Saturday, May 14, 2011

12. ਕਬਰ ਦਾ ਮੁਨਾਫ਼ਾ


“ਯਾਰ ਕੁਛ ਨਾ ਕੁਛ ਤਾਂ ਨਵਾਂ ਕਰਨਾ ਹੀ ਪਏਗਾ। ਸਾਰੀ ਜ਼ਿੰਦਗੀ ਨੌਕਰੀ ਵਿਚ ਗਵਾਅ ਚੁੱਕੇ ਆਂ। ਹੁਣ ਹੋਰ ਨਹੀਂ ਕੀਤੀ ਜਾਂਦੀ ਚਾਕਰੀ।” ਖ਼ਲੀਲ ਜ਼ੈਦੀ ਦਾ ਚਿਹਰਾ ਸਿਗਰਟ ਦੇ ਧੂੰਏਂ ਪਿੱਛੇ ਧੁੰਦਲਾ ਜਿਹਾ ਦਿਖਾਈ ਦੇ ਰਿਹਾ ਹੈ।
ਨਜਮ ਜਮਾਲ ਵਿਸਕੀ ਦਾ ਨਿੱਕਾ ਜਿਹਾ ਘੁੱਟ ਭਰਦਾ ਹੋਇਆ ਕਿਸੇ ਡੂੰਘੀ ਸੋਚ ਵਿਚ ਲੱਥ ਗਿਆ ਹੈ। ਸਵਾਲ ਦੋਵਾਂ ਦੇ ਦਿਮਾਗ਼ ਵਿਚ ਇਕੋ ਹੀ ਹੈ...ਹੁਣ ਅੱਗੇ ਕੀ ਕੀਤਾ ਜਾਏ? ਕਦੋਂ ਤੀਕ ਕਰੀਏ ਇਹ ਕੁੱਤਾ ਧੰਦਾ?
ਖ਼ਲੀਲ ਤੇ ਨਜਮ ਨੇ ਆਪਣੀ ਜ਼ਿੰਦਗੀ ਦੇ ਤੇਤੀ ਵਰ੍ਹੇ ਆਪਣੀ ਕੰਪਨੀ ਦੀ ਸੇਵਾ ਵਿਚ 'ਹੋਮ' ਕਰ ਦਿੱਤੇ ਨੇ। ਦੋਵਾਂ ਦੀ ਯਾਰੀ ਦੇ ਕਿੱਸੇ ਬੜੇ ਪੁਰਾਣੇ ਨੇ। ਖ਼ਲੀਲ ਸ਼ਰਾਬ ਨਹੀਂ ਪੀਂਦਾ ਤੇ ਨਜਮ ਸਿਗਰੇਟ ਤੋਂ ਪ੍ਰੇਸ਼ਾਨ ਹੋ ਜਾਂਦਾ ਹੈ। ਪਰ ਦੋਵਾਂ ਦੀਆਂ ਆਦਤਾਂ ਦੋਵਾਂ ਦੀ ਦੋਸਤੀ ਵਿਚਕਾਰ ਕਦੀ ਅੜਿੱਕਾ ਨਹੀਂ ਬਣੀਆ। ਖ਼ਲੀਲ ਜੈਦੀ ਇਕ ਨੌਜਵਾਨ ਅਫ਼ਸਰ ਬਣ ਕੇ ਆਇਆ ਸੀ ਇਸ ਕੰਪਨੀ ਵਿਚ, ਪਰ ਅੱਜ ਉਸਨੇ ਆਪਣੀ ਮਿਹਨਤ ਤੇ ਅਕਲ ਸਦਕਾ ਇਸ ਕੰਪਨੀ ਨੂੰ ਯੂਰਪ ਦੀਆਂ ਪਹਿਲੇ ਨੰਬਰ ਦੀਆਂ ਫਾਈਨੈਂਸ਼ੀਅਲ ਕੰਪਨੀਆਂ ਦੀ ਕਤਾਰ ਵਿਚ ਲਿਆ ਖੜ੍ਹਾ ਕੀਤਾ ਹੈ। ਲੰਦਨ ਦੇ ਫਾਈਨੈਂਸ਼ੀਅਲ ਸੈਕਟਰ ਵਿਚ ਖ਼ਲੀਲ ਦੀ ਖਾਸੀ ਇੱਜ਼ਤ ਹੈ।
“ਵੈਸੇ ਖ਼ਲੀਲ ਭਾਈ ਕੀ ਇਹ ਜ਼ਰੂਰੀ ਏ ਕਿ ਕੁਛ ਕੀਤਾ ਹੀ ਜਾਵੇ? ਏਨਾ ਕਮਾਅ ਲਿਆ ਏ, ਹੁਣ ਆਰਾਮ ਕਿਉਂ ਨਾ ਕਰੀਏ!...ਬੇਟੇ, ਬਹੂ ਤੇ ਪੋਤੇ-ਪੋਤੀਆਂ ਨਾਲ ਬਾਕੀ ਦਿਨ ਬਿਤਾਅ ਲਏ ਜਾਣ ਤਾਂ ਮਾੜਾ ਕੀ ਏ?”
“ਮੀਆਂ ਦੂਜਿਆਂ ਲਈ ਪੂਰੀ ਜ਼ਿੰਦਗੀ ਲਾ ਦਿੱਤੀ, ਕੰਪਨੀ ਨੂੰ ਕਿੱਥੋਂ-ਕਿੱਥੇ ਪਹੁੰਚਾ ਦਿੱਤਾ। ਪਰ...ਕਲ੍ਹ ਨੂੰ ਮਰ ਜਾਵਾਂਗੇ ਤਾਂ ਕੋਈ ਯਾਦ ਵੀ ਨਹੀਂ ਕਰੇਗਾ। ਜੇ ਏਨੀ ਮਿਹਨਤ ਆਪਣੇ ਲਈ ਕੀਤੀ ਹੁੰਦੀ ਤਾਂ ਪੂਰੇ ਫਾਈਨੈਂਸ਼ੀਅਲ ਸੈਕਟਰ ਵਿਚ ਸਾਡੇ ਨਾਂਅ ਦੀ ਮਾਲਾ ਜਪੀ ਜਾ ਰਹੀ ਹੁੰਦੀ।”
“ਖ਼ਲੀਲ ਭਾਈ, ਮਰਨ ਤੋਂ ਯਾਦ ਆਇਆ, ਤੁਸਾਂ ਕਾਰਪੇਂਡਰਸ ਪਾਰਕ ਦੇ ਕਬਰਸਤਾਨ ਵਿਚ ਆਪਣੀ ਤੇ ਭਾਬੀ ਜਾਨ ਦੀ ਕਬਰ ਬੁੱਕ ਕਰਵਾ ਲਈ ਏ ਜਾਂ ਨਹੀਂ? ਦੇਖੋ ਉਸ ਕਬਰਸਤਾਨ ਦੀ ਲੋਕੇਸ਼ਨ, ਉਸਦੀ ਲੁੱਕ, ਤੇ ਮਾਹੌਲ ਯਕਦਮ ਯੂਨੀਕ ਨੇ।...ਹੁਣ ਸਾਰੀ ਜ਼ਿੰਦਗੀ ਤਾਂ ਕੰਮ, ਕੰਮ ਤੇ ਕੰਮ ਤੋਂ ਫੁਰਸਤ ਨਹੀਂ ਮਿਲੀ, ਘੱਟੋਘੱਟ ਮਰ ਕੇ ਤਾਂ ਚੈਨ ਦੀ ਜ਼ਿੰਦਗੀ ਜਿਉਵਾਂਗੇ।”
“ਕਿਆ ਬਾਤ ਕਹੀ ਏ ਮੀਆਂ...'ਘੱਟੋਘੱਟ ਮਰ ਕੇ ਤਾਂ ਚੈਨ ਦੀ ਜ਼ਿੰਦਗੀ ਜਿਉਵਾਂਗੇ।' ਬਈ ਵਾਹ, ਉਹ ਕਿਸੇ ਸ਼ਾਇਰ ਨੇ ਵੀ ਕੀ ਗੱਲ ਆਖੀ ਏ ਕਿ 'ਮਰ ਕੇ ਭੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ।'...ਯਾਰ ਮੈਨੂੰ ਤਾਂ ਕੋਈ ਦਿੱਕਤ ਨਹੀਂ। ਤੇਰੀ ਭਾਬੀ ਜਾਨ ਬੜੀ ਸੋਸ਼ਲਿਸਟ ਕਿਸਮ ਦੀ ਔਰਤ ਐ। ਪਤਾ ਲੱਗਦਿਆਂ ਹੀ ਭੂਸਰ ਜਾਊ। ਵੈਸੇ ਤੂੰ ਆਬਿਦਾ ਨਾਲ ਗੱਲ ਕਰ ਲਈ ਏ ਨਾ? ਇਹਨਾਂ ਹਵਾ ਦੀਆਂ ਜਾਈਆਂ ਨੇ ਵੀ ਸਾਡੇ ਵਰਗੇ ਲੋਕਾਂ ਦਾ ਜਿਉਣ ਦੁੱਭਰ ਕੀਤਾ ਹੋਇਐ। ਹੁਣ ਦੇਖ ਲਾ...”
ਨਜਮ ਨੇ ਵਿਚਕਾਰੋਂ ਹੀ ਟੋਕ ਦਿੱਤਾ, “ਖ਼ਲੀਲ ਭਰਾ, ਇਹਨਾਂ ਬਿਨਾਂ ਗੁਜ਼ਾਰਾ ਵੀ ਤਾਂ ਨਹੀਂ ਹੁੰਦਾ...ਨਸੈਸਰੀ ਈਵਲ ਨੇ, ਸਾਡੇ ਲਈ; ਨਾਲੇ ਫੇਰ ਇਸ ਦੇਸ਼ ਵਿਚ ਤਾਂ ਸਟੇਟਸ ਲਈ ਵੀ ਇਹਨਾਂ ਦੀ ਲੋੜ ਪੈਂਦੀ ਏ। ਇਸ ਮਾਮਲੇ ਵਿਚ ਜਪਾਨ ਵਧੀਆ ਏ। ਹਰ ਆਦਮੀ ਆਪਣੀ ਬੀਵੀ ਤੇ ਬੱਚਿਆਂ ਨੂੰ ਸ਼ਹਿਰੋਂ ਬਾਹਰ ਰੱਖਦਾ ਏ...ਸਬਰਬ ਵਿਚ।...ਤੇ ਸ਼ਹਿਰ ਵਾਲੇ ਫਲੈਟ ਵਿਚ ਆਪਣੀ ਵਰਕਿੰਗ ਪਾਰਟਨਰ। ਸੋਚ ਕੇ ਕਿੰਨਾ ਚੰਗਾ ਲੱਗਦੈ।” ਸਾਫ ਪਤਾ ਲੱਗ ਰਿਹਾ ਸੀ ਕਿ ਵਿਸਕੀ ਆਪਣਾ ਰੰਗ ਵਿਖਾਲ ਰਹੀ ਹੈ।
“ਯਾਰ, ਇਹ ਸਾਲਾ ਕਬਰਸਤਾਨ ਸ਼ੀਆ ਲੋਕਾਂ ਲਈ ਐਕਸਕਲਿਊਸਿਵ ਨਹੀਂ ਹੋ ਸਕਦਾ ਸੀ?...ਵਰਨਾ ਮਰਨ ਪਿੱਛੋਂ ਪਤਾ ਨਹੀਂ ਲੱਗਣਾ ਬਈ ਗੁਆਂਢ ਵਿਚ ਸ਼ੀਆ ਹੈ ਜਾਂ ਸੁੰਨੀ ਜਾਂ ਫੇਰ ਉਹ ਗੁਜਰਾਤੀ ਟੋਪੀ ਵਾਲਾ। ਯਾਰ ਸੋਚ ਕੇ ਹੀ ਧੁੜਧੁੜੀ ਆ ਜਾਂਦੀ ਏ। ਮੇਰਾ ਵੱਸ ਚੱਲੇ ਤਾਂ ਇਕ ਕਬਰਸਤਾਨ ਬਣਾ ਕੇ ਉਸ ਉੱਤੇ ਬੋਰਡ ਲਾ ਦਿਆਂ...'ਸ਼ੀਆ ਮੁਸਲਮਾਨਾਂ ਲਈ ਰਿਜ਼ਰਵਡ।' ”
“ਗੱਲ ਤਾਂ ਤੁਸੀਂ ਲੱਖਾਂ ਦੀ ਕੀਤੀ ਏ ਖ਼ਲੀਲ ਭਾਈ...ਪਰ ਇਹ ਆਪਣਾ ਪਾਕਿਸਤਾਨ ਤਾਂ ਹੈ ਨਹੀਂ। ਇੱਥੇ ਤਾਂ ਸ਼ੁਕਰ ਮਨਾਓ ਕਿ ਗੋਰੀ ਸਰਕਾਰ ਨੇ ਸਾਡੇ ਲਈ ਵੱਖਰਾ ਕਬਰਸਤਾਨ ਬਣਾਇਆ ਹੋਇਆ ਏ। ਵਰਨਾ ਸਾਨੂੰ ਵੀ ਈਸਾਈਆਂ ਦੇ ਕਬਰਸਤਾਨ 'ਚ ਈ ਦਫ਼ਨ ਹੋਣਾ ਪੈਂਦਾ। ਤੁਸੀਂ ਕਾਰਪੇਂਡਰਸ ਪਾਰਕ ਵਾਲਿਆਂ ਦੀ ਨਵੀਂ ਸਕੀਮ ਬਾਰੇ ਸੁਣਿਆ ਏਂ? ਉਹ ਸਿਰਫ ਦਸ ਪਾਊਂਡ ਮਹੀਨੇ ਦੇ ਪ੍ਰੀਮੀਅਮ ਉੱਤੇ ਤੁਹਾਨੂੰ ਸ਼ਾਨ ਨਾਲ ਦਫ਼ਨਾਉਣ ਦੀ ਪੂਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਰਹੇ ਨੇ। ਉਹਨਾਂ ਦਾ ਜਿਹੜਾ ਨਵਾਂ ਪੈਂਮਫ਼ਲੇਟ ਨਿਕਲਿਆ ਏ, ਉਸ ਵਿਚ ਪੂਰੀ ਤਫ਼ਸੀਲ ਦਿੱਤੀ ਹੋਈ ਏ। ਲਾਸ਼ ਨੂੰ ਨੁਹਾਉਣਾ, ਨਵੇਂ ਕੱਪੜੇ ਪਵਾਉਣਾ, ਕਫ਼ਨ ਦਾ ਇੰਤਜ਼ਾਮ, ਰੋਲਸ-ਰੋਏਸ ਵਿਚ ਲਾਸ਼ ਦੀ ਸਵਾਰੀ ਤੇ ਕਬਰ ਉੱਤੇ ਸੰਗਮਰਮਰ ਦਾ ਪਲਾਕ...ਇਹ ਸਭੋ ਕੁਝ ਇਸ ਬੀਮੇ ਵਿਚ ਸ਼ਾਮਿਲ ਐ।”
“ਯਾਰ ਇਹ ਤਾਂ ਬੜਾ ਵਧੀਆ ਏ, ਕਮ-ਸੇ-ਕਮ ਸਾਡੇ ਬੱਚੇ ਸਾਨੂੰ ਦਫ਼ਨਾਉਣ ਲਈ ਆਪਣੀਆਂ ਜੇਬਾਂ ਵੱਲ ਤਾਂ ਨਹੀ ਝਾਕਣਗੇ। ਮੈਂ ਤਾਂ ਜਦੋਂ ਇਰਫ਼ਾਨ ਵੱਲ ਦੇਖਦਾਂ ਤਾਂ ਬੜਾ ਮਾਯੂਸ ਹੋ ਜਾਨਾਂ। ਦੇਖ ਪੈਂਤੀਆਂ ਦਾ ਹੋ ਗਿਐ ਪਰ ਮਜ਼ਾਲ ਏ ਜ਼ਰਾ ਵੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇ।...ਕਲ੍ਹ ਕਹਿ ਰਿਹਾ ਸੀ, ਡੈਡ ਕਰਾਚੀ ਵਿਚ ਬਿਜਨਸ ਕਰਨਾ ਚਾਹੁੰਦਾ ਹਾਂ, ਬਸ ਇਕ ਲੱਖ ਪਾਊਂਡ ਦਾ ਇੰਤਜ਼ਾਮ ਕਰ-ਕਰਾਅ ਦਿਓ। ਹੁਣ ਪਾਊਂਡ ਕੀ ਸਾਲੇ ਦਰਖ਼ਤਾਂ ਨਾਲ ਲੱਗੇ ਨੇ। ਨਾਦਿਰਾ ਨੇ ਵਿਗਾੜ ਦਿੱਤਾ ਏ। ਆਪਣੇ ਆਪ ਨੂੰ ਸ਼ੋਸਲਿਸਟ ਕੰਮਾਂ ਵਿਚ ਫਸਾਈ ਰੱਖਦੀ ਏ। ਜਦੋਂ ਬੱਚਿਆਂ ਨੂੰ ਮਾਂ ਦੀ ਪਰਵਰਿਸ਼ ਦੀ ਜ਼ਰੂਰਤ ਸੀ, ਇਹ ਮੇਮ-ਸਾ'ਬਾ ਕਾਰਲ ਮਾਰਕਸ ਦੀ ਸਮਾਧੀ ਉੱਪਰ ਫੁੱਲ ਚੜ੍ਹਾ ਰਹੀ ਸੀ। ਸਾਲਾ ਕਾਰਲ ਮਾਰਕਸ ਮਰਿਆ ਤਾਂ ਅੰਗਰੇਜ਼ਾਂ ਦੇ ਘਰ ਵਿਚ ਤੇ ਕੈਪਿਟੇਲਿਜ਼ਮ ਦੇ ਖ਼ਿਲਾਫ਼ ਕਿਤਾਬਾਂ ਏਥੇ ਲਿਖਦਾ ਰਿਹਾ। ਇਸੇ ਲਈ ਦੁਨੀਆਂ ਜਹਾਨ ਦੇ ਮਾਰਕਸਵਾਦੀ ਦੋਗਲੇ ਹੁੰਦੇ ਨੇ। ਸਾਲਿਆਂ ਨੇ ਸਾਡਾ ਤਾਂ ਘਰ ਈ ਤਬਾਹ ਕਰ ਦਿੱਤੈ। ਮੇਰਾ ਤਾਂ ਬੱਚਿਆ ਨਾਲ ਕੋਈ ਕਮਿਊਨੀਕੇਸ਼ਨ ਹੀ ਨਹੀਂ ਬਣ ਸਕਿਆ।” ਖ਼ਲੀਲ ਜ਼ੈਦੀ ਨੇ ਠੰਡਾ ਹਊਕਾ ਭਰਿਆ।
ਕੁਝ ਚਿਰ ਲਈ ਚੁੱਪ ਵਾਪਰ ਗਈ। ਮੌਤ ਵਰਗੀ ਚੁੱਪੀ। ਹਲਕਾ ਜਿਹਾ ਸਿਗਰਟ ਦਾ ਕਸ਼, ਛੱਤ ਵੱਲ ਉੱਡਦਾ ਧੂੰਆਂ, ਸ਼ਰਾਬ ਦੀ ਇਕ ਨਿੱਕੀ ਜਿਹੀ ਚੁਸਕੀ ਬੁੱਲ੍ਹਾਂ ਵਿਚ ਸੁੜਕਦੀ ਤੇ ਗਲ਼ੇ 'ਚੋਂ ਹੇਠਾਂ ਲੰਘਦੀ ਹੋਈ, ਥੋੜ੍ਹੇ ਕਾਜੂਆਂ ਦੇ ਦੰਦਾਂ ਹੇਠ ਦਰੜੇ ਜਾਣ ਦੀ ਧੀਮੀ ਜਿਹੀ ਆਵਾਜ਼। ਨਜਮ ਤੋਂ ਰਿਹਾ ਨਾ ਗਿਆ, “ਖ਼ਲੀਲ ਭਾਈ, ਉਹਨਾਂ ਦੀ ਇਕ ਗੱਲ ਬੜੀ ਪਸੰਦ ਆਈ ਮੈਨੂੰ। ਉਹ ਕਹਿੰਦੇ ਨੇ ਬਈ ਜੇ ਤੁਸੀਂ ਕਿਸੇ ਐਕਸੀਡੈਂਟ ਜਾਂ ਹਾਦਸੇ ਦਾ ਸ਼ਿਕਾਰ ਹੋ ਜਾਓਂ, ਜਿਵੇਂ ਅੱਗ ਵਿਚ ਸੜ ਮਰੋਂ ਤਾਂ ਉਹ ਲਾਸ਼ ਦਾ ਅਜਿਹਾ ਮੇਕਅੱਪ ਕਰਨਗੇ ਕਿ ਲਾਸ਼ ਯਕਦਮ ਜਵਾਨ ਤੇ ਖ਼ੂਬਸੂਰਤ ਦਿਖਾਈ ਦਏਗੀ। ਹੁਣ ਲੋਕ ਤਾਂ ਲਾਸ਼ ਦੀ ਆਖ਼ਰੀ ਸ਼ਕਲ ਹੀ ਚੇਤੇ ਰੱਖਦੇ ਨੇ ਨਾ? ਨਾਦਿਰਾ ਭਾਬੀ ਤੇ ਆਬਿਦਾ ਨੂੰ ਇਹੀ ਆਈਡੀਆ ਵੇਚਦੇ ਆਂ, ਕਿ ਜਦੋਂ ਉਹ ਮਰਨਗੀਆਂ ਦੁਲਹਨ ਵਾਂਗ ਸਜਾਈਆਂ ਜਾਣਗੀਆਂ।”
“ਯਾਰ ਨਜਮ ਇਕ ਕੰਮ ਕਰਦੇ ਹਾਂ...ਬੁੱਕ ਕਰਵਾ ਦੇਨੇ ਆਂ ਦੋ-ਦੋ ਕਬਰਾਂ। ਆਪਾਂ ਨੂੰ ਨਾਦਿਰਾ ਜਾਂ ਆਬਿਦਾ ਨੂੰ ਹਾਲੇ ਦੱਸਣ ਦੀ ਕੀ ਲੋੜ ਪਈ ਏ...ਜਦ ਜ਼ਰੂਰਤ ਹੋਏਗੀ, ਦੱਸ ਦਿਆਂਗੇ।”
“ਕੀ ਗੱਲ ਆਖੀ ਏ ਭਾਈ ਜਾਨ, ਮਜ਼ਾ ਆ ਗਿਆ! ਪਰ ਜੇ ਉਹਨਾਂ ਨੂੰ ਜ਼ਰੂਰਤ ਪੈ ਗਈ ਤਾਂ ਦੱਸਾਂਗੇ ਕਿਸ ਨੂੰ? ਦੱਸਣ ਲਈ ਉਹਨਾਂ ਨੂੰ ਦੁਬਾਰਾ ਜਿਊਂਦੀਆਂ ਕਰਨਾ ਪਏਗਾ।...ਹਾ-ਹਾ, ਹਾਹਾ...”
“ਸੁਣ, ਉਹਨਾਂ ਦੀ ਕੋਈ ਅਜਿਹੀ ਸਕੀਮ ਨਹੀਂ ਬਈ, 'ਬਾਈ ਵਨ, ਗੈੱਟ ਵਨ ਫ਼੍ਰੀ' ਜਾਂ, 'ਬਾਈ ਟੂ, ਗੈੱਟ ਵਨ ਫ਼੍ਰੀ'? ਜੇ ਇੰਜ ਹੋਏ ਤਾਂ ਅਸੀਂ ਆਪਣੇ ਬੇਟਿਆਂ ਨੂੰ ਵੀ ਸਕੀਮ ਵਿਚ ਸ਼ਾਮਿਲ ਕਰ ਸਕਦੇ ਆਂ। ਅੱਲ੍ਹਾ ਨੇ ਆਪਾਂ ਦੋਵਾਂ ਨੂੰ ਇਕ ਇਕ ਬੇਟਾ ਤਾਂ ਦਿੱਤਾ ਹੀ ਹੋਇਐ।”
“ਹੌਲੀ ਭਾਈ ਜਾਨ, ਜੇ ਨਾਦਿਰਾ ਭਾਬੀ ਨੇ ਸੁਣ ਲਿਆ ਤਾਂ ਝੱਟ ਕਹੇਗੀ, 'ਕਿਉਂ ਜੀ, ਸਾਡੀਆਂ ਬੱਚੀਆਂ ਨੇ ਕੀ ਕਸੂਰ ਕੀਤੈ?'”
“ਯਾਰ ਤੂੰ ਏਨੀਆਂ ਡਰਾਉਣੀਆਂ ਗੱਲ ਕਰਨ ਤੋਂ ਬਾਅਜ਼ ਨਹੀਂ ਆਉਂਦਾ। ਪਤਾ ਈ ਉਹ ਤਾਂ ਸਮੀਰਾ ਦੀ ਸ਼ਾਦੀ ਸੁੰਨੀਆਂ ਵਿਚ ਕਰਨ ਲਈ ਰਾਜ਼ੀ ਹੋ ਗਈ ਸੀ। ਕਮਾਲ ਦੀ ਗੱਲ ਏ ਕਿ ਉਸਨੂੰ ਸ਼ੀਆ, ਸੁੰਨੀ, ਆਗ਼ਾਖ਼ਾਨੀ, ਬੋਰੀ ਸਾਰੇ ਇਕੋ ਲੱਗਦੇ ਨੇ। ਕਹਿੰਦੀ ਏ, ਸਾਰੇ ਮੁਸਲਮਾਨ ਨੇ ਤੇ ਅੱਲ੍ਹਾ ਦੇ ਬੰਦੇ ਨੇ। ਉਸਦੀ ਇੰਡੀਆ ਦੀ ਪੜ੍ਹਾਈ ਅਜੇ ਤਕ ਉਸਦੇ ਦਿਮਾਗ਼ ਵਿਚੋਂ ਨਹੀਂ ਨਿਕਲੀ ਜਾਪਦੀ।”
“ਓ ਭਾਈ ਜਾਨ ਹੁਣ ਇੰਡੀਆਂ ਦੀ ਪੜ੍ਹਾਈ ਏਨੀ ਖ਼ਰਾਬ ਵੀ ਨਹੀਂ...ਪੜ੍ਹੇ ਤਾਂ ਮੈਂ ਤੇ ਆਬਿਦਾ ਵੀ ਉੱਥੋਂ ਦੇ ਈ ਆਂ। ਦਰਅਸਲ ਮੈਂ ਤਾਂ ਗੋਆ ਵਿਚ ਕੋਈ ਕਾਰੋਬਾਰ ਕਰਨ ਬਾਰੇ ਸੋਚ ਰਿਹਾਂ। ਉੱਥੇ ਜੇ ਕੋਈ ਟੂਰਿਸਟ ਰਿਜ਼ੋਰਟ ਖੋਲ੍ਹ ਲਵਾਂ ਤਾਂ ਮਜ਼ਾ ਆ ਜਾਏਗਾ...! ਓ ਭਾਈ ਜਾਨ, ਸੱਚ ਪੁੱਛੋ ਤਾਂ ਮੈਨੂੰ ਤਾਂ ਅੱਜ ਵੀ ਆਪਣਾ ਘਰ ਮੇਰਠ ਹੀ ਲੱਗਦੈ। ਚਾਲ੍ਹੀ ਸਾਲ ਹੋ ਗਏ ਨੇ ਹਿੰਦੁਸਤਾਨ ਛੱਡਿਆਂ, ਪਰ ਲਾਹੌਰ ਅਜੇ ਤਕ ਆਪਣਾ ਨਹੀਂ ਲੱਗਿਆ।... ਇਹ ਜਿਹੜਾ ਮੁਹਾਜ਼ਿਰ ਦਾ ਠੱਪਾ ਮੱਥੇ ਉੱਤੇ ਲੱਗਿਆ ਏ ਨਾ, ਉਸ ਤੋਂ ਲੱਗਦੈ ਕਿ ਅਸੀਂ ਲਾਹੌਰ ਵਿਚ ਐਨ ਓਵੇਂ ਈ ਆਂ, ਜਿਵੇਂ ਹਿੰਦੁਸਤਾਨ ਵਿਚ ਚੂੜ੍ਹੇ-ਚਮਾਰ।”
“ਮੀਆਂ ਚੜ੍ਹ ਗਈ ਏ ਤੈਨੂੰ। ਪਾਗਲਾਂ ਵਾਲੀਆਂ ਗੱਲਾਂ ਕਰਨ ਲੱਗ ਪਿਐਂ। ਯਾਦ ਰੱਖ, ਸਾਡਾ ਵਤਨ ਪਾਕਿਸਤਾਨ ਏਂ...ਬਸ। ਇਹ ਹਿੰਦੂ ਧਰਮ ਇਕ ਡੀਜੇਨੇਰੇਟ, ਵਲਗਰ ਤੇ ਕਰਪਟ ਕਲਚਰ ਹੈ। ਹਿੰਦੂਆਂ ਜਾਂ ਹਿੰਦੁਸਤਾਨੀਆਂ ਦੀ ਵਡਿਆਈ ਪੂਰੀ ਤਰ੍ਹਾਂ ਐਂਟੀ ਇਸਲਾਮਿਕ ਹੈ। ਫ਼ਿਲਮਾਂ ਦੇਖੀਆਂ ਨੇ ਇਹਨਾਂ ਦੀਆਂ, ਵਲਗੈਰਿਟੀ ਪਰਸਾਨੀਫਾਈਡ। ਮੇਰਾ ਵੱਸ ਚੱਲੇ ਤਾਂ ਸਾਰੇ ਹਿੰਦੂਆਂ ਨੂੰ ਇਕ ਕਤਾਰ ਵਿਚ ਖੜ੍ਹਾ ਕਰਕੇ ਗੋਲੀ ਨਾਲ ਉਡਾਅ ਦਿਆਂ।”
ਨਜਮ ਦੇ ਘੁਰਾੜੇ ਦਸ ਰਹੇ ਸਨ ਕਿ ਉਹਨੂੰ ਖ਼ਲੀਲ ਜ਼ੈਦੀ ਦੀਆਂ ਗੱਲਾਂ ਵਿਚ ਕੋਈ ਰੁਚੀ ਨਹੀਂ ਹੈ। ਉਹ ਸ਼ਾਇਦ ਸੁਪਨਿਆਂ ਦੇ ਉਡਨ-ਖਟੋਲੇ ਵਿਚ ਬੈਠ ਕੇ ਮੇਰਠ ਪਹੁੰਚ ਗਿਆ ਸੀ। ਮੇਰਠ ਤੋਂ ਦਿੱਲੀ ਤਕ ਬੱਸ ਦਾ ਸਫ਼ਰ, ਰੇਲਗੱਡੀ ਦੀ ਯਾਤਰਾ ਤੇ ਆਬਿਦਾ ਨਾਲ ਪਹਿਲੀ ਮੁਲਾਕਾਤ, ਪਹਿਲੀ ਮੁਹੱਬਤ, ਫੇਰ ਸ਼ਾਦੀ। ਪੂਰੀ ਜ਼ਿੰਦਗੀ ਜਿਵੇਂ ਕਿਸੇ ਰੇਲ ਦੀ ਪਟੜੀ ਉੱਤੇ ਦੌੜ ਰਹੀ ਮਹਿਸੂਸ ਹੋ ਰਹੀ ਸੀ।
ਮਹਿਸੂਸ ਆਬਿਦਾ ਵੀ ਕਰ ਰਹੀ ਸੀ ਤੇ ਨਾਦਿਰਾ ਵੀ। ਦੋਵੇਂ ਮਹਿਸੂਸ ਕਰਦੀਆਂ ਸਨ ਕਿ ਉਹਨਾਂ ਦੇ ਪਤੀਆਂ ਕੋਲ ਉਹਨਾਂ ਲਈ ਕੋਈ ਸਮਾਂ ਨਹੀਂ। ਉਹਨਾਂ ਦੇ ਪਤੀ ਬਸ ਪੈਸੇ ਦੇ ਦੇਂਦੇ ਨੇ, ਘਰ ਦਾ ਖਰਚ ਚਲਾਉਣ ਲਈ। ਪਰ ਉਸਦਾ ਵੀ ਹਿਸਾਬ-ਕਿਤਾਬ ਇੰਜ ਰੱਖਿਆ ਜਾਂਦਾ ਹੈ ਜਿਵੇਂ ਕੰਪਨੀ ਦੇ ਕਿਸੇ ਕਲਰਕ ਤੋਂ ਖਰਚੇ ਦਾ ਹਿਸਾਬ ਪੁੱਛਿਆ ਜਾ ਰਿਹਾ ਹੋਵੇ। ਦੋਵਾਂ ਨੂੰ ਕਦੀ ਇਹ ਮਹਿਸੂਸ ਨਹੀਂ ਸੀ ਹੋਇਆ ਕਿ ਉਹ ਆਪਣੇ ਘਰ ਦੀਆਂ ਮਾਲਕਿਨਾਂ ਨੇ। ਉਹਨਾਂ ਨੂੰ ਸਮੇਂ-ਸਮੇਂ ਯਾਦ ਕਰਵਾ ਦਿੱਤਾ ਜਾਂਦਾ ਹੈ ਕਿ ਘਰ ਦੇ ਮਾਲਿਕ ਦੇ ਹੁਕਮ ਦੇ ਬਿਨਾਂ ਉਹ ਇਕ ਪੈਰ ਵੀ ਨਹੀਂ ਪੁੱਟ ਸਕਦੀਆਂ। ਆਬਿਦਾ ਤਾਂ ਆਪਣੀ ਨਾਦਿਰਾ ਆਪਾ ਸਾਹਮਣੇ ਆਪਣਾ ਰੋਣਾ ਰੋ ਵੀ ਲੈਂਦੀ ਸੀ ਪਰ ਨਾਦਿਰਾ ਹਰ ਗੱਲ ਆਪਣੇ ਸੀਨੇ ਵਿਚ ਨੱਪੀ ਰੱਖਦੀ ਹੈ।
ਨਾਦਿਰਾ ਨੇ ਬੜੇ ਜਤਨਾਂ ਨਾਲ ਆਪਣੇ ਵਿਚ ਇਹ ਪਰੀਵਰਤਨ ਲਿਆਂਦਾ ਸੀ। ਉਸਨੇ ਇਕ ਸਥਾਈ ਹਾਸੀ ਦਾ ਮਖ਼ੌਟਾ ਆਪਣੇ ਚਿਹਰੇ ਉੱਤੇ ਚਿਪਕਾ ਲਿਆ ਸੀ। ਪਤੀ ਦੀਆਂ ਝਾੜਾਂ-ਝਿੜਕਾਂ, ਗਾਲ੍ਹਾਂ-ਫਿਟਕਾਰਾਂ ਤੇ ਕਦੀ ਕਦੀ ਦੀ ਕੁੱਟ-ਮਾਰ ਦਾ ਵੀ ਉਸ ਉੱਤੇ ਕੋਈ ਅਸਰ ਦਿਖਾਈ ਨਹੀਂ ਸੀ ਦਿੰਦਾ। ਕਦੀ ਕਦੀ ਤਾਂ ਖ਼ਲੀਲ ਜ਼ੈਦੀ, ਉਸਦੀ ਇਸ ਮੁਸਕਾਨ ਤੋਂ ਪ੍ਰੇਸ਼ਾਨ ਹੋ ਜਾਂਦੇ, 'ਆਖ਼ਰ ਤੈਂ ਹਰ ਵੇਲੇ ਇੰਜ ਮੁਸਕਰਾਂਦੀਂ ਕਿਉਂ ਰਹਿੰਦੀ ਏਂ? ਇਹ ਹਰ ਵੇਲੇ ਦੰਦੀਆਂ ਕੱਢਣਾ ਸਿੱਖਿਆ ਕਿਸ ਤੋਂ ਏ? ਸਾਡੀ ਗੱਲ ਦਾ ਕੋਈ ਅਸਰ ਈ ਨਹੀਂ ਹੁੰਦਾ, ਬੇਗ਼ਮ ਸਾ'ਬਾ ਉੱਤੇ।'
ਨਾਦਿਰਾ ਸੋਚਦੀ...ਜੇ ਉਹ ਉਦਾਸ ਚਿਹਰਾ ਬਣਾਈ ਰੱਖੇ ਤਾਂ ਵੀ ਉਸਦੇ ਪਤੀ ਨੂੰ ਪ੍ਰੇਸ਼ਾਨੀ ਹੁੰਦੀ ਹੈ ਤੇ ਜੇ ਮੁਸਕੁਰਾਏ ਤਾਂ ਉਸਨੂੰ ਲੱਗਦਾ ਹੈ ਕਿ ਜ਼ਰੂਰ ਕਿਤੇ ਕੋਈ ਗੜਬੜ ਹੈ; ਨਹੀਂ ਤਾਂ ਜਿਹੜਾ ਵਰਤਾਅ ਉਹ ਉਸ ਨਾਲ ਕਰ ਰਿਹਾ ਹੈ, ਉਸ ਪਿੱਛੋਂ ਤਾਂ ਮੁਸਕਰਾਹਟ ਜੀਵਨ ਵਿਚੋਂ ਅਲੋਪ ਹੋ ਜਾਣੀ ਚਾਹੀਦੀ ਸੀ।
ਨਾਦਿਰਾ ਨੇ ਇਕ ਵਾਰੀ ਨੌਕਰੀ ਕਰਨ ਦੀ ਗੱਲ ਤੋਰੀ ਸੀ...ਲਖ਼ਨਊ ਯੂਨੀਵਰਸਟੀ ਦੀ ਐਮ.ਏ. ਪਾਸ ਹੈ ਉਹ। ਪਰ ਖ਼ਲੀਲ ਜ਼ੈਦੀ ਨੂੰ ਨਾਦਿਰਾ ਦੀ ਨੌਕਰੀ ਦਾ ਵਿਚਾਰ ਏਨਾ ਘਟੀਆ ਲੱਗਿਆ ਕਿ ਗੱਲ, ਬਹਿਸ ਵਿਚ ਬਦਲ ਗਈ ਤੇ ਨਾਦਿਰਾ ਦੇ ਚਿਹਰੇ ਉੱਤੇ ਪੰਜੇ ਦਾ ਨਿਸ਼ਾਨ ਛਪਣ ਤੋਂ ਬਾਅਦ ਹੀ ਮੁੱਕੀ। ਇਸ ਦਾ ਨਤੀਜਾ ਇਹ ਹੋਇਆ ਕਿ ਨਾਦਿਰਾ ਨੇ ਪਾਕਿਸਤਾਨ ਤੋਂ ਆਈਆਂ ਉਹਨਾਂ ਔਰਤਾਂ ਦੀ ਲੜਾਈ ਲੜਨ ਦਾ ਬੀੜਾ ਚੁੱਕਿਆ ਜਿਹੜੀਆਂ ਆਪਣੇ ਪਤੀ ਤੇ ਸੱਸ-ਸਹੁਰੇ ਦੇ ਵਤੀਰੇ ਤੋਂ ਦੁਖੀ ਸਨ।
ਖ਼ਲੀਲ ਨੂੰ ਇਸ ਉੱਤੇ ਵੀ ਸ਼ਿਕਾਇਤ ਰਹਿੰਦੀ, “ਤੇਰੀ ਤਾਂ ਹਰ ਖੇਡ ਈ ਨਿਰਾਲੀ ਏ ਬਈ ਮੈਡਮ! ਕਦੀ ਕੋਈ ਅਜਿਹਾ ਕੰਮ ਵੀ ਕਰ ਲਿਆ ਕਰ ਜਿਸ ਨਾਲ ਘਰੇ ਕੁਝ ਆਵੇ। ਪਰ ਤੁਸਾਂ ਭਲਾ ਕੀ ਲੈਣੈ ਕਮਾਈ-ਧਮਾਈ ਤੋਂ। ਤੁਹਾਨੂੰ ਤਾਂ ਬਸ ਇਕ ਮਜ਼ਦੂਰ ਮਿਲਿਆ ਹੋਇਐ, ਉਹ ਕਰੀ ਜਾਏ ਮਿਹਨਤ, ਕਮਾਉਂਦਾ ਰਹੇ ਆਪੇ...ਤੇ ਤੁਸੀਂ ਉਡਾਓ ਮਜ਼ੇ।” ਹੁਣ ਨਾਦਿਰਾ ਕੋਈ ਜਵਾਬ ਨਹੀਂ ਸੀ ਦਿੰਦੀ। ਜਿਵੇਂ ਹੀ ਖ਼ਲੀਲ ਸ਼ੁਰੂ ਹੁੰਦਾ, ਉਹ ਕਮਰੇ ਵਿਚੋਂ ਬਾਹਰ ਨਿਕਲ ਜਾਂਦੀ। ਉਹ ਸਮਝ ਗਈ ਹੈ ਕਿ ਖ਼ਲੀਲ ਨੂੰ ਬਿਮਾਰੀ ਹੈ...ਕੰਟਰੋਲ ਕਰਨ ਦੀ ਬਿਮਾਰੀ। ਉਹ ਹਰ ਚੀਜ, ਹਰ ਸਥਿਤੀ, ਹਰ ਵਿਅਕਤੀ ਨੂੰ ਕੰਟਰੋਲ ਵਿਚ ਕਰ ਲੈਣਾ ਚਾਹੁੰਦਾ ਹੈ; ਕੰਟਰੋਲ-ਫਰੀਕ। ਇਵੇਂ ਹੀ ਦਫ਼ਤਰ ਵਿਚ ਕਰਦਾ ਹੈ ਤੇ ਇਵੇਂ ਹੀ ਘਰ ਵਿਚ।
ਆਪਣੇ ਆਪਣੇ ਘਰਾਂ ਵਿਚ ਆਬਿਦਾ ਤੇ ਨਾਦਿਰਾ ਵੱਸ ਰਹੀਆਂ ਨੇ।
ਆਬਿਦਾ ਟੀ.ਵੀ. 'ਤੇ ਫ਼ਿਲਮ ਦੇਖ ਰਹੀ ਹੈ...ਲਗਾਨ। ਉਹ ਆਮਿਰ ਖ਼ਾਂ ਦੀ ਪੱਕੀ ਫੈਨ ਹੈ। ਉਸ ਦੀ ਹਰ ਫ਼ਿਲਮ ਦੇਖਦੀ ਹੈ ਤੇ ਘੰਟਿਆਂ ਬੱਧੀ ਉਸ ਬਾਰੇ ਗੱਲਾਂ ਕਰ ਸਕਦੀ ਹੈ। ਪਾਕਿਸਤਾਨੀ ਫ਼ਿਲਮਾਂ ਉਸਨੂੰ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ। ਬੜੀਆਂ ਲਾਊਡ ਹੁੰਦੀਆਂ ਨੇ। ਲਾਊਡ ਤਾਂ ਉਸਨੂੰ ਆਪਣਾ ਪਤੀ ਵੀ ਲੱਗਦਾ ਹੈ, ਪਰ ਇਸਦਾ ਕੋਈ ਇਲਾਜ਼ ਨਹੀਂ ਉਸ ਕੋਲ। ਉਸਨੂੰ ਵਿਸ਼ਵਾਸ ਹੈ ਕਿ ਨਾਦਿਰਾ ਆਪਾ ਕਦੀ ਗ਼ਲਤ ਹੋ ਹੀ ਨਹੀਂ ਸਕਦੀ। ਉਹ ਉਸਦੀ ਹਰ ਗੱਲ, ਪੱਥਰ ਦੀ ਲਕੀਰ ਮੰਨਦੀ ਹੈ।
ਲਕੀਰ ਤਾਂ ਨਾਦਿਰਾ ਨੇ ਵੀ ਖਿੱਚ ਲਈ ਹੈ, ਆਪਣੇ ਤੇ ਖ਼ਲੀਲ ਦੇ ਵਿਚਕਾਰ। ਹੁਣ ਉਹ ਖ਼ਲੀਲ ਦੇ ਕਿਸੇ ਕੰਮ ਵਿਚ ਦਖ਼ਲ ਨਹੀਂ ਦਿੰਦੀ। ਪਰ ਖ਼ਲੀਲ ਦੀ ਸਮੱਸਿਆ ਇਹ ਹੈ ਕਿ ਨਾਦਿਰਾ ਦਿਨੋਂ-ਦਿਨ ਖ਼ੁਦ-ਮੁਖ਼ਤਾਰ ਹੁੰਦੀ ਜਾ ਰਹੀ ਹੈ। ਜਦੋਂ ਦਾ ਖ਼ਲੀਲ ਜ਼ੈਦੀ ਨੇ ਘਰ ਦੇ ਖਰਚ ਦਾ ਸਾਰਾ ਕੰਟਰੋਲ ਆਪਣੇ ਹੱਥ ਲਿਆ ਹੈ, ਉਹ ਘਰ ਦਾ ਸੌਦਾ-ਪੱਤਾ ਵੀ ਨਹੀਂ ਲਿਆਉਂਦੀ। ਖ਼ਲੀਲ ਕੁੜ੍ਹਦਾ ਰਹਿੰਦਾ ਹੈ...ਪਰ ਉਸਨੂੰ ਸਮਝ ਨਹੀਂ ਆਉਂਦੀ ਕਿ ਨਾਦਿਰਾ ਦੇ ਅਹਮ ਨੂੰ ਕਿਸ ਤਰ੍ਹਾਂ ਤੋੜਿਆ ਜਾਵੇ!
ਨਾਦਿਰਾ ਖ਼ਲੀਲ ਦੇ ਅਜੰਡੇ ਬਾਰੇ ਪੂਰੀ ਤਰ੍ਹਾਂ ਜਾਣਦੀ ਹੈ, ਜਾਣਦੀ ਹੈ ਕਿ ਜ਼ਿਮੀਂਦਾਰਾ ਖ਼ੂਨ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਸਦੀ ਰਿਆਇਆ ਉਸਦੇ ਸਾਹਮਣੇ ਸਿਰ ਚੁੱਕ ਕੇ ਗੱਲ ਕਰੇ। ਪਰਵੇਜ਼ ਅਹਿਮਦ ਦੇ ਘਰ ਹੋਏ 'ਬਾਰ-ਬੇ- ਕਿਊ' ਵਿਚ ਤਾਂ ਬਦਤਮੀਜ਼ੀ ਦੀ ਹੱਦ ਹੀ ਕਰ ਦਿੱਤੀ ਸੀ ਖ਼ਲੀਲ ਨੇ। ਗੱਲ ਤੁਰ ਪਈ ਸੀ ਪਰਜਾਤੰਤਰ ਦੀ, ਕਿ ਪਾਕਿਸਤਾਨ ਵਿਚ ਤਾਂ ਨਾਂਅ ਦੀ ਹੀ ਡੈਮੋਕਰੇਸੀ ਹੈ। ਪਰਵੇਜ਼ ਖ਼ੁਦ ਵੀ ਇਸ ਗੱਲ ਨੂੰ ਮੰਨਦੇ ਸਨ। ਇਸ ਦੌਰਾਨ ਕਿਤੇ ਨਾਦਿਰਾ ਨੇ ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਪਰਜਾਤੰਤਰ ਕਹਿ ਦਿੱਤਾ। ਖ਼ਲੀਲ ਦਾ ਪਾਰਾ ਚੜ੍ਹ ਗਿਆ...“ਬਸ ਰਹਿਣ ਦਿਓ, ਤੁਸੀਂ ਕੀ ਜਾਣੋ।” ਏਨਾ ਕਹਿ ਕੇ ਯਕਦਮ ਚੁੱਪ ਹੋ ਗਿਆ। ਨਾਦਿਰਾ ਸਥਿਤੀ ਨੂੰ ਸਮਝਣ ਦੀ ਗ਼ਲਤੀ ਕਰ ਬੈਠੀ ਤੇ ਬੋਲਦੀ ਰਹੀ, “ਪਰਵੇਜ਼ ਭਾਈ, ਕੀ ਮੈਂ ਗ਼ਲਤ ਕਹਿ ਰਹੀ ਆਂ...ਭਾਰਤ ਦਾ ਪ੍ਰਧਾਨਮੰਤਰੀ ਸਿੱਖ, ਉੱਥੋਂ ਦਾ ਰਾਸ਼ਟਰਪਤੀ ਮੁਸਲਮਾਨ ਤੇ ਕਾਂਗਰਸ ਦੀ ਮੁਖੀਆ ਈਸਾਈ। ਕੀ ਦੁਨੀਆਂ ਦੇ ਕਿਸੇ ਹੋਰ ਦੇਸ਼ ਵਿਚ ਵੀ ਇੰਜ ਹੋ ਸਕਦਾ ਹੈ?”
ਫਟ ਪਿਆ ਸੀ ਖ਼ਲੀਲ, “ਤੂੰ ਤਾਂ ਨਿਰੀ ਹਿੰਦੂ ਹੋ ਗਈ ਏਂ...ਸੰਧੂਰ ਲਾ ਲੈ, ਮੱਥੇ 'ਤੇ ਬਿੰਦੀ ਜਚਾ ਲੈ ਤੇ ਆਰੀਆ ਸਮਾਜ ਵਿਚ ਜਾ ਕੇ ਸ਼ੁੱਧੀ ਕਰਵਾ ਲੈ।...ਪਰ ਯਾਦ ਰੱਖ, ਮੈਂ ਤੈਨੂੰ ਤਲਾਕ ਦੇ ਦਿਆਂਗਾ।” ਸੰਨਾਟਾ ਛਾ ਗਿਆ ਸੀ, ਪੂਰੀ ਮਹਿਫ਼ਿਲ ਵਿਚ। ਨਾਦਿਰਾ ਵੀ ਸੁੰਨ ਹੋ ਗਈ ਸੀ। ਉਸਨੇ ਜਿਹਨਾਂ ਨਜ਼ਰਾਂ ਨਾਲ ਖ਼ਲੀਲ ਵੱਲ ਦੇਖਿਆ ਸੀ...ਆਪਣੀ ਸਾਰੀ ਇਸ ਜ਼ਿੰਦਗੀ ਵਿਚ ਉਹ, ਉਹਨਾਂ ਦੀ ਪਰਿਭਾਸ਼ਾ ਲਈ ਸ਼ਬਦ ਨਹੀਂ ਲੱਭ ਸਕੇਗਾ। ਫੇਰ ਨਾਦਿਰਾ ਨੇ ਆਪਣੇ ਸਿਰ ਨੂੰ ਇਕ ਝਟਕਾ ਜਿਹਾ ਦਿੱਤਾ ਸੀ ਤੇ ਚਿਪਕਾ ਲਈ ਸੀ ਆਪਣੀ ਉਹੀ ਮੁਸਕਾਨ ਆਪਣੇ ਚਿਹਰੇ ਉੱਪਰ। ਖ਼ਲੀਲ ਖਿਝਿਆ-ਕਰਿਝਿਆ, ਪ੍ਰੇਸ਼ਾਨ ਹੋਇਆ ਤੇ ਫੇਰ ਚਕਰਾ ਕੇ ਕੁਰਸੀ ਉੱਤੇ ਬੈਠ ਗਿਆ। ਮਹਿਫ਼ਿਲ ਦੀ ਮੁਰਦਾਨੀ ਖ਼ਤਮ ਨਹੀਂ ਹੋ ਸਕੀ। ਪਰਵੇਜ਼ ਸ਼ਰਮਿੰਦਾ ਸੀ, ਨਾਦਿਰਾ ਭਾਬੀ ਦੇ ਮੂੰਹ ਵੱਲ ਵੇਖ ਰਿਹਾ ਸੀ। ਉਸਨੂੰ ਅਫ਼ਸੋਸ ਸੀ ਕਿ ਉਸਨੇ ਗੱਲ ਹੀ ਕਿਉਂ ਸ਼ੁਰੂ ਕੀਤੀ। ਮਹਿਫ਼ਿਲ ਵਿਚ ਕਬਰਸਤਾਨ ਵਰਗੀ ਚੁੱਪ ਵਾਪਰੀ ਰਹੀ...
ਘਰ ਵਿਚ ਵੀ ਕਬਰਸਤਾਨ ਪਹੁੰਚ ਗਿਆ। ਨਾਦਿਰਾ ਆਮ ਕਰਕੇ ਖ਼ਲੀਲ ਦੇ ਖ਼ਤ ਨਹੀਂ ਖੋਲ੍ਹਦੀ। ਇਕ ਵਾਰੀ ਖੋਲ੍ਹਣ ਦਾ ਨਤੀਜਾ ਭੁਗਤ ਚੁੱਕੀ ਸੀ। ਪਰ ਇਸ ਖ਼ਤ ਉੱਤੇ ਲਿਖਿਆ ਸੀ : 'ਸ਼੍ਰੀ ਤੇ ਸ਼੍ਰੀ ਮਤੀ ਖ਼ਲੀਲ ਜ਼ੈਦੀ।' ਉਸਨੂੰ ਲੱਗਿਆ ਜ਼ਰੂਰ ਕੋਈ ਸੱਦਾ-ਪੱਤਰ ਹੈ। ਖ਼ਤ ਖੋਲ੍ਹਿਆ ਤਾਂ ਹੈਰਾਨ ਰਹਿ ਗਈ। ਆਪਣੇ ਘਰ ਤੋਂ ਏਨੀ ਦੂਰ ਕਿਸੇ ਕਬਰਸਤਾਨ ਵਿਚ ਏਨੀ ਪਹਿਲਾਂ ਆਪਣੇ ਲਈ ਕਬਰਾਂ ਸੁਰੱਖਿਅਤ ਕਰਵਾਉਣ ਦਾ ਮੰਸ਼ਾ ਸਮਝ ਨਹੀਂ ਸੀ ਆਇਆ। ਕੀ ਉਸਦਾ ਇਹ ਘਰ ਇਕ ਜਿਉਂਦਾ ਕਬਰਸਤਾਨ ਨਹੀਂ? ਕੀ ਖ਼ਲੀਲ ਇਸ ਘਰ ਵਿਚ ਨਰਕ ਦਾ ਜੱਲਾਦ ਨਹੀਂ? ਘਬਰਾਅ ਵੀ ਗਈ ਕਿ ਮਰਨ ਪਿੱਛੋਂ ਵੀ ਖ਼ਲੀਲ ਦੇ ਨਾਲ ਹੀ ਪੈਣਾ ਪਏਗਾ। ਕੀ ਮਰਨ ਪਿੱਛੋਂ ਵੀ ਚੈਨ ਨਹੀਓਂ ਮਿਲਣਾ?
ਚੈਨ ਤਾਂ ਉਸਨੂੰ ਸਾਰਾ ਦਿਨ ਹੀ ਨਹੀਂ ਮਿਲਿਆ। ਪਾਕਿਸਤਾਨ ਤੋਂ ਆਈ ਅਨੀਸ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਰਾਇਲ ਜਨਰਲ ਹਸਪਤਾਲ ਵਿਚ ਦਾਖ਼ਲ ਸੀ। ਉਸਨੂੰ ਦੇਖਣ ਜਾਣਾ ਸੀ, ਪੁਲਿਸ ਨਾਲ ਗੱਲਬਾਤ ਕਰਨੀ ਸੀ; ਅਨੀਸ ਨੂੰ ਕਬਰ ਵਿਚ ਜਾਣ ਤੋਂ ਰੋਕਣਾ ਸੀ; ਉਸਨੂੰ ਦਿਲਾਸਾ ਦਿੱਤਾ, ਪੁਲਿਸ ਨਾਲ ਗੱਲਬਾਤ ਕੀਤੀ...ਸਬ-ਵੇ ਤੋਂ ਸੈਂਡਵਿੱਚ ਲੈ ਕੇ, ਚੱਲਦੀ ਕਾਰ ਵਿਚ ਖਾਂਦੀ, ਉਹ ਘਰ ਵਾਪਸ ਪਹੁੰਚੀ।
ਘਰ ਦੀ ਰਸੋਈ ਵਿਚੋਂ ਖਟਖਟ ਦੀਆਂ ਆਵਾਜ਼ਾਂ ਆ ਰਹੀਆਂ ਸਨ। ਯਾਨੀ ਅਬਦੁਲ ਖਾਣਾ ਬਣਾਉਣ ਆ ਚੁੱਕਿਆ ਸੀ। ਰਾਤ ਦਾ ਖਾਣਾ ਅਬਦੁਲ ਹੀ ਬਣਾਉਂਦਾ ਹੈ। ਖ਼ਲੀਲ ਲਈ ਅਜ ਖ਼ਾਸ ਤੌਰ 'ਤੇ ਮਟਨ ਚਾਂਪ ਬਣ ਰਹੀਆਂ ਸਨ। ਨਾਦਿਰਾ ਨੇ ਜਦੋਂ ਦਾ ਯੋਗ ਸ਼ੁਰੂ ਕੀਤਾ ਹੈ, ਸ਼ਾਕਾਹਾਰੀ ਹੋ ਗਈ ਹੈ। ਉੱਪਰ ਕਮਰੇ ਵਿਚ ਜਾ ਕੇ ਕੱਪੜੇ ਬਦਲ ਕੇ ਨਾਦਿਰਾ ਅਬਦੁਲ ਕੋਲ ਰਸੋਈ ਵਿਚ ਆ ਗਈ। ਅਬਦੁਲ ਦੀ ਖਾਸੀਅਤ ਹੈ ਕਿ ਜਦੋਂ ਤਕ ਉਸਨੂੰ ਕੁਝ ਪੁੱਛਿਆ ਨਾ ਜਾਵੇ, ਉਹ ਚੁੱਪਚਾਪ ਕੰਮ ਕਰਦਾ ਰਹਿੰਦਾ ਹੈ। ਬਸ ਹਲਕੀ ਜਿਹੀ ਮੁਸਕਰਾਹਟ ਉਸਦੇ ਵਿਅਕਤੀਤਵ ਦਾ ਇਕ ਹਿੱਸਾ ਹੈ। ਅੱਜ ਵੀ ਕੰਮ ਕਰੀ ਜਾ ਰਿਹਾ ਸੀ। ਨਾਦਿਰਾ ਨੇ ਪੁੱਛ ਹੀ ਲਿਆ, “ਅਬਦੁਲ ਤੇਰੀ ਬੀਵੀ ਦੀ ਤਬੀਅਤ ਹੁਣ ਕੈਸੀ ਐ? ਤੇ ਬੱਚੀ ਠੀਕ-ਠਾਕ ਏ ਨਾ?”
“ਅੱਲ੍ਹਾ ਦਾ ਸ਼ੁਕਰ ਏ ਬਾਜੀ। ਮਾਂ-ਬੇਟੀ ਦੋਵੇਂ ਠੀਕ ਨੇ।” ਫੇਰ ਚੁੱਪ। ਨਾਦਿਰਾ ਨੂੰ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ ਕਿ ਅਬਦੁਲ ਕੋਲ ਗੱਲਾਂ ਕਰਨ ਲਈ ਕੁਝ ਵੀ ਨਹੀਂ ਹੁੰਦਾ! ਚੰਗਾ ਵੀ ਹੈ। ਦੋ ਘਰਾਂ ਵਿਚ ਕੰਮ ਕਰਦਾ ਹੈ; ਕਦੀ ਏਧਰਲੀ ਉਧਰ ਨਹੀਂ ਕਰਦਾ।
ਖ਼ਲੀਲ ਘਰ ਆ ਗਿਆ ਹੈ। ਹੁਣ ਸਰੀਰ ਥਕਾਵਟ ਮੰਨ ਜਾਂਦਾ ਹੈ। ਉਸਨੂੰ ਇਸ ਗੱਲ ਦਾ ਮਾਣ ਹੈ ਕਿ ਉਸਨੇ ਆਪਣੇ ਪਰਿਵਾਰ ਨੂੰ ਸਾਰੇ ਜ਼ਮਾਨੇ ਦੀਆਂ ਸੌਖਾਂ ਦਿੱਤੀਆਂ ਹੋਈਆਂ ਨੇ। ਨਾਦਿਰਾ ਕੋਲ ਬੀ.ਐਮ.ਡਬਲਿਊ ਕਾਰ ਹੈ ਤਾਂ ਬੇਟੇ ਇਰਫ਼ਾਨ ਲਈ ਟਿਓਟਾ ਸਪੋਰਟਸ। ਹੈਂਪਸਟੇਡ ਵਰਗੇ ਪਾਸ਼ ਇਲਾਕੇ ਵਿਚ ਮਹਿਲਨੁਮਾ ਘਰ ਹੈ। ਘਰ ਦੇ ਬਾਹਰ ਦੂਰ ਤਕ ਫੈਲੀ ਹਰਿਆਲੀ ਤੇ ਪਹਾੜੀਆਂ। ਬਿਲਕੁਲ ਪਿਕਚਰ ਪੋਸਟਰ ਵਰਗਾ ਘਰ ਦਿੱਤਾ ਹੈ ਨਾਦਿਰਾ ਨੂੰ। ਉਹ ਚਾਹੁੰਦਾ ਹੈ ਕਿ ਨਾਦਿਰਾ ਇਸ ਲਈ ਉਸਦਾ ਅਹਿਸਾਨ ਮੰਨੇ। ਨਾਦਿਰਾ ਤਾਂ ਇਕ ਬੈੱਡਰੂਮ ਵਾਲੇ ਫਲੈਟ ਵਿਚ ਵੀ ਖੁਸ਼ ਰਹਿ ਸਕਦੀ ਹੈ। ਖੁਸ਼ ਰਹਿਣ ਲਈ ਮਹਿਲ ਵਰਗੇ ਘਰ ਦੀ ਲੋੜ ਨਹੀਂ ਹੁੰਦੀ। ਸੱਤ ਬੈੱਡ-ਰੂਮ ਵਾਲਾ ਘਰ ਜੇ ਕਿਸੇ ਮਕਬਰੇ ਦਾ ਅਹਿਸਾਸ ਕਰਵਾਉਂਦਾ ਰਹੇ ਤਾਂ ਖੁਸ਼ੀ ਤਾਂ ਅੰਦਰ ਝਾਕਣ ਦਾ ਹੀਆ ਵੀ ਨਹੀਂ ਕਰੇਗੀ। ਦਰਵਾਜ਼ੇ ਦੇ ਬਾਹਰ ਵੀ ਖੜ੍ਹੀ ਨਹੀਂ ਹੋਵੇਗੀ।
“ਖ਼ਲੀਲ ਇਹ ਤੁਸੀਂ ਹੁਣੇ ਕਬਰਾਂ ਕਿਉਂ ਬੁੱਕ ਕਰਵਾ ਲਈਆਂ ਨੇ? ਤੇ ਫੇਰ ਘਰ ਤੋਂ ਏਨੀ ਦੂਰ ਕਿਉਂ? ਕਾਰਪੇਂਡਰਸ ਤਕ ਤਾਂ ਸਾਡੀ ਲਾਸ਼ ਨੂੰ ਲੈ ਜਾਣਾ ਹੀ ਖਾਸਾ ਮੁਸ਼ਕਿਲ ਹੋਏਗਾ।”
“ਬਈ, ਇਕ ਵਾਰ ਲਾਸ਼ ਰੋਲਸ-ਰੋਏਸ ਵਿਚ ਰੱਖੀ ਗਈ ਤਾਂ ਹੈਂਪਸਟੇਡ ਕੀ ਤੇ ਕਾਰਪੇਂਡਰਸ ਪਾਰਕ ਕੀ। ਇਸ ਕਬਰਸਤਾਨ ਜ਼ਰਾ ਪਾਸ਼ ਕਿਸਮ ਦਾ ਏ। ਫਾਇਨੈਂਸ਼ੀਅਲ ਸੈਕਟਰ ਦੇ ਸਾਡੇ ਬਹੁਤੇ ਲੋਕਾਂ ਨੇ ਉੱਥੇ ਈ ਦਫ਼ਨ ਹੋਣ ਦਾ ਫੈਸਲਾ ਕੀਤਾ ਏ। ਕਮ-ਸੇ-ਕਮ ਮਰਨ ਪਿੱਛੋਂ ਤਾਂ ਆਪਣੇ ਸਟੇਟਸ ਦੇ ਲੋਕਾਂ ਵਿਚ ਰਹਾਂਗੇ।”
“ਖ਼ਲੀਲ ਤੁਸੀਂ ਜ਼ਿੰਦਗੀ ਭਰ ਤਾਂ ਇਨਸਾਨ ਨੂੰ ਪੈਸੇ ਨਾਲ ਤੋਲਦੇ ਰਹੇ। ਕੀ ਮਰਨ ਪਿੱਛੋਂ ਵੀ ਨਹੀਂ ਬਦਲੋਗੇ! ਮਰਨ ਪਿੱਛੋਂ ਤਾਂ ਸਰੀਰ ਮਿੱਟੀ ਹੈ, ਫੇਰ ਉਸ ਮਿੱਟੀ ਦਾ ਨਾਂਅ ਚਾਹੇ ਅਬਦੁਲ ਹੋਏ, ਨਾਦਿਰਾ ਜਾਂ ਫੇਰ ਖ਼ਲੀਲ।”
“ਦੇਖ ਨਾਦਿਰਾ ਹੁਣ ਸ਼ੁਰੂ ਨਾ ਹੋ ਜਾਵੀਂ। ਆਪਣਾ ਸਮਾਜਵਾਦ ਆਪਣੇ ਕੋਲ ਰੱਖ। ਮੈਂ ਉਸ ਵਿਚ ਦਖ਼ਲ ਨਹੀਂ ਦੇਂਦਾ, ਤੂੰ ਇਸ ਵਿਚ ਦਖ਼ਲ ਨਾ ਦੇ। ਮੈਂ ਇੰਤਜ਼ਾਮ ਕਰ ਦਿੱਤਾ ਐ ਬਈ ਸਾਡੇ ਮਰਨ ਪਿੱਛੋਂ ਸਾਡੇ ਬੱਚਿਆਂ ਉੱਤੇ ਸਾਨੂੰ ਦਫ਼ਨਾਉਣ ਦਾ ਬੋਝ ਨਾ ਪਏ। ਸਾਰੇ ਕੰਮ ਬਾਹਰ ਦੀ ਬਾਹਰ ਹੋ ਜਾਣ।”
“ਇੰਤਜ਼ਾਮ ਤਾਂ ਤੁਸੀਂ ਜ਼ਰੂਰ ਕੀਤੈ, ਪਰ ਇਸ ਵਿਚ ਵੀ ਬੁਰਜੁਆ ਸੋਚ ਕਿਉਂ? ਸਾਡੇ ਇਲਾਕੇ ਵਿਚ ਵੀ ਤਾਂ ਕਬਰਸਤਾਨ ਹੈ, ਹੋ ਜਾਵਾਂਗੇ ਉੱਥੇ ਦਫ਼ਨ। ਮਰਨ ਪਿੱਛੋਂ ਕੀ ਫਰਕ ਪੈਂਦੈ ਬਈ ਕਿੱਥੇ ਆਂ।”
“ਦੇਖ, ਮੈਂ ਨਹੀਂ ਚਾਹੁੰਦਾ ਕਿ ਮਰਨ ਪਿੱਛੋਂ ਅਸੀਂ ਕਿਸੇ ਰਸੋਈਏ, ਮੋਚੀ ਜਾਂ ਪਲੰਬਰ ਦੇ ਨਾਲ ਪਏ ਰਹੀਏ। ਨਜਮ ਨੇ ਵੀ ਉੱਥੇ ਹੀ ਕਬਰਾਂ ਬੁੱਕ ਕਰਵਾਈਆਂ ਨੇ। ਮੈਂ ਚਾਹੁੰਦਾ ਹਾਂ ਕਿ ਤੇਰੀ ਜ਼ਿੰਦਗੀ ਵਿਚ ਤਾਂ ਤੈਨੂੰ ਬੈਸਟ ਚੀਜਾਂ ਲਿਆ ਕੇ ਦੇਵਾਂ ਹੀ, ਮਰਨ ਪਿੱਛੋਂ ਵੀ ਬਿਹਤਰੀਨ ਜਗ੍ਹਾ ਦਿਆਂ। ਬਈ ਆਪਣੇ ਵਰਗੇ ਲੋਕਾਂ ਵਿਚ ਦਫ਼ਨ ਹੋਣ ਦਾ ਸੁਖ ਹੀ ਹੋਰ ਹੁੰਦੈ।”
“ਖ਼ਲੀਲ ਆਪਣੇ ਵਰਗੇ ਕਿਉਂ? ਆਪਣੇ ਕਿਉਂ ਨਹੀਂ? ਤੁਸੀਂ ਪਾਕਿਸਤਾਨ ਵਿਚ ਕਿਉਂ ਨਹੀਂ ਦਫ਼ਨ ਹੋਣਾ ਚਾਹੁੰਦੇ? ਉੱਥੇ ਤੁਸੀਂ ਆਪਣਿਆਂ ਦੇ ਨਜ਼ਦੀਕ ਰਹੋਗੇ। ਕੀ ਜ਼ਿਆਦਾ ਖੁਸ਼ੀ ਹਾਸਿਲ ਨਹੀਂ ਹੋਵੇਗੀ?”
“ਤੂੰ ਮੈਨੂੰ ਇਹ ਉਲਟਾ ਪਾਠ ਨਾ ਪੜ੍ਹਾ। ਇੰਜ ਤਾਂ ਤੂੰ ਕਹੇਂਗੀ ਕਿ ਮੈਂ ਪਾਕਿਸਤਾਨ ਵਿਚ ਦਫ਼ਨ ਹੋ ਜਾਵਾਂ, ਆਪਣਿਆ ਕੋਲ ਤੇ ਤੂੰ ਮਰਨ ਪਿੱਛੋਂ ਭਾਰਤ ਪਹੁੰਚ ਜਾਵੇਂ, ਆਪਣੇ ਲੋਕਾਂ ਦੇ ਕਬਰਸਤਾਨ ਵਿਚ। ਇਹ ਚਾਲਾਂ ਮੇਰੇ ਨਾਲ ਨਹੀਂ ਚੱਲ ਸਕਦੀਆਂ ਤੇਰੀਆਂ। ਮੈਂ ਤੇਰੀ ਸੋਚ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਬੇਗ਼ਮ।”
“ਖ਼ਲੀਲ ਮੈਂ ਕਹਿ ਦੇਂਦੀ ਹਾਂ, ਮੈਂ ਕਿਸੇ ਫਾਈਵ ਸਟਾਰ ਕਬਰਸਤਾਨ ਵਿਚ ਨਾ ਖ਼ੁਦ ਨੂੰ ਦਫ਼ਨ ਕਰਾਂਗੀ ਤੇ ਨਾ ਹੀ ਤੁਹਾਨੂੰ ਹੋਣ ਦਿਆਂਗੀ। ਤੁਸੀਂ ਇਸ ਸੋਚ 'ਚੋਂ ਬਾਹਰ ਆਓ।”
“ਬੇਗ਼ਮ ਕੁਰਾਨ ਏ ਪਾਕ ਵੀ ਇਸ ਤਰ੍ਹਾਂ ਦਾ ਕੋਈ ਫ਼ਤਵਾ ਨਹੀ ਦੇਂਦਾ ਕਿ ਕਬਰਸਤਾਨ ਕਿਸ ਤਰ੍ਹਾਂ ਦਾ ਹੋਵੇ। ਉੱਥੇ ਵੀ ਸਿਰਫ ਦਫ਼ਨ ਕਰਨ ਦੀ ਗੱਲ ਹੈ।”
“ਦਿੱਕਤ ਤਾਂ ਇਹੀ ਏ ਖ਼ਲੀਲ, ਇਹ ਜਿਹੜੇ ਤਿੰਨ ਆਸਮਾਨੀ ਕਿਤਾਬਾਂ ਵਾਲੇ ਮਜ਼ਹਬ ਨੇ...ਉਹ ਸਾਰੀ ਦੁਨੀਆਂ ਨੂੰ ਕਬਰਸਤਾਨ ਬਨਾਉਣ ਉੱਤੇ ਤੁਲੇ ਹੋਏ ਨੇ। ਇਕ ਦਿਨ ਪੂਰੀ ਜ਼ਮੀਨ ਘੱਟ ਰਹਿ ਜਾਏਗੀ ਇਹਨਾਂ ਤਿੰਨਾਂ ਮਜ਼ਹਬਾਂ ਦੇ ਮਰਨ ਵਾਲਿਆਂ ਲਈ।”
“ਨਾਦਿਰਾ ਜੀ, ਹੁਣ ਤੂੰ ਹਿੰਦੂਆਂ ਵਾਂਗ ਪਿਛਾਂਹ ਖਿੱਚੂ ਗਲਾਂ ਕਰਨ ਲੱਗ ਪਈ ਏਂ। ਸਮਝਦੀ ਤਾਂ ਕੁਛ ਹੈ ਨਹੀਂ, ਇਹ ਵੀ ਕਹਿ ਦਏਂਗੀ ਕਿ ਸਾਨੂੰ ਮੁਸਲਮਾਨਾਂ ਨੂੰ ਹਿੰਦੂਆਂ ਵਾਂਗ ਹੀ ਚਿਤਾ ਵਿਚ ਬਲਨਾਂ ਚਾਹੀਦਾ ਹੈ।” ਖ਼ਲੀਲ ਜਦੋਂ ਗੁੱਸੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਤਾਂ ਨਾਦਿਰਾ ਦੇ ਨਾਂਅ ਨਾਲ ਜੀ ਲਾਉਣ ਲੱਗ ਪੈਂਦਾ ਹੈ।
“ਹਰਜ਼ ਈ ਕੀ ਏ ਇਸ ਵਿਚ? ਕਿੰਨਾ ਸਾਫ-ਸੁਥਰਾ ਸਿਸਟਮ ਏਂ। ਜ਼ਮੀਨ ਵੀ ਬਚੀ ਰਹਿੰਦੀ ਏ, ਮਿੱਟੀ, ਮਿੱਟੀ ਵਿਚ ਵੀ ਰਲਮਿਲ ਜਾਂਦੀ ਏ।”
“ਦੇਖ ਮੈਨੂੰ ਭੁੱਖ ਲੱਗੀ ਏ; ਬਾਕੀ ਗੱਲਾਂ ਕਲ੍ਹ ਕਰ ਲਵਾਂਗੇ।”
ਕਲ੍ਹ ਕਦੇ ਆਉਂਦਾ ਵੀ ਤਾਂ ਨਹੀਂ...ਫੇਰ ਅੱਜ ਹੀ ਹੋ ਜਾਂਦਾ ਹੈ। ਪਰ ਨਾਦਿਰਾ ਨੇ ਫੈਸਲਾ ਕਰ ਲਿਆ ਹੈ ਕਿ ਇਸ ਗੱਲ ਕਬਰ ਵਿਚ ਦਫ਼ਨ ਨਹੀਂ ਹੋਣ ਦਵੇਗੀ। ਆਬਿਦਾ ਨੂੰ ਫ਼ੋਨ ਕਰਦੀ ਹੈ...:
“ਆਬਿਦਾ, ਕੀ ਹਾਲ ਨੇ?”
“ਓਅ, ਨਾਦਿਰਾ ਆਪਾ ਤੁਸੀਂ? ਤੁਹਾਨੂੰ ਪਤਾ ਏ ਆਮਿਰ ਖ਼ਾਨ ਨੇ ਦੂਜੀ ਸ਼ਾਦੀ ਕਰ ਲਈ ਏ?...ਤੇ ਸੈਫ਼ ਅਲੀ ਖ਼ਾਨ ਨੇ ਵੀ ਆਪਣੀ ਦੂਜੀ ਬੀਵੀ ਨੂੰ ਤਲਾਕ ਦੇ ਦਿਤੈ। ਇਹਨੀਂ ਦਿਨੀ ਬਾਲੀਵੁੱਡ 'ਚੋਂ ਬੜੀਆਂ ਮਜ਼ੇਦਾਰ ਖ਼ਬਰਾਂ ਆ ਰਹੀਆਂ ਨੇ। ਤੁਸੀਂ ਸ਼ਾਹਰੁਖ਼ ਦੀ ਨਵੀਂ ਫ਼ਿਲਮ ਦੇਖੀ...ਦੇਵਦਾਸ? ਕਿਆ ਫ਼ਿਲਮ ਹੈ!”
“ਆਬਿਦਾ ਤੂੰ ਫ਼ਿਲਮਾਂ ਦੀ ਦੁਨੀਆਂ 'ਚੋਂ ਬਾਹਰ ਆ ਕੇ ਕਦੀ ਹਕੀਕਤ ਦੀ ਦੁਨੀਆਂ ਵੀ ਦੇਖ ਲਿਆ ਕਰ। ਤੈਨੂੰ ਪਤਾ ਈ, ਖ਼ਲੀਲ ਤੇ ਨਜਮ ਕਾਰਪੇਂਡਰਸ ਪਾਰਕ ਦੇ ਕਬਰਸਤਾਨ ਵਿਚ ਕਬਰਾਂ ਬੁੱਕ ਕਰਵਾਈ ਬੈਠੇ ਨੇ?”
“ਆਪਾ ਸਾਨੂੰ ਕੀ ਫਰਕ ਪੈਂਦੈ? ਇਕ ਦੀ ਥਾਂ ਚਾਰ-ਚਾਰ ਬੁੱਕ ਕਰਵਾਉਣ ਤੇ ਮਰਨ ਪਿੱਛੋਂ ਚਾਰਾਂ ਵਿਚ ਰਹਿਣ। ਆਪਾ ਜਦੋਂ ਜਿਊਂਦਿਆਂ ਇਹਨਾਂ ਨੂੰ ਸਤ-ਸਤ ਬੈੱਡਰੂਮਾਂ ਵਾਲੇ ਘਰ ਚਾਹੀਦੇ ਨੇ ਤਾਂ ਕੀ ਮਰਨ ਪਿੱਛੋਂ ਸਿਰਫ ਦੋ ਗਜ਼ ਜ਼ਮੀਨ ਕਾਫੀ ਹੋਏਗੀ, ਇਹਨਾਂ ਲਈ? ਮੈਂ ਤਾਂ ਇਹਨਾਂ ਦੇ ਮਾਮਲੇ ਵਿਚ ਦਖ਼ਲ ਈ ਨਹੀਂ ਦੇਂਦੀ। ਸਾਡਾ ਧਿਆਨ ਰੱਖਣ ਬਸ।...ਤੁਸੀਂ ਕੀ ਸਮਝਦੇ ਓ ਕਿ ਮੈਂ ਨਹੀਂ ਜਾਣਦੀ ਕਿ ਨਜਮ ਪਿੱਛਲੇ ਚਾਰ ਸਾਲਾਂ ਤੋਂ ਭੂਆ ਨਾਲ ਪੀਂਘ ਚੜ੍ਹਾਈ ਬੈਠੇ ਨੇ। ਤੁਸੀਂ ਕੀ ਸਮਝਦੇ ਓ ਬਈ ਬੰਦ ਕਮਰੇ ਵਿਚ ਦੋਵੇਂ ਕੁਰਾਨ ਸ਼ਰੀਫ਼ ਦੀਆਂ ਆਇਤਾਂ ਪੜ੍ਹ ਰਹੇ ਹੁੰਦੇ ਨੇ? ਪਿਛਲੇ ਦੋ ਸਾਲ ਤੋਂ ਅਸੀਂ ਦੋਵੇਂ ਭਰਾ-ਭੈਣ ਵਾਂਗਰ ਜਿਊਂ ਰਹੇ ਆਂ। ਜੇ ਹਿੰਦੂ ਹੁੰਦੀ ਤਾਂ ਹੁਣ ਤਕ ਨਜਮ ਦੇ ਰੱਖੜੀ ਬੰਨ੍ਹ ਚੁੱਕੀ ਹੁੰਦੀ।”
ਬਿੰਦ ਦਾ ਬਿੰਦ ਨਾਦਿਰਾ ਜਿਵੇਂ ਸਿਲ-ਪੱਥਰ ਹੀ ਹੋ ਗਈ ਸੀ। ਉਸਨੇ ਕਦੀ ਸੋਚਿਆ ਹੀ ਨਹੀਂ ਸੀ ਕਿ ਪਿੱਛਲੇ ਪੰਜਾਂ ਸਾਲਾਂ ਤੋਂ ਇਕੋ ਬੈੱਡ ਉੱਪਰ ਸੌਂਦੇ ਹੋਏ ਉਹ ਤੇ ਖ਼ਲੀਲ ਵੀ ਕਦੀ ਹਮ-ਬਿਸਤਰ ਨਹੀਂ ਸੀ ਹੋਏ! ਦੋਵਾਂ ਦੇ ਸੁਪਨੇ ਵੀ ਵੱਖ ਵੱਖ ਹੁੰਦੇ ਸਨ ਤੇ ਸੁਪਨਿਆਂ ਦੀ ਜ਼ੁਬਾਨ ਵੀ। ਇਕ ਬਿਸਤਰੇ ਉੱਤੇ ਦੋ ਅਲਗ-ਅਲਗ ਜਹਾਨ ਹੁੰਦੇ ਨੇ। ਤਾਂ ਕੀ ਖ਼ਲੀਲ ਵੀ ਕਿਤੇ...ਵੈਸੇ ਉਸਨੂੰ ਵੀ ਕੀ ਫਰਕ ਪੈਂਦਾ ਹੈ। “ਆਬਿਦਾ, ਮੈਂ ਜਾਤੀ ਰਿਸ਼ਤੇ ਦੀ ਗੱਲ ਨਹੀਂ ਕਰ ਰਹੀ। ਮੈਂ ਸਮਾਜ ਨੂੰ ਲੈ ਕੇ ਪ੍ਰੇਸ਼ਾਨ ਆਂ। ਕੀ ਇਹ ਠੀਕ ਹੈ ਜੋ, ਇਹ ਦੋਵੇਂ ਕਰ ਰਹੇ ਨੇ?”
“ਆਪਾ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੇਰੇ ਲਈ ਇਹ ਗੱਲਾਂ ਬੇਕਾਰ ਚੀਜ ਨੇ। ਜਦੋਂ ਮਰ ਹੀ ਗਏ ਤਾਂ ਕੀ ਫਰਕ ਪੈਂਦਾ ਹੈ ਕਿ ਮਿੱਟੀ ਕਿੱਥੇ ਦਫ਼ਨ ਹੋਈ...ਇਸ ਬਾਰੇ ਸੋਚ ਕੇ ਮੈਂ ਆਪਣਾ ਅੱਜ ਕਿਉਂ ਖ਼ਰਾਬ ਕਰਾਂ? ਹਾਂ, ਜੇ ਨਜਮ ਮੈਥੋਂ ਪਹਿਲਾਂ ਮਰ ਗਏ, ਤਾਂ ਮੈਂ ਉਹਨਾਂ ਨੂੰ ਦੁਨੀਆਂ ਦੇ ਸਭ ਤੋਂ ਗਰੀਬ ਕਬਰਸਤਾਨ ਵਿਚ ਦਫ਼ਨ ਕਰਾਂਗੀ ਤੇ ਕਬਰ 'ਤੇ ਕੋਈ ਕੁਤਬਾ ਵੀ ਨਹੀਂ ਲਗਵਾਵਾਂਗੀ। ਗੁਮਨਾਮ ਕਬਰ ਹੋਏਗੀ ਉਸਦੀ। ਜੇ ਮੈਂ ਪਹਿਲਾਂ ਮਰ ਗਈ ਤਾਂ ਫੇਰ ਬਚਿਆ ਹੀ ਕੀ?”
ਠੀਕ ਕਿਹਾ ਆਬਿਦਾ ਨੇ ਕਿ ਬਚਿਆ ਹੀ ਕੀ...ਅਜ ਜਿਉਂਦੀ ਹੈ ਤਾਂ ਵੀ ਕੀ ਬਚਿਆ ਹੈ! ਸਾਲ ਭਰ ਬੀਤ ਜਾਣ ਪਿੱਛੋਂ ਵੀ ਕੀ ਕਰ ਸਕੀ ਸੀ ਨਾਦਿਰਾ...ਆਦਮੀ ਦੋਵੇਂ ਜਿਉਂਦੇ ਨੇ ਤੇ ਕਬਰਾਂ ਸੁਰੱਖਿਅਤ ਨੇ ਦੋਵਾਂ ਲਈ। ਖ਼ਲੀਲ ਤੇ ਨਜਮ ਅਜ ਵੀ ਇਸੇ ਸੋਚ ਵਿਚ ਖ਼ੁੱਭੇ ਹੋਏ ਨੇ ਕਿ ਨਵਾਂ ਧੰਦਾ ਕਿਹੜਾ ਸ਼ੁਰੂ ਕੀਤਾ ਜਾਵੇ। ਕਬਰਾਂ ਸੁਰੱਖਿਅਤ ਕਰਨ ਪਿੱਛੋਂ ਉਹ ਦੋਵੇਂ ਇਸ ਵਿਸ਼ੇ ਨੂੰ ਭੁੱਲ-ਭੁਲਾਅ ਵੀ ਚੁੱਕੇ ਨੇ।
ਪਰ ਕਾਰਪੇਂਡਰਸ ਪਾਰਕ ਉਹਨਾਂ ਨੂੰ ਨਹੀਂ ਭੁੱਲਿਆ। ਅਜ ਫੇਰ ਇਕ ਚਿੱਠੀ ਆਈ ਹੈ। ਮੁੱਦਰਾ ਸਥਿਤੀ ਦੇ ਵਾਧੇ ਦੇ ਨਾਲ ਨਾਲ ਮਾਸਿਕ ਕਿਸ਼ਤ ਦੇ ਪੈਸੇ ਵਧਾਉਣ ਬਾਰੇ ਚਿੱਠੀ। ਨਦਿਰਾ ਸੜ-ਭੁੱਜ ਗਈ। ਖ਼ਲੀਲ ਤੇ ਨਜਮ ਡਰਾਇੰਗ-ਰੂਮ ਵਿਚ ਬੈਠੇ ਸਕੀਮਾਂ ਲੜਾ ਰਹੇ ਨੇ। ਸਾਰੇ ਲੰਦਨ ਵਿਚ ਇਕ ਨਜਮ ਹੀ ਹੈ ਜਿਹੜਾ ਖ਼ਲੀਲ ਦੇ ਘਰ ਬੈਠ ਕੇ ਸ਼ਰਾਬ ਪੀ ਸਕਦਾ ਹੈ; ਤੇ ਇਕ ਖ਼ਲੀਲ ਹੈ ਜਿਹੜਾ ਨਜਮ ਦੇ ਘਰ ਸਿਗਰਟ ਪੀ ਸਕਦਾ ਹੈ। ਪਰ ਦੋਵੇਂ ਆਪੋ-ਆਪਣਾ ਨਸ਼ਾ ਖ਼ੁਦ ਨਾਲ ਲਿਆਉਂਦੇ ਨੇ...ਸਿਗਰਟ ਵੀ ਤੇ ਸ਼ਰਾਬ ਵੀ।
“ਖ਼ਲੀਲ ਭਾਈ, ਦੇਖੋ ਮੈਂ ਪਾਕਿਸਤਾਨ ਵਿਚ ਕੋਈ ਧੰਦਾ ਨਹੀਂ ਕਰਾਂਗਾ। ਇਕ ਤਾਂ ਆਬਿਦਾ ਉੱਥੇ ਜਾਏਗੀ ਨਹੀਂ, ਦੂਜਾ ਹੁਣ ਤਾਂ ਭੂਆ ਦਾ ਵੀ ਸੋਚਣਾ ਪੈਂਦਾ ਏ, ਤੇ ਤੀਜਾ ਇਹ ਕਿ ਆਪਣਾ ਤਾਂ ਸਾਰਾ ਮੁਲਕ ਹੀ ਕੁਰਪਸ਼ਨ ਦਾ ਮਾਰਿਆ ਹੋਇਐ। ਏਨੀ ਰਿਸ਼ਵਤ ਦੇਣੀ ਪੈਂਦੀ ਏ ਕਿ ਦਿਲ ਕਰਦੈ ਸਾਹਮਣੇ ਵਾਲੇ ਦੇ ਚਾਰ ਜੁੱਤੀਆਂ ਜੜ ਦੇਈਏ। ਉਪਰੋਂ ਹੇਠਾਂ ਤਕ ਕੁਰਪਟ। ਜੇ ਆਪਾਂ ਦੋਵਾਂ ਨੇ ਕੋਈ ਸਾਂਝਾ ਕੰਮ ਸ਼ੁਰੂ ਕਰਨਾ ਏਂ ਤਾਂ ਇੱਥੇ ਇੰਗਲੈਂਡ ਵਿਚ ਹੀ ਕਰਾਂਗੇ...ਨਹੀਂ ਤਾਂ ਤੁਸੀਂ ਕਰਾਚੀ ਤੇ ਆਪਾਂ ਗੋਆ। ਮੈਂ ਤਾਂ ਅੱਜ-ਕਲ੍ਹ ਸੁਪਨਿਆਂ ਵਿਚ ਵੀ ਗੋਆ ਵਿਚ ਈ ਰਹਿਣਾ। ਕਿਆ ਜਗ੍ਹਾ ਹੈ ਖ਼ਲੀਲ ਭਾਈ, ਕਿਆ ਲੋਕ ਨੇ, ਕਿੰਨਾ ਸੇਫ ਫੀਲ ਕਰਦਾ ਏ ਆਦਮੀ ਉੱਥੇ...”
“ਮੀਆਂ ਤੈਨੂੰ ਚੜ੍ਹ ਬੜੀ ਛੇਤੀ ਜਾਂਦੀ ਏ। ਅਜੇ ਫੈਸਲਾ ਕੋਈ ਹੋਇਆ ਨਹੀਂ...ਤੇਰੇ ਅੰਦਰਲਾ ਹਿੰਦੁਸਤਾਨੀ ਪਹਿਲਾਂ ਚਹਿਕਣ ਲੱਗ ਪਿਐ। ਤੁਸੀਂ ਸਾਲੇ ਹਿੰਦੁਸਤਾਨੀ ਲੋਕ ਕਦੀ ਸੁਧਰੋਗੇ ਨਹੀਂ। ਅੰਦਰੋਂ ਤੁਸੀਂ ਸਾਰੇ ਦੇ ਸਾਰੇ ਮੁਤਾਸਿਬ (ਕੱਟੜ ਤੇ ਪਿਛਾਂਹ ਖਿੱਚੂ ਸੋਚ ਵਾਲੇ) ਹੁੰਦੇ ਓ, ਮਜ਼ਹਬ ਭਾਵੇਂ ਕੋਈ ਵੀ ਹੋਵੇ ਤੁਹਾਡਾ।...ਤੁਹਾਡਾ ਕੁਛ ਨਹੀਂ ਹੋ ਸਕਦਾ।”
“ਤਾਂ ਫੇਰ ਤੁਸੀਂ ਓ ਕੁਛ ਸੋਚੋ ਨਾ...ਤੁਸੀਂ ਤਾਂ ਬੜੇ ਬਰਾਡ ਮਾਈਂਡਡ ਓ।”
“ਉਹੀ ਤਾਂ ਕਰ ਰਿਹਾਂ। ਦੇਖ ਇਕ ਗੱਲ ਸੁਣ...”
ਨਾਦਿਰਾ ਹਿਰਖੀ-ਹਿਰਖਾਈ ਡਰਾਇੰਗ-ਰੂਮ ਵਿਚ ਦਾਖ਼ਲ ਹੁੰਦੀ ਹੈ, “ਖ਼ਲੀਲ, ਮੈਂ ਤੁਹਾਨੂੰ ਕਿੰਨੀ ਵੇਰ ਕਿਹੈ ਬਈ ਇਹ ਕਬਰਾਂ ਕੈਂਸਿਲ ਕਰਵਾ ਦਿਓ...ਤੁਸੀਂ ਮੇਰੀ ਏਨੀ ਛੋਟੀ ਜਿਹੀ ਗੱਲ ਨਹੀਂ ਮੰਨ ਸਕਦੇ?”
“ਭਾਬੀ ਸਾਹਿਬਾ, ਤੁਹਾਨੂੰ ਖ਼ਲੀਲ ਭਾਈ ਨੇ ਦੱਸਿਆ ਨਹੀਂ ਕਿ ਉਹਨਾਂ ਦੀ ਸਕੀਮ ਵਿਚ ਖਾਸ ਗੱਲ ਕੀ ਹੈ? ਉਹਨਾਂ ਦਾ ਕਹਿਣਾ ਏਂ ਕਿ ਜੇ ਤੁਸੀਂ ਕਿਸੇ ਐਕਸੀਡੈਂਟ ਜਾਂ ਹਾਦਸੇ ਦਾ ਸ਼ਿਕਾਰ ਹੋ ਜਾਓਂ, ਜਿਵੇਂ ਅੱਗ ਨਾਲ ਜਲ ਮਰੋਂ ਤਾਂ ਉਹ ਲਾਸ਼ ਨੂੰ ਅਜਿਹਾ ਮੇਕਅੱਪ ਕਰਨਗੇ ਕਿ ਲਾਸ਼ ਯਕਦਮ ਜਵਾਨ ਤੇ ਖੂਬਸੂਰਤ ਦਿਖਾਈ ਦੇਵੇ। ਹੁਣ ਤੁਸੀਂ ਹੀ ਸੋਚੋ ਅਜਿਹੀ ਕਿਹੜੀ ਜ਼ਨਾਨੀ ਹੈ ਜਿਹੜੀ ਮਰਨ ਪਿੱਛੋਂ ਵੀ ਖੂਬਸੂਰਤ ਤੇ ਜਵਾਨ ਨਾ ਦਿਖਣਾ ਚਾਹੁੰਦੀ ਹੋਵੇ?”
“ਤੁਸੀਂ ਤਾਂ ਮੇਰੇ ਨਾਲ ਗੱਲ ਈ ਨਾ ਕਰੋ ਨਜਮ ਭਾਈ। ਤੁਸਾਂ ਈ ਤਾਂ ਇਹ ਕੀੜਾ ਇਹਨਾਂ ਦੇ ਦਿਮਾਗ਼ 'ਚ ਪਾਇਆ ਏ। ਮੈਂ ਤੁਹਾਨੂੰ ਕਦੀ ਮੁਆਫ਼ ਨਹੀਂ ਕਰਾਂਗੀ।...ਖ਼ਲੀਲ ਤੁਸੀਂ ਹੁਣੇ ਫ਼ੋਨ ਕਰ ਰਹੇ ਓ ਜਾਂ...ਮੈਂ ਖ਼ੁਦ ਕਬਰਸਤਾਨ ਵਾਲਿਆਂ ਨੂੰ ਫ਼ੋਨ ਕਰਕੇ ਕਬਰਾਂ ਕੈਂਸਿਲ ਕਰਵਾ ਦਿਆਂ।”
“ਯਾਰ ਤੂੰ ਸਮਝਦੀ ਕਿਉਂ ਨਹੀਂ ਨਾਦਿਰਾ, ਕੈਂਸਿਲੇਸ਼ਨ ਦੇ ਚਾਰਜ ਵੱਖਰੇ ਲੱਗਣਗੇ। ਕਿਉਂ ਨੁਕਸਾਨ ਕਰਵਾਉਂਦੀ ਪਈ ਏਂ?”
“ਤਾਂ ਠੀਕ ਹੈ, ਮੈਂ ਖ਼ੁਦ ਹੀ ਫ਼ੋਨ ਕਰਦੀ ਹਾਂ ਤੇ ਪਤਾ ਕਰਦੀ ਆਂ ਕਿ ਤੁਹਾਡਾ ਕਿੰਨਾ ਕੁ ਨੁਕਸਾਨ ਹੁੰਦਾ ਏ...ਉਹ ਮੈਂ ਆਪਣੇ ਕੋਲੋਂ ਦੇ ਦਿਆਂਗੀ।”
ਨਾਦਿਰਾ ਗੁੱਸੇ ਨਾਲ ਭਰੀ ਪੀਤੀ ਨੰਬਰ ਮਿਲਾ ਰਹੀ ਹੈ। ਸਿਗਰਟ ਦਾ ਧੂੰਆਂ ਕਮਰੇ ਵਿਚ ਇਕ ਡਰਾਵਨਾ ਜਿਹਾ ਮਾਹੌਲ ਪੈਦਾ ਕਰ ਰਿਹਾ ਹੈ। ਸ਼ਰਾਬ ਦੀ ਮਹਿਕ ਰਹੀ-ਸਹੀ ਕਸਰ ਪੂਰੀ ਕਰ ਰਹੀ ਹੈ। ਫ਼ੋਨ ਮਿਲ ਗਿਆ ਹੈ। ਨਾਦਿਰਾ ਆਪਣਾ ਰੈਫ਼ਰੈਂਸ ਨੰਬਰ ਦੇ ਕੇ ਗੱਲ ਕਰ ਰਹੀ ਹੈ। ਖ਼ਲੀਲ ਤੇ ਨਜਮ ਪ੍ਰੇਸ਼ਾਨ ਤੇ ਬੇਵੱਸ ਜਿਹੇ ਲੱਗ ਰਹੇ ਨੇ।
ਨਾਦਿਰਾ 'ਥੈਂਕਸ' ਕਹਿ ਕੇ ਫ਼ੋਨ ਰੱਖ ਦਿੰਦੀ ਹੈ। “ਲਓ ਖ਼ਲੀਲ ਮੈਂ ਪਤਾ ਕਰ ਲਿਆ ਤੇ ਕੈਂਸਿਲੇਸ਼ਨ ਦਾ ਆਰਡਰ ਵੀ ਦੇ ਦਿੱਤਾ...ਪਤਾ ਈ ਉਹਨਾਂ ਕੀ ਕਿਹੈ? ਉਹਨਾਂ ਕਿਹਾ ਕਿ ਸਾਢੇ ਤਿੰਨ ਸੌ ਪਾਊਂਡ ਇਕ ਕਬਰ ਦੇ ਜਮ੍ਹਾਂ ਕਰਵਾਏ ਗਏ ਸਨ, ਯਾਨੀ ਦੋ ਕਬਰਾਂ ਦੇ ਸਤ ਸੌ ਪਾਊਂਡ...ਤੇ ਹੁਣ ਇਨਫਲੇਸ਼ਨ ਕਾਰਨ ਉਹਨਾਂ ਕਬਰਾਂ ਦੀ ਕੀਮਤ ਹੋ ਗਈ ਏ ਗਿਆਰਾਂ ਸੌ ਪਾਊਂਡ ਯਾਨੀ ਕਿ ਤੁਹਾਨੂੰ ਕੁਲ ਚਾਰ ਸੌ ਪਾਊਂਡ ਦਾ ਲਾਭ।”
ਖ਼ਲੀਲ ਨੇ ਕਿਹਾ, “ਚਾਰ ਸੌ ਪਾਊਂਡ ਦਾ ਫਾਇਦਾ, ਸਿਰਫ ਇਕ ਸਾਲ ਵਿਚ!” ਉਸਨੇ ਨਜਮ ਵਲ ਦੇਖਿਆ। ਨਜਮ ਦੀਆਂ ਅੱਖਾਂ ਵਿਚ ਵੀ ਉਹੀ ਚਮਕ ਸੀ।
ਨਵਾਂ ਧੰਦਾ ਮਿਲ ਗਿਆ ਸੀ!
 --- --- ---

No comments:

Post a Comment