Saturday, May 14, 2011

11. ਓਵਰ ਫ਼ਲੋ-ਪਾਰਕਿੰਗ

ਅੱਜ ਫੇਰ, ਇਕ ਵਾਰੀ, ਉਹ ਪਤਨੀ ਨੂੰ ਨਾਰਾਜ਼ ਕਰ ਬੈਠਾ ਏ।
ਉਸਦੀ ਭੁੱਲ ਜਾਣ ਦੀ ਆਦਤ ਹੁਣ ਪ੍ਰੇਸ਼ਾਨੀਆਂ ਪੈਦਾ ਕਰਨ ਲੱਗ ਪਈ ਏ। ਬਾਹਰ ਵਾਲੇ ਤਾਂ ਕਦੇ-ਕਦਾਈਂ ਪ੍ਰੇਸ਼ਾਨ ਹੁੰਦੇ ਨੇ, ਪਰ ਪਤਨੀ ਨਾਲ ਤਾਂ ਸਾਰਾ ਜੀਵਨ ਬਿਤਾਉਣਾ ਏਂ। ਜਦੋਂ ਉਹ ਪਤਨੀ ਨਾਲ ਕੀਤਾ ਵਾਅਦਾ ਭੁੱਲ ਜਾਂਦਾ ਏ, ਘਰ ਵਿਚ ਮੁਸੀਬਤ ਖੜ੍ਹੀ ਹੋ ਜਾਂਦੀ ਏ। ਪਤਨੀ ਨੂੰ ਹੈਰਾਨੀ ਹੁੰਦੀ ਏ ਕਿ ਅਜੇ ਤਾਂ ਪੰਜਾਹਾਂ ਦਾ ਈ ਹੋਇਐ, ਇਹ ਸਠਿਆਇਆਂ ਵਾਲੀਆਂ ਖੁਨਾਮੀਆਂ ਦਾ ਸ਼ਿਕਾਰ ਕਿਉਂ ਹੁੰਦਾ ਜਾ ਰਿਹਾ ਏ!
ਅੱਜ ਵੀ ਇਹੋ ਹੋਇਆ। ਪਤਨੀ ਦੀ ਗੱਲ ਮੰਨ ਲਈ, ਸ਼ਾਮੀ ਤਿੰਨ ਵਾਲੇ ਸ਼ੌਅ ਵਿਚ ਪਤਨੀ ਨੂੰ 'ਨਿਸ਼ਬਦ' ਦਿਖਾਉਣ ਲੈ ਚੱਲੇਗਾ। ਦੋ ਦਿਨ ਪਹਿਲਾਂ ਈ ਵਾਅਦਾ ਕੀਤਾ ਸੀ...ਉਦੋਂ ਕੀ ਪਤਾ ਸੀ ਕਿ 'ਨਿਸ਼ਬਦ' ਵਿਚੋਂ ਨਿਕਲ ਕੇ ਬੇਸ਼ੁਮਾਰ ਸ਼ਬਦ ਉਸਦਾ ਮੂੰਹ ਚਿੜਾਉਣ ਲੱਗ ਪੈਣਗੇ;।ਭੁੱਲ ਗਿਆ ਸੀ ਕਿ ਅੱਜ ਸ਼ਾਮ ਚਾਰ ਵਜੇ ਲਈ ਪਹਿਲਾਂ ਈ ਹਾਂ ਕਹਿ ਚੁੱਕਿਆ ਸੀ। ਪਰ ਇਸ ਵਾਰੀ ਉਸਦੇ ਨਾਲ-ਨਾਲ ਉਹ ਵੀ ਭੁੱਲ ਗਈ ਸੀ। ਉਸਦਾ ਭੁੱਲਣਾ ਉਸਨੂੰ ਯਾਦ ਨਹੀਂ ਆ ਰਿਹਾ, ਸ਼ਬਦ-ਬਾਣਾ ਨਾਲ ਛਲਣੀ ਉਸਨੂੰ ਹੀ ਹੋਣਾ ਪੈ ਰਿਹਾ ਏ।
ਸਵੇਰੇ ਦਸ ਵਜੇ ਰਵੀ ਦਾ ਫ਼ੋਨ ਆਇਆ, “ਹਾਂ-ਜੀ ਬੰਧੂਵਰ, ਕੀ ਹੋ ਰਿਹੈ...?”
“ਹੋਣਾ ਕੀ ਏ ਭਰਾ, ਬਸ ਝਿੜਕਾਂ ਖਾ ਰਹੇ ਆਂ। ਅੱਜ ਸ਼ਨੀਵਾਰ ਏ...ਤੇ ਸ਼ਨੀ ਸਾਡੇ ਸਿਰ 'ਤੇ ਸਵਾਰ ਹੋਇਆ ਹੋਇਐ ਤੇ ਬੋਲ ਰਿਹੈ।”
“ਭਰਾ ਜੀ, ਤੁਸੀਂ ਵੀ ਬਸ ਕਮਾਲ ਈ ਕਰਦੇ ਓ, ਕਦੀ ਤਾਂ ਸੀਰੀਅਸ ਹੋ ਕੇ ਗੱਲ ਕੀਤਾ ਕਰੋ।”
“ਭਰਾ, ਜੇ ਮੈਂ ਸੀਰੀਅਸ ਹੋ ਗਿਆ ਤਾਂ ਤੂੰ ਵੀ ਪ੍ਰੇਸ਼ਾਨ ਹੋ ਜਾਏਂਗਾ। ਤੇਰੇ ਆਲੇ-ਦੁਆਲੇ ਗੰਭੀਰਤਾ ਵਿਚ ਲਿਪਟੇ ਸੱਜਨਾਂ ਦੀ ਥੁੜੋਂ ਐ ਕੋਈ?”
“ਸਰ ਜੀ, ਮੇਨ ਗੱਲ 'ਤੇ ਆਓ, ਅੱਜ ਕਮਲ ਜੀ ਦੀ ਪਤਨੀ ਦੇ ਅੰਤਮ-ਸੰਸਕਾਰ 'ਚ ਸ਼ਾਮਲ ਹੋਣ ਚੱਲਣਾ ਜੇ ਕਿ ਨਹੀਂ?”
“ਓ ਗਾਡ! ਯਾਰ ਮੈਂ ਤਾਂ ਭੁੱਲ ਈ ਗਿਆ ਸੀ। ਕਿੰਨੇ ਵਜੇ ਪਹੁੰਚਣੈ?...ਤੇ ਹੈ ਭਲਾ ਕਿੱਥੇ?” ਸਵਾਲ ਉੱਤੇ ਸਵਾਲ ਕਰੀ ਜਾ ਰਿਹਾ ਸੀ ਉਹ, ਰਵੀ ਵੀ ਸ਼ਾਇਦ ਚਕਰਾ ਗਿਆ ਹੋਏਗਾ ਕਿ ਆਖ਼ਰ ਹੋਇਆ ਕੀ ਏ ਉਸਨੂੰ।।
“ਭਾਈ ਸਾਹਬ ਹੈਨਬਰਥ ਕ੍ਰੈਮੇਟੋਰੀਅਮ 'ਚ ਏ, ਸ਼ਾਮੀਂ ਚਾਰ ਵਜੇ। ਵੈਸੇ ਤੁਹਾਨੂੰ ਪਤਾ ਜੇ ਕਿ ਕੀ ਹੋਇਆ ਸੀ ਕਮਲ ਜੀ ਦੀ ਪਤਨੀ ਨੂੰ?”
“ਭਰਾ ਪੱਕਾ ਤਾਂ ਨਹੀਂ ਕਹਿ ਸਕਦਾ, ਪਰ ਸੁਣੀ-ਸੁਣਾਈ ਗੱਲ ਦੱਸ ਸਕਦਾਂ। ਕਹਿੰਦੇ ਐ ਕਿ ਜਾਂਡਿਸ ਹੋ ਗਿਆ ਸੀ। ਸੋ ਇਸੇ ਨਾਲ ਇਕ-ਇਕ ਕਰਕੇ ਸਾਰੇ ਅੰਗ ਬੇਕਾਰ ਹੁੰਦੇ ਗਏ। ਅਖ਼ੀਰ ਡਾਕਟਰਾਂ ਨੇ ਲਾਈਫ਼ ਸਪੋਰਟ ਮਸ਼ੀਨਾਂ ਹਟਾਅ ਦਿੱਤੀਆਂ। ਬਸ ਹੋ ਗਿਆ ਕੰਮ ਪੂਰਾ।”
“ਕਿਸਮਤ ਦੇਖੋ ਕਮਲ ਜੀ ਦੀ, ਪਹਿਲੀ ਪਤਨੀ ਕੈਂਸਰ ਦੀ ਭੇਂਟ ਚੜ੍ਹ ਗਈ ਤੇ ਦੂਜੀ ਪੀਲੀਏ ਦੀ।”
ਸਵੇਰ ਦਾ ਪਤਨੀ ਦੀਆਂ ਝਾੜਾਂ ਖਾਂਦਾ, ਉਹ ਬਸ ਬੋਲ ਹੀ ਗਿਆ, “ਯਾਰ, ਕਾਸ਼! ਕਮਲ ਜੀ ਵਰਗੀ ਕਿਸਮਤ ਆਪਣੀ ਵੀ ਹੋ ਜਾਏ।”
ਕਿਸਮਤ ਦੇਖੋ, ਪਤਨੀ ਨੇ ਇਹ ਆਖ਼ਰੀ ਗੱਲ ਸੁਣ ਵੀ ਲਈ। ਇਹ ਪਤਨੀਆਂ ਵੀ ਕਮਾਲ ਦੀਆਂ ਹੁੰਦੀਆਂ ਨੇ। ਜੋ ਸੁਣਨਾ ਚਾਹੁੰਦੀਆਂ ਨੇ ਸੁਣ ਈ ਲੈਂਦੀਆਂ ਨੇ। ਬਸ ਪੈ ਨਿੱਕਲੀ, “ਹਾਂ...ਹਾਂ...ਹੁਣ ਇਹੀ ਤਾਂ ਚਾਹੁੰਦੇ ਓ ਤੁਸੀਂ ਕਿ ਮੈਂ ਥੁਹਾਨੂੰ ਖੁੱਲ੍ਹਾ ਛੱਡ ਕੇ ਮਰ-ਖਪ ਜਾਵਾਂ। ਸੁਣ ਲਓ ਜੀ ਚੰਗੀ ਤਰ੍ਹਾਂ ਕੰਨ ਖੋਲ੍ਹ ਕੇ, ਮੈਂ ਨਹੀਂ ਇੰਜ ਮਰਨ ਵਾਲੀ। ਜੇ ਮੇਰੇ ਮਰਨ ਪਿੱਛੋਂ ਵੀ ਕਿਸੇ ਚੁੜੈਲ ਨਾਲ ਚੱਕਰ ਚਲਾਇਆ ਤਾਂ ਭੂਤ ਬਣ ਕੇ ਥੁਹਾਡਾ ਪਿੱਛਾ ਕਰਾਂਗੀ। ਛੱਡਾਂਗੀ ਨਹੀਂ, ਖ਼ਿਆਲ ਰੱਖਣਾ।”
“ਸੁਣ, ਮੇਰੇ ਨਾਲ ਤੂੰ ਬਾਕੀ ਦੀ ਜ਼ਿੰਦਗੀ ਕਿਉਂ ਬਿਤਾਉਣਾ ਚਾਹੁੰਦੀ ਏਂ?...ਜਿਹੜੀ ਬੀਤ ਗਈ ਉਹੀ ਵਾਧੂ ਸਮਝ। ਯਾਰ ਤੂੰ ਜਿੱਥੇ ਖੁਸ਼ ਰਹਿ ਸਕੇਂ ਜਾ ਕੇ ਰਹਿ। ਮੈਂ ਕੋਈ ਉਲਾਂਭਾ ਨਹੀਂ ਦਿਆਂਗਾ।”
“ਦੇਖੋ ਜੀ, ਮੈਂ ਰਹਾਂਗੀ ਏਥੇ ਈ ਤੇ ਥੁਹਾਡੀ ਧੌਣ 'ਤੇ ਗੋਡਾ ਧਰ ਕੇ ਰਹਾਂਗੀ।”
ਗੱਲ ਤਾਂ ਸਹੀ ਕਹਿ ਰਹੀ ਸੀ। ਧੌਣ 'ਤੇ ਗੋਡਾ ਧਰ ਕੇ ਤਾਂ ਰਹਿ ਈ ਸਕਦੀ ਏ। ਘੱਟੋਘੱਟ ਇਕ ਮਾਮਲੇ ਵਿਚ ਤਾਂ ਪੂਰਾ ਮੁਥਾਜ ਏ ਉਹ। ਉਸਨੂੰ ਕਾਰ ਚਲਾਉਣੀ ਨਹੀਂ ਆਉਂਦੀ। ਕਦੀ ਸਿੱਖਣ ਦੀ ਕੋਸ਼ਿਸ਼ ਈ ਨਹੀਂ ਕੀਤੀ।
ਦਰਅਸਲ ਉਸਦੀ ਸਮੱਸਿਆ ਦੂਜੀ ਏ। ਲਗਭਗ ਪੱਚੀ ਸਾਲ ਪਹਿਲਾਂ ਉਸਦਾ ਇਕ ਸਕੂਟਰ ਐਕਸੀਡੈਂਟ ਹੋ ਗਿਆ ਸੀ। ਬੜਾ ਹੀ ਭਿਅੰਕਰ ਹਾਦਸਾ। ਉਹ ਨਵੀਂ ਦਿੱਲੀ ਦੀ ਮਥੁਰਾ ਰੋਡ ਤੋਂ ਭੋਗਲ ਵੱਲ ਸਕੂਟਰ ਮੋੜ ਰਿਹਾ ਕਿ ਅਚਾਨਕ ਸਾਹਮਣਿਓਂ ਆਉਂਦੇ ਇਕ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ। ਉਸਦੇ ਸਕੂਟਰ ਦਾ ਹੈਂਡਲ ਮੁੜ ਕੇ ਸੀਟ ਨਾਲ ਆ ਲੱਗਿਆ। ਉਹ ਬੁੜ੍ਹਕ ਕੇ ਸੜਕ 'ਤੇ ਜਾ ਡਿੱਗਿਆ ਤੇ ਉਸਦਾ ਸਿਰ ਪੈਦਲਾਂ ਲਈ ਬਣੇ ਫੁਟਪਾਥ ਦੇ ਪੱਥਰ ਨਾਲ ਜਾ ਵੱਜਿਆ। ਹੈਲਮੇਟ ਵਿਚ ਤ੍ਰੇੜ ਪੈ ਗਈ ਸੀ। ਅੱਜ ਤਕ ਸੋਚਦਾ ਹੈ ਕਿ ਜੇ ਹੈਲਮੇਟ ਨਾ ਲਿਆ ਹੁੰਦਾ ਤਾਂ ਉਸਦੇ ਸਿਰ ਦਾ ਕੀ ਹਾਲ ਹੋਣਾ ਸੀ! ਬਸ ਉਸੇ ਡਰ ਸਦਕਾ ਉਹ ਵਿਚਾਰਾ ਲੰਦਨ ਵਿਚ ਕਾਰ ਨਹੀਂ ਚਲਾ ਸਕਦਾ। ਜੇ ਕਿਤੇ ਜਾਣਾ ਹੋਏ ਤਾਂ ਕਾਰ ਪਤਨੀ ਨੂੰ ਈ ਚਲਾਉਣੀ ਪੈਂਦੀ ਏ। ਉਹ ਕਾਰ ਵੀ ਚਲਾਉਂਦੀ ਰਹਿੰਦੀ ਏ ਤੇ ਮਿਹਣੇ-ਤਾਅਨੇ ਵੀ ਮਾਰੀ ਜਾਂਦੀ ਏ।
ਅੱਜ ਵੀ ਕਾਰ ਤਾਂ ਪਤਨੀ ਨੇ ਈ ਚਲਾਉਣੀ ਏਂ। ਕਈ ਵਾਰੀ ਸੋਚਦਾ ਏ ਕਿ ਪਤਨੀ ਉਸਦੀ ਪ੍ਰੇਸ਼ਾਨੀ ਨੂੰ ਕਿਉਂ ਨਹੀਂ ਸਮਝਦੀ? ਜੇ ਉਸਦੇ ਦਿਮਾਗ਼ ਵਿਚ ਕਾਰ ਜਾਂ ਕਿਸੇ ਵੀ ਹੋਰ ਵਹੀਕਲ ਨੂੰ ਚਲਾਉਣ ਬਾਰੇ ਇਕ ਡਰ ਬੈਠਿਆ ਹੋਇਆ ਏ ਤਾਂ ਇਹ ਡਰਾਈਵਿੰਗ ਤੋਂ ਬਚਣ ਦਾ ਬਹਾਨਾ ਤਾਂ ਨਹੀਂ ਨਾ ਕਿਹਾ ਜਾ ਸਕਦਾ। ਪਤਨੀ ਦਾ ਅੱਜ ਦਾ ਗੁੱਸਾ ਤਾਂ ਬਿਲਕੁਲ ਈ ਉਸਦੀ ਸਮਝ ਵਿਚ ਨਹੀਂ ਸੀ ਆ ਰਿਹਾ। ਮੌਤ ਦਾ ਸੁਣ ਕੇ ਤਾਂ ਕੋਈ ਵੀ ਪਸੀਜ ਜਾਏਗਾ। ਫੇਰ ਉਸਦੀ ਪਤਨੀ...?
ਸਵੇਰੇ ਦਾ ਨਿੱਕਾ-ਨਿੱਕਾ ਮੀਂਹ ਪੈ ਰਿਹਾ ਏ। ਵਿਚਕਾਰ ਕਦੀ ਕਦੀ ਤੇਜ਼ ਵੀ ਹੋ ਜਾਂਦਾ ਏ। ਦੁਪਹਿਰੇ ਉਸਨੇ ਹਾਰਮੋਨੀਅਮ ਸਿੱਖਣ ਵੀ ਜਾਣਾ ਏਂ। ਹਰ ਸ਼ਨੀਚਰਵਾਰ ਉਹ ਸ਼ਕਤੀ-ਸਥਲ ਜਾ ਕੇ ਪੰਡਿਤ ਰਾਜੇਸ਼ਵਰ ਜੀ ਮਹਾਰਾਜ ਤੋਂ ਹਾਰਮੋਨੀਅਮ ਸਿੱਖਦਾ ਏ। ਬੁਢਾਪੇ ਦਾ ਸ਼ੌਕ ਵੀ ਬੁਰਾ ਹੁੰਦਾ ਏ। ਹੁਣ ਪੰਜਾਹ ਦੇ ਬਾਅਦ ਇਹ ਸ਼ੌਕ ਜਾਗਿਆ ਏ। ਪਤਨੀ ਨੂੰ ਸ਼ਿਕਾਇਤ ਏ ਕਿ ਆਪਣੇ ਸ਼ੌਕ ਪੂਰੇ ਕਰਦਾ ਰਹਿੰਦੈ, ਉਸ ਵੱਲ ਧਿਆਨ ਨਹੀਂ ਦੇਂਦਾ।। ਇਕ ਤਾਂ ਇਹ ਲੋਕ ਵੀ ਚੈਨ ਨਹੀਂ ਲੈਣ ਦਿੰਦੇ। ਜਦੋਂ ਕਦੀ ਕਿਸੇ ਮਹਿਫ਼ਿਲ ਵਿਚ ਗੁਣਗੁਣਾ ਦੇਂਦਾ ਏ, ਕਹਿਣ ਤੋਂ ਬਾਅਜ਼ ਨਹੀਂ ਆਉਂਦੇ, “ਭਰਾ ਜੀ, ਜਦੋਂ ਏਨੀ ਸੁਰੀਲੀ ਆਵਾਜ਼ ਦਿੱਤੀ ਏ ਰੱਬ ਨੇ, ਤਾਂ ਕੁਛ ਤਾਂ ਆਪ ਵੀ ਕਰੋ। ਰਿਆਜ਼ ਕਰੋ, ਹਾਰਮੋਨੀਅਮ ਸਿੱਖੋ ਤੇ ਹੋ ਜਾਓ ਸ਼ੁਰੂ।”
ਉਹ ਲੋਕਾਂ ਦੀਆਂ ਗੱਲਾਂ ਵਿਚ ਆਸਾਨੀ ਨਾਲ ਆ ਜਾਂਦਾ ਏ। ਆਪਣੇ ਆਪ ਨੂੰ ਮੁਹੰਮਦ ਰਫ਼ੀ ਤੋਂ ਲੈ ਕੇ ਪੰਡਿਤ ਜਸਰਾਜ ਤਕ ਪਤਾ ਨਹੀਂ ਕੀ-ਕੀ ਸਮਝਣ ਲੱਗ ਪੈਂਦਾ ਏ। ਹਾਰਮੋਨੀਅਮ ਵਜਾਉਣ ਵਿਚ ਵੀ ਤੁੱਕੜ ਤੇ ਗਾਉਣ ਵਿਚ ਤਾਂ ਬਸ ਮਾਸ਼ਾ-ਅੱਲ੍ਹਾ। ਇਕ ਵਾਰੀ ਫੇਰ ਪਤਨੀ ਈ ਕੰਮ ਆਈ, ਤੇ ਉਹਦੀ ਅਸਲੀ ਔਕਾਤ ਦੱਸ ਦਿੱਤੀ ਕਿ ਕਿੰਨਾ ਬੇਸੁਰਾ ਏ ਉਹ।
ਬੇਸੁਰੀ ਤਾਂ ਉਹਨਾਂ ਦੀ ਸ਼ਾਦੀ-ਸ਼ੁਦਾ ਜ਼ਿੰਦਗੀ ਵੀ ਏ। ਉਹ ਦੋਵੇਂ ਕਦੀ ਇਕ-ਸੁਰ ਵਿਚ ਨਹੀਂ ਰਹੇ। ਕਦੀ ਪਤਨੀ ਪੰਜਮ ਪਾਰ ਤੇ ਉਹ ਪਹਿਲੇ ਕਾਲੇ 'ਤੇ; ਕਦੀ ਉਹ ਸੱਤਵਾਂ ਪਾਰ ਤੇ ਪਤਨੀ ਹੇਮੰਤ ਕੁਮਾਰ ਵਾਂਗ ਢਿੱਡ 'ਚੋਂ ਸੁਰਾਂ ਕੱਢ ਰਹੀ ਹੁੰਦੀ। ਇਕ ਦੂਜੇ ਨਾਲ ਸ਼ਿਕਾਇਤ ਦੋਵਾਂ ਨੂੰ ਏ, ਪਰ ਦੋਵਾਂ ਵਿਚੋਂ ਹੱਲ ਲੱਭਣ ਦੀ ਕੋਸ਼ਿਸ਼ ਕੋਈ ਨਹੀਂਓਂ ਕਰਦਾ।
ਕਾਰ ਵਿਚ ਈ ਸ਼ੁਰੂ ਹੋ ਗਈ, “ਅੱਜ ਤਕ ਕਦੀ ਠੀਕ ਐਡਰੈਸ ਲੈ ਕੇ ਤੁਰੇ ਓ ਤੁਸੀਂ? ਹੈਨਵੇਲ ਤੇ ਹੈਨਵਰਥ ਇਕੋ ਜਗ੍ਹਾ ਨਹੀਂ।।ਕਾਰ ਤਾਂ ਮੈਨੂੰ ਈ ਚਲਾਉਣੀ ਪੈਂਦੀ ਏ। ਤੁਸੀਂ ਤਾਂ ਬਸ ਕਾਰ ਵਿਚ ਬੈਠੇ ਤੇ ਲੱਗੇ ਘੁਰਾੜੇ ਮਾਰਨ...ਕਿੰਨੇ ਬੋਰਿੰਗ ਆਦਮੀ ਨਾਲ ਪਾਲਾ ਪਿਐ!”
“ਦੇਖ ਰਵੀ ਨੇ ਦੱਸਿਆ ਸੀ ਕਿ ਅੰਤਮ ਸੰਸਕਾਰ ਹਾਉਂਸਲੋ ਦੇ ਨਜ਼ਦੀਕ ਏ। ਹੁਣ ਤੂੰਹੀਓਂ ਸੋਚ ਲੈ ਕਿ ਹਾਉਂਸਲੋ ਦੇ ਨੇੜੇ ਹੈਨਵੇਲ ਏ ਕਿ ਹੈਨਵਰਥ।...ਇਸ ਵਿਚ ਏਨਾਂ ਔਖੇ ਹੋਣ ਵਾਲੀ ਕਿਹੜੀ ਗੱਲ ਏ? ਹਾਉਂਸਲੋ ਵੈਸਟ ਤੇ ਬੈਲ ਵਿਚਕਾਰ ਜਿਹੜੀ ਸੜਕ ਸੱਜੇ ਮੁੜਦੀ ਏ, ਉਸ 'ਤੇ ਮੁੜ ਜਾਣੈ...ਤੇ ਫੇਰ ਮੇਨ ਸੜਕ 'ਤੇ ਫੇਰ ਸੱਜੇ। ਇਹ ਰਸਤਾ ਜਾਂਦਾ ਏ ਹੈਨਵਰਥ ਜਾਂ ਹੈਨਵੇਲ ਜੋ ਵੀ ਏ, ਉਸਨੂੰ”
“ਏਨੇ ਸਾਲ ਹੋ ਗਏ ਲੰਦਨ ਆਇਆਂ ਅੱਜ ਤਕ ਕਾਰ ਚਲਾਉਣ ਦਾ ਲਾਈਸੈਂਸ ਨਹੀਂ ਬਣਵਾ ਸਕੇ। ਫਰੀ ਦੀ ਡਰਾਈਵਰ ਜੋ ਮਿਲੀ ਹੋਈ ਆਂ। ਕਦੀ ਸੋਚਿਆ ਏ ਇੰਡੀਆ ਤੋਂ ਜਿਹੜੇ ਗੈਸਟ ਆਉਂਦੇ ਨੇ, ਉਹਨਾਂ ਨੂੰ ਵੀ ਮੈਨੂੰ ਈਂ ਕਾਰ 'ਚ ਘੁਮਾਉਣਾ ਪੈਂਦੈ।।...ਸ਼ੇਮ!”
“ਯਾਰ ਅਸੀਂ ਕਿਸੇ ਦੇ ਅੰਤਮ ਸੰਸਕਾਰ 'ਚ ਸ਼ਾਮਲ ਹੋਣ ਜਾ ਰਹੇ ਆਂ।।ਕੀ ਜ਼ਰੂਰੀ ਏ ਕਿ ਆਪਣੇ ਰੋਣੇ ਵੀ ਨਾਲ-ਨਾਲ ਰੋਂਦੇ ਚੱਲੀਏ? ਕੋਈ ਐਸਾ ਦਿਨ ਵੀ ਦੱਸ ਦੇਅ ਕਿ ਅਸੀਂ ਦੋਵੇਂ ਇਕੱਠੇ ਬਾਹਰ ਨਿਕਲੇ ਹੋਈਏ ਤੇ ਦੋਵਾਂ ਵਿਚਕਾਰ ਲੜਾਈ ਨਾ ਹੋ ਰਹੀ ਹੋਵੇ?...ਅਸੀਂ ਅਮਰੀਕਾ ਜਾਈਏ, ਕਨੇਡਾ, ਭਾਰਤ ਜਾਂ ਜਪਾਨ ਜਾਂ ਫੇਰ ਕਬਰਸਤਾਨ...ਸਾਲੀ ਲੜਾਈ ਜ਼ਰੂਰ ਹੋ ਰਹੀ ਹੁੰਦੀ ਐ!?”
“ਤਾਂ ਫੇਰ ਸੁਧਰ ਜਾਓ ਨਾ।...ਘਰੇ ਵੀ ਕਦੀ ਕੋਈ ਮਰਦਾਂ ਵਾਲਾ ਕੰਮ ਕੀਤਾ ਈ? ਕੀ ਗਾਰਡਨਿੰਗ ਮੇਰਾ ਕੰਮ ਏਂ? ਇਸ ਦੇਸ਼ 'ਚ ਸਾਰੇ ਮਰਦ ਕੰਮ ਕਰਦੇ ਨੇ।। ਕੋਈ ਵੀ ਥੁਹਾਡੇ ਵਾਂਗ ਆਰਾਮ ਨਹੀਂ ਫੁਰਮਾਉਂਦਾ। ਸਾਰਾ ਦਿਨ ਬਸ ਇੰਟਰਨੈਟ ਹੋ ਗਿਆ ਜਾਂ ਹਿੰਦੀ ਦੀ ਟਾਈਪ ਈ ਹੋ ਰਹੀ ਹੁੰਦੀ ਏ। ਓ ਬਈ ਥੁਹਾਤੋਂ ਤਾਂ ਏਨਾ ਵੀ ਨਹੀਂ ਹੁੰਦਾ ਕਿ ਜੇ ਹਿੰਦੀ-ਟਾਈਪ ਆਉਂਦੀ ਏ ਤਾਂ ਇਸ ਆਰਟ ਤੋਂ ਈ ਕੁਛ ਕਮਾਅ ਲਓ। ਤੁਸੀਂ ਤਾਂ ਹਮੇਸ਼ਾ ਘਾਟੇ ਦੇ ਸੌਦੇ ਕਰੋਗੇ। ਦੁਨੀਆਂ ਜਹਾਨ ਨੂੰ ਸਿਖਾਉਣ ਜਾਓਗੇ ਤਾਂ ਜਾਣ-ਆਉਣ ਦਾ ਖਰਚਾ ਵੀ ਪੱਲਿਓਂ ਭਰੋਗੇ।”
“ਇਹ ਹੁਣ ਐਸ ਵੇਲੇ ਹਿੰਦੀ ਕਿੱਧਰੋਂ ਵਿਚ ਆ ਗਈ? ਤੈਨੂੰ ਹਰ ਵੇਲੇ ਲੜਨ ਦੀ ਕਿਉਂ ਸੁੱਝਦੀ ਰਹਿੰਦੀ ਐ?”
“ਲੜਾਂ ਨਾ ਤਾਂ ਕੀ ਕਰਾਂ, ਥੁਹਾਡੀ ਆਰਤੀ ਉਤਾਰਾਂ? ਤੁਸੀਂ ਕੰਮ ਈ ਇਹੋ ਜਿਹੇ ਕਰਦੇ ਓ।”
“ਯਾਰ ਹੁਣ ਏਸ ਵੇਲੇ ਤਾਂ ਕਮਲ ਜੀ ਦੀ ਪਤਨੀ ਦੇ ਅੰਤਮ-ਸੰਸਕਾਰ 'ਚ ਸ਼ਾਮਲ ਹੋਣ ਜਾ ਰਹੇ ਆਂ। ਏਸ ਮੌਕੇ ਤਾਂ ਜ਼ਰਾ ਧੀਮੀਆਂ ਸੁਰਾਂ 'ਚ ਬੋਲ।...ਤੂੰਹੀਓਂ ਦੱਸ ਬਈ ਕੀ ਮੈਂ ਕਦੀ ਉੱਚਾ ਬੋਲਿਆਂ?”
“ਹੁਣ ਚੁੱਪ ਰਹੋ ਤੇ ਬਾਹਰ ਰਸਤਾ ਦੇਖੋ।...ਬਾਰਿਸ਼ ਵਿਚ ਕੁਝ ਠੀਕ ਤਰ੍ਹਾਂ ਦਿਖਾਈ ਵੀ ਨਹੀਂ ਦੇ ਰਿਹਾ।...ਵੈਸੇ ਉੱਥੇ ਕੌਣ ਕੌਣ ਹੋਏਗਾ?”
“ਭਾਈ ਕਮਲ ਜੀ ਇਕ ਲੰਮੇ ਅਰਸੇ ਤੋਂ ਸਾਡੇ ਨਾਲ ਰੇਡੀਓ ਸਟੇਸ਼ਨ 'ਤੇ ਕੰਮ ਕਰ ਰਹੇ ਨੇ।।ਤੋ ਸਾਡੇ ਪੁਰਾਣੇ ਸਾਥੀ ਤਾਂ ਲਗਭਗ ਸਾਰੇ ਈ ਹੋਣਗੇ।”
“ਇਹਨਾਂ ਲੋਕਾਂ ਨੇ ਵੀ ਪਤਾ ਨਹੀਂ ਏਨੀ ਦੂਰ ਕਿਉਂ ਆਉਣਾ ਸੀ। ਦੁਨੀਆਂ ਵਿਚ ਬਸ ਇਕੋ ਸ਼ਮਸ਼ਾਨ ਬਚਿਆ ਸੀ ਕਿ?”
“ਤੂੰ ਵੀ ਕਮਾਲ ਕਰਦੀ ਏਂ। ਅਗਲਾ ਹਾਉਂਸਲੋ ਗੈਰਾਜ ਕੋਲ ਰਹਿੰਦਾ ਏ।।ਤੋ ਉਸਦੇ ਘਰ ਤੋਂ ਇਹੋ ਸਭ ਤੋਂ ਨਜ਼ਦੀਕੀ ਸ਼ਮਸ਼ਾਨ ਪਏਗਾ ਨਾ।”
“...ਇਕ ਮਿੰਟ...ਇਕ ਮਿੰਟ, ਅਹਿ ਦੇਖੋ ਰਾਈਟ ਵੱਲ ਕੀ ਲਿਖਿਆ ਹੋਇਆ ਏ...ਕੀ ਇਹੋ ਤਾਂ ਨਹੀਂ ਕ੍ਰੈਮੇਟੋਰੀਅਮ?”
“ਸ਼ਾਇਦ ਇਹੀ ਏ।”
“ਉਤਰ ਕੇ ਦੇਖੋ।”
“ਇਹ ਤਾਂ ਕਬਰਸਤਾਨ ਲੱਗ ਰਿਹੈ। ਹੈਨਵਰਥ ਕ੍ਰੈਮੇਟੋਰੀਅਮ ਵਿਚ ਏਨੀਆਂ ਕਬਰਾਂ ਨਹੀਂ ਹੋ ਸਕਦੀਆਂ।।ਇਹ ਗਰੇਵ ਯਾਰਡ ਏ।”
“ਤੋ ਹੁਣ ਕੀ ਕਰਾਂ?”
“ਤੂੰ ਗੱਡੀ ਸਾਈਡ 'ਚ ਰੋਕ। ਸਾਹਮਣੇ ਨਿਊਜ ਏਜੰਸੀ ਦੀ ਦੁਕਾਨ ਏਂ, ਮੈਂ ਪੁੱਛ ਕੇ ਦੱਸਦਾਂ ਬਈ ਹੈਨਵਰਥ ਕ੍ਰੈਮੇਟੋਰੀਅਮ ਕਿੱਥੇ ਐ।”
ਸਰਦਾਰ ਜੀ ਦੀ ਦੁਕਾਨ ਵਿਚ ਭੀੜ ਏ। ਮੀਂਹ ਵਿਚ ਵੀ ਲੋਕ ਸਾਮਾਨ ਖ਼ਰੀਦਨ ਨਿਕਲ ਪੈਂਦੇ ਨੇ। ਕਾਰ ਵਿਚੋਂ ਨਿਕਲ ਕੇ ਦੁਕਾਨ ਤਕ ਆਉਂਦਿਆਂ-ਆਉਂਦਿਆਂ ਉਸਦੇ ਸਿਰ ਦੇ ਵਾਲ ਭਿੱਜ ਗਏ ਨੇ। ਪਹਿਲਾਂ ਵਾਲਾਂ ਨੂੰ ਹੱਥ ਨਾਲ ਝਾੜਦਾ ਏ, ਉਹਨਾਂ ਵਿਚੋਂ ਪਾਣੀ ਛੰਡਦਾ ਏ...ਆਪਣਾ ਨੰਬਰ ਆਉਣ 'ਤੇ ਸਰਦਾਰ ਜੀ ਤੋਂ ਸਾਮਾਨ ਖ਼ਰੀਦਨ ਦੀ ਬਜਾਏ ਪੰਜਾਬੀ ਵਿਚ ਈ ਸ਼ਮਸ਼ਾਨ ਘਾਟ ਦਾ ਪਤਾ ਪੁੱਛਦਾ ਏ। “ਓ ਬਾਊ-ਜੀ ਤੁਸੀਂ ਅਹਿ ਬੋਰਡ ਨਹੀਂ ਪੜ੍ਹਿਆ, ਅਸੀਂ ਸਾਫ-ਸਾਫ ਲਿਖ ਦਿੱਤਾ ਹੋਇਐ ਕਿ ਸਾਡੀ ਦੁਕਾਨ ਪੁੱਛ-ਗਿੱਛ ਦਾ ਕਾਊਂਟਰ ਨਹੀਂ ਜੀ।”
“ਓ ਸਰਦਾਰ-ਜੀ ਹੁਣ ਮੁਰਦੇ ਨੂੰ ਤਾਂ ਨਹੀਂ ਸੀ ਨਾ ਪਤਾ ਬਈ ਤੁਸੀਂ ਅਹਿ ਬੋਰਡ ਲਾਇਆ ਹੋਇਐ। ਉਹ ਤਾਂ ਚਲਾਣਾ ਕਰ ਗਈ। ਥੋੜ੍ਹੀ ਬਹੁਤ ਹੈਲਪ ਤਾਂ ਤੁਹਾਨੂੰ ਕਰਨੀ ਈ ਚਾਹੀਦੀ ਏ ਜੀ।”
“ਚੱਲੋ ਜੀ ਪੰਜਾਬੀ ਭਰਾ ਦੀ ਮਦਦ ਕਰ ਦੇਨੇਂ ਆਂ।...ਅਹਿ ਸਾਹਮਣੇ ਜਿਹੜਾ ਗੇਟ ਵਿਖਾਲੀ ਦੇ ਰਿਹਾ ਏ ਨਾ, ਉਸ ਤੋਂ ਅੱਗੇ ਜਿਹੜਾ ਰਾਈਟ ਟਰਨ ਏਂ ਤੁਸੀਂ ਉੱਥੋਂ ਗੱਡੀ ਮੋੜ ਲਵੋ ਤੇ ਕੋਈ 400 ਗਜ ਦੇ ਬਾਅਦ ਸੱਜੇ ਹੱਥ ਹੀ ਇਕ ਹੋਰ ਗੇਟ ਆਵੇਗਾ। ਉਹ ਹੈਨਵਰਥ ਕ੍ਰੈਮੇਟੋਰੀਅਮ ਦਾ ਗੇਟ ਏ। ਵਾਹਿਗੁਰੂ ਮਿਹਰ ਕਰੇ।”
ਉਹ ਹੱਥ ਮਿਲਾ ਕੇ ਸਰਦਾਰ ਜੀ ਦਾ ਸ਼ੁਕਰੀਆ ਅਦਾਅ ਕਰਦਾ ਏ। ਉਸਦੀ ਪਤਨੀ ਗੁਜਰਾਤੀ ਏ ਤੇ ਉਹ ਖ਼ੁਦ ਪੰਜਾਬੀ। ਇਸ ਲਈ ਇਹ ਦੋਵੇਂ ਇਸੇ ਤਰ੍ਹਾਂ ਕੰਮ ਚਲਾ ਲੈਂਦੇ ਨੇ। ਜਿੱਥੇ ਗੁਜਰਾਤੀ ਚੱਲਣੀ ਹੋਵੇ, ਉੱਥੇ ਪਤਨੀ ਅੱਗੇ ਹੋ ਜਾਂਦੀ ਏ ਤੇ ਜਿੱਥੇ ਪੰਜਾਬੀ ਬੋਲਣੀ ਪਵੇ, ਉਹ ਖ਼ੁਦ। ਪਤਨੀ ਨੂੰ ਇਕ ਸ਼ਿਕਾਇਤ ਇਹ ਵੀ ਏ ਕਿ ਉਸਨੇ ਗੁਜਰਾਤੀ ਭਾਸ਼ਾ ਨਹੀਂ ਸਿੱਖੀ। ਉਹ ਵਾਪਸ ਆ ਕੇ ਕਾਰ ਵਿਚ ਬੈਠ ਜਾਂਦਾ ਏ।।
“ਹੁਣ ਚੰਗੀ ਤਰ੍ਹਾਂ ਪੁੱਛ ਕੇ ਆਏ ਓ ਨਾ? ਮੈਂ ਕਾਰ ਚਲਾਉਣੀ ਹੁੰਦੀ ਏ, ਕਾਰ ਚਲਾਉਂਦਿਆਂ-ਚਲਾਉਂਦਿਆਂ ਰਸਤੇ ਨਹੀਂ ਪੜ੍ਹ ਸਕਦੀ।”
“ਅਸੀਂ ਅੱਗੋਂ ਰਾਈਟ ਟਰਨ ਲੈਣਾ ਏਂ...ਤੇ ਪੰਜ ਸੌ ਗਜ ਦੇ ਅੰਦਰ ਇਕ ਗੇਟ ਆਏਗਾ, ਉਸ ਵਿਚ ਏਂਟਰ ਕਰ ਜਾਣੈ। ਉਸਨੇ ਗੱਲ ਨੂੰ ਵਿਗੜਨ ਤੋਂ ਰੋਕਣ ਦਾ ਯਤਨ ਕੀਤਾ।
ਬਾਕਸਹਾਲ ਜਫ਼ੀਰਾ ਤੁਰ ਪਈ। ਉਹ ਸੋਚ ਰਿਹਾ ਏ ਕਿ ਇਸ ਜ਼ਿੰਦਗੀ ਦੇ ਅਰਥ ਕੀ ਨੇ? ਸਵੇਰੇ ਤਾਂ ਖ਼ੈਰ ਉਹ ਰਵੀ ਨੂੰ ਮਜ਼ਾਕ ਕਰ ਰਿਹਾ ਸੀ।।ਪਰ ਜੇ ਉਸਦੀ ਪਤਨੀ ਸੱਚਮੁੱਚ ਮਰ ਜਾਂਦੀ ਏ ਤਾਂ ਕੀ ਉਹ ਦੁਖੀ ਹੋਏਗਾ? ਹੋ ਸਕਦਾ ਏ ਕਿ ਉਹ ਭਗਵਾਨ ਦਾ ਧੰਨਵਾਦ ਹੀ ਕਰ ਦਏ ਕਿ ਉਸਨੂੰ ਮੁਕਤੀ ਦਿਵਾਅ ਦਿੱਤੀ।...ਪਰ ਭਗਵਾਨ ਵਿਚ ਤਾਂ ਉਹ ਯਕੀਨ ਹੀ ਨਹੀਂ ਕਰਦਾ। ਫੇਰ ਇਹ ਭਗਵਾਨ ਕਿਉਂ ਵਾਰੀ ਨਾਲ ਉਸਦੇ ਜੀਵਨ ਵਿਚ ਸੰਨ੍ਹ ਲਾ ਬਹਿੰਦਾ ਏ?”
ਭਗਵਾਨ ਦੇ ਮਾਮਲੇ ਵਿਚ ਉਹ ਖਾਸਾ ਦੁਚਿੱਤਾ ਜਿਹਾ ਰਹਿੰਦਾ ਏ। ਅਜੇ ਤਕ ਉਸਨੂੰ ਪੂਰੀ ਤਰ੍ਹਾਂ ਨਕਾਰ ਨਹੀਂ ਸਕਿਆ। ਪਰ ਇਹ ਵੀ ਸੱਚ ਏ ਕਿ ਭਗਵਾਨ ਦੀ ਹੋਂਦ ਉੱਤੇ ਜਿੰਨੇ ਸਵਾਲੀਆ ਨਿਸ਼ਾਨ ਉਸ ਨੇ ਲਾਏ ਨੇ, ਜੇ ਸੱਚਮੁੱਚ ਕੋਈ ਭਗਵਾਨ ਹੈ ਤਾਂ ਉਸਦਾ ਸ਼ਰੀਰ ਸਵਾਲੀਆ ਝਰੀਟਾਂ ਨਾਲ ਭਰ ਗਿਆ ਹੋਏਗਾ। ਉਹ ਬੰਦਾ ਬੜਾ ਲਾਜੀਕਲ ਏ—ਇਨਸਾਨ ਦੀ ਬਣਾਈ ਹੋਈ ਕੋਈ ਵੀ ਵਸਤੂ, ਪ੍ਰਕ੍ਰਿਤੀ ਤੇ ਖ਼ੁਦ ਇਨਸਾਨ ਲਈ ਵੀ ਲਾਭਵੰਤ ਨਹੀਂ ਹੁੰਦੀ। ਉਸਦੀ ਬਣਾਈ ਵਸਤੂ ਉਸਦਾ ਨੁਕਸਾਨ ਹੀ ਕਰਦੀ ਹੈ। ਫੇਰ ਭਗਵਾਨ ਤਾਂ ਇਨਸਾਨ ਦੀ ਸਭ ਤੋਂ ਵੱਡੀ ਕਾਢ ਹੈ। ਭਲਾ ਉਹ ਕਿਵੇਂ ਇਨਸਾਨ ਲਈ ਫ਼ਾਇਦੇਮੰਦ ਹੋ ਸਕਦਾ ਹੈ? ਸਮਾਜ ਦਾ ਸਤਿਆਨਾਸ਼ ਕਰਕੇ ਰੱਖ ਦਿੱਤਾ। ਮਜ਼ਹਬ ਦੇ ਨਾਂ 'ਤੇ ਕੇਡੀਆਂ ਬੇਹੂਦਗੀਆਂ ਹੋ ਰਹੀਆਂ ਨੇ। ਮਾਰ-ਕਾਟ, ਬਲਾਤਕਾਰ, ਹਿੰਸਾ ਕੀ ਕੁਝ ਨਹੀਂ ਹੁੰਦਾ ਪਿਆ?
ਹੈਨਵਰਥ ਕ੍ਰੈਮੇਟੋਰੀਅਮ ਵਿਚ ਕਾਰ ਦਾਖ਼ਲ ਹੋ ਰਹੀ ਏ। ਉਸਦੀ ਸੋਚ ਦੀ ਤੰਦ ਟੁੱਟਦੀ ਏ। ਕ੍ਰੈਮੇਟੋਰੀਅਮ ਨੂੰ ਦੇਖਦਿਆਂ ਹੋਇਆਂ ਉਸਨੂੰ ਭਾਰਤ ਦੇ ਸ਼ਮਸ਼ਾਨ ਘਾਟ ਯਾਦ ਆਉਣ ਲੱਗ ਪੈਂਦੇ ਨੇ। ਇੱਥੇ ਨਾ ਕੋਈ ਅਚਾਰੀਆ ਜੀ ਏ, ਨਾ ਰੋਂਦੇ-ਪਿੱਟਦੇ ਰਿਸ਼ਤੇਦਾਰ ਤੇ ਨਾ ਈ ਸ਼ਮਸ਼ਾਨ ਘਾਟ ਦੀ ਰਹੱਸਮਈ ਚੁੱਪ। ਇੱਥੇ ਮੌਤ ਤੋਂ ਹਫ਼ਤਾ ਭਰ ਬਾਅਦ ਅੰਤਮ-ਸੰਸਕਾਰ ਕੀਤਾ ਜਾਂਦਾ ਏ। ਸ਼ਾਇਦ ਇਸੇ ਲਈ ਰਿਸ਼ਤੇਦਾਰਾਂ ਦੇ ਅੱਥਰੂ ਏਥੋਂ ਤੀਕ ਪਹੁੰਚਦੇ-ਪਹੁੰਚਦੇ ਸੁੱਕ ਜਾਂਦੇ ਨੇ।
ਉਹ ਸ਼ਾਇਦ ਥੋੜ੍ਹਾ ਲੇਟ ਹੋ ਗਏ ਨੇ। ਕ੍ਰੈਮੇਟੋਰੀਅਮ ਦਾ ਕਾਰ ਪਾਰਕ ਪੂਰੀ ਤਰ੍ਹਾਂ ਭਰ ਚੁੱਕਿਆ ਏ। ਹਲਕੀ-ਹਲਕੀ ਕਿਣਮਿਣ-ਕਾਣੀ ਅਜੇ ਵੀ ਹੋ ਰਹੀ ਏ। ਅੱਜ ਸ਼ਾਇਦ ਦੋ ਜਾਂ ਤਿੰਨ ਮੁਰਦੇ ਨਾਲੋ-ਨਾਲ ਆਉਣ ਵਾਲੇ ਨੇ। ਉਤਰੀ ਤੇ ਦੱਖਣੀ ਸਿਰਿਆਂ ਵਾਲੇ ਸਭਾ-ਘਰਾਂ ਵਿਚ ਤਾਂ ਦੋ-ਦੋ ਮੁਰਦਿਆਂ ਦਾ ਕ੍ਰਿਆ-ਕਰਮ ਇਕੱਠਾ ਹੋ ਈ ਸਕਦਾ ਏ। ਅੱਜ ਇਕ ਪਾਸੇ ਅੰਗਰੇਜ਼ ਮੁਰਦਾ ਏ, ਦੂਜੇ ਪਾਸੇ ਕਮਲ ਜੀ ਦੀ ਪਤਨੀ। ਸਭਾ ਘਰਾਂ ਦੇ ਬਾਹਰ ਗੁਲਦਸਤੇ ਕਤਾਰਾਂ ਵਿਚ ਸਜੇ ਹੋਏ ਨੇ। ਅੰਗਰੇਜ਼ ਹਰੇਕ ਕੰਮ ਕਿੰਨਾ ਤਰਕੀਬ-ਬੱਧ ਕਰਦੇ ਨੇ। ਕਿੰਨੀ ਤਰਤੀਬ ਏ ਉਹਨਾਂ ਦੇ ਮਰਨ ਵਿਚ ਵੀ। ਅਸੀਂ ਭਾਰਤੀ ਉਹਨਾਂ ਤੋਂ ਜਿਊਣਾ ਭਾਵੇਂ ਨਾ ਸਿੱਖ ਸਕੀਏ, ਘੱਟੋਘੱਟ ਮਰਨਾ ਤਾਂ ਸਿੱਖ ਈ ਲੈਣਾ ਚਾਹੀਦਾ ਏ।
ਉਸਦੀ ਪਤਨੀ ਨੂੰ ਕਾਰ ਪਾਰਕ ਕਰਨ ਲਈ ਜਗ੍ਹਾ ਨਹੀਂ ਮਿਲ ਰਹੀ। ਇਕ ਬੋਰਡ ਵੇਖ ਕੇ ਉਹਦੇ ਮੂੰਹੋਂ ਆਪ-ਮੁਹਰੇ ਨਿਕਲ ਜਾਂਦਾ ਏ, “ਓ ਬਈ ਔਧਰ ਵੇਖ, ਲਿਖਿਆ ਏ ਓਵਰ-ਫ਼ਲੋ ਪਾਰਕਿੰਗ। ਆਪ ਵੇਖ ਲੈ...।”
ਪਤਨੀ ਗੱਡੀ ਉਧਰ ਮੋੜ ਦੇਂਦੀ ਏ। ਸਾਹਮਣੇ ਇਕ ਕਾਰ ਖੜ੍ਹੀ ਏ...ਲਾਲ ਰੰਗ ਦੀ ਰੋਵਰ ਕਾਰ। ਇਕ ਪਤਲੀ ਜਿਹੀ ਸੜਕ ਏ, ਜਿਸ ਉੱਤੇ ਇਕ ਪਿੱਛੇ ਇਕ ਕੁਝ ਕਾਰਾਂ ਖੜ੍ਹੀਆਂ ਹੋ ਸਕਦੀਆਂ ਨੇ...ਵੱਧ ਤੋਂ ਵੱਧ ਪੰਜ ਜਾਂ ਛੇ ਕਾਰਾਂ। ਚਿਹਰੇ ਉੱਤੇ ਸ਼ਾਂਤੀ ਦੇ ਭਾਵ ਨਜ਼ਰ ਆਏ ਕਿ ਚਲੋ, ਕਾਰ ਪਾਰਕ ਕਰਨ ਲਈ ਬਾਹਰ ਨਹੀਂ ਜਾਣਾ ਪਏਗਾ। ਉਹ ਬਿੰਦ ਦਾ ਬਿੰਦ ਉਸੇ ਬੋਰਡ ਨਾਲ ਚਿਪਕ ਕੇ ਰਹਿ ਗਿਆ, ਜਿਸ ਉੱਤੇ 'ਓਵਰ-ਫ਼ਲੋ ਪਾਰਕਿੰਗ' ਲਿਖਿਆ ਹੋਇਆ ਸੀ।
ਅੰਗਰੇਜ਼ੀ ਭਾਸ਼ਾ ਦਾ ਮੁੱਢੋਂ ਕਾਇਲ ਰਿਹਾ ਏ ਉਹ। ਉਸਨੂੰ ਬੜਾ ਚੰਗਾ ਲੱਗਦਾ ਏ ਕਿ ਅੰਗਰੇਜ਼ੀ ਵਿਚ ਹਰ ਨਾਂਅ ਦਾ ਇਕ ਲਘੂ-ਰੂਪ ਬਣ ਜਾਂਦਾ ਏ। ਮਿਸਾਲ ਦੇ ਤੌਰ 'ਤੇ ਯੂਨਾਈਟੇਡ ਨੇਸ਼ਨਸ ਨੂੰ ਸਿਰਫ ਯੂ.ਐਨ. ਕਹਿ ਕੇ ਕੰਮ ਚਲਾਇਆ ਜਾ ਸਕਦਾ ਏ।।ਹਿੰਦੀ ਵਿਚ ਭਾਜਪਾ ਵਰਗਾ ਲਘੂ ਨਾਂ ਬਣਾ ਤਾਂ ਲਿਆ ਗਿਆ ਏ, ਪਰ ਬੜਾ ਈ ਬਨਾਉਟੀ ਜਿਹਾ ਲੱਗਦਾ ਏ। ਕੀ 'ਓਵਰ-ਫ਼ਲੋ ਪਾਰਕਿੰਗ' ਦੀ ਵੀ ਕੋਈ ਹਿੰਦੀ ਹੋ ਸਕਦੀ ਏ?
ਇਕ ਰਾਲਸ ਰਾਏਸ ਵਿਚ ਕਮਲ ਜੀ ਦੀ ਪਤਨੀ ਦੀ ਲਾਸ਼ ਆ ਪਹੁੰਚੀ ਏ। ਕਮਲ ਜੀ ਦੀ ਸਾਲੀ ਤੇ ਸੱਸ ਭਾਰਤ ਤੋਂ ਖਾਸ ਤੌਰ 'ਤੇ ਆਈਆਂ ਨੇ। ਸਿਰਫ ਉਹ ਦੋਵੇਂ ਨੇ ਜਿਹੜੀਆਂ ਭਾਰਤੀ ਅੰਦਾਜ਼ ਵਿਚ ਰੋ ਰਹੀਆਂ ਨੇ। ਬਾਕੀ ਸਾਰੇ ਚੁੱਪ-ਗੜੁੱਪ ਖੜ੍ਹੇ ਨੇ। ਇਸ ਦੇਸ਼ ਦੀ ਖਾਸ ਪ੍ਰੰਪਰਾ ਏ ਕਿ ਜਿਊਂਦੇ ਜੀਅ ਆਦਮੀ ਭਾਵੇਂ ਬਿਨਾਂ ਕਾਰ ਦੇ ਘਿਸਟਦਾ ਰਹੇ, ਪਰ ਮਰਨ ਪਿੱਛੋਂ ਉਸਦਾ ਸਰੀਰ ਇਕ ਵਾਰੀ ਰਾਲਸ ਰਾਏਸ ਦੇ ਮਜ਼ੇ ਜ਼ਰੂਰ ਲੈ ਲੈਂਦਾ ਏ। ਕਿੰਨਾ ਪਿਆਰਾ ਸਮਾਜਵਾਦ ਏ ਇਹ...
ਉਸਨੇ ਕਈ ਦੁਕਾਨਾਂ ਦੇਖੀਆਂ ਨੇ ਜਿੱਥੇ ਬੋਰਡ ਲੱਗਿਆ ਹੁੰਦਾ ਏ...'ਏਸ਼ੀਅਨ ਫ਼ਿਊਨੇਰੇਲ ਡਾਇਰੈਕਟਰਸ'। ਮੌਤ ਵੀ ਇਕ ਮਹੱਤਵਪੂਰਣ ਧੰਦਾ ਏ ਇੱਥੇ। ਹਰ ਚੀਜ਼ ਦਾ ਪੈਕੇਜ ਏ। ਤਾਬੂਤ ਦੀ ਕਵਾਲਟੀ, ਫੁੱਲਾਂ ਦੀ ਚਵਾਇਸ, ਰਾਲਸ ਰਾਏਸ ਦਾ ਮਾਡਲ, ਪ੍ਰੋਹਿਤ ਦਾ ਇੰਤਜ਼ਾਮ, ਕ੍ਰਿਆ-ਕਰਮ ਦਾ ਸਮਾਂ—ਜਿੰਨਾ ਗੁੜ ਪਾਓਗੇ, ਓਨਾ ਈ ਮਿੱਠਾ ਹੋਏਗਾ। ਨਾ ਕੋਈ ਵੱਧ ਮੰਗੇਗਾ, ਨਾ ਕੋਈ ਘੱਟ ਈ ਕਰੇਗਾ। ਤੁਹਾਡੀ ਮਰਜ਼ੀ, ਤੁਸੀਂ ਮਰਨਾ ਏਂ ਜਾਂ ਨਹੀਂ ਮਰਨਾ।
ਉਹ ਨਿਰਪੇਖ ਭਾਵ ਨਾਲ ਸਾਰੀ ਪ੍ਰਕ੍ਰਿਆ ਦੇਖ ਰਿਹਾ ਏ। ਮੰਗਲ ਸੈਨ ਰੇਡੀਓ ਦੇ ਪੁਰਾਣੇ ਆਦਮੀ ਨੇ। ਉਹਨਾਂ ਹੇਠ ਕਮਲ ਜੀ ਵਰਗੇ ਬਹੁਤ ਸਾਰੇ ਲੋਕਾਂ ਨੇ ਕੰਮ ਕੀਤਾ ਏ। ਉਹ ਪਤਨੀ ਨਾਲ ਆਏ ਹੋਏ ਨੇ। ਉਹਨਾਂ ਦੋਵਾਂ ਨੇ ਇਕ ਦੂਜੇ ਦੀ ਮੌਜੂਦਗੀ ਅੱਖਾਂ ਅੱਖਾਂ ਵਿਚ ਈ ਦਰਜ ਕਰ ਲਈ। ਸ਼ੰਕਰ ਸ਼ਰਮਾ, ਕੌਸ਼ਿਕ ਮੰਡਲ, ਏਕਤਾ ਗੁਪਤਾ, ਤੇ ਸ਼ਰੀਫ਼ ਭਾਈ ਵੀ ਨੇ। ਆਪਣੀ ਫਰੈਂਚ-ਕੱਟ ਦਾੜ੍ਹੀ ਸਮੇਤ ਅਸ਼ੋਕ ਮੁਦ੍ਰਿਲ ਵੀ ਹਾਜ਼ਰ ਏ...ਤੇ ਨਾਲ ਪਤਨੀ ਵੀ। ਆਰਬਾਜ਼ ਮੀਆਂ ਆਪਣੀ ਪਤਨੀ ਅਲਕਾ ਨਾਲ ਨੇ।।ਅੱਜ ਕਲ੍ਹ ਰੇਡੀਓ-ਇੰਚਾਰਜ ਆਰਬਾਜ਼ ਹੁਸੈਨ ਈ ਨੇ।
ਬਸ ਹੁਣ ਬਹੁਤਾ ਸਮਾਂ ਨਹੀਂ ਲੱਗੇਗਾ। ਸਭਨਾਂ ਨੂੰ ਹਾਲ ਵਿਚ ਜਾਣ ਲਈ ਕਹਿ ਦਿੱਤਾ ਗਿਆ ਏ। ਉਹ ਆਪਣੀ ਪਤਨੀ ਤੋਂ ਬਚਣ ਲਈ ਸਾਰੇ ਚਿਹਰਿਆਂ ਵੱਲ ਦੇਖਦਾ, ਉਹਨਾਂ ਦੇ ਭਾਵ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਏ। ਉਹ ਜਾਨਣਾ ਚਾਹੁੰਦਾ ਏ ਕਿ ਕਿਹੜਾ ਸੱਚਮੁੱਚ ਦੁਖੀ ਏ ਕਿਹੜਾ ਸਿਰਫ ਖਾਨਾਪੂਰੀ ਕਰਨ ਲਈ ਉੱਥੇ ਪਹੁੰਚਿਆ ਹੋਇਆ ਏ। ਹੁਣ ਭਲਾ ਉਸਦੀ ਪਤਨੀ ਨੂੰ ਕੀ ਦੁੱਖ ਹੋ ਸਕਦੈ? ਉਹ ਤਾਂ ਸੋਚ ਰਹੀ ਹੋਏਗੀ ਕਿ ਕਿੱਥੇ ਤਾਂ ਉਹ ਆਰਾਮ ਨਾਲ ਪਾਪ-ਕਾਰਨ ਖਾਂਦੀ ਹੋਈ ਨਿਸ਼ਬਦ ਦੇਖ ਰਹੀ ਹੁੰਦੀ।।ਕਿੱਥੇ ਇਸ ਬਾਰਿਸ਼ ਦੇ ਮੌਕੇ ਸ਼ਮਸ਼ਾਨ ਦੇ ਚੱਕਰ ਵਿਚ ਫਸੀ ਹੋਈ ਏ।
ਕਮਲ ਜੀ ਦੇ ਪ੍ਰੋਹਿਤ ਨੇ ਆ ਕੇ ਸਾਦੀ ਜ਼ੁਬਾਨ ਵਿਚ ਆਪਣੀ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਏ। ਵਿਚ-ਵਿਚ ਸੰਸਕ੍ਰਿਤ ਦੇ ਸ਼ਲੋਕ ਵੀ ਬੋਲ ਰਹੇ ਨੇ। ਉਹ ਅਜੇ ਵੀ ਦੇਖ ਰਿਹਾ ਏ ਕੌਣ ਕੌਣ ਆਇਆ ਏ। ਉਹ ਕਮਲ ਜੀ ਦੀ ਪਤਨੀ ਨੂੰ ਸ਼ਾਇਦ ਕਿਸੇ ਪਾਰਟੀ ਵਿਚ ਇਕ ਅੱਧੀ ਵੇਰ ਈ ਮਿਲਿਆ ਹੋਏਗਾ। ਉਹਨੂੰ ਉਹਦੀ ਸ਼ਕਲ ਵੀ ਚੇਤੇ ਨਹੀਂ। ਫੇਰ ਵੀ ਇੱਥੇ ਹਾਜ਼ਰ ਏ। ਆਦਮੀ ਮਰਨ ਵਾਲੇ ਦੇ ਕਿਉਂ ਜਾਂਦਾ ਏ? ਜਿਹੜਾ ਮਰ ਗਿਆ, ਉਸਦਾ ਸੋਗ ਮਨਾਉਣ ਜਾਂ ਜਿਹੜਾ ਜਿਊਂਦਾ ਏ ਉਸਨੂੰ ਤਸੱਲੀ ਦੇਣ...ਕਿ ਚਿੰਤਾ ਨਾ ਕਰੋ ਜੀ, ਅਜੇ ਤੁਸੀਂ ਜਿਊਂਦੇ ਓ।
ਪ੍ਰੋਹਿਤ ਨੇ ਆਪਣਾ ਕੰਮ ਸਮਾਪਤ ਕੀਤਾ।।ਸਾਹਮਣੇ ਹੀ ਸੱਜੇ ਹੱਥ ਤਾਬੂਤ ਰੱਖਿਆ ਹੋਇਆ ਏ। ਜਿਸ ਵਿਚ ਕਮਲ ਜੀ ਦੀ ਪਤਨੀ ਸਦੀਵੀਂ ਨੀਂਦ ਸੁੱਤੀ ਪਈ ਏ। “ਮੀਰਾ ਵੀ ਆਈ ਐ।” ਉਸਦੀ ਪਤਨੀ ਦੀ ਧੀਮੀ ਆਵਾਜ਼ ਸੁਣਾਈ ਦਿੱਤੀ। ਉਸਨੇ ਕੋਈ ਜਵਾਬ ਨਾ ਦਿੱਤਾ।
ਅਚਾਨਕ ਉਸਦੇ ਦਿਮਾਗ਼ ਵਿਚ ਇਕ ਗੱਲ ਆਈ...'ਕੀ ਸਾਰੇ ਅੰਗਰੇਜ਼ ਮ੍ਰਿਤਕ ਦੇਹ ਨੂੰ ਕਬਰ ਵਿਚ ਦਬਾਉਂਦੇ ਨੇ ਜਾਂ ਕੁਝ ਸਾੜਦੇ ਵੀ ਨੇ? ਜਾਂ ਫੇਰ ਆਪੋ-ਆਪਣੀ ਮਰਜ਼ੀ ਨਾਲ ਜੋ ਜੀਅ ਚਾਹੇ...ਪਰ ਇਹ ਤਾਂ ਕੋਈ ਤਰੀਕਾ ਨਾ ਹੋਇਆ। ਮੌਤ ਲਈ ਕੁਝ ਵਿਧੀਆਂ ਦਾ ਪਾਲਨ ਕਰਨਾਂ ਚਾਹੀਦੈ...ਪਰ ਕੀ ਜ਼ਿੰਦਗੀ ਖ਼ੁਦ ਕਿਸੇ ਬਣੇ-ਬਣਾਏ ਫਰਮੇ ਵਿਚ ਚੱਲ ਰਹੀ ਏ? ਫੇਰ ਮੌਤ ਭਲਾ ਕਿਉਂ ਕਿਸੇ ਕਿਸਮ ਦੀ ਬੰਦਿਸ਼ ਦੀ ਮੁਥਾਜ ਹੋਵੇ?'
ਕਮਲ ਜੀ ਖ਼ੁਦ ਖੜ੍ਹੇ ਹੋ ਕੇ ਮਾਈਕ ਵਿਚ ਆਪਣੀ ਪਤਨੀ ਬਾਰੇ ਕੁਝ ਦੱਸ ਰਹੇ ਨੇ। ਇਹ ਇਕ ਹੋਰ ਚੰਗੀ ਪ੍ਰਥਾ ਏ ਜਿਹੜੀ ਬ੍ਰਿਟੇਨ ਦੇ ਭਾਰਤੀਆਂ ਨੇ ਇੱਥੋਂ ਦੇ ਵਾਸਨੀਕ ਲੋਕਾਂ ਤੋਂ ਸਿੱਖੀ ਏ। “ਸੁਧਾ ਨਾਲ ਮੈਂ ਸਿਰਫ ਦੋ ਵਰ੍ਹੇ ਬਿਤਾਏ। ਮੁੰਬਈ ਵਿਚ ਜਦੋਂ ਮੈਂ ਆਪਣਾ ਨਾਵਲ 'ਗਟਰ ਗੰਗਾ' ਲਿਖ ਰਿਹਾ ਸਾਂ ਉਹਨੀਂ ਦਿਨੀ ਸੁਧਾ ਨਾਲ ਮੇਰੀ ਮੁਲਾਕਾਤ ਹੋਈ। ਦੇਖਣ ਵਿਚ ਬਾਲੜੀ ਜਿਹੀ ਲੱਗਦੀ ਸੀ ਉਹ।...” ਉਸਨੂੰ ਲੱਗਿਆ ਜਿਵੇਂ ਕਮਲ ਜੀ ਰੇਡੀਓ 'ਤੇ ਸਮਾਚਾਰ ਪੜ੍ਹ ਰਹੇ ਨੇ। ਕੀ ਸੱਚਮੁੱਚ ਉਸਨੂੰ ਸੁਧਾ ਬਾਰੇ ਜਾਣਨ ਦੀ ਇੱਛਾ ਏ? ਉਸਦਾ ਮਨ ਕਿਉਂ ਉਚਾਟ ਹੋ ਗਿਆ ਏ? ਅੱਜ ਪਹਿਲੀ ਵਾਰੀ ਤਾਂ ਉਸਦੀ ਪਤਨੀ ਨੇ ਅਜਿਹਾ ਵਿਹਾਰ ਨਹੀਂ ਕੀਤਾ। ਫੇਰ ਏਨਾ ਪ੍ਰੇਸ਼ਾਨ ਕਿਉਂ ਏਂ ਉਹ?
ਕ੍ਰਿਆ-ਕਰਮ ਪਿੱਛੋਂ ਕਮਲ ਜੀ ਦੇ ਘਰ ਸ਼ਰਾਬ ਤੇ ਭੋਜਨ ਦਾ ਪ੍ਰਬੰਧ ਏ। ਇਹ ਵੀ ਅੰਗਰੇਜ਼ਾਂ ਤੋਂ ਈ ਸਿੱਖਿਆ ਏ। ਅੰਗਰੇਜ਼ ਅੰਤਮ-ਸੰਸਕਾਰ ਪਿੱਛੋਂ ਕਿਸੇ ਪੱਬ ਵਿਚ ਇਕੱਠੇ ਹੁੰਦੇ ਨੇ ਤੇ ਸਭਨਾਂ ਨੂੰ ਸ਼ਰਾਬ ਪਿਆਈ ਜਾਂਦੀ ਏ। ਅੰਗਰੇਜ਼ ਜੀਵਨ ਦੇ ਕਿਸੇ ਪੱਖ ਨੂੰ ਵੀ ਉਤਸਵ ਬਣਾ ਸਕਦਾ ਨੇ। ਹਿੰਦੂਆਂ ਨੇ ਇਸ ਪ੍ਰਥਾ ਨਾਲ ਭੋਜ ਜੋੜ ਦਿੱਤਾ ਏ। ਬ੍ਰਿਟੇਨ ਦੇ ਗੋਰੇ ਆਦਮੀ ਨੂੰ ਹਿੰਦੂਆਂ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ।।ਇਹ ਲੋਕ ਕਿਸੇ ਵੀ ਸਮਾਜਿਕ ਵਿਵਸਥਾ ਨਾਲ ਜੁੜ ਜਾਂਦੇ ਨੇ। ਮਜ਼ਹਬ ਲਈ ਲੜਾਈ ਨਹੀਂ ਕਰਦੇ। ਸਮਾਜ ਵਿਚ ਆਪਣਾ ਯੋਗਦਾਨ ਪਾਉਂਦੇ ਨੇ। ਅਰਥ-ਵਿਵਸਥਾ ਨੂੰ ਮਜ਼ਬੂਤ ਕਰਦੇ ਨੇ। ਅਚਾਨਕ ਉਸਨੂੰ ਆਪਣੇ ਹਿੰਦੂ ਹੋਣ 'ਤੇ ਮਾਣ ਮਹਿਸੂਸ ਹੋਣ ਲੱਗ ਪਿਆ।
ਪ੍ਰੋਹਿਤ ਇਕ ਵਾਰ ਫੇਰ ਸ਼ਲੋਕ ਪੜ੍ਹਨੇ ਸ਼ੁਰੂ ਕਰ ਦੇਂਦਾ ਏ। ਹੁਣ ਅੰਤਮ ਸੱਚਾਈ ਦਾ ਪਲ ਆ ਚੁੱਕਿਆ ਏ। ਸਿਰਫ ਦੋ ਮਿੰਟ ਵਿਚ ਸਰੀਰ ਦਾ ਮਾਸ, ਪਿਘਲ ਜਾਏਗਾ ਤੇ ਹੱਡੀਆਂ ਦਾ ਚੂਰਨ ਬਣ ਜਾਏਗਾ। ਹੱਡ-ਮਾਸ ਦੇ ਇਨਸਾਨ ਨੂੰ ਦੋ ਮਿੰਟਾਂ ਵਿਚ ਇਕ ਥੈਲੀ ਵਿਚ ਪਾ ਕੇ ਵਾਪਸ ਕਰ ਦਿੱਤਾ ਜਾਏਗਾ। ਪ੍ਰੋਹਿਤ ਦੇ ਸ਼ਲੋਕਾਂ ਦੇ ਨਾਲ ਨਾਲ ਉਹ ਪਟੀ ਚੱਲਣ ਲੱਗ ਪਈ ਏ ਜਿਸ ਉੱਤੇ ਤਾਬੂਤ ਰੱਖਿਆ ਹੋਇਆ ਏ। ਸਾਰੇ ਖੜ੍ਹੇ ਹੋ ਕੇ ਮ੍ਰਿਤਕ ਦੀ ਆਦਮਾ ਨੂੰ ਸ਼ਰਧਾਂਜਲੀ ਪੇਸ਼ ਕਰ ਰਹੇ ਨੇ। ਜੇ ਇਹੀ ਅੰਤਮ ਸੱਚ ਏ ਤਾਂ ਉਹ ਤੇ ਉਸਦੀ ਪਤਨੀ ਹਰ ਵੇਲੇ ਝਗੜਦੇ ਕਿਉਂ ਰਹਿੰਦੇ ਨੇ? ਫੇਰ ਇਹ ਤੂੰ-ਤੂੰ ਮੈਂ-ਮੈਂ ਕਿਸ ਲਈ?
ਜਦੋਂ ਤਕ ਕਮਲ ਜੀ ਦੀ ਪਤਨੀ ਨੂੰ ਥੈਲੀ ਵਿਚ ਬੰਦ ਕਰ ਦਿੱਤਾ ਜਾਣਾ ਏਂ, ਓਦੋਂ ਤਕ ਦਾ ਸਮਾਂ ਏ ਲੋਕਾਂ ਕੋਲ ਆਪੋ-ਆਪਣੀ ਗੱਲਬਾਤ ਕਰ ਲੈਣ ਦਾ। ਅਗਲੇ ਕਾਰਜ-ਕਰਮ ਉਲੀਕੇ ਜਾਣ ਲੱਗ ਪਏ ਨੇ। ਕਲ੍ਹ, ਪਰਸੋਂ, ਅਗਲੇ ਹਫ਼ਤੇ ਤਕ ਦੇ ਪ੍ਰੋਗਰਾਮ ਫਾਈਨਲ ਹੋ ਰਹੇ ਨੇ। ਹੁਣ ਗੱਲ ਕਰਦਿਆਂ-ਕਰਦਿਆਂ ਚਿਹਰੇ ਉੱਤੇ ਮੁਸਕਾਨ ਵੀ ਦਿਖਾਈ ਦੇਣ ਲੱਗ ਪਈ ਏ। ਜਿਸ ਜਿਸ ਦਾ ਜਿੰਨਾ ਨਜ਼ਦੀਕੀ ਰਿਸ਼ਤਾ ਏ ਉਸਦੇ ਚਿਹਰੇ ਉੱਤੇ ਓਹੋ-ਜਿਹੇ ਭਾਵ ਵੀ ਨੇ। ਉਸਦਾ ਮਨ ਆਸ-ਪਾਸ ਦੀ ਸੁੰਦਰ ਹਰਿਆਲੀ ਵਿਚ ਜਾ ਪਹੁੰਚਿਆ ਏ...'ਕਿੰਨਾ ਸੁੰਦਰ ਏ ਇਹ ਕ੍ਰੈਮੇਟੋਰੀਅਮ। ਇਸਨੂੰ ਦੇਖ ਕੇ ਤਾਂ ਵਾਰ-ਵਾਰ ਮਰਨ ਨੂੰ ਜੀਅ ਕਰਦੈ।'
ਕਮਲ ਜੀ, ਉਹਨਾਂ ਦਾ ਪਹਿਲੀ ਪਤਨੀ ਦਾ ਪੁੱਤਰ ਅਜਿਤ, ਕਮਲ ਜੀ ਦੀ ਸੱਸ, ਸਾਲੀ ਤੇ ਹੋਰ ਰਿਸ਼ਤੇਦਾਰ ਸਭ ਨੂੰ ਵਿਦਾਅ ਕਰਨ ਲਈ ਹੱਥ ਜੋੜ ਕੇ ਖੜ੍ਹੇ ਹੋ ਗਏ ਨੇ। ਲੋਕਾਂ ਨੇ ਉਹਨਾਂ ਨੂੰ ਦੇਖ-ਦੇਖ ਵਿਦਾਅ ਹੋਣਾ ਸ਼ੁਰੂ ਕਰ ਦਿੱਤਾ ਏ। ਸ਼ਰੀਫ਼ ਭਾਈ ਉਹਨਾਂ ਕੋਲ ਆ ਕੇ ਖਲੋ ਗਏ ਨੇ, ““ਕਿਉਂ ਭਾਈ ਜਾਨ, ਕੀ ਪ੍ਰੋਗਰਾਮ ਏਂ? ਕਮਲ ਜੀ ਕੇ ਘਰ ਚੱਲ ਰਹੇ ਓ ਨਾ?”
“ਨਹੀਂ ਸ਼ਰੀਫ਼ ਭਾਈ, ਤੁਹਾਡੀ ਭਾਬੀ ਸਾਹਿਬਾ ਨੂੰ ਕੋਈ ਜ਼ਰੂਰੀ ਕੰਮ ਏਂ। ਬਸ ਇੱਥੋਂ ਸਿੱਧੇ ਉੱਥੇ ਜਾ ਰਹੇ ਆਂ।”ਪਤਨੀ ਕਦੀ-ਕਦੀ ਢਾਲ ਦਾ ਕੰਮ ਵੀ ਦੇ ਜਾਂਦੀ ਏ।
“ਯਾਰ ਸਾਡਾ ਤਾਂ ਪੁਰਾਣਾ ਰਿਸ਼ਤਾ ਏ। ਅਸ਼ੋਕ ਜੀ ਦੀ ਕਾਰ ਵਿਚ ਜਾ ਰਹੇ ਆਂ। ਅੱਜ ਰਾਤ ਦਾ ਖਾਣਾ ਵੀ ਕਮਲ ਜੀ ਦੇ ਘਰੇ ਈ ਹੋਏਗਾ।” ਸ਼ਰੀਫ਼ ਮੀਆਂ ਕਮਲ ਜੀ ਨਾਲ ਆਪਣੀ ਨੇੜਤਾ ਦਾ ਪ੍ਰਦਰਸ਼ਨ ਕਰ ਰਹੇ ਸੀ।
ਉਸਨੂੰ ਉਸ ਪ੍ਰਦਰਸ਼ਨ ਵਿਚ ਕੋਈ ਰੁਚੀ ਨਹੀਂ ਸੀ। ਦਰਅਸਲ ਅੱਜ ਸ਼ਮਸ਼ਾਨ ਵਿਚ ਆ ਕੇ ਉਸਦਾ ਮਨ ਉਚਾਟ ਹੋ ਗਿਆ ਏ। ਉਹ ਕਿਧਰੇ ਦੂਰ ਨੱਸ ਜਾਣਾ ਚਾਹੁੰਦਾ ਏ। ਫੇਰ ਅਚਾਨਕ ਉਸਨੂੰ ਸ਼ਮਸ਼ਾਨ ਨਾਲ ਪਿਆਰ ਹੋਣ ਲੱਗਦਾ ਏ। ਉਸਨੂੰ ਲੱਗਦਾ ਏ ਕਿ ਹਰ ਮੁਸੀਬਤ ਦਾ ਹੱਲ ਸ਼ਮਸ਼ਾਨ ਈ ਤਾਂ ਏਂ। ਦੂਜੀ ਸ਼ਾਦੀ ਇਕ ਨਿਰੰਤਰ ਮੌਤ ਏ, ਜਿਸ ਪਿੱਛੋਂ ਪਲ-ਪਲ ਮਰ ਰਿਹਾ ਏ ਉਹ। ਬਚਨ ਦੀ ਕੋਈ ਸੰਭਾਵਨਾ ਨਹੀਂ। ਇੰਜ ਕਿਉਂ ਹੁੰਦਾ ਏ ਕਿ ਇਕ ਪਲ ਦੀ ਗਲਤੀ ਲਈ ਇਨਸਾਨ ਨੂੰ ਉਮਰ ਭਰ ਦੀ ਸਜ਼ਾ ਹੋ ਜਾਂਦੀ ਏ। ਕੀ ਸ਼ਮਸ਼ਾਨ ਵਿਚ ਇਕ ਨਵਾਂ ਜੀਵਨ ਜਨਮ ਨਹੀਂ ਲੈ ਲੈਂਦਾ?
ਆਰਬਾਜ਼ ਵੀ ਆਪਣੀ ਪਤਨੀ ਨਾਲ ਵਿਦਾਅ ਲੈ ਰਿਹਾ ਏ। ਉਸਦੇ ਅੱਗੇ ਮੰਗਲ ਜੀ ਨੇ ਤੇ ਪਿੱਛੇ ਸ਼ਨੀ ਯਾਨੀ ਉਸਦੀ ਆਪਣੀ ਪਤਨੀ। ਉਹ ਆਪਣੀ ਪਤਨੀ ਨਾਲ ਕਮਲ ਜੀ ਨੂੰ ਹੱਥ ਜੋੜ ਕੇ ਅੱਗੇ ਵਧ ਜਾਂਦਾ ਏ। ਉਹ ਅੰਗਰੇਜ਼ਾਂ ਦੇ ਇਕ ਰਿਵਾਜ਼ ਬਾਰੇ ਜਾਣਦਾ ਏ। ਜਦੋਂ ਸਾਰਾ ਕਾਰਜ ਨਿੱਬੜ ਜਾਂਦਾ ਏ ਤਾਂ ਘਰ ਦਾ ਇਕ ਵੱਡਾ ਆਉਣ ਵਲਿਆਂ ਨੂੰ ਕਹਿ ਦਿੰਦਾ ਏ ਕਿ ਜਿਸਨੂੰ ਜਿਹੜਾ ਵੀ ਫੁੱਲਾਂ ਦਾ ਗੁਲਦਸਤਾ ਪਸੰਦ ਏ, ਲੈ ਜਾ ਸਕਦਾ ਏ। ਕੁਝ ਲੋਕ ਤਾਂ ਇਸੇ ਚੱਕਰ ਵਿਚ ਕਾਫੀ ਦੇਰ ਤਕ ਰੁਕੇ ਰਹਿੰਦੇ ਨੇ ਕਿ ਆਪਣੀ ਪਸੰਦ ਦੇ ਫੁੱਲ ਹਾਸਿਲ ਕਰ ਸਕਣ। ਜਦੋਂ ਕਿ ਹਿੰਦੂਆਂ ਵਿਚ ਮੁਰਦੇ ਨਾਲ ਜੁੜੀ ਕਿਸੇ ਵੀ ਚੀਜ਼ ਪ੍ਰਤੀ ਇਕ ਵੱਖਰੀ ਭਾਵਨਾ ਹੁੰਦੀ ਏ। ਇੱਥੇ ਅਜਿਹਾ ਕੁਝ ਨਹੀਂ ਹੋਵੇਗਾ। ਹੋ ਸਕਦਾ ਏ ਕੋਈ ਹੋਰ ਅੰਗਰੇਜ਼ ਇਹਨਾਂ ਫੁੱਲਾਂ ਨੂੰ ਘਰ ਲਿਜਾਅ ਕੇ ਆਪਣਾ ਕਮਰਾ ਸਜ਼ਾ ਲਏ।
“ਤੂੰ ਕਦੀ ਸੋਚਿਆ ਏ ਕਿ ਅੰਗਰੇਜ਼ ਆਪਣੇ ਅੱਥਰੂ ਕਿੰਜ ਰੋਕਦਾ ਏ? ਕੀ ਤੂੰ ਕਦੀ ਕਿਸੇ ਅੰਗਰੇਜ਼ ਨੂੰ ਮਾਤਮ ਦੌਰਾਨ ਰੋਂਦਾ-ਵਿਲਕਦਾ ਦੇਖਿਆ ਏ?””ਉਹ ਆਪਣੀ ਪਤਨੀ ਨਾਲ ਆਪਣੇ ਇਸ ਫੁਰਨੇ ਨੂੰ ਸਾਂਝਾ ਕਰਨ ਲਈ ਉਤਸੁਕ ਏ। ਪਰ ਪਤਨੀ ਕੋਲ ਉਸਦੀਆਂ ਫ਼ਾਲਤੂ ਗੱਲਾਂ ਲਈ ਸਮਾਂ ਨਹੀਂ।
ਉਹ ਫੇਰ ਵੀ ਆਪਣੀ ਗੱਲ ਜਾਰੀ ਰੱਖਦਾ ਏ, “ਇਹ ਗੋਰੇ ਲੋਕ ਆਪਣੀ ਨੱਕ ਦੇ ਉਸ ਉਪਰਲੇ ਹਿੱਸੇ ਨੂੰ ਦਬਾਉਂਦੇ ਨੇ ਜਿੱਥੋਂ ਹੰਝੂਆਂ ਦੀ ਸਪਲਾਈ ਹੁੰਦੀ ਏ। ਬਸ ਇਸੇ ਤਰ੍ਹਾਂ ਆਪਣੇ ਅੱਥਰੂ ਰੋਕ ਲੈਂਦੇ ਨੇ।”
ਪਤਨੀ ਸ਼ਾਇਦ ਸੋਚ ਰਹੀ ਹੋਏਗੀ ਕਿ ਜਦੋਂ ਮੈਨੂੰ ਇਹਦੀ ਬਕਵਾਸ ਵਿਚ ਰੁਚੀ ਈ ਨਹੀਂ ਤਾਂ ਇਹ ਬੋਲੀ ਕਿਉਂ ਜਾ ਰਿਹੈ। ਉਹ ਚੁੱਪ ਹੋ ਕੇ ਪਤਨੀ ਦੇ ਪਿੱਛੇ ਤੁਰ ਪਿਆ ਏ।
“ਓ ਸ਼ਿਟ, ਸਾਡੀ ਕਾਰ ਤਾਂ ਵਿਚਾਲੇ ਫਸ ਗਈ ਏ।””ਉਸਨੂੰ ਆਪਣੀ ਪਤਨੀ ਦੀ ਆਵਾਜ਼ ਸੁਣਾਈ ਦਿੰਦੀ ਏ। ਹੁਣ ਉਸਨੂੰ ਵੀ ਓਵਰ-ਫ਼ਲੋ ਪਾਰਕਿੰਗ ਦਾ ਚੱਕਰ ਸਮਝ ਵਿਚ ਆ ਰਿਹਾ ਏ। ਸਮੱਸਿਆ ਤਾਂ ਖੜ੍ਹੀ ਹੋ ਈ ਚੁੱਕੀ ਏ। ਲਾਲ ਰੰਗ ਦੀ ਰੋਵਰ ਕਾਰ ਉਹਨਾਂ ਦੀ ਕਾਰ ਅੱਗੇ ਹੁਣ ਵੀ ਖੜ੍ਹੀ ਏ ਤੇ ਉਹਨਾਂ ਦੀ ਕਾਰ ਪਿੱਛੇ ਤਿੰਨ ਕਾਰਾਂ ਹੋਰ ਆਣ ਕੇ ਖਲੋ ਗਈਆਂ ਨੇ।
“ਆਪਾਂ ਤਾਂ ਹੁਣ ਫਸ ਗਏ। ਜਦੋਂ ਤਕ ਅਗਲੀ ਕਾਰ ਨਹੀਂ ਹਟਦੀ ਆਪਾਂ ਆਪਣੀ ਕਾਰ ਹਿਲਾ ਵੀ ਨਹੀਂ ਸਕਦੇ।”
“ਜਦੋਂ ਦਾ ਥੁਹਾਡੇ ਨਾਲ ਵਿਆਹ ਹੋਇਆ ਏ, ਮੇਰੀ ਤਾਂ ਪੂਰੀ ਜ਼ਿੰਦਗੀ ਫਸੀ ਪਈ ਏ। ਕਾਰ ਤਾਂ ਫਸੇਗੀ ਈ।”
“ਹੁਣ ਇਹ ਕਾਰ ਫਸਾਉਣ ਵਿਚ ਮੇਰਾ ਤਾਂ ਕੋਈ ਦੋਸ਼ ਨਹੀਂ ਨਾ! ਅਹਿ ਜਿੰਨੇ ਲੋਕਾਂ ਦੀਆਂ ਕਾਰਾਂ ਖੜ੍ਹੀਆਂ ਨੇ ਉਹਨਾਂ ਸਾਰਿਆਂ ਨੂੰ ਇਕ ਦੂਜੇ ਦੀ ਉਡੀਕ ਕਰਨੀ ਪਏਗੀ ਨਾ?” ਉਹ ਜਿਵੇਂ ਆਪਣੀ ਸਫਾਈ ਦੇ ਰਿਹਾ ਸੀ।
“ਤੁਸੀਂ ਈ ਤਾਂ ਕਿਹਾ ਸੀ ਕਾਰ ਇੱਥੇ ਖੜ੍ਹੀ ਕਰ ਦੇਅ। ਜੇ ਮੈਂ ਬਾਹਰ ਜਾ ਕੇ ਸਿੰਗਲ ਲਾਈਨ 'ਤੇ ਖੜ੍ਹੀ ਕਰ ਆਉਂਦੀ ਤਾਂ ਹੁਣ ਤਕ ਅਸੀਂ ਕਿੱਥੋਂ ਦੇ ਕਿੱਥੇ ਪਹੁੰਚ ਜਾਂਦੇ।”
“ਮੈਂ ਤਾਂ ਤੇਰਾ ਫਾਇਦਾ ਈ ਕੀਤਾ ਸੀ, ਨਹੀਂ ਤਾਂ ਮੇਨ ਗੇਟ ਤੋਂ ਏਥੋਂ ਤਕ ਭਿੱਜਦੀ ਈ ਆਉਂਦੀ। ਜਦੋਂ ਕ੍ਰੈਮੇਟੋਰੀਅਮ ਵਾਲਿਆਂ ਨੇ ਜਗ੍ਹਾ ਬਣਾਈ ਹੋਈ ਏ ਤਾਂ ਇਸਦਾ ਇਹੋ ਤਾਂ ਮਤਲਬ ਏ ਕਿ ਲੋਕ ਗੱਡੀ ਖੜ੍ਹੀ ਕਰਦੇ ਈ ਹੋਣਗੇ।”
“ਮੈਂ ਹੋਰਾਂ ਤੋਂ ਕੀ ਲੈਣੈ...ਅਸੀਂ ਤਾਂ ਫਸ ਗਏ ਨਾ। ਇਕ ਤਾਂ ਅੱਜ ਈ ਆਉਣਾ ਸੀ ਇੱਥੇ...ਤੁਸੀਂ ਤੇ ਥੁਹਾਡੀ ਜਾਣ-ਪਛਾਣ ਵਾਲੇ ਹਮੇਸ਼ਾ ਮੇਰੇ ਲਈ ਮੁਸੀਬਤ ਈ ਖੜ੍ਹੀ ਕਰਦੇ ਰਹਿੰਦੇ ਓ।”
ਉਸਨੂੰ ਮਹਿਸੂਸ ਹੋਣ ਲੱਗਦਾ ਏ ਜਿਵੇਂ ਉਸਦੀ ਕਾਰ ਈ ਓਵਰ-ਫ਼ਲੋ ਪਾਰਕਿੰਗ ਵਿਚ ਨਹੀਂ ਫਸੀ, ਸਗੋਂ ਸਾਰਾ ਜੀਵਨ ਈ ਓਵਰ-ਫ਼ਲੋ ਪਾਰਕਿੰਗ ਦਾ ਹਿੱਸਾ ਬਣ ਗਿਆ ਏ,““ਤੂੰ ਘੱਟੇਘੱਟ ਇਹੋ ਜਿਹੀ ਜਗ੍ਹਾ ਤਾਂ ਆਪਣੀ ਜ਼ੁਬਾਨ ਦੀ ਕੁਸੈਲ 'ਤੇ ਕਾਬੂ ਰੱਖਣ ਦੀ ਕੋਸ਼ਿਸ਼ ਕਰ ਸਕਦੀ ਏਂ। ਆਉਂਦੇ-ਜਾਂਦੇ ਲੋਕ ਵੇਖ ਰਹੇ ਨੇ।” ਉਹ ਪ੍ਰੇਸ਼ਾਨ ਹੋ ਜਾਂਦਾ ਏ। ਸ਼ਰੀਫ਼ ਭਾਈ, ਅਸ਼ੋਕ ਜੀ ਦੀ ਕਾਰ ਵਿਚ ਲੱਦੇ ਜਾ ਰਹੇ ਨੇ। ਜਾਂਦੇ ਜਾਂਦੇ ਹੱਥ ਹਿਲਾਉਂਦੇ ਹੋਏ ਬਾਏ ਬਾਏ ਕਹਿੰਦੇ ਨੇ। ਉਹ ਆਪਣੇ ਬੁੱਲ੍ਹਾਂ ਉੱਤੇ ਨਕਲੀ ਜਿਹੀ ਮੁਸਕਾਨ ਲਿਆ ਕੇ ਉਹਨਾਂ ਦੀ ਬਾਏ ਦਾ ਜੁਆਬ ਦੇਂਦਾ ਏ।
“ਮੇਰੀ ਜ਼ੁਬਾਨ ਦੀ ਬਜਾਏ ਤੁਸੀਂ ਆਪਣੇ ਐਕਸ਼ਨ ਉਪਰ ਕਾਬੂ ਪਾਓ। ਜਦੋਂ ਦਾ ਵਿਆਹ ਹੋਇਆ ਏ ਮੈਨੂੰ ਕੋਈ ਨਾ ਕੋਈ ਟੈਂਸ਼ਨ ਦੇਂਦੇ ਈ ਰਹਿੰਦੇ ਓ। ਕਦੀ ਕਿਸੇ ਦਾ ਫ਼ੋਨ ਆ ਜਾਂਦਾ ਏ ਤੇ ਕਦੀ ਕਿਸੇ ਦੀ ਚਿੱਠੀ ਜਾਂ ਫੇਰ ਐਸ.ਐਮ.ਐਸ.। ਥੁਹਾਡਾ ਕੋਈ ਕਰੈਕਟਰ ਵੀ ਹੈ ਕਿ...? ਹੁਣ ਸਹੁਰਾ ਸਾਹਬ ਬਣ ਗਏ ਓ—ਜੇ ਥੁਹਾਡਾ ਜਵਾਈ ਥੁਹਾਡੀ ਧੀ ਨਾਲ ਇੰਜ ਕਰੇ ਤਾਂ ਫੇਰ ਆਏਗੀ ਥੁਹਾਡੀ ਅਕਲ ਠਿਕਾਣੇ।”
“ਤੂੰ ਏਨੀਆਂ ਘਟੀਆ ਗੱਲਾਂ ਸੋਚ ਕਿੰਜ ਲੈਂਦੀ ਏਂ?”
“ਜੇ ਥੁਹਾਨੂੰ ਏਨੀਆਂ ਘਟੀਆ ਹਰਕਤਾਂ ਕਰਦਿਆਂ ਸ਼ਰਮ ਨਹੀਂ ਆਉਂਦੀ ਤਾਂ ਮੈਨੂੰ ਕਹਿਣ 'ਚ ਕੀ ਸ਼ਰਮ ਏ?”
“ਤੂੰ ਤਾਂ ਕਿਸੇ ਦੀ ਉਮਰ ਦਾ ਲਿਹਾਜ਼ ਵੀ ਨਹੀਂ ਕਰਦੀ। ਜੋ ਮੂੰਹ 'ਚ ਆਉਂਦੈ, ਜਿਸ ਬਾਰੇ ਵੀ ਆਉਂਦੈ, ਬਸ ਸ਼ੁਰੂ ਹੋ ਜਾਨੀਂ ਏਂ।”
“ਤੇ ਥੁਹਾਨੂੰ ਕਿਹੜੀ ਉਮਰ ਦੀ ਪ੍ਰਵਾਹ ਏ। ਤੁਸੀਂ ਤਾਂ ਸੋਲਾਂ ਤੋਂ ਸੱਤਰਾਂ ਤਕ ਦੀਆਂ ਔਰਤਾਂ ਨੂੰ ਛੱਡਣ ਵਾਲੇ ਨਹੀਂ। ਯਾਦ ਨਹੀਂ ਆਪਣੀ ਧੀ ਦੀ ਉਮਰ ਦੀ ਨੌਕਰਾਣੀ ਨਾਲ ਬੌਮਬੇ ਵਿਚ ਸੌਂ ਜਾਂਦੇ ਸੌਂ? ਜਦੋਂ ਤੁਸੀਂ ਉਸਨੂੰ ਨਹੀਂ ਛੱਡਿਆ ਤਾਂ ਕਿਸੇ ਹੋਰ ਤੋਂ ਕੀ ਪ੍ਰਹੇਜ਼ ਕਰੋਗੇ?”
ਉਹ ਗੁੱਸੇ ਵੱਸ ਕੰਬਣ ਲੱਗਿਆ ਏ। ਉਸਨੂੰ ਸਮਝ ਨਹੀਂ ਆ ਰਹੀ ਕਿ ਇਸ ਬਦਤਮੀਜ਼ੀ ਦਾ ਕੀ ਜਵਾਬ ਦਵੇ! ਉਦੋਂ ਈ ਮੰਗਲ ਜੀ ਤੇ ਉਹਨਾਂ ਦੀ ਪਤਨੀ ਦੀ ਗੱਡੀ ਸਾਹਮਣਿਓਂ ਲੰਘਦੀ ਏ। ਉਹ ਗੱਡੀ ਰੋਕ ਕੇ ਪੁੱਛਦੇ ਨੇ, “ਕਿਉਂ ਭਰਾ, ਕੀ ਮਸਲਾ ਏ?...ਔਹ ਗੱਡੀ ਫਸੀ ਖੜ੍ਹੀ ਏ। ਅੱਛਾ ਭਾਈ ਅਸੀਂ ਤਾਂ ਚਲਦੇ ਆਂ। ਤੁਸੀਂ ਦੋਵੇਂ ਮੀਆਂ ਬੀਵੀ ਬਾਰਿਸ਼ ਦਾ ਮਜ਼ਾ ਲਓ।””ਮੰਗਲ ਜੀ ਦੀ ਗੱਲ ਨੇ ਉਸਨੂੰ ਗੁੱਸਾ ਰੋਕਣ ਵਿਚ ਮਦਦ ਦਿੱਤੀ। ਪਰ ਉਹਦਾ ਅੰਦਰ ਛਲਣੀ ਹੋ ਚੁੱਕਿਆ ਏ। ਉਸਦੀ ਪਤਨੀ ਦੀ ਸ਼ਬਦ-ਬਾਣ ਮਾਰਨ ਦੀ ਕੋਈ ਹੱਦ-ਸੀਮਾਂ ਨਹੀਂ।
“ਤੂੰ ਹਰ ਵੇਲੇ ਇਹ ਜਿਹੜਾ ਜ਼ਹਿਰ ਉਗਲਦੀ ਰਹਿੰਦੀ ਏਂ, ਇਸ ਨਾਲ ਤੈਨੂੰ ਕਦੀ ਕੋਈ ਲਾਭ ਹੋਇਐ? ਤੂੰ ਹਮੇਸ਼ਾ ਮੈਨੂੰ ਹਰਾਉਣ ਦੀ ਤਾੜ ਵਿਚ ਰਹਿੰਦੀ ਏਂ। ਯਾਦ ਰੱਖ ਆਪਣੇ ਪਤੀ ਨੂੰ ਹਰਾਉਣਾ ਬੜਾ ਮੁਸ਼ਕਿਲ ਹੁੰਦਾ ਏ ਜਦਕਿ ਉਸਨੂੰ ਜਿੱਤ ਲੈਣਾ ਬੜਾ ਆਸਾਨ। ਇਸ ਕਿਸਮ ਦੀਆਂ ਗੱਲਾਂ ਦੀ ਬਜਾਏ ਜੇ ਤੂੰ ਮੇਰੇ ਬੱਚਿਆਂ ਨੂੰ ਪਿਆਰ ਦੇਂਦੀ, ਮੇਰੇ ਨਾਲ ਪਿਆਰ ਨਾਲ ਪੇਸ਼ ਆਉਂਦੀ ਤਾਂ ਸਾਡਾ ਘਰ ਦੁਨੀਆਂ ਦਾ ਸਭ ਤੋਂ ਸੁਖੀ ਘਰ ਬਣ ਗਿਆ ਹੁੰਦਾ।” ਉਹ ਇਕ ਸ਼ਾਂਤ, ਸੁਖੀ ਘਰ ਦਾ ਸੁਪਨਾ ਦੇਖਣ ਲੱਗ ਪੈਂਦਾ ਏ।
“ਤੁਸੀਂ ਮੇਰੇ ਬੇਟੇ 'ਤੇ ਜਿਹੜੇ ਜ਼ੁਲਮ ਬੌਮਬੇ ਵਿਚ ਕੀਤੇ, ਮੈਂ ਕਦੀ ਉਹ ਭੁੱਲ ਸਕਦੀ ਆਂ? ਉਸਦੇ ਮੂੰਹ ਵਿਚ ਲਾਲ ਮਿਰਚਾਂ ਪਾ ਦਿੱਤੀਆਂ ਸੀ। ਦਿਸ ਇਜ ਸਿੰਪਲ ਚਾਈਲਡ ਏਬਿਊਜ...ਜੇ ਤੁਸੀਂ ਇਹ ਹਰਕਤ ਲੰਦਨ ਵਿਚ ਕਰਦੇ ਤਾਂ ਮੈਂ ਪੁਲਿਸ ਨੂੰ ਬੁਲਾਅ ਕੇ ਥੁਹਾਨੂੰ ਜੇਲ੍ਹ ਵਿਚ ਬੰਦ ਕਰਵਾ ਦੇਂਦੀ।”
“ਕਾਨਟੈਕਸਟ ਤੋਂ ਬਾਹਰ ਕੋਈ ਵੀ ਗੱਲ ਅਲੱਗ ਦਿਸ ਸਕਦੀ ਏ।”
“ਤੁਸੀਂ ਤਾਂ ਮੇਰੇ ਫ਼ੋਨ ਤਕ ਗਿਣਦੇ ਸੀ। ਮੈਂ ਆਪਣੀ ਭਾਬੀ ਨੂੰ ਅਮਰੀਕਾ ਫ਼ੋਨ ਕਰਦੀ ਸਾਂ ਤਾਂ ਤੁਸੀਂ ਮੈਨੂੰ ਕਹਿੰਦੇ ਸੌ ਕਿ ਆਪਾਂ ਰੋਜ਼-ਰੋਜ਼ ਅਮਰੀਕਾ ਫ਼ੋਨ ਅਫ਼ੋਰਡ ਨਹੀਂ ਕਰ ਸਕਦੇ। ਇੱਥੇ ਆ ਕੇ ਤੁਸੀਂ ਜਿਹੜੇ ਰੋਜ਼ ਰੋਜ਼ ਹਿੰਦੀ ਵਾਲਿਆਂ ਨੂੰ ਇੰਡੀਆ ਫ਼ੋਨ ਕਰਦੇ ਓ...ਉਹ ਹੋ ਸਕਦੇ ਨੇ?”
“ਤੇਰੇ ਨਾਲ ਤਾਂ ਗੱਲ ਕਰਨੀਂ ਈ ਫ਼ਜ਼ੂਲ ਏ।...” ਉਹ ਆਪਣੀ ਗੱਲ ਪੂਰੀ ਨਹੀਂ ਕਰ ਸਕਿਆ। ਓਦੋਂ ਈ ਆਰਬਾਜ਼ ਹੁਸੈਨ ਦੀ ਕਾਰ ਆ ਗਈ।
“ਹਾਂ ਜੀ ਸਰਕਾਰ, ਕੀ ਇੱਥੇ ਈ ਹਨੀਮੂਨ ਮਨਾਉਣ ਦੀ ਸੋਚ ਰਹੇ ਓ? ਕਿਸ ਦਾ ਇੰਤਜ਼ਾਰ ਹੋ ਰਿਹੈ?”
“ਜੀ ਏਸ ਲਾਲ ਕਾਰ ਦੇ ਡਰਾਈਵਰ ਦਾ। ਇਹ ਹਟੇ ਤਾਂ ਅਸੀਂ ਵੀ ਨਿਕਲੀਏ।”
“ਚੰਗਾ ਭਾਈ ਅਸੀਂ ਤਾਂ ਨਿਕਲਦੇ ਆਂ। ਆਲ ਦ ਬੈਸਟ।”
ਆਪਣੇ ਉੱਚੇ ਸੁਰਾਂ ਵਿਚ ਗੱਲਾਂ ਕਰਦਾ ਹੋਇਆ ਆਰਬਾਜ਼ ਆਪਣੀ ਨੀਲੀ ਮਰਸਿਡੀਜ਼ ਵਿਚ ਨਿਕਲ ਗਿਆ।
ਉਹ ਪਤਨੀ ਨੂੰ ਆਪਣੇ ਮਨ ਦੀ ਗੱਲ ਕਹਿ ਦੇਂਦਾ ਏ,““ਅੱਜ ਤਕ ਕਦੀ ਇੰਜ ਨਹੀਂ ਹੋਇਆ ਕਿ ਅਸੀਂ ਦੋਵੇਂ ਕਦੀ ਇਕੱਠੇ ਬਾਹਰ ਗਏ ਹੋਈਏ, ਤੇ ਸਾਡੀ ਲੜਾਈ ਨਾ ਹੋਈ ਹੋਏ। ਭਾਵੇਂ ਅਸੀਂ ਕਿਤੇ ਵੀ ਕਿਉਂ ਨਾ ਗਏ ਹੋਈਏ, ਅਸੀਂ ਬਸ ਲੜਦੇ ਈ ਰਹੇ। ਫੇਰ ਅੱਜ ਕਿੰਜ ਕੁਝ ਵੱਖਰਾ ਹੋ ਸਕਦਾ ਸੀ?”
“ਕਿਓਂ ਪਿਛਲੇ ਸਾਲ ਜਦੋਂ ਅਸੀਂ ਵੀਨਸ ਗਏ ਸੀ, ਓਦੋਂ ਤਾਂ ਲੜਾਈ ਨਹੀਂ ਸੀ ਹੋਈ।”
“ਹੁਣ ਮੇਰੇ ਵਿਚ ਹਿੰਮਤ ਨਹੀਂ ਰਹਿ ਗਈ ਨਾ! ਲੜਾਂ ਤਾਂ ਲੜਾਂ ਕੈਸੇ?”
“ਤੁਸੀਂ ਜਾਓ ਤੇ ਜਾ ਕੇ ਪੁੱਛੋ ਬਈ ਅਗਲੀ ਕਾਰ ਕਿਸਦੀ ਏ। ਇਹ ਜ਼ਰੂਰ ਕਿਸੇ ਅੰਗਰੇਜ਼ ਦੀ ਹੋਏਗੀ, ਹੁਣ ਤਕ ਸਾਡੇ ਵਾਲੇ ਤਾਂ ਸਾਰੇ ਚਲੇ ਗਏ।”
“ਕੀ ਕਮਲ ਜੀ ਵਗ਼ੈਰਾ ਵੀ...ਹਾਂ ਸੱਚ, ਉਹਨਾਂ ਨੂੰ ਜਾਂਦਿਆਂ ਹੋਇਆਂ ਵੀ ਤਾਂ ਦੇਖਿਆ ਸੀ। ਕੀ ਇਹ ਸੰਭਵ ਨਹੀਂ ਕਿ ਤੂੰ ਕੁਛ ਦਿਨਾਂ ਲਈ ਲੜਨਾਂ ਛੱਡ ਦਏਂ?”
“ਜੇ ਤੁਸੀਂ ਸੁਧਰ ਜਾਓ ਤਾਂ ਜ਼ਰੂਰ ਸੰਭਵ ਹੋ ਸਕਦੈ।”
“ਤੂੰ ਤਾਂ ਮੇਰੀ ਮਰੀ ਹੋਈ ਬੀਵੀ ਨੂੰ ਲੈ ਕੇ ਵੀ ਮੇਰੇ ਨਾਲ ਲੜਦੀ ਰਹਿੰਦੀ ਏਂ। ਫੇਰ ਮੇਰੀ ਬੱਚੀ ਨੂੰ ਵੇਖ ਕੇ ਸੜਦੀ ਰਹਿੰਦੀ ਏਂ। ਹੁਣ ਮੇਰੇ ਬੇਟੇ ਤੋਂ ਤੈਨੂੰ ਤਕਲੀਫ਼ ਰਹਿੰਦੀ ਏ।...ਇੰਜ ਭਲਾ ਕਿੰਜ ਨਿਭੇਗੀ?”
“ਜਿਹੜੇ ਲੋਕ ਦੂਜੀ ਸ਼ਾਦੀ ਕਰਦੇ ਨੇ, ਉਹ ਪਹਿਲੀ ਦੀਆਂ ਯਾਦਾਂ ਵਿਚ ਗਵਾਚੇ ਨਹੀਂ ਰਹਿੰਦੇ।...ਤੇ ਹਾਂ ਥੁਹਾਡੇ ਬੱਚੇ ਮੇਰੇ ਬਾਇਲੋਜੀਕਲ ਬੱਚੇ ਨਹੀਂ।...”
“ਜੇ ਉਹ ਤੇਰੇ ਬੱਚੇ ਨਹੀਂ ਤਾਂ ਮੇਰੇ ਤਾਂ ਹੈਨ ਨਾ? ਘੱਟੋਘੱਟ ਉਹਨਾਂ ਨੂੰ ਮੇਰੇ ਬੱਚੇ ਤਾਂ ਸਮਝਿਆ ਕਰ। ਜੇ ਤੂੰ ਉਹਨਾਂ ਨੂੰ ਪਿਆਰ ਕਰੇਂ ਤਾਂ ਮੈਂ ਆਪਣੀ ਬੇਇੱਜ਼ਤੀ ਵੀ ਭੁੱਲ ਸਕਦਾ ਆਂ।” ਉਹ ਸਮਝੌਤਾ ਕਰਨ ਲਈ ਤਿਆਰ ਹੋ ਗਿਆ ਲੱਗਦਾ ਸੀ।
“ਮੈਂ ਬੜੀ ਸਾਂਭ-ਸੰਭਾਲ ਕਰ ਲਈ ਏ ਓਹਨਾਂ ਪਿੱਲਿਆਂ ਦੀ। ਹੁਣ ਮੈਥੋਂ ਹੋਰ ਵਧ ਉਮੀਦ ਨਾ ਕਰਨਾ।...”
“ਤੂੰ ਮੇਰੇ ਬੱਚਿਆਂ ਨੂੰ ਪਿੱਲੇ ਕਿਹਾ?”
ਪਤਨੀ ਦੇ ਉਤਰ ਦੇਣ ਤੋਂ ਪਹਿਲਾਂ ਹੀ ਲਾਲ ਕਾਰ ਦੀ ਮਾਲਕਿਨ ਨੇ ਆ ਕੇ ਗੱਡੀ ਸਟਾਰਟ ਕੀਤੀ ਤੇ ਉਹਨਾਂ ਲਈ ਰਸਤਾ ਬਣ ਗਿਆ।
ਪਤਨੀ ਨੇ ਉਸਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ, “ਹੁਣ ਅੰਦਰ ਆ ਜਾਓ। ਬਾਹਰ ਬਾਰਿਸ਼ ਹੋ ਰਹੀ ਏ।”
ਉਹ ਆਪਣੀ ਸਮਝੌਤਾਵਾਦੀ ਸੋਚ ਵਿਚੋਂ ਬਾਹਰ ਆ ਚੁੱਕਿਆ ਸੀ, “ਤੂੰ ਮੇਰੇ ਬੱਚਿਆਂ ਨੂੰ ਪਿੱਲੇ ਕਿੰਜ ਕਹਿ ਸਕਦੀ ਏਂ?...ਤੂੰ ਜ਼ਨਾਨੀ ਏਂ ਕੋਈ?...ਅਜਿਹੀਆਂ ਗੱਲਾਂ ਤਾਂ ਝੁੱਗੀਆਂ-ਝੌਂਪੜੀਆਂ ਵਾਲੀਆਂ ਵੀ ਨਹੀਂ ਕਰਦੀਆਂ।...ਤੂੰ ਉਹਨਾਂ ਨੂੰ ਪਿੱਲੇ ਕਿੰਜ ਆਖਿਆ? ਕੀ ਪੂਨਮ ਕੁੱਤੀ ਸੀ ਜਾਂ ਮੈਂ ਕੁੱਤਾ ਆਂ?...ਮੇਰੇ ਬੱਚੇ ਪਿੱਲੇ ਨੇ?” ਹਿਰਖ ਵੱਸ ਉਸਦੀ ਆਵਾਜ਼ ਭਰੜਾਅ ਗਈ ਸੀ।
“ਹੁਣ ਕਾਰ 'ਚ ਬੈਠਣੈ ਜਾਂ ਮੈਂ ਜਾਵਾਂ?...ਫੇਰ ਮੈਨੂੰ ਕੁਛ ਨਾ ਕਹਿਣਾ।”
ਅੱਜ ਉਹ ਪੂਰੀ ਤਰ੍ਹਾਂ ਬਗ਼ਾਵਤ ਦੇ ਮੂਡ ਵਿਚ ਏ, “ਜਦੋਂ ਤਕ ਤੂੰ ਮੇਰੇ ਬੱਚਿਆਂ ਨੂੰ ਪਿੱਲੇ ਕਹਿਣ ਲਈ ਮੁਆਫ਼ੀ ਨਹੀਂ ਮੰਗੇਂਗੀ, ਮੈਂ ਕਾਰ ਵਿਚ ਨਹੀਂ ਬੈਠਾਂਗਾ।”
ਉਸਦਾ ਵਾਕ ਅਜੇ ਪੂਰਾ ਵੀ ਨਹੀਂ ਸੀ ਹੋਇਆ ਕਿ ਕਾਰ ਇਕ ਝੱਟਕੇ ਨਾਲ ਉੱਥੋਂ ਤੁਰ ਪਈ। ਉਹ ਕਾਰ ਨੂੰ ਮੋੜ ਕੱਟਦਿਆਂ ਦੇਖ ਰਿਹਾ ਏ। ਉਸਨੇ ਸੋਚਿਆ ਕਿ ਪਤਨੀ ਗੱਡੀ ਮੋੜ ਕੇ ਖੜ੍ਹੀ ਕਰ ਲਏਗੀ ਤੇ ਉਸਨੂੰ ਫੇਰ ਕਾਰ ਵਿਚ ਬੈਠਣ ਲਈ ਕਹੇਗੀ। ਕਾਰ ਨੇ ਰਫ਼ਤਾਰ ਫੜ੍ਹੀ ਤੇ ਮੇਨ ਗੇਟ ਵੱਲ ਵਧਣ ਲੱਗੀ। ਉਹ ਆਪਣੀ ਈ ਕਾਰ ਦੀਆਂ ਲਾਲ ਬੱਤੀਆਂ ਦੇਖ ਰਿਹਾ ਏ। ਲਾਲ ਬੱਤੀਆਂ ਗਾਇਬ ਹੋ ਗਈਆਂ।
ਉਹ ਲਗਭਗ ਦਸ ਮਿੰਟ ਤਕ ਉੱਥੇ ਖੜ੍ਹਾ ਰਿਹਾ। ਇਸ ਉਡੀਕ ਵਿਚ ਕਿ ਜਦੋਂ ਪਤਨੀ ਦਾ ਗੁੱਸਾ ਸ਼ਾਂਤ ਹੋਇਆ, ਉਹ ਪਰਤ ਆਏਗੀ।
ਅੱਜ ਸ਼ਮਸ਼ਾਨ ਵਿਚ ਉਸਨੂੰ ਨਵਾਂ ਗਿਆਨ ਪ੍ਰਾਪਤ ਹੋਇਆ ਸੀ। ਸ਼ਾਇਦ ਫ਼ਿਨਿਕਸ ਵਾਂਗ ਹੀ ਕਮਲ ਜੀ ਦੀ ਪਤਨੀ ਦੀ ਰਾਖ਼ ਵਿਚੋਂ ਉਹ ਇਕ ਨਵਾਂ ਜੀਵਨ ਸ਼ੁਰੂ ਕਰਨ ਜਾ ਰਿਹਾ ਏ।
ਉਹ ਹੌਲੀ ਹੌਲੀ ਮੁੱਖ ਦਰਵਾਜ਼ੇ ਵੱਲ ਵਧਿਆ। ਹੁਣ ਤਾਂ ਪਤਨੀ ਨੂੰ ਗਿਆਂ ਲਗਭਗ ਪੱਚੀ ਮਿੰਟ ਹੋ ਚੁੱਕੇ ਨੇ। ਯਾਨੀਕਿ ਹੁਣ ਉਸਦੇ ਵਾਪਸ ਆਉਣ ਦੀ ਕੋਈ ਸੰਭਾਵਨਾਂ ਨਹੀਂ। ਇਹ ਚੰਗਾ ਸੀ ਕਿ ਆਪਣੇ ਸਾਰੇ ਲੋਕ ਜਾ ਚੁੱਕੇ ਸਨ ਤੇ ਅੰਗਰੇਜ਼ਾਂ ਵਿਚੋਂ ਕੋਈ ਉਸਨੂੰ ਪਛਾਣਦਾ ਨਹੀਂ। ਉਸਦੀ ਛਤਰੀ ਵੀ ਕਾਰ ਵਿਚ ਰਹਿ ਗਈ ਸੀ।
ਉਸਨੇ ਮੁੱਖ ਦਰਵਾਜ਼ੇ 'ਚੋਂ ਬਾਹਰ ਆ ਕੇ ਦੇਖਿਆ। ਮੁੱਖ ਦਰਵਜ਼ਾ ਮੇਨ ਸੜਕ ਤੋਂ ਲਗਭਗ ਪੰਦਰਾਂ ਮਿੰਟ ਦੀ ਪੈਦਲ ਦੂਰੀ 'ਤੇ ਹੋਏਗਾ। ਉਹ ਪੈਦਲ ਤੁਰਦਾ ਹੋਇਆ ਆਪਣੀਆਂ ਅੱਖਾਂ ਪੂੰਝ ਰਿਹਾ ਸੀ। ਸਮਝ ਨਹੀਂ ਸੀ ਆ ਰਿਹਾ ਕਿ ਇਹ ਬਾਰਿਸ਼ ਦਾ ਪਾਣੀ ਏਂ ਜਾਂ ਉਸਦੀਆਂ ਅੱਖਾਂ ਦਾ!
ਮੇਨ ਰੋਡ ਉੱਤੇ ਆ ਕੇ ਉਹ ਕੁਝ ਪਲ ਰੁਕਿਆ। ਸੋਚਿਆ ਕਿ ਕਿਧਰ ਜਾਵੇ। ਸਿਰ ਨੂੰ ਹਲਕਾ ਜਿਹਾ ਝਟਕਾ ਦਿੱਤਾ ਤੇ ਸੱਜੇ ਹੱਥ ਮੁੜ ਗਿਆ।
ਯਕੀਨਨ ਇਹ ਰਸਤਾ ਉਸਦੇ ਘਰ ਵੱਲ ਨਹੀਂ ਸੀ ਜਾਂਦਾ।
--- --- ---

No comments:

Post a Comment