂ ਦੂਰ ਰਹੇ...ਨਜਮਾ ਹੁਣ ਰਾਤ ਨੂੰ ਚੰਦ-ਤਾਰਿਆਂ ਨਾਲ ਗੱਲੀਂ ਪੈ ਜਾਂਦੀ। ਉਸਨੂੰ ਪੂਰਨਮਾਸ਼ੀ ਦੇ ਚੰਦ ਵਿਚ ਕ੍ਰਿਸ਼ਨ ਤੇ ਰਾਧਾ ਹੋਲੀ ਖੇਡਦੇ ਨਜ਼ਰ ਆਉਂਦੇ। ਕ੍ਰਿਸ਼ਨ ਦੀ ਪਿਚਕਾਰੀ ਵਿਚੋਂ ਨਿਕਲਿਆ ਰੰਗ, ਚੰਦ ਨੂੰ ਵੀ ਰੰਗ ਦਿੰਦਾ। ਚੰਦ ਦੀ ਚਾਨਣੀ ਦਾ ਰੰਗ ਉਸ ਉੱਤੇ ਵੀ ਚੜ੍ਹਨ ਲੱਗਦਾ। ਇਕ ਫੌਜੀ ਦੀ ਪਤਨੀ ਭਾਵੇਂ ਕਿਸੇ ਵੀ ਦੇਸ਼ ਵਿਚ ਕਿਉਂ ਨਾ ਹੋਵੇ, ਇਕੱਲਾਪਨ ਉਸਦਾ ਸਭ ਤੋਂ ਵੱਡਾ ਸਾਥੀ ਹੁੰਦਾ ਹੈ। ਫੇਰ ਨਜਮਾ ਤਾਂ ਆਪਣੇ ਨਾਲ ਆਪਣਾ ਇਕੱਲਾਪਨ ਸਰਹੱਦ ਦੇ ਪਾਰ ਲੈ ਆਈ ਸੀ। ਉਹ ਕਦੀ ਕਦੀ ਸੋਚਦੀ ਕਿ ਉਸਦੀ ਸੱਸ ਤੇ ਨਣਦਾਂ ਉਸਦੀ ਮਨ ਸਥਿਤੀ ਨੂੰ ਕਿਉਂ ਨਹੀਂ ਸਮਝ ਰਹੀਆਂ! ਫੇਰ ਛੇਤੀ ਹੀ ਆਪਣੇ ਆਪ ਨੂੰ ਸਮਝਾਉਣ ਬੈਠ ਜਾਂਦੀ ਕਿ ਇਸ ਵਿਚ ਉਹਨਾਂ ਦਾ ਕੀ ਕਸੂਰ, ਵਿਚਾਰੀਆਂ ਓਨਾਂ ਹੀ ਤਾਂ ਸੋਚ ਸਕਦੀਆਂ ਨੇ ਜਿੰਨਾ ਉਹਨਾਂ ਸਿਖਿਆ ਏ। ਉਸਦੀ ਸੱਸ ਵੀ ਹੈਰਾਨ ਹੁੰਦੀ ਕਿ ਉਸਨੂੰ ਕੈਸੀ ਬਹੂ ਮਿਲੀ ਏ!
“ਨਜਮਾ ਬੇਟੀ ਤੂੰ ਬਾਹਰ ਜਾ ਰਹੀ ਏਂ ਤਾਂ ਪੰਸਾਰੀ ਕੋਲੋਂ ਥੋੜ੍ਹਾ ਸਾਮਾਨ ਵੀ ਲੈਂਦੀ ਆਵੀਂ।”
“ਜੀ ਅੰਮੀ, ਮੈਨੂੰ ਲਿਖਵਾ ਦਿਓ।”
“ਇਕ ਕਿੱਲੋ ਮੁੰਗੀ ਸਾਬਤ, ਮਲਕ-ਮਸੁਰ, ਕਾਲੇ-ਛੋਲੇ ਤੇ ਛੇ ਟਿੱਕੀਆਂ ਲਕਸ ਸਾਬਨ। ਓਵਲਟੀਨ ਦਾ ਇਕ ਡੱਬਾ...
...ਕਿਉਂ ਬਹੂ, ਇਹ ਤੂੰ ਕਿਹੜੀ ਜ਼ਬਾਨ ਵਿਚ ਲਿਖ ਰਹੀ ਏਂ?”
“ਇਹ ਅੰਮੀ, ਹਿੰਦੀ ਵਿਚ ਲਿਖ ਰਹੀ ਆਂ।”
“ਕਿਉਂ? ਤੈਨੂੰ ਉਰਦੂ ਲਿਖਣੀ ਨਹੀਂ ਆਉਂਦੀ?”
“ਨਹੀਂ ਅੰਮੀ ਸਾਡੇ ਹਿੰਦੁਸਤਾਨ 'ਚ ਤਾਂ ਸਾਰੇ ਹਿੰਦੀ ਲਿਖਦੇ ਨੇ।”
“ਬਈ, ਹਿੰਦੂ ਚਾਹੇ ਕਿਸੇ ਜ਼ਬਾਨ ਵਿਚ ਲਿਖਣ, ਸਾਨੂੰ ਕੀ ਫਰਕ ਪੈਂਦੈ...ਪਰ ਤੂੰ ਤਾਂ ਮੁਸਲਮਾਨ ਏਂ, ਆਪਣੀ ਜ਼ਬਾਨ ਵਿਚ ਲਿਖ...।”
“ਪਰ ਅੰਮੀ ਮੈਨੂੰ ਤਾਂ ਉਰਦੂ ਲਿਖਣੀ ਨਹੀਂ ਆਉਂਦੀ...ਹਾਂ, ਪੜ੍ਹ ਜ਼ਰੂਰ ਲੈਂਦੀ ਆਂ। ਸਾਡੇ ਹਿੰਦੁਸਤਾਨ ਵਿਚ ਤਾਂ ਬਹੁਤ ਸਾਰੇ ਮੁਸਲਮਾਨ ਸਿਰਫ ਤੇਲਗੂ, ਤਮਿਲ ਜਾਂ ਮਲਿਆਲਮ ਜਾਣਦੇ ਨੇ। ਉੱਥੇ ਹਰ ਮੁਸਲਮਾਨ ਦੀ ਜ਼ਬਾਨ ਉਰਦੂ ਨਹੀਂ ਨਾ।”
“ਯਾ ਅੱਲਾਹ! ਕੈਸੀ ਲੜਕੀ ਮਿਲੀ ਏ! ਨਜਮਾ ਇਹ ਗੱਲ ਤੂੰ ਸਮਝ ਲੈ ਚੰਗੀ ਤਰ੍ਹਾਂ ਕਿ ਉਰਦੂ ਤਾਂ ਤੈਨੂੰ ਸਿਖਣੀ ਈ ਪਏਗੀ।”
ਨਜਮਾ ਦੀ ਸਮੱਸਿਆ ਇਹ ਸੀ ਕਿ ਉਹ ਆਪਣੀ ਮਰਜ਼ੀ ਦੇ ਵਿਰੁੱਧ ਇਮਰਾਨ ਨਾਲ ਵਿਆਹ ਕੇ ਪਾਕਿਸਤਾਨ ਤੋਰ ਦਿੱਤੀ ਗਈ ਸੀ। ਇਸ 'ਤੇ ਵੀ ਜੇ ਉਸਨੂੰ ਥੋੜ੍ਹਾ ਪਿਆਰ ਮਿਲ ਜਾਂਦਾ ਜਾਂ ਫੇਰ ਉਸਦੀ ਮਨ ਸਥਿਤੀ ਨੂੰ ਸਮਝਣ ਦਾ ਯਤਨ ਕੀਤਾ ਜਾਂਦਾ ਤਾਂ ਉਹ ਲਾਜ਼ਮੀ ਆਪਣੇ ਸਹੁਰਾ ਪਰਿਵਾਰ ਵਿਚ ਘੁਲਮਿਲ ਜਾਂਦੀ...ਪਰ ਕਸੂਰ ਸਹੁਰਿਆਂ ਦਾ ਵੀ ਕਿੱਥੇ ਸੀ, ਪੂਰੇ ਪਰਿਵਾਰ ਵਿਚ ਕੋਈ ਖਲਨਾਇਕ ਨਹੀਂ ਸੀ...ਬਸ ਸਥਿਤੀਆਂ ਹੀ ਅਜਿਹੀਆਂ ਸਨ ਕਿ ਨਜਮਾ ਲਈ ਉਹਨਾਂ ਵਿਚ ਪਿਸਣਾ ਉਸਦੀ ਮਜ਼ਬੂਰੀ ਸੀ।
ਆਪਣੀਆਂ ਭੋਲੀਆਂ ਗਲਤੀਆਂ ਕਰਨ ਤੋਂ ਵੀ ਬਾਅਜ਼ ਨਹੀਂ ਸੀ ਆਉਂਦੀ ਨਜਮਾ। ਇਕ ਦਿਨ ਜ਼ੁਬੇਦਾ ਨੂੰ ਪੁੱਛ  ਬੈਠੀ, “ਜ਼ੁਬੇਦਾ ਏਥੇ ਕਰਾਚੀ ਵਿਚ ਹੋਲੀ ਕਿੱਥੇ ਖੇਡਦੇ ਨੇ?”
“ਹੋਲੀ? ਇਹ ਕੀ ਹੁੰਦੀ ਏ?”
“ਇਹ ਇਕ ਤਿਉਹਾਰ ਹੁੰਦਾ ਏ ਜਿਸ ਵਿਚ ਸਾਰੇ ਇਕ ਦੂਜੇ ਉੱਤੇ ਰੰਗ ਪਾਉਂਦੇ ਨੇ।”
ਅੰਮੀ ਨੇ ਸੁਣ ਲਿਆ, “ਨਜਮਾ ਬੇਟੀ, ਤੂੰ ਕਾਫ਼ਰਾਂ ਵਰਗੀਆਂ ਗੱਲਾਂ ਕਿਉਂ ਕਰਦੀ ਏਂ? ਰੰਗ ਖੇਲ੍ਹਣਾ ਇਸਲਾਮ ਵਿਚ ਹਰਾਮ ਏਂ, ਮੇਰੀ ਬੱਚੀ। ਮੈਂ ਤਾਂ ਸਮਝ ਵੀ ਲਵਾਂਗੀ ਕਿਉਂਕਿ ਮੈਂ ਵੀ ਹਿੰਦੁਸਤਾਨ ਦੀ ਪੈਦਾਇਸ਼ ਆਂ, ਜੇ ਕਿਤੇ ਇਮਰਾਨ ਦੇ ਕੰਨਾਂ ਵਿਚ ਇਹ ਗੱਲ ਪੈ ਗਈ ਤਾਂ ਗਜ਼ਬ ਹੋ ਜਾਏਗਾ। ਹੁਣ ਤੂੰ ਸ਼ਾਦੀ ਕਰਕੇ ਇੱਥੇ ਆ ਗਈ ਏਂ ਬੇਟੀ, ਆਪਣੇ ਆਪ ਨੂੰ ਇੱਥੋਂ ਦੇ ਰਸਮਾਂ-ਰਿਵਾਜ਼ਾਂ ਵਿਚ ਢਾਲ ਮੇਰੀ ਬੱਚੀ। ਤੂੰ ਭੁੱਲ ਜਾ ਕਿ ਤੂੰ ਹਿੰਦੁਸਤਾਨ ਤੋਂ ਇੱਥੇ ਆਈ ਏਂ, ਹੁਣ ਤੂੰ ਇਸ ਘਰ ਦੀ ਇੱਜ਼ਤ ਏਂ। ਇਸਦੀ ਇੱਜ਼ਤ ਰੱਖ ਬੇਟਾ, ਤੇਰੀ ਜ਼ਿੰਦਗੀ ਹੁਣ ਇਮਰਾਨ ਏਂ; ਹੋਲੀ ਨਹੀਂ।”
ਨਜਮਾ ਵੀ ਕੋਸ਼ਿਸ਼ ਕਰਦੀ ਕਿ ਇਮਰਾਨ ਦੇ ਪ੍ਰਤੀ ਉਸਦੇ ਮਨ ਵਿਚ ਕੋਈ ਕੋਮਲ ਤੰਤੂ ਜਨਮ ਲੈ ਲਏ, ਪਰ ਇਮਰਾਨ ਦਾ ਫੌਜੀ ਅੱਖੜਪਨ ਉਸ ਤੰਤੂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁਚਲ ਦੇਂਦਾ। ਉਸਨੂੰ ਰੱਤੀ ਭਰ ਫਰਕ ਨਹੀਂ ਸੀ ਪੈਂਦਾ ਕਿ ਨਜਮਾ ਕੀ ਮਹਿਸੂਸ ਕਰ ਰਹੀ ਹੈ। ਉਸਨੇ ਤਾਂ ਆਪਣੀ ਭੁੱਖ ਸ਼ਾਂਤ ਕਰਨੀ ਹੁੰਦੀ ਸੀ, ਜਿਹੜੀ ਹੋ ਹੀ ਜਾਂਦੀ ਸੀ। ਪ੍ਰਕ੍ਰਿਤੀ ਨੇ ਬਣਾਏ ਨੇ ਨਰ ਤੇ ਮਾਦਾ ਸਰੀਰ, ਤੇ ਪ੍ਰਕ੍ਰਿਤੀ ਨੇ ਹੀ ਬਣਾਈ ਹੈ ਵਾਸਨਾ। ਸਰਿਸ਼ਟੀ ਦੀ ਉਤਪਤੀ ਦੇ ਲਈ ਹੀ ਵਾਸਨਾ ਨੂੰ ਜਨਮ ਦਿੱਤਾ ਗਿਆ। ਸਭੋ ਜੀਆ-ਜੰਤ ਉਤਪਤੀ ਲਈ ਸੰਭੋਗ ਵੀ ਕਰਦੇ ਨੇ। ਇਨਸਾਨ ਨੇ ਆਪਣੇ ਆਪ ਨੂੰ ਜਾਨਵਰਾਂ ਨਾਲੋਂ ਵੱਖ ਕਰਨ ਲਈ ਪ੍ਰੇਮ ਨਾਂਅ ਦੀ ਕੋਮਲ ਭਾਵਨਾ ਦੀ ਕਾਢ ਕੱਢੀ ਹੋਈ ਹੈ। ਜੇ ਪ੍ਰੇਮ ਤੇ ਵਾਸਨਾ ਦੋਵਾਂ ਦਾ ਸੁਮੇਲ ਹੋ ਜਾਵੇ ਤਾਂ ਜੀਵਨ ਦੇ ਅਰਥ ਹੀ ਬਦਲ ਜਾਂਦੇ ਨੇ।
ਪ੍ਰਕ੍ਰਿਤੀ ਨੇ ਆਪਣਾ ਰੰਗ ਇੱਥੇ ਵੀ ਵਿਖਾਇਆ ਤੇ ਨਜਮਾ ਗਰਭਵਤੀ ਹੋ ਗਈ। ਰੇਹਾਨ ਦੇ ਜਨਮ ਨੇ ਇਮਰਾਨ ਦੇ ਆਹਮ ਨੂੰ ਥਾਪੀ ਤਾਂ ਦਿੱਤੀ ਹੀ, ਨਜਮਾ ਦੀ ਇੱਜ਼ਤ ਵੀ ਥੋੜ੍ਹੀ ਵਧਾਅ ਦਿੱਤੀ। ਨਜਮਾ ਅਕਸਰ ਸੋਚਦੀ ਕਿ ਜੇ ਕਿਤੇ ਗਲਤੀ ਨਾਲ ਵੀ ਬੇਟੀ ਪੈਦਾ ਹੋ ਜਾਂਦੀ ਤਾਂ ਇਮਰਾਨ ਤੋਂ ਕੀ ਕੁਝ ਨਾ ਸੁਣਨਾ ਪੈਂਦਾ। ਇਮਰਾਨ ਖੁਸ਼ ਸੀ ਕਿ ਪਾਕਿਸਤਾਨੀ ਫੌਜ ਲਈ ਇਕ ਹੋਰ ਸਿਪਾਹੀ ਨੇ ਜਨਮ ਲਿਆ ਹੈ।
ਫੌਜੀ ਸਕੂਲਾਂ ਵਿਚ ਪੜ੍ਹ ਰਹੇ ਰੇਹਾਨ ਦੇ ਨਾਲ ਵੀ ਨਜਮਾ ਦੇ ਕੋਮਲ ਤੰਤੂ ਨਹੀਂ ਸੀ ਜੁੜ ਰਹੇ। ਉਹ ਉਸਨੂੰ ਆਪਣੇ ਪੁੱਤਰ ਨਾਲੋਂ ਕਿਤੇ ਵੱਧ ਆਪਣੇ ਪਤੀ ਦਾ ਪੁੱਤਰ ਲੱਗਦਾ। ਉਸਦਾ ਨੱਕ-ਨਕਸ਼ਾ ਵੀ ਇਮਰਾਨ 'ਤੇ ਹੀ ਗਿਆ ਸੀ। ਵੈਸੇ ਉਹ ਦੇਖ ਕੇ ਹੈਰਾਨ ਜ਼ਰੂਰ ਹੁੰਦੀ ਕਿ ਕਿੰਜ ਪ੍ਰਕ੍ਰਿਤੀ ਇਕ ਛੋਟੇ ਜਿਹੇ ਬਾਲ ਵਿਚ ਆਪਣੇ ਪਿਤਾ ਦੀ ਸ਼ਕਲ ਹੂ-ਬ-ਹੂ ਭਰ ਦਿੰਦੀ ਹੈ।
ਸਮਾਂ ਬੀਤਦਾ ਰਿਹਾ। ਬੰਗਲਾ ਦੇਸ਼ ਯੁੱਧ ਨੂੰ ਲੋਕ ਭੁੱਲਣ ਲੱਗ ਪਏ ਸਨ। ਪਰ ਇੰਦਰਾ ਗਾਂਧੀ ਦਾ ਨਾਂਅ ਅੱਜ ਵੀ ਕਿਸੇ ਬਲਾਅ ਵਾਂਗ ਲਿਆ ਜਾਂਦਾ ਸੀ। ਬੰਗਲਾ ਦੇਸ਼ ਇਮਰਾਨ ਦੇ ਮਨ ਵਿਚ ਇਕ ਨਾਸੂਰ ਬਣਿਆ ਹੋਇਆ ਸੀ। ਉਹ ਹਮੇਸ਼ਾ ਕਿਸੇ ਅਜਿਹੇ ਮੌਕੇ ਦੀ ਤਾੜ ਵਿਚ ਰਹਿੰਦਾ ਕਿ ਉਹ ਬੰਗਲਾ ਦੇਸ਼ ਦਾ ਬਦਲਾ ਕਸ਼ਮੀਰ ਵਿਚ ਲੈ ਸਕੇ। ਸਮੇਂ ਨੇ ਰੇਹਾਨ ਨੂੰ ਵੀ ਵੱਡਾ ਕਰ ਦਿੱਤਾ। ਸਮੇਂ ਨੇ ਹੀ ਇੰਜ ਵੀ ਕੀਤਾ ਕਿ ਰੇਹਾਨ ਦੇ ਕਿਸੇ ਹੋਰ ਭਰਾ ਜਾਂ ਭੈਣ ਨੇ ਜਨਮ ਨਹੀਂ ਲਿਆ। ਇਮਰਾਨ ਤੇ ਨਜਮਾ ਨੇ ਰੇਹਾਨ ਨੂੰ ਆਪੋ-ਆਪਣੇ ਪੱਖ ਤੋਂ ਬੇਹਤਰੀਨ ਪ੍ਰਵਰਿਸ਼ ਦੇਣ ਦਾ ਯਤਨ ਕੀਤਾ। ਦੋ ਜਣੇ ਜਿਹਨਾਂ ਦੀ ਸੋਚ ਇਕ ਦੂਜੇ ਦੇ ਬਿਲਕੁਲ ਵਿਪਰੀਤ ਸੀ...ਇਕ ਬੱਚੇ ਨੂੰ ਆਪਣੇ ਆਪਣੇ ਸੰਸਕਾਰ ਦੇਣ ਦੇ ਯਤਨ ਕਰਦੇ ਰਹੇ; ਪਰ ਇਸ ਦਾ ਨਤੀਜਾ ਇਹ ਹੋਇਆ ਕਿ ਰੇਹਾਨ ਚੱਕਰਾ ਜਿਹਾ ਗਿਆ। 
ਰੇਹਾਨ ਲੰਦਨ ਵਿਚ ਪੜ੍ਹਾਈ ਕਰ ਰਿਹਾ ਸੀ। ਸ਼ਾਦੀ ਦੇ ਛੱਬੀ ਸਾਲ ਬਾਅਦ ਵੀ ਨਜਮਾ ਤੇ ਇਮਰਾਨ ਵਿਚਕਾਰ ਜੇ ਕਿਸੇ ਚੀਜ ਦੀ ਕਮੀ ਸੀ ਤਾਂ ਉਹ ਸੀ ਵਿਸ਼ਵਾਸ ਦੀ। ਇਮਰਾਨ ਦੀ ਨਜਮਾ ਪ੍ਰਤੀ ਬੇਪ੍ਰਤੀਤੀ ਦਾ ਸਿੱਧਾ ਸਾਦਾ ਕਾਰਨ ਸੀ ਨਜਮਾ ਦਾ ਹਿੰਦੁਸਤਾਨੀ ਮਾਨਸਿਕਤਾ 'ਚੋਂ ਬਾਹਰ ਨਾ ਆਉਣਾ; ਹਿੰਦੀ ਭਾਸ਼ਾ ਦਾ ਪ੍ਰਯੋਗ ਕਰਨਾ; ਹੋਲੀ ਵਿਚ ਅਤੀ ਰੁਚੀ ਹੋਣਾ; ਉਸਦੀਆਂ ਸਕੂਲ ਕਾਲਜ ਦੀਆਂ ਸਹੇਲੀਆਂ ਦੀ ਸੂਚੀ ਵਿਚ ਸਾਰੇ ਨਾਂਅ ਹਿੰਦੂ ਕੁੜੀਆਂ ਦੇ ਹੋਣਾ ਤੇ ਵਾਰ-ਵਾਰ ਆਪਣਾ ਤਕੀਆ ਕਲਾਮ ਦੁਹਰਾਉਣਾ ਕਿ 'ਸਾਡੇ ਹਿੰਦੁਸਤਾਨ ਵਿਚ ਤਾਂ ਇੰਜ ਹੁੰਦਾ ਹੈ'। ਉਵੇਂ ਹੀ ਨਜਮਾ ਦੇ ਦਿਲ ਵਿਚ ਵੀ ਇਹ ਗੱਲ ਡੂੰਘਾਈ ਤਕ ਲੱਥ ਗਈ ਸੀ ਕਿ ਇਮਰਾਨ ਉਸਨੂੰ ਕਦੀ ਵੀ ਛੱਡ ਸਕਦਾ ਹੈ। ਨਜਮਾ ਦੇ ਦਿਲ ਵਿਚੋਂ ਇਸ ਵਿਚਾਰ ਨੂੰ ਮੇਟ ਸਕਣਾ ਲਗਭਗ ਅਸੰਭਵ ਹੈ।
“ਬੇਗ਼ਮ ਸਾਹਿਬਾ ਹੁਣ ਤਾਂ ਤੁਸੀਂ ਵੀ ਕਾਰ ਚਲਾਉਣੀ ਸਿਖ ਲਓ। ਮੋਬਾਇਲ ਵੀ ਹੋ ਜਾਓਗੇ ਤੇ ਕਾਰ ਚਲਾਉਣਾ ਇਕ ਚੰਗੀ ਕਲਾ ਵੀ ਹੈ।”
“ਤੁਸੀਂ ਕਿਉਂ ਤਕਲੀਫ਼ ਕਰਦੇ ਓ। ਮੈਂ ਕਿਸੇ ਮੋਟਰ ਡਰਾਈਵਿੰਗ ਸਕੂਲ ਤੋਂ ਸਿਖ ਲਵਾਂਗੀ।”
“ਓ ਬਈ ਬੇਗ਼ਮ ਜਦੋਂ ਅਸੀਂ ਹਾਂ ਤਾਂ ਫੇਰ ਕਿਸੇ ਸਕੂਲ ਵਾਲੇ ਦੀ ਕੀ ਲੋੜ ਏ, ਪੂਰੇ ਪਾਕਿਸਤਾਨ ਵਿਚ ਸਾਡੇ ਨਾਲੋਂ ਵਧੀਆ ਉਸਤਾਦ ਤੁਹਾਨੂੰ ਕਿੱਥੇ ਮਿਲੇਗਾ।”
“ਦੇਖੋ ਮੈਂ ਗਲਤੀ ਕਰਾਂਗੀ ਤਾਂ ਤੁਹਾਨੂੰ ਗੁੱਸਾ ਜ਼ਰੂਰ ਆਏਗਾ। ਫੇਰ ਤੁਹਾਡਾ ਮੂਡ ਖ਼ਰਾਬ ਹੋਏਗਾ। ਚੱਲੋ ਆਪਾਂ ਕਿਤੇ ਘੁੰਮ ਆਉਂਦੇ ਆਂ। ਕਾਰ ਚਲਾਉਣਾ ਮੈਂ ਡਰਾਈਵਿੰਗ ਸਕੂਲ ਤੋਂ ਹੀ ਸਿਖਾਂਗੀ।”
ਪਰ ਇਮਰਾਨ ਹਾਸ਼ਮੀ ਅੱਜ ਬੜੇ ਵਧੀਆ ਮੂਡ ਵਿਚ ਸੀ। ਨਹੀਂ ਮੰਨਿਆਂ...ਤੇ ਹੋ ਗਈ ਕਾਰ ਦੀ ਟ੍ਰੇਨਿੰਗ ਸ਼ੁਰੂ।
“ਓਇ ਬੇਗ਼ਮ ਧਿਆਨ ਨਾਲ। ਤੂੰ ਜੇ ਕਲੱਚ ਦੱਬੇ ਬਿਨਾਂ ਗੇਅਰ ਬਦਲੇਂਗੀ ਤਾਂ ਸੋਚ ਵਿਚਾਰਾ ਗੇਅਰ ਕੀ ਕਰੇਗਾ। ਟੁੱਟ ਭੱਜ ਜਾਏਗਾ ਤੇ ਨੁਕਸਾਨ ਹੋਏਗਾ ਸੋ ਵੱਖਰਾ।”
ਸ਼ਬਦ ਨੁਕਸਾਨ ਸੁਣਦਿਆਂ ਹੀ ਨਜਮਾ ਦੇ ਦਿਮਾਗ਼ ਵਿਚ ਤਣਾਅ ਵਧ ਗਿਆ। ਗਲਤੀਆਂ ਵੀ ਉਸੇ ਹਿਸਾਬ ਨਾਲ ਵਧਣ ਲਗੀਆਂ। ਵਾਰੀ ਵਾਰੀ ਇਮਰਾਨ ਦਾ ਟੋਕਣਾ ਤੇ ਵਿਅੰਗ ਕਸਣਾ...“ਨਜਮਾ ਜੀ, ਤੁਸੀਂ ਗੱਡੀ ਸੱਪ ਵਾਂਗ ਕਿਉਂ ਚਲਾ ਰਹੇ ਓ? ਓਇ ਸੜਕਾਂ 'ਤੇ ਚੱਲਣ ਵਾਲਿਓ ਸਾਰੇ ਜਾ ਕੇ ਆਪਣੇ ਘਰੀਂ ਲੁਕ ਕੇ ਬੈਠ ਜਾਓ, ਅੱਜ ਸਾਡੀ ਬੇਗ਼ਮ ਸੜਕ ਉੱਤੇ ਕਾਰ ਲੈ ਆਈ ਏ, ਜਿਸ ਜਿਸ ਨੂੰ ਆਪਣੀ ਜਾਨ ਪਿਆਰੀ ਏ, ਦੌੜ ਜਾਓ ਸਿਰ 'ਤੇ ਪੈਰ ਰੱਖ ਕੇ।”
ਨਜਮਾ ਨੇ ਇਕ ਵਾਰੀ ਫੇਰ ਕਿਹਾ ਕਿ ਬਾਕੀ ਟ੍ਰੇਨਿੰਗ ਫੇਰ ਕਦੀ ਹੋ ਜਾਏਗੀ। ਪਰ ਇਮਰਾਨ ਕਿੱਥੇ ਮੰਨਣ ਵਾਲਾ ਸੀ। ਜਦੋਂ ਨਜਮਾ ਨੇ ਗੱਡੀ ਇਕ ਗਲਤ ਮੋੜ ਉੱਤੇ ਮੋੜ ਦਿੱਤੀ ਤਾਂ ਇਮਰਾਨ ਫਟ ਹੀ ਪਿਆ ਸੀ, “ਬੇਗ਼ਮ, ਜੇ ਮੈਂ ਕਿਸੇ ਮੱਝ ਨੂੰ ਇਹ ਕਾਰ ਚਲਾਉਣੀ ਸਿਖਾ ਰਿਹਾ ਹੁੰਦਾ ਤਾਂ ਉਹ ਵੀ ਹੁਣ ਤੀਕ ਬੇਸਿਕ ਗੱਲਾਂ ਤਾਂ ਸਿੱਖ ਹੀ ਗਈ ਹੁੰਦੀ। ਤੂੰ ਤਾਂ ਕਮਾਲ ਕਰਦੀ ਏਂ। ਤੇਰੇ ਹਿੰਦੁਸਤਾਨ ਵਿਚ ਲੋਕ, ਕੀ ਇਵੇਂ ਹੀ ਕਾਰ ਚਲਾਉਂਦੇ ਨੇ?”
ਬਸ, ਹੁਣ ਬਹੁਤ ਹੋ ਗਈ ਸੀ, “ਮੈਂ ਹੁਣ ਕਾਰ ਨਹੀਂ ਚਲਾਵਾਂਗੀ।” ਕਹਿ ਕੇ ਨਜਮਾ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਤੇ ਹੇਠਾਂ ਉਤਰ ਗਈ। ਇਮਰਾਨ ਦੇ ਆਹਮ ਨੂੰ ਠੇਸ ਲੱਗੀ, “ਓ ਬਈ ਜੇ ਛੋਟੀ ਜਿਹੀ ਗੱਲ ਕਹਿ ਦਿੱਤੀ ਤਾਂ ਕੀ ਫਰਕ ਪੈ ਗਿਐ?”
“ਮੈਂ ਕਹਿ ਦਿੱਤਾ ਨਾ ਮੈਂ ਕਾਰ ਨਹੀਂ ਚਲਾਉਣੀ ਸਿਖਣੀ।”
“ਦੇਖ ਨਜਮਾ ਮੈਂ ਆਖ਼ਰੀ ਵਾਰ ਕਹਿ ਰਿਹਾਂ, ਬਈ ਆ, ਵਿਚ ਬੈਠ ਤੇ ਕਾਰ ਚਲਾ, ਵਰਨਾ ਮੈਥੋਂ ਬੁਰਾ ਕੋਈ ਨਹੀਂ।”
“ਮੇਰਾ ਫੈਸਲਾ ਆਖ਼ਰੀ ਏ, ਤੁਸੀਂ ਡਰਾਈਵਿੰਗ ਸੀਟ ਉੱਪਰ ਆ ਜਾਓ।”
“ਜੇ ਮੈਂ ਡਰਾਈਵਿੰਗ ਸੀਟ ਉੱਤੇ ਆ ਗਿਆ ਤਾਂ ਤੇਰੇ ਲਈ ਚੰਗਾ ਨਹੀਓਂ ਹੋਣਾ।”
“... ...” 
ਇਮਰਾਨ ਡਰਾਈਵਿੰਗ ਸੀਟ ਉੱਪਰ ਆ ਗਿਆ, ਕਾਰ ਸਟਾਰਟ ਕੀਤੀ ਤੇ ਨਜਮਾ ਨੂੰ ਘਰ ਤੋਂ ਕੋਈ ਪੰਜ ਕੁ ਮੀਲ ਦੂਰ ਸੁੰਨਸਾਨ ਸੜਕ ਉੱਪਰ ਇਕੱਲੀ ਛੱਡ ਕੇ ਕਾਰ ਤੋਰ ਲਈ।
ਨਜਮਾ ਸੋਚਦੀ ਰਹਿ ਗਈ ਕਿ ਕੀ ਹੋ ਰਿਹਾ ਹੈ ਇਹ! ਉਹ ਖਾਸੀ ਦੇਰ ਤਕ ਇਸ ਉਮੀਦ ਵਿਚ ਖੜ੍ਹੀ ਰਹੀ ਕਿ ਇਮਰਾਨ ਕਾਰ ਵਾਪਸ ਮੋੜ ਕੇ ਲਿਆਉਣਗੇ ਤੇ ਉਸਨੂੰ ਮਨਾਅ ਕੇ ਲੈ ਜਾਣਗੇ। ਪਰ ਇਮਰਾਨ ਨਹੀਂ ਆਏ। ਨਜਮਾ ਉੱਥੇ ਸੜਕ ਕਿਨਾਰੇ ਬੈਠ ਕੇ ਖ਼ੂਬ ਰੋਈ। ਅੱਲ੍ਹਾ ਤੋਂ ਲੈ ਕੇ ਸੰਕਟਮੋਚਨ ਤਕ, ਸਭਨਾਂ ਨੂੰ ਸ਼ਿਕਾਇਤ ਭਰੇ ਲਹਿਜੇ ਵਿਚ ਯਾਦ ਕੀਤਾ। ਫੇਰ ਹਾਰੇ ਹੋਏ ਖਿਡਾਰੀ ਵਾਂਗ, ਆਪਣੀ ਬੇਇੱਜ਼ਤੀ ਦੀ ਪੋਟਲੀ ਚੁੱਕੀ, ਫਟਫਟੀਆ ਆਟੋ ਰਿਕਸ਼ਾ ਕਰਕੇ ਘਰ ਪਹੁੰਚੀ। ਇੱਥੇ ਜ਼ੁਬੇਦਾ ਨੇ ਦੱਸਿਆ, “ਭਾਬੀ ਜਾਨ, ਭਾਈ ਜਾਨ ਤਾਂ ਕਲੱਬ ਚਲੇ ਗਏ ਨੇ। ਰਾਤ ਦਾ ਖਾਣਾ ਉੱਥੇ ਹੀ ਖਾ ਕੇ ਆਉਣਗੇ।” ਨਜਮਾ ਨੇ ਉਸ ਰਾਤ ਵੀ ਕੁਝ ਨਹੀਂ ਸੀ ਖਾਧਾ। ਉਸਨੂੰ ਇਸ ਗੱਲ ਦਾ ਵਿਸ਼ਵਾਸ ਹੋ ਚੁੱਕਿਆ ਸੀ ਕਿ ਇਹ ਆਦਮੀ ਉਸਨੂੰ ਜ਼ਿੰਦਗੀ ਦੇ ਕਿਸੇ ਵੀ ਮੋੜ 'ਤੇ ਇਕੱਲੀ ਛੱਡ ਕੇ ਜਾ ਸਕਦਾ ਹੈ। ਭਰੋਸੇ ਯੋਗ ਨਹੀਂ ਹੈ ਇਹ ਇਮਰਾਨ।
ਅੱਜਕਲ੍ਹ ਨਜਮਾ ਆਪਣੀ ਇਕ ਕਵਿਤਾ ਦੀ ਪੇਂਟਿੰਗ ਬਣਾ ਰਹੀ ਸੀ। ਆਪਣੀ ਕਵਿਤਾ ਨੂੰ ਕਨਵਾਸ ਉੱਪਰ ਉਤਾਰਨ ਦਾ ਉਸਦਾ ਸ਼ੌਕ ਉਸਨੂੰ ਇੱਕੋ ਥੀਮ ਨੂੰ ਦੋ ਕਲਾ-ਮਾਧਿਅਮਾਂ ਰਾਹੀਂ ਪੇਸ਼ ਕਰਨ ਦਾ ਮੌਕਾ ਦਿੰਦਾ ਸੀ। ਪਾਕਿਸਤਾਨ ਵਿਚ ਰਾਜਨੀਤਕ ਮਾਹੌਲ ਭਖ਼ਿਆ ਹੋਇਆ ਸੀ। ਕਾਰਗਿਲ ਦੀਆਂ ਤਿਆਰੀਆਂ ਵਿਚ ਕਰਨਲ ਇਮਰਾਨ ਹਾਸ਼ਮੀ ਦੀ ਭੂਮਿਕਾ ਬੜੀ ਅਹਿਮ ਸੀ। ਵੈਸੇ ਇਮਰਾਨ ਨੇ ਕਦੀ ਨਜਮਾ ਨਾਲ ਕਾਰਗਿਲ ਬਾਰੇ ਕੋਈ ਗੱਲ ਨਹੀਂ ਸੀ ਕੀਤੀ।
ਕਾਰਗਿਲ ਯੁੱਧ ਸ਼ੁਰੂ ਹੋ ਗਿਆ। ਸਾਰੇ ਫੌਜੀ ਸਰਹੱਦ ਉੱਪਰ ਪਹੁੰਚ ਗਏ ਸਨ। ਕੈਂਪ ਵਿਚ ਬਸ ਔਰਤਾਂ ਹੀ ਔਰਤਾਂ ਨਜ਼ਰ ਆਉਂਦੀਆਂ ਸਨ। ਸ਼ਹਿਰ ਵਿਚ ਕਬਰਸਤਾਨ ਦੀ ਚੁੱਪ ਦਾ ਅਹਿਸਾਸ ਹੁੰਦਾ। ਵੈਸੇ ਇਹ ਯੁੱਧ ਵੀ ਇਕ ਅਜੀਬ ਕਿਸਮ ਦਾ ਯੁੱਧ ਸੀ। ਦੋਵੇਂ ਦੇਸ਼ ਲੜ ਰਹੇ ਸਨ ਤੇ ਪਕਿਸਤਾਨ ਕਹਿ ਵੀ ਰਿਹਾ ਸੀ ਕਿ ਉਹਨਾਂ ਦਾ ਦੇਸ਼ ਯੁੱਧ ਨਾਲ ਕਿਸੇ ਤਰ੍ਹਾਂ ਨਹੀਂ ਜੁੜਿਆ ਹੋਇਆ। ਦੋਵੇਂ ਪਾਸੇ ਲੋਕ ਮਰ ਰਹੇ ਸਨ। ਬਹੁਤ ਸਾਰੇ ਪਾਕਿਸਤਾਨੀ ਫੌਜੀ ਸ਼ਹੀਦ ਹੋਏ...ਪਰ ਰਾਜਨੀਤਕ ਕਾਰਨਾਂ ਕਰਕੇ ਪਾਕਿਸਤਾਨੀ ਸਰਕਾਰ ਨੇ ਲਾਸ਼ਾਂ ਪਛਾਣਨ ਜਾਂ ਲੈਣ ਤੋਂ ਕੋਰਾ ਇਨਕਾਰ ਕਰ ਦਿੱਤਾ। ਉਹਨਾਂ ਲਾਸ਼ਾਂ ਵਿਚ ਹੀ ਕਰਨਲ ਇਮਰਾਨ ਹਾਸ਼ਮੀ ਵੀ ਇਕ ਲਾਸ਼ ਬਣਿਆ ਪਿਆ ਸੀ...ਇਮਰਾਨ ਨੂੰ ਕੀ ਪਤਾ ਸੀ ਕਿ ਉਸਦਾ ਅੰਤਿਮ ਸੰਸਕਾਰ ਹਿੰਦੁਸਤਾਨ ਦੀ ਥਲ ਸੈਨਾ ਕਰੇਗੀ ਤੇ ਉਹ ਵੀ ਭਾਰਤ ਦੀ ਧਰਤੀ ਉੱਤੇ। ਉਸਦਾ ਪਰਿਵਾਰ ਉਸਦੇ ਸਰੀਰ ਦੇ ਅੰਤਿਮ ਦਰਸ਼ਨ ਵੀ ਨਹੀਂ ਕਰ ਸਕੇਗਾ।
ਇਮਰਾਨ ਦੀ ਮੌਤ ਪਿੱਛੋਂ ਨਜਮਾ ਪਾਕਿਸਤਾਨ ਵਿਚ ਬਿਲਕੁਲ ਇਕੱਲੀ ਰਹਿ ਗਈ। ਅੰਮੀ ਤਾਂ ਜੱਨਤ ਲਈ ਕਦੋਂ ਦੀ ਰਵਾਨਾ ਹੋ ਚੁੱਕੀ ਸੀ। ਦੋਵੇਂ ਨਣਦਾਂ ਵੀ 'ਘਰ-ਵਾਲੀਆਂ' ਹੋ ਗਈਆਂ ਸਨ। ਨਜਮਾ ਨੂੰ ਕਰਾਚੀ ਕਦੀ ਵੀ ਆਪਣਾ ਘਰ ਨਹੀਂ ਸੀ ਲੱਗਿਆ ਤੇ ਪਾਕਿਸਤਾਨ ਸਰਕਾਰ ਨੇ ਇਮਰਾਨ ਦੀ ਮੌਤ ਨੂੰ ਕੋਈ ਮਹੱਤਵ ਨਹੀਂ ਸੀ ਦਿੱਤਾ...ਕੋਈ ਤੰਮਗ਼ਾ, ਕੋਈ ਆਰਥਕ ਮਦਦ, ਜ਼ਮੀਨ ਜਾਂ ਪੈਨਸ਼ਨ ਨਹੀਂ। ਰਾਜਨੀਤੀ ਦੀ ਸ਼ਿਕਾਰ ਨਜਮਾ ਨੇ ਭਾਰਤ ਜਾਣ ਦਾ ਫੈਸਲਾ ਕਰ ਲਿਆ। ਉਹ ਆਪਣੇ ਹਿੰਦੁਸਤਾਨ ਜਾ ਕੇ ਦੇਖਣਾ ਚਾਹੁੰਦੀ ਸੀ ਕਿ ਉੱਥੇ ਕੀ ਬਦਲਿਆ ਤੇ ਵਾਪਰਿਆ ਹੈ!
ਪਰ ਹੁਣ ਉਸਨੂੰ ਭਾਰਤ ਜਾਣ ਲਈ ਵੀਜ਼ਾ ਲੈਣਾ ਪਏਗਾ। ਜਿਸ ਦੇਸ਼ ਖਾਤਰ ਉਹ ਕਦੀ ਪਾਕਿਸਤਾਨੀ ਨਹੀਂ ਬਣ ਸਕੀ, ਅੱਜ ਉੱਥੇ ਜਾਣ ਲਈ ਵੀਜ਼ਾ ਲੈਣਾ ਪਏਗਾ। ਇਮਰਾਨ ਦੀ ਵਾਹਵਾ ਜਾਣ-ਪਛਾਣ ਸੀ, ਉਸਦੀ ਬੇਵਾ ਹੋਣ ਦਾ ਇਕ ਲਾਭ ਤਾਂ ਸੀ ਕਿ ਕੰਮ ਹੋ ਜਾਂਦੇ ਸਨ। ਇਹ ਵੀ ਹੋ ਗਿਆ। ਪਰ ਫ਼ਿਲਹਾਲ ਤਾਂ ਦੋਵਾਂ ਦੇਸ਼ਾਂ ਵਿਚਕਾਰ ਉਡਾਨ ਉੱਤੇ ਰੋਕ ਲੱਗੀ ਹੋਈ ਸੀ। ਨਜਮਾ ਪਹਿਲਾਂ ਆਪਣੇ ਪੁੱਤਰ ਰੇਹਾਨ ਨੂੰ ਮਿਲਣ ਲੰਦਨ ਗਈ, ਤੇ ਉੱਥੋਂ ਬ੍ਰਿਟਿਸ਼ ਏਅਰ ਵੇਜ਼ ਰਾਹੀਂ ਦਿੱਲੀ। ਵੱਡੀ ਭਾਬੀ ਤੇ ਉਹਨਾਂ ਦੇ ਬੱਚੇ ਨਜਮਾ ਨੂੰ ਲੈਣ ਆਏ।
ਦਿੱਲੀ ਤੋਂ ਬੁਲੰਦ ਸ਼ਹਿਰ ਦਾ ਸਫ਼ਰ ਉਸਦੀਆਂ ਰਗਾਂ ਵਿਚ ਲਹੂ ਦੇ ਗੇੜ ਨੂੰ ਤੇਜ਼ ਕਰਦਾ ਰਿਹਾ। ਉਹ ਇਹ ਸੋਚ-ਸੋਚ ਕੇ ਪ੍ਰੇਸ਼ਾਨ ਹੁੰਦੀ ਰਹੀ ਕਿ ਕੀ ਚੰਦਰ ਅੱਜ ਵੀ ਉੱਥੇ ਰਹਿੰਦਾ ਹੋਵੇਗਾ; ਕੀ ਉਹ ਡਾਕਟਰ ਬਣ ਗਿਆ ਹੋਵੇਗਾ; ਕੀ ਉਸਨੂੰ ਯਾਦ ਕਰਦਾ ਹੋਵੇਗਾ? ਨਾਲੇ ਮਨ ਹੀ ਮਨ ਮੁਸਕੁਰਾ ਵੀ ਰਹੀ ਸੀ...ਕੇਡੀ ਬੇਵਕੂਫ਼ ਹੈ ਉਹ, ਭਲਾ ਚੰਦਰ ਨੇ ਆਪਣਾ ਜੀਵਨ ਨਹੀਂ ਸੀ ਜਿਊਣਾ। ਉਸਦੀ ਸ਼ਾਦੀ ਹੋ ਗਈ ਹੋਵੇਗੀ; ਉਸਦੇ ਵੀ ਬੱਚੇ ਹੋਣਗੇ; ਕਿੰਨੀ ਖੁਸ਼ੀ ਹੋਵੇਗੀ ਚੰਦਰ ਦੇ ਬੱਚਿਆਂ ਨੂੰ ਦੇਖ ਕੇ? ਜੇ ਸਭ ਕੁਝ ਠੀਕ–ਠਾਕ ਰਿਹਾ ਹੁੰਦਾ ਤਾਂ ਉਹ ਬੱਚੇ ਉਸਦੇ ਆਪਣੇ ਹੁੰਦੇ! ਇਸ ਉਮਰ ਵਿਚ ਉਸਦੀਆਂ ਗੱਲ੍ਹਾਂ ਉੱਤੇ ਲਾਲੀ ਫਿਰ ਗਈ ਸੀ।
ਵੱਡੇ ਭਰਾ ਦੇ ਘਰ ਜਾਣ ਤੋਂ ਪਹਿਲਾਂ, ਉਹ ਦਿੱਲੀ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੀ ਸੀ...ਏਅਰ ਪੋਰਟ ਏਡਾ ਵੱਡਾ ਤੇ ਮਾਡਰਨ ਬਣ ਗਿਆ ਸੀ! ਚੌੜੀਆਂ ਸੜਕਾਂ, ਫਲਾਈ ਓਵਰ, ਹਰ ਤਰ੍ਹਾਂ ਦੀਆਂ ਮਾਡਰਨ ਕਾਰਾਂ! ਜਦੋਂ ਭਾਰਤ ਛੱਡ ਕੇ ਗਈ ਸੀ ਤਾਂ ਬਸ ਐਮਬੈਸਡਰ ਤੇ ਪ੍ਰੀਮਿਅਰ ਕਾਰਾਂ ਹੀ ਹੁੰਦੀਆਂ ਸਨ। ਕੀ ਚੰਦਰ ਕੋਲ ਵੀ ਆਪਣੀ ਕਾਰ ਹੋਵੇਗੀ? ਜੇ ਡਾਕਟਰ ਬਣ ਗਿਆ ਹੋਇਆ ਤਾਂ ਜ਼ਰੂਰ ਹੋਵੇਗੀ। ਬੱਚੇ ਆਪਣੀ ਫੂਫੀ (ਭੁਆ) ਨੂੰ ਦੇਖ ਕੇ ਖੁਸ਼ ਸਨ ਪਰ ਪਹਿਲੀ ਵਾਰੀ ਮਿਲਣ ਵਾਲੀ ਝਿਜਕ ਜ਼ਰੂਰ ਸੀ। ਭਾਬੀ ਜਾਨ ਇਮਰਾਨ ਬਾਰੇ ਗੱਲਾਂ ਕਰ ਰਹੇ ਸਨ। ਰੇਹਾਨ ਦੀ ਪੜ੍ਹਾਈ, ਨੌਕਰੀ ਤੇ ਸ਼ਾਦੀ। ਭਲਾ ਭਾਬੀ ਤੋਂ ਚੰਦਰ ਬਾਰੇ ਕਿੰਜ ਪੁੱਛਦੀ! ਭਾਬੀ ਨੇ ਦਸਿਆ ਕਿ ਚਿੱਤਰਾ ਨੇ ਤਾਂ ਉੱਥੇ ਹੀ ਇਕ ਵਕੀਲ ਨਾਲ ਸ਼ਾਦੀ ਕਰ ਲਈ ਸੀ। ਉਸਦੇ ਤਿੰਨ ਨਿਆਣੇ ਨੇ...ਇਕ ਕੁੜੀ ਤੇ ਦੋ ਮੁੰਡੇ। ਇੰਦੁ ਵਿਆਹ ਕਰਾਕੇ ਲਖ਼ਨਊ ਚਲੀ ਗਈ ਸੀ। ਕਮਲਾ ਨਾਲ ਕੋਈ ਸੰਪਰਕ ਨਹੀਂ ਸੀ ਰਿਹਾ। ਚਿੱਤਰਾ ਨੂੰ ਮਿਲਣ ਲਈ ਬੇਚੈਨ ਸੀ ਨਜ਼ਮਾ। ਕੀ ਉਸਨੂੰ ਪਛਾਣ ਲਏਗੀ ਉਹ? ਜੇ ਪਛਾਣ ਲਿਆ ਤਾਂ ਉਸਨੂੰ ਦੇਖ ਕੇ ਕੀ ਕਹੇਗੀ! ਕੇਹਾ ਵਿਹਾਰ ਕਰੇਗੀ?
ਘਰ ਆ ਗਿਆ। ਭਾਈ ਜਾਨ ਨਾਲ ਮੁਲਾਕਾਤ ਹੋਈ...ਦੁਆ, ਸਲਾਮ; ਬਸ ਔਪਚਾਰਕ ਗੱਲਬਾਤ...ਛੱਬੀ ਵਰ੍ਹੇ ਪੁਰਾਣੀ ਕੁਸੈਲ ਨੂੰ ਦੋਵੇਂ ਹੀ ਭੁੱਲ ਜਾਣਾ ਚਾਹੁੰਦੇ ਨੇ। ਭੈਣ ਦੇ ਜੁਰਮ ਲਈ ਉਸਨੂੰ ਦੇਸ਼ ਨਿਕਾਲਾ ਦੇਣ ਪਿੱਛੋਂ ਮੁਲਾਕਾਤ ਦਾ ਮੌਕਾ ਹੀ ਨਹੀਂ ਸੀ ਭਿੜਿਆ। ਅੱਠਾਂ ਭੈਣ-ਭਰਾਵਾਂ ਵਿਚ ਸਭ ਨਾਲੋਂ ਛੋਟੀ ਨਜਮਾ ਦੇ ਬਾਅਦ ਘਰ ਵਿਚ ਹੋਰ ਕੋਈ ਸ਼ਾਦੀ ਵੀ ਤਾਂ ਨਹੀਂ ਸੀ ਹੋਈ, ਜਿਸ ਉੱਤੇ ਨਜਮਾ ਆਉਣ ਦਾ ਯਤਨ ਕਰਦੀ। ਅੰਮੀ ਤੇ ਅੱਬਾ ਦੇ ਇੰਤਕਾਲ (ਮੌਤ) ਦਾ ਦੁੱਖ ਵੀ ਉਸਨੇ ਪਾਕਿਸਤਾਨ ਵਿਚ ਇਕੱਲਿਆਂ ਹੀ ਸਹਿ ਲਿਆ ਸੀ। ਪਾਕਿਸਤਾਨ ਵਿਚ ਇਕ ਹੋਰ ਲੜਾਈ ਉਸਨੇ ਆਪਣੇ ਇਕੱਲੇਪਨ ਨਾਲ ਲੜੀ, ਆਪਣੇ ਵਤਨ ਦੀ ਯਾਦ ਵਿਚ ਤੜਫੀ, ਉੱਥੇ ਉਹ ਇਹ ਵੀ ਨਹੀਂ ਭੁੱਲੀ ਕਿ ਉਸਨੂੰ ਕਰਾਚੀ ਇਕ ਸਜ਼ਾ ਦੇ ਤੌਰ 'ਤੇ ਭੇਜਿਆ ਗਿਆ ਸੀ। ਇਮਰਾਨ ਉਸਦੀ ਸਜ਼ਾ ਸੀ; ਇਨਾਮ ਨਹੀਂ। ਛੱਬੀ ਸਾਲ ਦੀ ਕੈਦ ਹੋਈ ਸੀ ਉਸਨੂੰ; ਬਾਮੁਸ਼ੱਕਤ। ਜੇਲ 'ਚੋਂ ਛੁੱਟ ਕੇ ਘਰ ਆਈ ਸੀ ਨਜਮਾ। ਅੱਜ ਸਜ਼ਾ ਦੇਣ ਵਾਲੇ ਵੀ ਇਸ ਦੁਨੀਆਂ ਵਿਚ ਨਹੀਂ ਸੀ ਰਹੇ...ਤੇ ਸਜ਼ਾ ਵੀ ਪੁੱਗ ਚੁੱਕੀ ਸੀ।
ਘਰ ਵਿਚ ਵੀ ਵੱਡੇ ਭਰਾ ਦੇ ਅਹੁਦੇ ਦੇ ਨਾਲ ਨਾਲ ਬਹੁਤ ਸਾਰੇ ਪਰਿਵਰਤਨ ਮਹਿਸੂਸ ਕੀਤੇ ਸਨ ਨਜਮਾ ਨੇ। ਬੁਲੰਦ ਸ਼ਹਿਰ ਵਿਚ ਵੀ ਹੁਣ ਦਿੱਲੀ ਵਾਲੀਆਂ ਸਹੂਲਤਾਂ ਆ ਗਈਆਂ ਸਨ। ਸਭ ਕੁਝ ਦੇਖਦਿਆਂ ਹੋਇਆਂ ਵੀ ਨਜਮਾ ਦਾ ਦਿਲ ਕਿਸੇ ਵੀ ਚੀਜ ਵਿਚ ਨਹੀਂ ਸੀ ਲੱਗ ਰਿਹਾ। ਚਿੱਤਰਾ ਦਾ ਪਤਾ, ਪਤਾ ਨਹੀਂ ਸੀ...ਨਾ ਉਸਨੂੰ ਤੇ ਨਾ ਹੀ ਭਾਬੀ ਜਾਨ ਨੂੰ। ਚਿੱਤਰਾ ਦੇ ਪੇਕੇ ਜਾਣਾ ਪਏਗਾ। ਉਲਝੇ ਹੋਏ ਧਾਗਿਆਂ ਨੂੰ ਸੁਲਝਾਉਣਾ ਵੀ ਤਾਂ ਸੁਖਾਲਾ ਨਹੀਂ ਹੁੰਦਾ। ਧਾਗੇ ਹੋਰ ਉਲਝਦੇ ਜਾਂਦੇ ਨੇ...ਗੰਢਾ ਆਸਾਨੀ ਨਾਲ ਨਹੀਂ ਖੁੱਲ੍ਹਦੀਆਂ।
ਦੋ ਦਿਨਾਂ ਬਾਅਦ ਚਿੱਤਰਾ ਦਾ ਠਿਕਾਣਾ ਲੱਭਿਆ...ਤੇ ਚਿੱਤਰਾ ਨਜਮਾ ਨੂੰ ਵੇਖ ਕੇ ਝੱਲੀ ਜਿਹੀ ਹੋ ਗਈ। ਭੁੱਲ ਗਈ ਕਿ ਤਿੰਨ ਬੱਚਿਆਂ ਦੀ ਮਾਂ ਹੈ। ਸਮਾਂ ਜਿਵੇਂ ਰੁਕ ਗਿਆ ਹੋਵੇ। ਦੋਵਾਂ ਸਹੇਲੀਆਂ ਨੇ ਖ਼ੂਬ ਗੱਲਾਂ ਕੀਤੀਆਂ। ਇਕੱਠਿਆਂ ਬੈਠ ਕੇ ਰੋਟੀ ਖਾਧੀ। ਨਜਮਾ ਨੇ ਚਿੱਤਰਾ ਨੂੰ ਹੈਰਾਨ ਹੀ ਕਰ ਦਿੱਤਾ ਸੀ, “ਕੀ ਕਿਹਾ ਤੂੰ ਸ਼ਾਕਾਹਾਰੀ ਹੋ ਗਈ ਏਂ? ਇਹ ਕੀ ਚਮਤਕਾਰ ਹੋ ਗਿਆ ਬਈ?”
“ਉੱਥੇ ਕਰਾਚੀ ਵਿਚ ਸਾਰੇ ਗਊ ਦਾ ਮੀਟ ਖਾਂਦੇ ਸਨ। ਮੈਂ ਜ਼ਿੰਦਗੀ ਵਿਚ ਕਦੀ ਨਹੀਂ ਖਾਧਾ। ਜਦੋਂ ਮਨ੍ਹਾਂ ਕੀਤਾ ਤਾਂ ਮੇਰੇ ਉੱਤੇ ਹਿੰਦੂ ਹੋਣ ਦਾ ਇਲਜ਼ਾਮ ਲਾ ਦਿੱਤਾ ਗਿਆ। ਤੇ ਮੈਂ ਫੈਸਲਾ ਕਰ ਲਿਆ ਕਿ ਮੀਟ ਖਾਣਾ ਹੀ ਬੰਦ ਕਰ ਦਿਆਂਗੀ। ਤੇ ਆਪਾਂ ਇਹ ਘਾਹ ਫੂਸ ਖਾਣਾ ਸ਼ੁਰੂ ਕਰ ਦਿੱਤਾ। ਹੁਣ ਤਾਂ ਇਹੋ ਖਾਣਾ ਚੰਗਾ ਲੱਗਦਾ ਏ। ਪਹਿਲੋਂ-ਪਹਿਲ ਅੰਮੀ ਦੇ ਹੱਥ ਦੇ ਬਣੇ ਗੋਸ਼ਤ ਦੀ ਯਾਦ ਆਉਂਦੀ ਹੁੰਦੀ ਸੀ ਪਰ ਹੁਣ ਤਾਂ ਸਭ ਪੁਰਾਣੀਆਂ ਗੱਲਾਂ ਹੋ ਗਈਆਂ ਨੇ। ਉੱਥੋਂ ਵਾਲੇ ਲੋਕ ਤਾਂ ਮੈਨੂੰ ਹਿੰਦੂ ਹੀ ਕਹਿੰਦੇ ਸੀ।”
“ਕਿੰਨੇ ਸਾਲ ਬੀਤ ਗਏ ਨਾ? ਇੱਥੋਂ ਦੀ ਯਾਦ ਤਾਂ ਬੜੀ ਆਉਂਦੀ ਹੋਏਗੀ, ਅਸੀਂ ਸਾਰੀਆਂ ਸਹੇਲੀਆਂ ਵਿੱਛੜ ਗਈਆਂ। ਕੋਈ ਲਖ਼ਨਊ ਵਿਚ ਹੈ ਤਾਂ ਕੋਈ ਦਿੱਲੀ ਵਿਚ। ਕਾਂਤਾ ਮੁੰਬਈ ਚਲੀ ਗਈ ਏ। ਤੇ ਸੁਰੇਖਾ ਨੂੰ ਅਮਰੀਕਾ ਵਾਲਾ ਆ ਕੇ ਲੈ ਗਿਆ। ਪਹਿਲਾਂ ਪਹਿਲਾਂ ਤਾਂ ਤੇਰੇ ਬਾਰੇ ਖ਼ੂਬ ਗੱਲਾਂ ਕਰਦੇ ਸਾਂ ਫੇਰ ਹੌਲੀ ਹੌਲੀ ਸਭ ਦੀ ਕਬੀਲਦਾਰੀ ਵਧਦੀ ਗਈ ਤੇ ਨਜਮਾ ਰਾਣੀ ਪਿੱਛੇ ਰਹਿੰਦੀ ਗਈ।” ਨਾ ਤਾਂ ਚਿੱਤਰਾ ਨੇ ਚੰਦਰ ਬਾਰੇ ਕੋਈ ਗੱਲ ਛੇੜੀ ਤੇ ਨਾ ਨਜਮਾ ਨੇ ਹੀ ਕੁਝ ਪੁੱਛਿਆ।
ਭਾਈ ਜਾਨ ਦੇ ਘਰ ਜਲਦੀ ਹੀ ਨਜਮਾਂ ਬੱਚਿਆਂ ਨਾਲ ਘੁਲਮਿਲ ਗਈ। ਬੱਚੇ ਰੇਹਾਨ ਬਾਰੇ ਗੱਲਾਂ ਕਰਦੇ। ਉਸਦੇ ਲੰਦਨ ਵਿਚ ਰਹਿ ਕੇ ਪੜ੍ਹਦੇ ਹੋਣ ਤੋਂ ਖਾਸੇ ਪ੍ਰਭਾਵਿਤ ਲੱਗ ਰਹੇ ਸਨ। ਨਜਮਾ ਦੇ ਸ਼ਾਕਾਹਾਰੀ ਹੋ ਜਾਣ ਕਰਕੇ ਭਾਬੀ ਜਾਨ ਨੂੰ ਖਾਣੇ ਦਾ ਮੀਨੂੰ ਬਣਾਉਣ ਵਿਚ ਖਾਸੀ ਪ੍ਰੇਸ਼ਾਨੀ ਹੋ ਰਹੀ ਸੀ। ਬੱਚਿਆਂ ਲਈ ਗੋਸ਼ਤ ਬਣਾਉਣ ਦੇ ਨਾਲ ਨਾਲ ਹੁਣ ਸਬਜ਼ੀ ਤੇ ਦਾਲ ਵੀ ਬਣਾਉਣੀ ਪੈਂਦੀ। ਦੋ ਤਿੰਨ ਦਿਨ ਬਸ ਅਜਿਹੀਆਂ ਗੱਲਾਂ ਹੀ ਹੁੰਦੀਆਂ ਰਹੀਆਂ ਜਿਹਨਾਂ ਦੇ ਨਾ ਹੋਣ ਨਾਲ ਵੀ ਨਜਮਾ ਨੂੰ ਕੋਈ ਫਰਕ ਨਹੀਂ ਸੀ ਪੈਣਾ। ਕਈ ਵਾਰੀ ਤਾਂ ਨਜਮਾ ਬਿਨਾਂ ਕੁਝ ਸੁਣਿਆ ਹੀ ਜਵਾਬ ਦੇ ਦੇਂਦੀ। ਉਮਰ ਦੇ ਇਸ ਪੜਾਅ 'ਤੇ ਪਹੁੰਚ ਕੇ ਵੀ ਕਿਸੇ ਅਜਿਹੇ ਵਿਅਕਤੀ ਨੂੰ ਮਿਲਣ ਦੀ ਇੱਛਾ ਇੰਨੀ ਪ੍ਰਬਲ ਹੋ ਸਕਦੀ ਹੈ ਜਿਸ ਦੇ ਹਵਾਲੇ ਕਦੀ ਆਪਣਾ ਜੀਵਨ ਕਰ ਦੇਣਾ ਚਾਹਿਆ ਸੀ!
ਅਗਲੇ ਹਫ਼ਤੇ ਇਕ ਵਾਰੀ ਫੇਰ ਹੋਲੀ ਹੈ। ਨਜਮਾ ਦੇ ਦਿਲ ਵਿਚ ਆਪਣੀ ਆਖ਼ਰੀ ਹੋਲੀ ਦੀ ਯਾਦ ਅਚਾਨਕ ਤਾਜ਼ਾ ਹੋਣ ਲੱਗ ਪਈ ਹੈ। ਕਰਾਚੀ ਦੀ ਘੁਟਣ ਪਿੱਛੋਂ ਅਚਾਨਕ ਇਕ ਹੋਰ ਹੋਲੀ ਦੀ ਖੁੱਲ੍ਹੀ ਖ਼ੁਸ਼ਬੂ! ਕੈਸੀ ਹੋਏਗੀ ਅਗਲੇ ਹਫ਼ਤੇ ਦੀ ਹੋਲੀ? ਕੀ ਉਸਦੇ ਭਤੀਜੇ ਭਤੀਜੀਆਂ ਵੀ ਹੋਲੀ ਖੇਡਦੇ ਹੋਣਗੇ? ਅਚਾਨਕ ਨਜਮਾ ਨੂੰ ਲੱਗਿਆ ਕਿ ਕਿਸੇ ਨੇ ਉਸਦੇ ਚਿਹਰੇ ਉੱਤੇ ਗੁਲਾਲ ਮਲ਼ ਦਿੱਤਾ ਹੈ। ਉਸਦਾ ਚਿਹਰਾ ਅੱਜ ਫੇਰ ਠੀਕ ਓਵੇਂ ਹੀ ਲਾਲ ਹੋ ਗਿਆ ਸੀ ਜਿਵੇਂ ਛੱਬੀ ਵਰ੍ਹੇ ਪਹਿਲਾਂ ਹੋਇਆ ਸੀ...ਬਸ ਅੱਜ ਉਸਨੂੰ ਦੇਖਣ ਲਈ ਦੁਰਗੀ ਮਾਸੀ ਜਿਊਂਦੀ ਨਹੀਂ ਸੀ ਰਹੀ।
--- --- ---

No comments:

Post a Comment